Sunday, August 19, 2012

ਕਵਿਤਾ ਦੇ ਦਿਲ ਦੀ ਧਡ਼ਕਣ ਕਦੇ ਨਹੀਂ ਰੁਕੇਗੀ//ਅਮੋਲਕ ਸਿੰਘ

19 ਅਗਸਤ ਲਾਲ ਸਿੰਘ ਦਿਲ ਯਾਦਗਾਰੀ ਸਾਹਿਤਕ ਸਮਾਗਮ 'ਤੇ ਵਿਸ਼ੇਸ਼
'ਸਤਲੁਜ ਦੀ ਹਵਾ', 'ਬਹੁਤ ਸਾਰੇ ਸੂਰਜ', 'ਸੱਥਰ', 'ਨਾਗ ਲੋਕ' (ਵੱਖ-ਵੱਖ ਪੁਸਤਕਾਂ ਦਾ ਸੰਗ੍ਰਹਿ) ਅਤੇ ਆਤਮ ਕਥਾ 'ਦਾਸਤਾਨ' ਦਾ ਲੇਖਕ 11 ਅਪ੍ਰੈਲ 1943 ਨੂੰ ਨਾਨਕੇ ਪਿੰਡ ਘੁੰਗਰਾਲੀ ਸਿੱਖਾਂ, ਮਾਂ ਚਿੰਤ ਕੌਰ ਅਤੇ ਪਿਤਾ ਰੌਣਕੀ ਰਾਮ ਦੇ ਘਰ ਪੈਦਾ ਹੋਇਆ ਲਾਲ ਸਿੰਘ ਜੋ ਕਿ ਤਖੱਲਸ 'ਦਿਲ' ਨਾਲ ਸਾਹਿਤ ਜਗਤ ਦੇ ਅੰਬਰ ਦਾ ਧਰੂ ਤਾਰਾ ਬਣ ਚਮਕਿਆ ਅਤੇ ਜੋ ਆਉਣ ਵਾਲੇ ਕੱਲ੍ਹ ਦਾ ਵੀ ਦਿਲ ਬਣਕੇ ਧਡ਼ਕਦਾ ਰਹੇਗਾ। ਉਸਨੂੰ ਅੱਜ 19 ਅਗਸਤ ਵਾਲੇ ਦਿਨ ਸਮਰਾਲਾ ਵਿਖੇ ਸਾਹਿਤਕ ਸਮਾਗਮ ਦੇ ਸਬੱਬ ਨਾਲ ਮਹਿਜ਼ ਯਾਦ ਨਹੀਂ ਸਗੋਂ ਉਸਦੀ ਕਾਵਿ-ਸੰਵੇਦਨਾ ਉਪਰ ਗੰਭੀਰ ਵਿਚਾਰਾਂ ਕਰਨ ਲਈ ਸਾਹਿਤਕਾਰ, ਲੇਖਕ, ਆਲੋਚਕ, ਕਵੀ ਅਤੇ ਸਭਿਆਚਾਰਕ ਕਾਮੇ ਸਿਰ ਜੋਡ਼ ਕੇ ਬੈਠ ਰਹੇ ਹਨ।
14 ਅਗਸਤ 2007, ਰਾਤ ਦੇ 8 ਵਜੇ ਡੀ.ਐਮ.ਸੀ. ਲੁਧਿਆਣਾ ਵਿਖੇ ਇਸ ਲੋਕਾਂ ਦੇ ਸ਼ਾਇਰ ਨੇ ਵੈਨਟੀਲੇਟਰ 'ਤੇ ਅੰਤਿਮ ਸਾਹ ਲਿਆ। ਇਹ ਪਾਕਿਸਤਾਨ ਦੀ 'ਆਜ਼ਾਦੀ' ਦਾ ਦਿਹਾਡ਼ਾ ਹੈ। ਅਗਲੇ ਦਿਨ ਜਦੋਂ ਸਾਡੇ ਮੁਲਕ ਅੰਦਰ ਚਡ਼੍ਹਦੇ ਸੂਰਜ ਦੀ ਲਾਲੀ ਨਾਲ 'ਬਹੁਤ ਸਾਰੇ ਸੂਰਜ' ਦੇ ਰਚਨਾਕਾਰ ਸਾਹਿਤਕਾਰ ਦਿਲ ਨੂੰ ਉਸਦੇ ਸੰਗੀ-ਸਾਥੀ 'ਅਲਵਿਦਾ! ਐ ਡੁੱਬਦੇ ਸੂਰਜ!!' ਕਹਿਣ ਸਮਰਾਲੇ ਵੱਲ ਵਹੀਰਾਂ ਘੱਤ ਰਹੇ ਸਨ ਤੇ ਸਾਡੇ ਮੁਲਕ ਦੀ 'ਆਜ਼ਾਦੀ' ਦੇ ਤੈਰਾਨੇ, ਇਨ੍ਹਾਂ ਕਾਫ਼ਲਿਆਂ ਦੇ ਕੰਨੀਂ ਪੈ ਰਹੇ ਸਨ। ਜਿਹਡ਼ੇ ਅਨੇਕਾਂ ਸੁਆਲਾਂ ਦੀ ਸਰਗਮ ਛੇਡ਼ ਰਹੇ ਸਨ। ਪ੍ਰੋ. ਬਲਦੀਪ, ਮਾਸਟਰ ਤਰਲੋਚਨ, ਗੁਲਜ਼ਾਰ ਮੁਹੰਮਦ ਗੌਰੀਆ ਅਤੇ ਮੈਂ ਵਿਛਡ਼ੇ ਸ਼ਾਇਰ ਦੀ ਮਖ਼ਮਲੀ ਕੋਮਲ ਕਵਿਤਾ ਵਰਗੇ ਫੁੱਲ ਭਾਲਦੇ ਰਹੇ ਜਿਹਡ਼ੇ ਫੁੱਲ ਸ਼ਹਿਰ ਅਤੇ ਕਸਬਿਆਂ 'ਚੋਂ ਆਜ਼ਾਦੀ ਦੇ ਜਸ਼ਨ ਮਨਾਉਣ ਵਾਲੇ ਲੈ ਗਏ ਸਨ। ਮੁੱਲ ਵਿਕੇਂਦੇ ਫੁੱਲਾਂ ਦੀ ਬਜਾਏ, ਖੇਤਾਂ-ਜਾਏ ਸ਼ਾਇਰ ਉਪਰ ਉਨ੍ਹਾਂ ਫੁੱਲਾਂ ਦੀ ਵਰਖਾ ਹੋਈ ਜਿਹਡ਼ੇ ਅਸੀਂ ਧਰਤੀ ਦੀ ਬੁੱਕਲ 'ਚੋਂ ਅਤੇ 'ਪਡ਼੍ਹਨ ਲਈ ਆਓ, ਸੇਵਾ ਲਈ ਜਾਓ' ਲਿਖੇ ਬੋਲਾਂ ਵਾਲੇ ਗੇਟ ਲੰਘਕੇ ਕਟਾਣੀ ਦੇ ਸਕੂਲ ਵਿਚੋਂ ਤਾਜ਼ੇ ਤਾਜ਼ੇ ਹਾਸਲ ਕੀਤੇ ਸਨ।
ਪੰਜ ਵਰ੍ਹੇ ਬੀਤ ਜਾਣ ਤੇ ਦਿਲ ਦੇ ਸਿਵੇ ਦੀਆਂ ਲਾਟਾਂ ਦੀ ਲੋਅ ਨਾ ਮੱਠੀ ਪਈ ਹੈ ਅਤੇ ਨਾ ਹੀ ਰਾਖ ਅੰਦਰ ਸੁਲਘਦੇ, ਤਡ਼ਪਦੇ ਅਣਗਿਣਤ ਸੁਆਲਾਂ ਦੀ ਤਪਸ ਹੀ ਮੱਠੀ ਪਈ ਹੈ। ਜਾਤ-ਪਾਤ ਦੇ ਕੋਹਡ਼ ਦੀ ਬੁਨਿਆਦ 'ਤੇ ਟਿਕੇ ਸਡ਼ਿਹਾਂਦ ਮਾਰਦੇ ਨਿਜ਼ਾਮ ਦੀਆਂ ਛਮਕਾਂ ਪਿੰਡੇ 'ਤੇ ਝੱਲਣ ਵਾਲਾ, ਸਕੂਲ, ਕਾਲਜ, ਗਿਆਨੀ ਤੱਕ ਪਾਠ ਪੁਸਤਕਾਂ ਦੇ ਅੱਖਰਾਂ 'ਚੋਂ ਜ਼ਿੰਦਗੀ ਦਾ ਸਿਰਨਾਵਾਂ ਤਲਾਸ਼ਣ ਵਾਲਾ ਖੋਜੀ ਅੱਖ ਵਾਲਾ ਲਾਲ ਸਿੰਘ, ਸਾਹਿਤ, ਕਵਿਤਾ, ਮਾਰਕਸੀ ਵਿਚਾਰ-ਧਾਰਾ ਅਤੇ ਇਨਕਲਾਬੀ ਸਮਾਜਕ ਤਬਦੀਲੀ ਦੇ ਨਿਯਮਾਂ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਪਰਖਣ ਵਾਲਾ ਕਵੀ ਬਣਨ ਤੱਕ ਦਾ ਸੰਗਰਾਮੀ ਪਾਂਧੀ ਕਿਸੇ ਝੀਲ ਕਿਨਾਰੇ ਬਹਿਕੇ, ਕੋਰੇ ਕਾਗਜ਼ ਲੈ ਕੇ ਨਹੀਂ ਲਿਖਦਾ ਰਿਹਾ ਸਗੋਂ ਜ਼ਿੰਦਗੀ ਦੇ ਤਪਦੇ ਤੰਦੂਰ 'ਚ ਕਵਿਤਾ ਨੂੰ ਰਾਡ਼੍ਹਦਾ ਰਿਹਾ ਹੈ।

ਇਸਦਾ ਪ੍ਰਮਾਣ ਉਸਦੀ ਕਾਵਿ-ਧਰੋਹਰ ਹੈ :
ਕਿਸੇ ਦੇ ਰਹਿਮ ਤੇ
ਕੁਝ ਵੀ ਸਾਨੂੰ ਮਨਜ਼ੂਰ ਨਹੀਂ
ਕੋਈ ਸਵਰਗ, ਕੋਈ ਧਰਮਰਾਜ ਦਾ ਰਾਜ

ਕੰਮੀਆਂ ਵਿਹਡ਼ੇ ਮਘੇ ਸੂਰਜ ਲਾਲੀ ਤੋਂ ਹਨੇਰਗਰਦੀ ਭਰੀ ਸਥਾਪਤੀ ਨੂੰ ਕੱਚੀਆਂ ਤਰੇਲੀਆਂ ਆ ਰਹੀਆਂ ਸਨ। ਦਿਲ ਦੀ ਕਵਿਤਾ, ਕਿਰਤੀਆਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਬੁੱਧੀਜੀਵੀਆਂ ਤੋਂ ਲੈ ਕੇ ਛੱਜ-ਘਾਡ਼ਿਆਂ, ਬੱਦੂਮਾਰਾਂ, ਪਿਆਰ, ਮੁਹੱਬਤ, ਕੁਦਰਤੀ ਮਨਮੋਹਕ ਨਜ਼ਾਰਿਆਂ ਤੋਂ ਲੈ ਕੇ, ਬਲ਼ਦੇ ਜਿਸਮਾਂ ਨਾਲ ਲੋਹਾ ਢਾਲਦੇ ਕਾਮਿਆਂ ਦੀ ਜ਼ਿੰਦਗੀ ਦੇ ਬਹੁ-ਪੱਖਾਂ ਨੂੰ ਆਪਣੇ ਕਲਾਵੇ 'ਚ ਲੈਂਦੀ ਹੈ। ਜ਼ਿੰਦਗੀ ਨੂੰ ਹੁਸੀਨ ਬਣਾਉਣ ਵਾਲੇ ਹੀ ਜਦੋਂ ਜ਼ਿੰਦਗੀ ਦੇ ਨਕਸ਼ੇ ਤੋਂ ਮਨਫ਼ੀ ਕਰ ਦਿੱਤੇ ਜਾਣ ਦੀਆਂ ਯੋਜਨਾਵਾਂ ਨੂੰ ਰਾਜ ਭਾਗ ਬਲਵਾਨ ਕਰੇ ਤਾਂ ਜ਼ਿੰਦਗੀ ਨਾਲ ਚਾਰ ਸੌ ਵੀਹ ਕਰਨ ਵਾਲਿਆਂ ਦੇ ਨਕਾਬ ਵਗਾਹ ਮਾਰਨ ਲਈ ਵਕਤ ਨੂੰ ਲਾਲ ਸਿੰਘ ਦਿਲ ਵਰਗੇ ਕਲਮਕਾਰਾਂ ਦੀ ਉਡੀਕ ਹੁੰਦੀ ਹੈ। ਸਮੇਂ ਸਮੇਂ ਅਜੇਹੀਆਂ ਕਲਮਾਂ ਉੱਗਦੀਆਂ, ਉੱਠਦੀਆਂ ਅਤੇ ਅੱਗੇ 'ਕਲਮਾਂ' ਲਾਉਂਦੀਆਂ ਰਹੀਆਂ ਹਨ।

ਦਿਲ ਦੇ ਦਿਲ ਅੰਦਰੋਂ ਧਰਤੀ ਦੇ ਸਰੋਕਾਰਾਂ ਦੀ ਧਡ਼ਕਣ ਬੰਦ ਕਰਨ ਲਈ ਉਸਨੂੰ ਬਿਨਾਂ ਰਿਮਾਂਡ ਹੀ 28 ਦਿਨ 'ਭਾਰਤੀ ਜਮਹੂਰੀਅਤ' ਨੇ ਪੁੱਠੇ ਲਟਕਾਇਆ ਹੈ। ਕਿਲੋਮੀਟਰ ਲਾਏ ਹਨ। ਘੋਟਣੇ ਲਾਏ ਹਨ। ਵਾਲੋਂ ਫਡ਼ ਕੇ ਘਡ਼ੀਸਿਆ ਹੈ। ਦਾਡ਼੍ਹੀ ਦਾ ਵਾਲ ਵਾਲ ਕੀਤਾ ਹੈ। ਉਨੀਂਦਰੇ ਰੱਖਿਆ ਹੈ। ਭਾਈ ਲਾਲੋਆਂ ਦਾ ਲਹੂ ਪੀਣੇ ਮਲਕ ਭਾਗੋਆਂ ਦੀ ਚਾਕਰੀ ਕਰਦੇ ਦਰਿੰਦਿਆਂ ਨੇ ਵਹਿਸ਼ਤ ਦਾ ਨੰਗਾ ਨਾਚ ਕੀਤਾ ਹੈ। 'ਚਮਾਰੋ ਦੇਈਏ ਥੋਨੂੰ ਜ਼ਮੀਨਾਂ', 'ਚਮਾਰੋ ਇਨਕਲਾਬ ਲਿਆਓਗੇ', 'ਚੱਲ ਚਮਾਰਾ, ਅੱਜ ਅੱਧੀ ਰਾਤ ਨੂੰ ਨਹਿਰ ਦੇ ਸੁੰਨੇ ਪੁਲ 'ਤੇ ਤੇਰੇ ਨਾਲ ਅਤੇ ਤੇਰੇ ਇਨਕਲਾਬ ਨਾਲ ਸਿੱਝਾਂਗੇ।'

ਅਨੇਕਾਂ ਉਤਰਾਅ ਚਡ਼ਾਅ ਉਸਨੇ ਸਮੇਂ ਦੇ ਦੇਖੇ ਹਨ। ਰਾਜਨੀਤਕ ਸਮਾਜਕ ਅਤੇ ਸਾਹਿਤਕ ਲਹਿਰ ਦੇ ਦੇਖੇ ਹਨ। ਜੇਲ੍ਹ ਦੀ ਕਾਲ ਕੋਠਡ਼ੀ ਅੰਦਰ ਸਮੇਂ ਦੀਆਂ ਚੁਣੌਤੀਆਂ ਨਾਲ ਸੰਵਾਦ ਰਚੇ ਹਨ। ਜੇਲ੍ਹ ਦੇ ਅੰਦਰ ਕੋਲ਼ੇ ਨਾਲ ਓਹਲੇ ਪਰਦੇ ਵਾਲੀਆਂ ਕੰਧਾਂ ਦੇ ਖੱਲ ਖੂੰਜੇ ਕਵਿਤਾ ਉੱਕਰੀ ਹੈ। ਹਿੰਮਤ ਕਰਕੇ ਨਿੱਕੇ ਕਾਗਜ਼ 'ਤੇ ਨਿੱਕੇ ਅੱਖਰਾਂ 'ਚ ਕੱਦਾਵਰ ਅਰਥਾਂ ਵਾਲੀ ਕਵਿਤਾ ਰਚੀ ਹੈ। ''ਅਸੀਂ ਬਹੁਤ ਢਿੱਲੇ ਹਾਂ, ਹਨੇਰਾ ਰਾਕਟ ਦੀ ਚਾਲ ਚੱਲਦਾ ਹੈ'' ਜੇਲ੍ਹ ਤੋਂ ਰਿਹਾਅ ਹੋਣ ਮੌਕੇ ਕਵਿਤਾਵਾਂ ਜੁੱਤੀ ਦੇ ਤਲੇ ਅੰਦਰ ਛੁਪਾ ਕੇ ਬਾਹਰ ਲਿਆਂਦੀਆਂ ਹਨ। ਲੋਹਡ਼ੇ ਦੇ ਤਸ਼ੱਦਦ ਅੱਗੇ ਕਵਿਤਾ ਦੀ ਮੌਤ ਨਹੀਂ ਹੋਈ। ਉਹ ਸਤਲੁਜ ਕੰਢੇ ਸਾਡ਼ੇ ਗਏ ਕਰਾਂਤੀ ਦੇ ਮਹਾਂ-ਨਾਇਕਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗਿਆਂ ਦੇ ਸੁਨਹਿਰੀ ਸੁਪਨਿਆਂ ਨੂੰ ਆਪਣੀ ਕਵਿਤਾ ਦੀ ਲਾਟ ਅੰਦਰ ਇਉਂ ਸੰਜੋਂਦਾ ਹੈ :

ਸਤਲੁਜ ਦੀਏ 'ਵਾਏ ਨੀ
ਪ੍ਰੀਤ ਤੇਰੇ ਨਾਲ ਸਾਡੀ 'ਵਾਏ ਨੀ
ਫੇਰ ਅਸੀਂ ਕੋਲ ਤੇਰੇ ਆਏ ਨੀ
ਦਿਲ ਪਹਿਚਾਣ ਸਾਡਾ ਉੱਠਕੇ।

ਦਿਲ ਦਾ ਦਿਲ ਪਹਿਚਾਨਣ ਵਾਲੇ ਹੀ ਉਨ੍ਹਾਂ ਕਾਲ਼ੀਆਂ ਜੀਭਾਂ ਦਾ ਭੇਦ ਪਾ ਸਕਦੇ ਹਨ ਜਿਹਡ਼ੀਆਂ ਕੁਬੋਲ ਬੋਲ ਕੇ ਦਿਲ, ਪਾਸ਼ ਅਤੇ ਉਦਾਸੀ ਦੀ ਮਡ਼੍ਹੀ ਵੀ ਵੰਡਣ ਦੇ ਧੰਦੇ ਲੱਗੀਆਂ ਰਹਿੰਦੀਆਂ ਹਨ। ਸ਼ਨਦ ਰਹਿਣ ਲਈ ਇਹ ਕਵੀ ਆਪਣੇ ਹਿੱਸੇ ਦੀ ਅਜੇਹੀ ਮਸ਼ਾਲ ਬਾਲ ਕੇ ਗਏ ਹਨ ਕਿ ਹਨੇਰੇ 'ਚ ਇਹ ਹਿੰਮਤ ਨਹੀਂ ਕਿ ਉਹ ਇਸਦੀ ਰੌਸ਼ਨੀ ਅੱਗੇ ਖਡ਼੍ਹ ਸਕੇ।
ਦਿਲ ਲਿਖਦਾ ਹੈ :

ਜ਼ਿੰਦਗੀ ਦੇ ਯੁੱਗ ਦੀ ਸਵੇਰ
ਆਏਗੀ ਜ਼ਰੂਰ ਇੱਕ ਵੇਰ
ਸੋਨੇ ਦਿਆਂ ਦੀਵਿਆਂ 'ਚ ਬਾਲ਼
ਹੋਰ ਸਾਨੂੰ ਵੰਡ ਲੈ ਹਨੇਰ

ਜਦੋਂ ਪਾਸ਼, 'ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ, ਨੱਚੇਗਾ, ਅੰਬਰ ਭੂਮੀ ਆਊ ਹਾਣੀਆਂ' ਲਿਖਦਾ ਹੈ ਅਤੇ ਸੰਤ ਰਾਮ ਉਦਾਸੀ 'ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਘਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹਡ਼ੇ' ਲਿਖਦਾ ਹੈ ਤਾਂ ਕਵੀਆਂ ਦੇ ਨਾਂਅ ਹੀ ਵੱਖ-ਵੱਖ ਹਨ ਪਰ ਕਵਿਤਾ ਦਾ ਸਿਰਨਾਵਾਂ ਇਕੋ ਹੈ। ਮੰਜ਼ਲ ਇਕੋ ਹੈ।

ਇਸ ਮੰਜ਼ਲ ਦੀ ਕਵਿਤਾ ਦਾ ਸਫ਼ਰ ਜਾਰੀ ਹੈ। ਜੇ ਸੱਤਰਵਿਆਂ ਦੇ ਦੌਰ ਦੇ ਦਿਲ, ਪਾਸ਼, ਉਦਾਸੀ, ਗੁਰਸ਼ਰਨ ਸਿੰਘ ਵਰਗੇ ਸੱਚ ਦੀ ਗੱਲ ਕਰਨ ਕਰਕੇ ਸੀਖਾਂ ਪਿੱਛੇ ਡੱਕੇ ਗਏ ਤਾਂ ਅੱਜ ਪੰਜਾਬ ਦੇ ਰੰਗ ਕਰਮੀਆਂ, ਕਬੀਰ ਕਲਾ ਮੰਚ ਮਹਾਂਰਾਸ਼ਟਰ, ਜਤਿਨ ਮਰਾਂਡੀ (ਨਾਟਕਕਾਰ), ਚੇਤਨਾ ਕਲਾ ਕੇਂਦਰ ਛਤੀਸਗਡ਼੍ਹ, ਦਸਤਾਵੇਜ਼ੀ ਫਿਲਮਕਾਰ ਸੰਜੇ ਕਾਕ, ਸੀਮਾ ਆਜ਼ਾਦ, ਇਰੋਮ ਸ਼ਰਮੀਲਾ ਆਦਿ ਦੱਬੇ ਕੁਚਲੇ ਲੋਕਾਂ ਨੂੰ ਗੁਰਬਤ ਤੋਂ ਆਜ਼ਾਦੀ, ਬਰਾਬਰੀ, ਜਮਹੂਰੀਅਤ, ਨਿਆਂ, ਸਵੈ-ਮਾਣ ਭਰੀ ਜ਼ਿੰਦਗੀ ਭਰਿਆ ਸਮਾਜ ਸਿਰਜਣ ਦੀ ਕਵਿਤਾ ਅੱਗੇ ਤੋਰਨ ਕਰਕੇ ਜਬਰ ਸਿਤਮ ਦਾ ਸ਼ਿਕਾਰ ਹੋਣਾ ਪੈ ਰਿਹੈ। ਇਉਂ ਅਜੋਕੀਆਂ ਚੁਣੌਤੀਆਂ ਨੂੰ ਸਿੰਗਾਂ ਤੋਂ ਫਡ਼ ਕੇ ਰਚੀ ਜਾ ਰਹੀ ਸਮੇਂ ਦੀ ਹਾਣੀ ਕਵਿਤਾ 'ਚ ਦਿਲ ਦਾ ਦਿਲ ਧਡ਼ਕਦਾ ਹੈ। ਇਹ ਧਡ਼ਕਣ ਸਾਹ ਅਤੇ ਨਬਜ਼ ਨਾਲੋਂ ਸਿਫ਼ਤੀ ਤੌਰ 'ਤੇ ਹੀ ਅਲੱਗ ਹੈ। ਇਹ ਧਡ਼ਕਣ ਕਦੇ ਨਹੀਂ ਰੁਕੇਗੀ।
ਸੰਪਰਕ : 94170-76745

No comments: