Sunday, August 12, 2012

ਜੰਗ-ਏ-ਆਜ਼ਾਦੀ ਦੇ ਪੰਜਾਬੀ ਸੂਰਮੇ// ਪ੍ਰੋ. ਹਮਦਰਦਵੀਰ ਨੌਸ਼ਹਿਰਵੀ

ਆਜ਼ਾਦੀ ਦਾ ਪਹਿਲਾ ਸ਼ਹੀਦ ਭਾਈ ਮਹਾਰਾਜ ਸਿੰਘ ਨਾਰੰਗਵਾਲ ਸੀ
ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਇਆਂ 65 ਸਾਲ ਹੋ ਗਏ ਹਨ। ਇਹ ਆਜ਼ਾਦੀ ਐਵੇਂ ਹੀ ਪ੍ਰਾਪਤ ਨਹੀਂ ਸੀ ਹੋ ਗਈ। ਇਸ ਦੀ ਪ੍ਰਾਪਤੀ ਲਈ ਲੰਮਾਂ ਸਮਾਂ ਸੰਘਰਸ਼ ਕਰਨਾ ਪਿਆ।
ਅਸਲ ਵਿੱਚ 1849 ’ਚ ਅੰਗਰੇਜ਼ਾਂ ਦੇ ਪੰਜਾਬ ਉੱਤੇ ਕਬਜ਼ੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਆਜ਼ਾਦ ਧਰਮ ਨਿਰਪੱਖ ਰਾਜ ਦਾ ਖ਼ਾਤਮਾ ਹੋ ਗਿਆ ਸੀ। ਪੰਜਾਬੀਆਂ ਦੇ ਮਨਾਂ ਵਿੱਚ ਅੰਗਰੇਜ਼ ਸਰਕਾਰ ਵਿਰੁੱਧ ਬਹੁਤ ਗੁੱਸਾ ਸੀ।
5 ਜੁਲਾਈ 1856 ਨੂੰ ਭਾਰਤ ਦੀ ਜੰਗ-ਏ-ਆਜ਼ਾਦੀ ਦਾ ਪਹਿਲਾ ਸ਼ਹੀਦ ਪੰਜਾਬ ਦਾ ਮਹਾਨ ਸਪੂਤ ਭਾਈ ਮਹਾਰਾਜ ਸਿੰਘ ਨਾਰੰਗਵਾਲ ਸੀ। ਮੁਲਕ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਕੂਕਾ ਲਹਿਰ ਦਾ ਵੀ ਕਾਫ਼ੀ ਯੋਗਦਾਨ ਹੈ। ਬਾਬਾ ਰਾਮ ਸਿੰਘ ਦੀ ਅਗਵਾਈ ਵਿੱਚ ਕੂਕਿਆਂ ਨੇ ਬਰਤਾਨਵੀ ਸਰਕਾਰ ਨਾਲ ਅਸਹਿਯੋਗ ਦਾ ਨਾਅਰਾ ਦਿੱਤਾ ਸੀ। ਗਊ ਹੱਤਿਆ ਖ਼ਿਲਾਫ਼ ਸੰਘਰਸ਼ ਕਰਦਿਆਂ ਕੂਕਿਆਂ ਨੇ ਮਾਲੇਰਕੋਟਲਾ ਦੇ ਬੁੱਚਡ਼ਾਂ ਉੱਤੇ ਹਮਲਾ ਕੀਤਾ। 15 ਜਨਵਰੀ 1872 ਨੂੰ 66 ਕੂਕੇ ਤੋਪਾਂ ਨਾਲ ਉਡਾ ਕੇ ਸ਼ਹੀਦ ਕਰ ਦਿੱਤੇ ਗਏ ਸਨ।

ਹਮਦਰਦਵੀਰ ਨੌਸ਼ਹਿਰਵੀ
ਪੰਜਾਬੀ ਨੌਜਵਾਨ ਮਦਨ ਲਾਲ ਢੀਂਗਰਾ ਨੇ ਬਰਤਾਨਵੀ ਰਾਜ ਪ੍ਰਤੀ ਵਿਰੋਧ ਜ਼ਾਹਰ ਕਰਦਿਆਂ ਅੰਗਰੇਜ਼ ਅਫ਼ਸਰ ਵਿਲੀਅਮ ਕਰਜ਼ਨ ਵਾਇਲੀ ਨੂੰ ਗੋਲੀ ਨਾਲ ਉਡਾ ਦਿੱਤਾ ਸੀ। ਮਦਨ ਲਾਲ ਢੀਂਗਰਾ 16 ਅਗਸਤ 1909 ਨੂੰ ਸ਼ਹੀਦੀ ਦਾ ਜਾਮ ਪੀ ਗਿਆ ਸੀ।
ਪੰਜਾਬ ਵਿੱਚੋਂ ਅਮਰੀਕਾ ਗਏ ਕਿਸਾਨਾਂ ਨੇ ਅਮਰੀਕਾ ਦੇ ਸਾਂ ਫ਼ਰਾਂਸਿਸਕੋ ਸ਼ਹਿਰ ਵਿੱਚ ਭਾਰਤ ਨੂੰ ਆਜ਼ਾਦ ਕਰਵਾਉਣ ਦਾ ਸੁਪਨਾ ਵੇਖਿਆ ਸੀ। ਇਸ ਲਈ ਉਨ੍ਹਾਂ ਨੇ 1913 ਵਿੱਚ ਗ਼ਦਰ ਅਖ਼ਬਾਰ ਸ਼ੁਰੂ ਕੀਤਾ। ਭਾਰਤ ਵਿੱਚ ਸਮਾਜਵਾਦੀ ਇਨਕਲਾਬ ਲਿਆਉਣ ਲਈ ਗ਼ਦਰ ਪਾਰਟੀ ਕਾਇਮ ਕੀਤੀ ਗਈ। ਗਦਰ ਪਾਰਟੀ ਦੇ ਪ੍ਰਮੁੱਖ ਆਗੂ ਬਾਬਾ ਸੋਹਣ ਸਿੰਘ ਭਕਨਾ ਪ੍ਰਧਾਨ, ਬਾਬਾ ਕੇਸਰ ਸਿੰਘ ਠੱਠਗਡ਼੍ਹ, ਪੰਡਿਤ ਕਾਂਸ਼ੀ ਰਾਮ, ਲਾਲਾ ਹਰਦਿਆਲ, ਬਾਬਾ ਵਿਸਾਖਾ ਸਿੰਘ, ਜਵਾਲਾ ਸਿੰਘ ਠੱਠੀਆਂ, ਭਾਈ ਭਗਵਾਨ ਸਿੰਘ ਸਨ। 1915 ਵਿੱਚ ਭਾਰਤ ਪਰਤ ਕੇ ਹਥਿਆਰਬੰਦ ਢੰਗ ਨਾਲ ਮੁਲਕ ਨੂੰ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਕਰਤਾਰ ਸਿੰਘ ਸਰਾਭਾ 13 ਸਤੰਬਰ 1915 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ ਨੂੰ ਫ਼ਾਂਸੀ ਦੇ ਦਿੱਤੀ ਗਈ ਸੀ।

ਲਾਹੌਰ ਸਾਜ਼ਿਸ਼ ਕੇਸ ਅਤੇ ਪਹਿਲੇ ਤੇ ਦੂਜੇ ਸਪਲੀਮੈਂਟਰੀ ਸਾਜ਼ਿਸ਼ ਕੇਸਾਂ ਵਿੱਚ ਸੂਰਬੀਰਾਂ ਬਖਸ਼ੀਸ ਸਿੰਘ ਗਿਲਵਾਲੀ, ਹਰਨਾਮ ਸਿੰਘ ਭੱਟੀ ਗੁਰਾਇਆ, ਜਗਤ ਸਿੰਘ ਸੁਰਸਿੰਗ, ਸੁਰੈਣ ਸਿੰਘ ਗਿਲਵਾਲੀ, ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ ਗਿਲਵਾਲੀ, ਬੀਰ ਸਿੰਘ ਬਾਹੂਵਾਲ, ਈਸ਼ਰ ਸਿੰਘ ਢੁੱਡੀਕੇ, ਰੰਗਾ ਸਿੰਘ ਖੁਰਦਪੁਰ, ਰੂਡ਼ ਸਿੰਘ ਤਲਵੰਡੀ ਦੁਸਾਂਝ, ਉੱਤਮ ਸਿੰਘ ਹਾਂਸ, ਬਾਬੂਰਾਮ ਫ਼ਤਿਹਗਡ਼੍ਹ, ਬਲਵੰਤ ਸਿੰਘ ਖੁਰਦਪੁਰ, ਨਾਮਾ ਫ਼ਤਹਿਗਡ਼੍ਹ, ਹਾਫ਼ਿਜ਼ ਅਬਦੁੱਲਾ ਜਗਰਾਓਂ ਅਤੇ ਰੂਡ਼ ਸਿੰਘ ਸੰਗਵਾਲ ਨੂੰ ਫ਼ਾਂਸੀ ਲਾਉਣ ਅਤੇ ਉਨ੍ਹਾਂ ਦੀ ਜਾਇਦਾਦ ਜ਼ਬਤੀ ਦੀ ਸਜ਼ਾ ਦਿੱਤੀ ਗਈ।
ਮਾਂਡਲੇ (ਬਰਮਾ) ਸਾਜ਼ਿਸ਼ ਕੇਸ ਵਿੱਚ ਗਦਰੀ ਯੋਧਿਆਂ ਹਰਨਾਮ ਸਿੰਘ ਕਾਹਰੀ ਸਾਰੀ, ਚਾਲੀਆ ਰਾਮ ਸਾਹਨੇਵਾਲ, ਵਸਾਵਾ ਸਿੰਘ ਵਾਡ਼ਾ, ਨਰੈਣ ਸਿੰਘ ਬਾਲੋ, ਨਰਿੰਜਨ ਸਿੰਘ ਸੰਗਤਪੁਰਾ, ਪਾਲਾ ਸਿੰਘ ਸ਼ੇਰਪੁਰ, ਅਮਰ ਸਿੰਘ ਸ਼ੇਰਪੁਰ ਕਲਾਂ ਨੂੰ ਜਾਇਦਾਦ ਦੀ ਜ਼ਬਤੀ ਨਾਲ ਮੌਤ ਦੀ ਸਜ਼ਾ ਦੇ ਕੇ ਫ਼ਾਂਸੀ ਲਾਇਆ ਗਿਆ।
ਵੱਖ-ਵੱਖ ਕੇਸਾਂ ਅਧੀਨ ਗਦਰ ਇਨਕਲਾਬੀਆਂ ਕਾਂਸ਼ੀ ਰਾਮ ਮਡ਼ੌਲੀ, ਰਹਿਮਤ ਅਲੀ ਵਜੀਦ ਕੇ, ਬਖਸ਼ੀਸ਼  ਸਿੰਘ ਖਾਨਪੁਰ, ਜੀਵਨ ਸਿੰਘ ਧੂਲੇ ਸਿੰਘ ਵਾਲਾ, ਲਾਲ ਸਿੰਘ ਸਹਾਬਾਨਾ, ਧਿਆਨ ਸਿੰਘ ਉਮਰਪੁਰਾ, ਕਰਮ ਸਿੰਘ ਉਮਰਪੁਰਾ, ਜਗਤ ਸਿੰਘ ਚੰਝਲਾ, ਗਾਂਧਾ ਸਿੰਘ ਕਚਰਭਾਨ, ਸੁਰਜਨ ਸਿੰਘ ਫ਼ਤਿਹਗਡ਼੍ਹ, ਡਾ. ਮਥਰਾ ਸਿੰਘ ਢੁਡਿਆਲਾ, ਜਵੰਦ ਸਿੰਘ ਨੰਗਲ, ਕਾਲਾ ਸਿੰਘ ਜਗਤਪੁਰ, ਚਰਨ ਸਿੰਘ ਪਿੰਡ ਬੂਡ਼ ਚੰਦ, ਹਰਨਾਮ ਸਿੰਘ ਠੱਠੀਖਾਰਾ, ਆਤਮਾ ਸਿੰਘ ਠੱਠੀਖਾਰਾ, ਬੰਤਾ ਸਿੰਘ ਸੰਗਵਾਲ, ਅਰਜਨ ਸਿੰਘ ਖੋਦਰਾਨਾ, ਪ੍ਰੇਮ ਸਿੰਘ ਸੁਰਸਿੰਗ, ਈਸ਼ਰ ਸਿੰਘ ਪੱਧਰੀ ਕਲਾਂ, ਕਾਲਾ ਸਿੰਘ ਪੁੱਤਰ ਚੰਨਣ ਸਿੰਘ ਅਤੇ ਬੂਟਾ ਸਿੰਘ ਅਕਾਲਗਡ਼੍ਹ ਨੂੰ ਫ਼ਾਂਸੀ ਲਾ ਕੇ ਸ਼ਹੀਦ ਕੀਤਾ ਗਿਆ।
42 ਗਦਰੀ ਦੇਸ਼ ਭਗਤਾਂ ਨੂੰ ਮੌਤ ਦੀ ਸਜ਼ਾ ਅਤੇ 114 ਗਦਰੀ ਯੋਧਿਆਂ ਨੂੰ ਉਮਰ ਕੈਦ ਹੋਈ। ਬਾਬਾ ਗੁਰਮੁਖ ਸਿੰਘ ਲਲਤੋਂ ਅਤੇ ਬਾਬਾ ਪ੍ਰਿਥੀ ਸਿੰਘ ਆਜ਼ਾਦ ਹੱਥਕਡ਼ੀਆਂ ਤੇ ਬੇਡ਼ੀਆਂ ਸਮੇਤ ਚਲਦੀ ਰੇਲਗੱਡੀ ਵਿੱਚੋਂ ਹੇਠਾਂ ਛਾਲਾਂ ਮਾਰ ਗਏ ਅਤੇ ਮੁਡ਼ ਹੱਥ ਨਾ ਆਏ।
ਆਜ਼ਾਦੀ ਦੇ ਇਤਿਹਾਸ ਵਿੱਚ ਕਾਮਾਗਾਟਾਮਾਰੂ ਘਟਨਾ ਖ਼ਾਸ ਅਹਿਮੀਅਤ ਰੱਖਦੀ ਹੈ। ਸਰਹਾਲੀ ਕਲਾਂ (ਅੰਮ੍ਰਿਤਸਰ) ਦੇ ਬਹਾਦਰ ਸੱਜਣ ਬਾਬਾ ਗੁਰਦਿੱਤ ਸਿੰਘ ਨੇ ਜਾਪਾਨੀ ਜਹਾਜ਼ ਕਾਮਾਗਾਟਾਮਾਰੂ ਕੈਨੇਡਾ ਜਾਣ ਲਈ ਕਿਰਾਏ ਉੱਤੇ ਲਿਆ। ਇਹ ਜਹਾਜ਼ 376 ਭਾਰਤੀ ਮੁਸਾਫ਼ਿਰਾਂ ਨੂੰ ਲੈ ਕੇ 22 ਮਈ 1914 ਨੂੰ ਵੈਨਕੂਵਰ ਦੀ ਬੰਦਰਗਾਹ ਤੋਂ ਦੂਰ ਕੈਨੇਡਾ ਦੀ ਅੰਗਰੇਜ਼ ਸਰਕਾਰ ਨੇ ਰੋਕ ਲਿਆ। ਮੁਸਾਫ਼ਿਰਾਂ ਨੂੰ ਜਾਹਜ਼ ਵਿੱਚੋਂ ਉਤਰਨ ਨਹੀਂ ਦਿੱਤਾ ਗਿਆ। ਦੋ ਮਹੀਨੇ ਬਾਅਦ ਇਹ ਜਹਾਜ਼ ਵਾਪਸ ਸਫ਼ਰ ਕਰ ਕੇ 22 ਜੁਲਾਈ 1914 ਨੂੰ ਕਲਕੱਤਾ ਨੇਡ਼ੇ ਬਜਬਜ ਘਾਟ ਉੱਤੇ ਲੱਗਿਆ। ਬਰਤਾਨਵੀ ਪੁਲੀਸ ਨੇ ਇੱਥੇ ਇਸ ਦਾ ਗੋਲੀਆਂ ਨਾਲ ਸਵਾਗਤ ਕੀਤਾ। ਇਸ ਘਟਨਾ ਵਿੱਚ 18 ਯਾਤਰੀ ਮਾਰੇ ਗਏ ਅਤੇ 36 ਯਾਤਰੀ ਜ਼ਖ਼ਮੀ ਹੋਏ। ਬਾਬਾ ਗੁਰਦਿੱਤ ਸਿੰਘ 32 ਹੋਰ ਬਚ ਕੇ ਭੱਜਣ ਵਾਲੇ ਯਾਤਰੀਆਂ ਵਿੱਚ ਸ਼ਾਮਲ ਸਨ।
ਦੋ ਆਲਮੀ ਜੰਗਾਂ (1914-18 ਤੇ 1939-45) ਵਿੱਚ ਪੰਜਾਬੀ ਸਿਪਾਹੀਆਂ (ਖ਼ਾਸ ਕਰਕੇ ਸਿੱਖਾਂ) ਨੇ ਅੰਗਰੇਜ਼ਾਂ ਵੱਲੋਂ ਯੂਰਪ ਤੇ ਕੁਝ ਹੋਰ ਦੇਸ਼ਾਂ ਦੀਆਂ ਮੁਹਿੰਮਾਂ ਵਿੱਚ ਵਧ ਚਡ਼੍ਹ ਕੇ ਹਿੱਸਾ ਲਿਆ। ਡਾ. ਸੁਵੀਰ ਸਿੰਘ ਦੀ ਰਿਪੋਰਟ ਅਨੁਸਾਰ ਪੰਜਾਬੀ ਸਿੱਖ ਫ਼ੌਜੀ ਇਟਲੀ, ਫਰਾਂਸ, ਹਾਲੈਂਡ, ਬੈਲਜੀਅਮ, ਇਰਾਕ, ਤੁਰਕੀ, ਤਨਜ਼ਾਨੀਆ, ਮਿਸਰ, ਬਰਮਾ ਅਤੇ ਸਿੰਗਾਪੁਰ ਵਿੱਚ ਜੰਗ ਦੇ ਮੈਦਾਨ ਵਿੱਚ ਜੂਝੇ। ਉਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ। ਦੋਵਾਂ ਆਲਮੀ ਜੰਗਾਂ ਵਿੱਚ 83,005 ਸਿੱਖ ਫ਼ੋਜੀ ਸ਼ਹੀਦ ਅਤੇ 1,09,045 ਜ਼ਖ਼ਮੀ ਹੋਏ। ਭੁਪਿੰਦਰ ਸਿੰਘ ਹਾਲੈਂਡ ਦੀ ਰਿਪੋਰਟ ਮੁਤਾਬਕ ਵੱਖ-ਵੱਖ ਯੂਰਪੀ ਮੋਰਚਿਆਂ ਉੱਤੇ ਇਨ੍ਹਾਂ ਜੰਗਾਂ ਵਿੱਚ 89,218 ਸਿੱਖ ਫ਼ੌਜੀ ਸ਼ਹੀਦ ਅਤੇ ਹਜ਼ਾਰਾਂ ਜ਼ਖ਼ਮੀ ਹੋਏ। ਯੂਰਪ ਦੇ ਕੁਝ ਦੇਸ਼ਾਂ ਵਿੱਚ ਇਨ੍ਹਾਂ ਸ਼ਹੀਦਾਂ ਦੀਆਂ ਸਮਾਧਾਂ ਉੱਤੇ ‘ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ’ ਉੱਕਰਿਆ ਹੋਇਆ ਹੈ।
13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲੇ ਬਾਗ਼, ਅੰਮ੍ਰਿਤਸਰ ਵਿੱਚ ਇੱਕ ਵਿਸ਼ਾਲ ਜਨ ਸਭਾ ਉੱਤੇ ਜਨਰਲ ਡਾਇਰ ਦੇ ਹੁਕਮਾਂ ਨਾਲ ਗੋਲ਼ੀਆਂ ਦਾ ਮੀਂਹ ਵਰਸਾਇਆ ਗਿਆ। ਇਸ ਘਟਨਾ ਵਿੱਚ ਕਰੀਬ ਇੱਕ ਹਜ਼ਾਰ ਨਿਰਦੋਸ਼ ਭਾਰਤੀ ਮਾਰੇ ਗਏ। ਇਸ ਕਾਰਨ ਪੂਰੇ ਭਾਰਤ ਵਿੱਚ ਅੰਗਰੇਜ਼ਾਂ ਵਿਰੁੱਧ ਗੁੱਸਾ ਬਹੁਤ ਭਖਿਆ।
ਮੁਲਕ ਦੀ ਆਜ਼ਾਦੀ ਵਿੱਚ ਬੱਬਰ ਅਕਾਲੀ ਲਹਿਰ ਦਾ ਵੀ ਯੋਗਦਾਨ ਹੈ। ਹੱਥਕਡ਼ੀਆਂ ਤੇ ਬੇਡ਼ੀਆਂ ਵਿੱਚ ਜਕਡ਼ੇ ਹੋਇਆਂ ਹੀ ਧੰਨਾ ਸਿੰਘ ਬੱਬਰ ਨੇ ਐੱਸ.ਪੀ. ਹਾਰਟਨ ਨੂੰ ਉਡਾ ਦਿੱਤਾ ਸੀ, ਨਾਲ ਹੀ ਆਪ ਵੀ ਮਾਰਿਆ ਗਿਆ ਸੀ। 27 ਫਰਵਰੀ 1926 ਨੂੰ ਛੇ ਬੱਬਰਾਂ ਨੂੰ ਫ਼ਾਂਸੀ ਦੀ ਸਜ਼ਾ ਹੋਈ ਸੀ। ਇਹ ਬੱਬਰ ਯੋਧੇ ਸਨ- ਕਿਸ਼ਨ ਸਿੰਘ ਗਡ਼ਗੱਜ, ਬਾਬੂ ਸੰਤਾ ਸਿੰਘ, ਦਲੀਪ ਸਿੰਘ, ਨੰਦ ਸਿੰਘ, ਕਰਮ ਸਿੰਘ ਅਤੇ ਧਰਮ ਸਿੰਘ।
ਸਿਰਫ਼ ਅੰਗਰੇਜ਼ ਮੰਤਰੀਆਂ ਦਾ ਇੱਕ ਵਫ਼ਦ 1928 ਵਿੱਚ ਸਾਈਮਨ ਕਮਿਸ਼ਨ ਦੇ ਰੂਪ ’ਚ ਭਾਰਤ ਆਇਆ ਸੀ। ਲਾਹੌਰ ਵਿਖੇ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਇਸ ਕਮਿਸ਼ਨ ਵਿਰੁੱਧ ਜਲੂਸ ਕੱਢਿਆ ਗਿਆ ਸੀ। ਇਸ ਮੌਕੇ ਲਾਠੀਚਾਰਜ ਹੋਇਆ। ਲਾਲਾ ਲਾਜਪਤ ਰਾਏ ਜ਼ਖ਼ਮੀ ਹੋਣ ਤੋਂ ਬਾਅਦ 17 ਨਵੰਬਰ 1928 ਨੂੰ ਅਕਾਲ ਚਲਾਣਾ ਕਰ ਗਏ। ਲਾਲਾ ਜੀ ਦੀ ਸ਼ਹੀਦੀ ਦਾ ਬਦਲਾ ਬਾਅਦ ਵਿੱਚ ਸ਼ਹੀਦ ਭਗਤ ਸਿੰਘ ਨੇ ਲਿਆ।
ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਪੰਜਾਬ ਵਿੱਚ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ’ਚ ਹਿੰਦੁਸਤਾਨ ਸਮਾਜਵਾਦੀ ਗਣਤੰਤਰ ਸੈਨਾ ਕਾਇਮ ਕੀਤੀ ਗਈ। ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਚਿਤਾਵਨੀ ਦੇਣ ਲਈ ਭਗਤ ਸਿੰਘ ਤੇ ਬਟੂਕੇਸ਼ਵਰ ਦੱਤ ਨੇ 8 ਅਪਰੈਲ 1929 ਨੂੰ ਭਾਰਤ ਦੀ ਕੇਂਦਰੀ ਅਸੈਂਬਲੀ ਵਿੱਚ ਜ਼ੋਰਦਾਰ ਧਮਾਕਾ ਕੀਤਾ। ਉਨ੍ਹਾਂ ਨੇ ਅਸੈਂਬਲੀ ਵਿੱਚੋਂ ਭੱਜਣ ਦੀ ਥਾਂ ਉੱਥੇ ਖਡ਼੍ਹ ਕੇ ‘ਇਨਕਲਾਬ ਜ਼ਿੰਦਾਬਾਦ, ਬਰਤਾਨਵੀ ਸਾਮਰਾਜ ਮੁਰਦਾਬਾਦ’ ਦੇ ਨਾਅਰੇ ਲਾਏ। 23 ਮਾਰਚ 1931 ਨੂੰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫ਼ਾਂਸੀ ਲਗਾਈ ਗਈ। ਇਸ ਸਦਕਾ ਆਜ਼ਾਦੀ ਦੀ ਲਹਿਰ ਹੋਰ ਪ੍ਰਚੰਡ ਹੋਈ।
ਜਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਦਾ ਖ਼ੂਨੀ ਸਾਕਾ ਊਧਮ ਸਿੰਘ ਦੀਆਂ ਅੱਖਾਂ ਸਾਹਮਣੇ ਵਾਪਰਿਆ ਸੀ। ਊਧਮ ਸਿੰਘ ਨੇ ਇਸ ਕਤਲੇਆਮ ਦਾ ਬਦਲਾ ਲੈਣ ਦੀ ਠਾਣ ਲਈ ਸੀ। ਪੂਰੇ 21 ਸਾਲਾਂ ਬਾਅਦ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿਖੇ ਊਧਮ ਸਿੰਘ ਨੇ ਸਰ ਮਾਈਕਲ ਓਡਵਾਇਰ ਨੂੰ ਮਾਰ ਮੁਕਾਇਆ ਸੀ। ਊਧਮ ਸਿੰਘ ਮੌਕੇ ਤੋਂ ਫ਼ਰਾਰ ਨਹੀਂ ਸੀ ਹੋਇਆ ਸਗੋਂ ਉਸ ਨੇ ਕਿਹਾ ਕਿ ਉਹਨੇ ਆਪਣੇ ਲੋਕਾਂ ਦੇ ਕਾਤਲ ਤੋਂ ਬਦਲਾ ਲਿਆ ਸੀ। ਊਧਮ ਸਿੰਘ ਨੇ ਐਲਾਨ ਕੀਤਾ ਕਿ ਉਸ ਦਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਹੈ।
1942 ਦੀ ਭਾਰਤ ਛੱਡੋ ਲਹਿਰ ਵਿੱਚ ਵੀ ਪੰਜਾਬੀਆਂ ਦਾ ਵੱਡਾ ਯੋਗਦਾਨ ਸੀ। ਇਸ ਲਹਿਰ ਮੌਕੇ ਅਨੇਕਾਂ ਪੰਜਾਬੀਆਂ ਨੇ ਜੇਲ੍ਹਾਂ ਕੱਟੀਆਂ। 14 ਜਨਵਰੀ 1944 ਨੂੰ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਵਿੱਚ ਤਿੰਨ ਮਹੀਨੇ ਜਪਾਨੀਆਂ ਵੱਲੋਂ ਦਿੱਤੇ ਜਾ ਰਹੇ ਤਸੀਹੇ ਸਹਿੰਦਿਆਂ ਪੰਜਾਬ ਦੇ ਬਹਾਦਰ ਸਪੂਤ ਡਾ. ਦੀਵਾਨ ਸਿੰਘ ਕਾਲੇਪਾਣੀ ਨੇ ਭਾਰਤ ਦੀ ਜੰਗ-ਏ-ਆਜ਼ਾਦੀ ਵਿੱਚ ਆਪਣੀ ਜਾਨ ਦੀ ਆਹੂਤੀ ਦੇ ਦਿੱਤੀ। ਇਸ ਤੋਂ ਪਹਿਲਾਂ 1914-15 ਵਿੱਚ ਦਰਜਨਾਂ ਸਿੱਖ ਗਦਰੀ ਬਾਬਿਆਂ ਨੂੰ ਏਸੇ ਜੇਲ੍ਹ ਵਿੱਚ ਲੰਮਾ ਸਮਾਂ ਤਸੀਹੇ ਦਿੱਤੇ ਜਾਂਦੇ ਰਹੇ ਸਨ।
ਜਨਰਲ ਮੋਹਨ ਸਿੰਘ ਨੇ 1941 ਵਿੱਚ ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਕੀਤੀ ਸੀ। ਉਸ ਨੂੰ 1942 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ1943 ਵਿੱਚ ਆਜ਼ਾਦ ਹਿੰਦ ਫ਼ੌਜ ਦੀ ਕਮਾਂਡ ਸੁਭਾਸ਼ ਚੰਦਰ ਬੋਸ ਨੇ ਸੰਭਾਲ ਲਈ। ਆਜ਼ਾਦ ਹਿੰਦ ਫ਼ੌਜ ਵਿੱਚ ਪੰਜਾਬੀਆਂ ਦਾ ਸਭ ਤੋਂ ਵਧੇਰੇ ਯੋਗਦਾਨ ਸੀ।
ਆਖਰ ਅੰਗਰੇਜ਼ਾਂ ਨੂੰ ਭਾਰਤ ਛੱਡਣਾ ਪਿਆ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ। ਅਗਸਤ 1947 ਵਿੱਚ ਮੁਲਕ ਵੰਡ ਸਮੇਂ ਦਸ ਲੱਖ ਦੇ ਕਰੀਬ ਮਾਸੂਮ ਪੰਜਾਬੀ ਲੋਕ ਕੁਟਿਲ, ਫ਼ਿਰਕੂ ਅਤੇ ਸਵਾਰਥੀ ਰਾਜਨੀਤੀ ਦੀ ਭੇਟ ਚਡ਼੍ਹ ਗਏ। ਪੰਜਾਬੀ ਧੀਆਂ ਦੀ ਇੱਜ਼ਤ-ਆਬਰੂ ਲੁੱਟੀ ਗਈ। ਭਾਰਤ ਆਜ਼ਾਦ ਹੋ ਗਿਆ ਅਤੇ ਪਾਕਿਸਤਾਨ ਹੋਂਦ ਵਿੱਚ ਆ ਗਿਆ ਪਰ ਪੰਜਾਬ ਤਬਾਹ ਹੋ ਗਿਆ। ਪੰਜਾਬ ਸਦੀਆਂ ਪਿੱਛੇ ਚਲਾ ਗਿਆ।
ਇਸ ਸਭ ਦੇ ਬਾਵਜੂਦ ਹਜ਼ਾਰਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਪ੍ਰਾਪਤ ਹੋਈ ਆਜ਼ਾਦੀ ਨੂੰ ਹੁਣ ਅਸੀਂ ਨਾ ਸਿਰਫ਼ ਕਾਇਮ ਰੱਖਣਾ ਹੈ ਸਗੋਂ ਦੇਸ਼ ਭਗਤਾਂ ਦੇ ਆਰਥਿਕ ਖ਼ੁਸ਼ਹਾਲੀ ਦੇ ਸਾਰੇ ਸੁਪਨੇ ਵੀ ਪੂਰੇ ਕਰਨੇ ਹਨ। ਦੇਸ਼ ਨੂੰ ਭੁੱਖ-ਨੰਗ, ਬੇਰੁਜ਼ਗਾਰੀ, ਅਨਪਡ਼੍ਹਤਾ, ਭ੍ਰਿਸ਼ਟਾਚਾਰ ਅਤੇ ਚੋਰ ਬਜ਼ਾਰੀ ਆਦਿ ਤੋਂ ਮੁਕਤ ਕਰਨਾ ਹੈ।   (ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)
ਹਮਦਰਦਵੀਰ ਨੌਸ਼ਹਿਰਵੀ;   

ਮੋਬਾਈਲ: 94638-08697


No comments: