Tuesday, July 31, 2012

ਸਲਾਮ ਸ਼ਹੀਦਾਂ ਨੂੰ

ਊਧਮ ਸਿੰਘ ਦਾ ਦੇਸ਼ ਤੇ ਦੇਸ਼ ਵਾਸੀਆਂ ਪ੍ਰਤੀ ਅਥਾਹ ਪਿਆਰ ਸੀ: ਦੀਵਾਨ 
ਲੁਧਿਆਣਾ, 31 ਜੁਲਾਈ। ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ ਤੇ ਕਾਂਗਰਸੀ ਵਰਕਰਾਂ ਵਲੋਂ ਦੇਸ਼ ਦੀ ਆਜ਼ਾਦੀ ਦੇ ਅਣਖੀਲੇ ਯੋਧੇ ਤੇ ਕੌਮ ਦੇ ਮਹਾਨ ਹੀਰੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਇਕ ਪ੍ਰੇਰਣਾ ਦਿਵਸ ਦੇ ਰੂਪ ਵਿਚ ਵਾਰਡ 48 'ਚ ਸਥਿਤ ਮਾਡਲ ਟਾਊਨ ਵਿਖੇ ਮਨਾਇਆ ਗਿਆ।ਜ਼ਿਲ੍ਹਾ ਪ੍ਰਧਾਨ ਤੇ ਮੌਕੇ 'ਤੇ ਹਾਜ਼ਰ ਕਾਂਗਰਸੀ ਵਰਕਰਾਂ ਨੇ ਸ਼ਹੀਦ ਊਧਮ ਸਿੰਘ ਦੀ ਫੋਟੋ ਅੱਗੇ ਸ਼ਰਧਾ ਫੁੱਲ ਭੇਂਟ ਕੀਤੇ ਤੇ ਉਨ੍ਹਾਂ ਵਲੋਂ ਦੇਸ਼ ਤੇ ਦੇਸ਼ ਵਾਸੀਆਂ ਦੀ ਖ਼ਾਤਰ ਕੀਤੀ ਕੁਰਬਾਨੀ ਨੂੰ ਸਲਾਮ ਕੀਤੀ।
ਪਵਨ ਦੀਵਾਨ ਨੇ ਕਿਹਾ ਕਿ ਊਧਮ ਸਿੰਘ ਦਾ ਦੇਸ਼ ਤੇ ਦੇਸ਼ ਵਾਸੀਆਂ ਪ੍ਰਤੀ ਜਜ਼ਬਾ ਤੇ ਅਥਾਹ ਪਿਆਰ ਹੀ ਸੀ ਜਿਸ ਕਰਕੇ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿਚ ਸੈਂਕੜੇ ਨਿਹੱਥੇ ਦੇਸ਼ ਭਗਤਾਂ 'ਤੇ ਅੰਗਰੇਜ਼ ਹਕੂਮਤ ਵਲੋਂ ਹੋਏ ਅੰਨ੍ਹੇ ਜ਼ੁਲਮ ਦਾ ਬਦਲਾ ਲੈਣ ਲਈ ਉਨ੍ਹਾਂ ਨੂੰ ਸੱਤ ਸਮੁੰਦਰੋਂ ਪਾਰ ਜਾਣਾ ਪਿਆ ਸੀ। ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਦੀ ਘਟਨਾ ਨੇ ਊਧਮ ਸਿੰਘ ਦੀ ਆਤਮਾ ਨੂੰ ਝਿੰਜੋੜ ਕੇ ਰੱਖ ਦਿੱਤਾ ਸੀ ਤੇ ਇਸ ਘਟਨਾ ਦੇ ਦੋਸ਼ੀ ਜਨਰਲ ਡਾਇਰ ਨੂੰ ਸਜਾ ਦੇਣ ਲਈ ਊਧਮ ਸਿੰਘ ਨੇ ਕਸਮ ਖਾਦੀ ਸੀ ਤੇ ਆਖਰਕਾਰ 21 ਸਾਲ ਬਾਅਦ 13 ਮਾਰਚ 1940 ਨੂੰ ਊਧਮ ਸਿੰਘ ਨੇ ਏਸ਼ੀਆਈ ਸੁਸਾਇਟੀ ਦੀ ਇਕ ਸਾਂਝੀ ਮੀਟਿੰਗ ਦੌਰਾਨ ਜਨਰਲ ਡਾਇਰ ਨੂੰ ਗੋਲ਼ੀਆਂ ਮਾਰ ਕੇ ਆਪਣੀ ਕਸਮ ਪੂਰੀ ਕੀਤੀ। ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਅੰਗਰੇਜ਼ ਹਕੂਮਤ ਵਲੋਂ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਫਾਸੀ ਦੇ ਦਿੱਤੀ ਗਈ ਸੀ।
ਦੀਵਾਨ ਨੇ ਊਧਮ ਸਿੰਘ ਦੀ ਦੇਸ਼ ਪ੍ਰਤੀ ਦਿੱਤੀ ਕੁਰਬਾਨੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸ਼ਹੀਦੀ ਦੇਸ਼ ਵਾਸੀਆਂ ਲਈ ਇਕ ਪ੍ਰੇਰਣਾ ਦਾ ਸੰਦੇਸ਼ ਦੇਣ ਵਾਲੀ ਹੈ। ਉਨ੍ਹਾਂ ਵਲੋਂ ਦਿੱਤੀ ਕੁਰਬਾਨੀ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀ ਸ਼ਹੀਦੀ ਤੋਂ ਸੇਧ ਲੈ ਕੇ ਦੇਸ਼ ਦੇ ਵਿਕਾਸ ਤੇ ਦੇਸ਼ ਉੱਤੇ ਕੋਈ ਔਕੜ ਪੈਣ ਤੇ ਦੇਸ਼ ਪ੍ਰਤੀ ਕੁਰਬਾਨੀਆਂ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ 'ਤੇ ਬਲਾਕ ਪ੍ਰਧਾਨ ਪਲਵਿੰਦਰ ਸਿੰਘ ਤੱਗੜ, ਜਰਨੈਲ ਸਿੰਘ ਸ਼ਿਮਲਾਪੁਰੀ ਤੇ ਬਲਜਿੰਦਰ ਸਿੰਘ ਬੰਟੀ, ਸੁਸ਼ੀਲ ਮਲਹੋਤਰਾ, ਸਨੀ ਕੈਂਥ, ਰੋਹਿਤ ਪਾਹਵਾ, ਸੁਧੀਰ ਸਿਆਲ, ਜਗਜੀਤ ਸਿੰਘ ਮਾਨ, ਗੁਰਸਿਮਰਨ ਸਿੰਘ ਮੰਡ, ਸੁਨੀਲ ਸਹਿਗਲ, ਭੁਪਿੰਦਰ ਸਿੰਘ ਗਰੇਵਾਲ, ਗਜਨੀਸ਼ ਚੌਪੜਾ, ਵਿਵੇਕ ਮਾਗੋ, ਅਮਿਤ ਅਰੋੜਾ, ਪਾਰਸ ਪੁਰੀ, ਅਮਨਦੀਪ ਸਿੰਘ, ਮਨੀ ਕੈਂਥ, ਗੌਰਵ ਜੈਨ, ਹਰਿੰਦਰ ਸਿੰਘ ਓਮ, ਰਮੇਸ਼ ਕੌਸ਼ਲ ਅਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।

No comments: