Sunday, July 29, 2012

ਮਿਸ਼ਨ: ਪੰਜਾਬ ਨੂੰ ਲੱਗੇ ਨਸ਼ਿਆਂ ਦੇ ਘੁਣ ਦਾ ਮੁਕੰਮਲ ਖਾਤਮਾ

ਪੰਜਾਬ ਪੁਲਿਸ ਅਤੇ ਸਮਾਜਿਕ ਸੰਗਠਨਾਂ ਨੇ ਹੋਰ ਤੇਜ਼ ਕੀਤੀ ਵਿਸ਼ੇਸ਼ ਮੁਹਿੰਮ 
Courtesy photo
ਜ਼ਿੰਦਗੀ ਨੂੰ ਬੇਰੰਗ ਅਤੇ ਜਿਸਮ ਨੂੰ ਬੇਜਾਨ ਕਰ ਦੇਣ ਵਾਲੇ ਨਸ਼ਿਆਂ ਨਾਲ ਖੋਖਲਾ ਹੁੰਦਾ ਜਾ ਰਿਹਾ ਪੰਜਾਬ ਹੁਣ ਨਾਜ਼ੁਕ ਮੋਡ਼ ਤੇ ਆ ਪਹੁੰਚਿਆ ਹੈ. ਜੇ ਹੁਣ ਵੀ ਨਸ਼ਿਆਂ ਦੇ ਇਸ ਛੇਵੇਂ ਦਰਿਆ ਨੂੰ ਠਲ੍ਹ ਨਾ ਪਾਈi ਗਈ ਤਾਂ ਪੰਜਾਬ ਦੀਆਂ ਸਰੂ ਵਰਗੀਆਂ ਜਵਾਨੀਆਂ ਅਤੇ ਬਹਾਦਰੀ ਦੀਆਂ ਗੱਲਾਂ ਸਿਰਫ ਇੱਕ ਇਤਿਹਾਸ ਬਣ ਕੇ ਰਹਿ ਜਾਣਗੀਆਂ. ਪੰਜਾਬ ਨੂੰ ਨਸ਼ਿਆਂ ਦੇ ਹਡ਼੍ਹ ਤੋਂ ਬਚਾਉਣ ਲਈ ਪੰਜਾਬ ਪੁਲਿਸ ਨੇ ਆਪਣੀਆਂ ਕੋਸ਼ਿਸ਼ਾਂ ਵਿੱਚ ਹੋਰ ਤੇਜ਼ੀ ਲੈ ਆਂਦੀ ਹੈ.ਇਸ ਮੁਹਿੰਮ ਵਿੱਚ ਸਿਹਤ ਅਤੇ ਸਮਾਜਿਕ ਸੰਗਠਨ ਵੀ ਸ਼ਾਮਿਲ ਹਨ.ਸੈਮੀਨਾਰ 'ਚ ਭੀੜ ਭਾਵੇਂ ਘੱਟ ਸੀ ਪਰ ਹੁੰਗਾਰਾ ਜ਼ਬਰਦਸਤ ਸੀ।
ਕਾਰਣ ਕੁਝ ਵੀ ਰਹੇ ਹੋਣ, ਹਾਲਾਤ ਕੁਝ ਵੀ ਕਿਓਂ ਨਾ ਬਣੇ ਹੋਣ ਜਦ ਵੀ ਕਿਸੇ ਨੂੰ ਨਸ਼ਿਆਂ ਦਾ ਖੋਰਾ ਲੱਗਦਾ ਹੈ ਤਾਂ ਫਿਰ ਦੁੱਖ ਅਤੇ ਤਕਲੀਫਾਂ ਤੋਂ ਸਿਵਾ ਹੋਰ ਕੁਝ ਵੀ ਬਾਕੀ ਨਹੀਂ ਬਚਦਾ. ਨੌਜਵਾਨਾਂ ਨੂੰ ਨਸ਼ਿਆਂ ਦੀ ਇਸ ਖਤਰਨਾਕ ਮਾਰ ਤੋਂ ਬਚਾਉਣ ਲਈ ਇੱਕ ਸੈਮੀਨਾਰ ਲੁਧਿਆਣਾ ਦੇ ਕੇ ਵੀ ਐਮ ਸਕੂਲ ਵਿੱਚ ਕਰਾਇਆ ਗਿਆ. ਸੈਮੀਨਾਰ ਵਿੱਚ ਨਸ਼ਿਆਂ ਮਾਰੇ ਲੋਕਾਂ ਦੇ ਜਿਸਮਾਂ ਤੇ ਪਏ ਨਿਸ਼ਾਨ. ਟੀਕੇ ਲਾ ਲਾ ਕੇ ਥਾਂ ਥਾਂ ਤੋਂ ਪੰਕਚਰ ਕੀਤੀਆਂ ਹੋਈਆਂ ਨਾਡ਼ਾਂ ਅਤੇ ਕਈ ਹੋਰ ਗੱਲਾਂ ਦੇਖ ਕੇ ਦਿਲ ਨੂੰ ਕੁਝ ਹੁੰਦਾ ਸੀ. ਪੁਲਿਸ ਨੇ ਨਸ਼ਿਆਂ ਦੇ ਖਿਲਾਫ਼ ਇਸ ਮੁਹਿੰਮ ਦੀ ਸਫਲਤਾ ਲਈ ਕਈ ਤਰਾਂ ਦੇ ਪੋਸਟਰ ਵੀ ਛਪਵਾਏ ਹੋਏ ਸਨ. ਨਸ਼ਿਆਂ ਦੇ ਖਿਲਾਫ਼ ਇੱਕ ਤਰਾਂ ਦੀ  ਪ੍ਰਦਰਸ਼ਨੀ ਵਾਲਾ ਮਾਹੌਲ ਵੀ ਬਣਿਆ ਹੋਇਆ ਸੀ ਜਿਹਡ਼ੀ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸਾਵਧਾਨ ਕਰ ਰਹੀ ਸੀ. ਸੈਮੀਨਾਰ ਵਿੱਚ ਸਿਹਤ ਮਾਹਿਰ, ਪ੍ਰਮੁੱਖ ਡਾਕਟਰ, ਸਮਾਜਿਕ ਆਗੂ ਅਤੇ ਪੁਲਿਸ ਅਧਿਕਾਰੀ ਵੀ ਉਚੇਚਾ ਸਮਾਂ ਕਢਕੇ ਮੌਜੂਦ ਰਹੇ.  ਇਸ ਸੈਮੀਨਾਰ ਵਿੱਚ ਓਹ ਲੋਕ ਵੀ ਸ਼ਾਮਿਲ ਸਨ ਜਿਹਡ਼ੇ ਇਹਨਾਂ ਉਪਰਾਲਿਆ ਸਦਕਾ ਨਸ਼ੇ ਛੱਡ ਚੁੱਕੇ ਹਨ. ਦਿਲਚਸਪ ਗੱਲ ਹੈ ਕਿ  ਨਸ਼ਿਆਂ ਨੂੰ ਛੱਡ ਚੁੱਕੇ ਲੋਕ ਹੁਣ ਨਸ਼ਿਆਂ ਖਿਲਾਫ਼ ਚੱਲ ਰਹੀ ਇਸ ਜੰਗ ਵਿੱਚ ਵੀ ਪੂਰੇ ਜੋਸ਼ੋ ਖਰੋਸ਼ ਨਾਲ ਸਾਬਿਤ ਹਨ। ਹੁਣ ਨਸ਼ਿਆਂ ਤੋਂ ਮੁਕਤ ਹੋਏ ਨੌਜਵਾਨ ਜਦੋਂ ਇਹ ਦਾਸਤਾਨ ਸੁਣਾਉਂਦੇ ਹਨ ਤਾਂ ਨਸ਼ਿਆਂ ਦਾ ਕਰੂਪ ਅਤੇ ਬੇਰਹਿਮੀ ਵਾਲਾ ਚੇਹਰਾ ਸਾਹਮਣੇ ਆਉਂਦਾ ਹੈ।
ਕਾਬਿਲੇ ਜ਼ਿਕਰ ਹੈ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਇਸ ਮੁਹਿੰਮ ਵਿੱਚ ਏਥੋਂ ਦੇ ਪ੍ਰਮੁਖ ਡਾਕਟਰ ਇੰਦਰਜੀਤ ਸਿੰਘ ਢੀੰਗਰਾ ਵੀ ਲਗਾਤਾਰ ਸਰਗਰਮ ਹਨ. ਉਹਨਾਂ ਨੇ ਇਸ ਮੁਹਿੰਮ ਬਾਰੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ.ਕਜੀ ਇਹ ਮੁਹਿੰਮ ਸੰਨ 2005 ਵਿੱਚ ਸ਼ੁਰੂ ਹੋਈ ਸੀ।
 ਪੰਜਾਬ ਨੂੰ ਲੱਗੇ ਨਸ਼ਿਆਂ ਦੇ ਇਸ ਘੁਣ ਬਾਰੇ ਚੇਤਨਾ ਜਗਾਉਣ ਵਿੱਚ ਇਹ ਸੈਮੀਨਾਰ ਕਾਫੀ ਸਫਲ ਰਿਹਾ. ਇਸ ਸੈਮੀਨਾਰ ਅਤੇ ਇਸ ਮੁਹਿੰਮ ਦੇ ਮਕਸਦ ਬਾਰੇ ਪੁਲਿਸ ਕਮਿਸ਼ਨਰ ਈਸ਼ਵਰ ਸਿੰਘ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ. ਉਹਨਾਂ ਦੱਸਿਆ ਕੀ ਤਕਰੀਬਨ ਹਰ ਥਾਣੇ ਦੇ ਇਲਾਕੇ ਵਿੱਚ ਇਸ ਮਕਸਦ ਲਈ ਪ੍ਰੋਗਰਾਮ  ਕੀਤੇ ਜਾ ਰਹੇ ਹਨ.
ਕਿਤੇ ਡਰਾਮੇ ਖੇਡੇ ਜਾ ਰਹੇ ਹਨ, ਕਿਤੇ ਝਲਕੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ, ਕਿਤੇ ਗੀਤ ਸੰਗੀਤ ਰਾਹੀੰ  ਨਸ਼ਿਆਂ ਵਿਰੁਧ ਅਲਖ ਜਗਾਈ ਜਾ ਰਹੀ ਹੈ ਤੇ ਕਿਤੇ ਸੈਮੀਨਾਰਾਂ ਰਾਹੀੰ  ਲੋਕਾਂ ਵਿੱਚ ਨਸ਼ਿਆਂ ਦੀ ਬੁਰਾਈ ਬਾਰੇ ਸੋਚ ਪੈਦਾ ਕੀਤੀ ਜਾ ਰਹੀ ਹੈ।
ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਜੇ ਕੋਈ ਵਿਅਕਤੀ ਨਸ਼ਾ ਵੇਚਦਾ ਨਜਰ ਆਵੇ ਤਾਂ ਉਸ ਬਾਰੇ ਤੁਰੰਤ ਸੂਚਿਤ ਕੀਤਾ ਜਾਵੇ ਕਿਓਂਕਿ ਨਸ਼ੇ ਵੇਚਣ ਵਾਲੇ ਸਮਾਜ ਦੇ ਸਭ ਤੋਂ ਵੱਡੇ ਦੁਸ਼ਮਣ ਹਨ.
ਇਸ ਦਲੇਰਾਨਾ ਐਲਾਨ ਨੂੰ ਸੁਨ ਕੇ ਇੱਕ ਵਾਰ ਫੇਰ ਇਹ ਆਸ ਬਝੀ ਹੈ ਕਿ  ਜਲਦੀ ਹੀ ਪੰਜਾਬ ਦੀ ਇਹ ਧਰਤੀ ਨਸ਼ਿਆਂ ਤੋਂ ਮੁਕਤ ਹੋ ਕੇ ਧਰਮ ਕਰਮ ਅਤੇ ਮਿਹਨਤ ਦੀਆਂ ਬਾਤਾਂ ਪਾਵੇਗੀ। ਹੁਣ ਦੇਖਣਾ ਹੈ ਕਿ ਪੁਲਿਸ ਅਤੇ ਸਮਾਜ ਵੱਲੋਂ ਚਲਾਈ ਇਸ ਮੁਹਿੰਮ ਦਾ ਫਾਇਦਾ ਉਠਾਉਣ ਲਈ ਆਮ ਲੋਕ ਕਿੰਨੀ ਜਲਦੀ ਅੱਗੇ ਆਉਂਦੇ ਹਨ. ਸਰਕਾਰ ਅਤੇ ਸਮਾਜ ਰਲ ਕੇ ਹੀ ਇਸ ਮੱਕੜਜਾਲ  ਨੂੰ ਕੱਟ ਸਕਦੇ ਹਨ। --ਰੈਕਟਰ  ਕਥੂਰੀਆ

No comments: