Wednesday, July 25, 2012

ਮਾਨਸਾ ਦੇ ਪਿੰਡ ਅਕਲੀਆ ਕਜ ਝੜੱਪ::ਦੋ ਮੌਤਾਂ

 ਪੁਲੀਸ ਦੇ ਇੱਕ ਏ.ਐਸ.ਆਈ. ਸਮੇਤ ਪੰਜ ਵਿਅਕਤੀ ਜ਼ਖ਼ਮੀ 
ਰੋਜ਼ਾਨਾ ਜਗ ਬਾਣੀ ਦੇ ਪਹਿਲੇ ਸਫੇ 'ਤੇ ਪ੍ਰਕਾਸ਼ਿਤ ਖਬਰ 
ਮਾਨਸਾ ਨੇੜੇ ਪੁਲਿਸ ਅਤੇ ਲੋਕਾਂ ਦਰਮਿਆਨ ਹੋਈ ਝੜੱਪ ਦੀ ਖਬਰ ਨੂੰ ਮੀਡੀਆ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ। ਜਿੱਥੇ ਪੰਜਾਬ ਵਿਹ੍ਚ ਇਸ ਟਕਰਾ ਦੀ ਖਬਰ ਆਈ ਹੈ ਉਥੇ ਅਸਾਮ ਦੀ ਹਾਲਤ ਵੀ ਨਾਜ਼ੁਕ ਹੈ. ਆਸਾਮ ਦੇ 21 ਜ਼ਿਲਿਜ੍ਨ .'ਚ ਭੜਕੇ ਦੰਗਿਆਂ ਦੌਰਾਨ 25 ਵਿਅਕਤੀਆਂ ਦੇ ਮਾਰੇ ਜਾਣ ਦੀ  ਖਬਰ ਵੀ ਅਖਬਾਰਾਂ ਦੇ ਪਹਿਲੇ ਸਫੇ ਤੇ ਹੈ। ਪਹਿਲਾਂ ਦੇਖਦੇ ਹਨ ਮਾਨਸਾ ਦੀ ਘਟਨਾ ਬਾਰੇ। ਰੋਜ਼ਾਨਾ ਜਗ ਬਾਣੀ ਦੇ ਖਬਰਾਂ ਵਾਲੇ ਮੁੱਖ ਮੁੱਖ ਸਫੇ 'ਤੇ ਛਪੀ ਖਬਰ ਦੀ ਤਸਵੀਰ ਇਥੇ ਵੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਤੁਸੀਂ ਇਸੇ ਮਸਲੇ ਬਾਰੇ ਰੋਜ਼ਾਨਾ ਪੰਜਾਬੀ ਟ੍ਰਿਬਿਊਨ 'ਚ ਪ੍ਰਕਾਸ਼ਿਤ ਖਬਰ ਵੀ ਪੜ੍ਹੀ ਜਾ ਸਕਦੀ ਹੈ।  ਅਜਿਹੀਆਂ ਖਬਰਾਂ ਕਿਸੇ ਖਤਰਨਾਕ ਭਵਿੱਖ ਵੱਲ ਇਸ਼ਾਰਾ ਕਰਦਿਆਂ ਪ੍ਰਤੀਤ ਹੁੰਦੀਆਂ ਹਨ।--ਰੈਕਟਰ ਕਥੂਰੀਆ
ਪੁਲੀਸ ਤੇ ਪੇਂਡੂਆਂ ’ਚ ਝਡ਼ਪ: 2 ਹਲਾਕ
ਜੋਗਿੰਦਰ ਸਿੰਘ ਮਾਨ/ਸ਼ਿੰਗਾਰਾ ਸਿੰਘ ਅਕਲੀਆ 
ਮਾਨਸਾ/ਜੋਗਾ, 24 ਜੁਲਾਈ

ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਵਿਖੇ ਇਕ ਪੁਲੀਸ ਅਧਿਕਾਰੀ ’ਤੇ ਹਮਲਾ ਕਰਦੇ ਪਿੰਡ ਦੇ ਵਸਨੀਕ (ਫੋਟੋ: ਸੁਰੇਸ਼)
ਅਕਲੀਆ ਵਿਚ ਲੁਟੇਰਾ ਹੋਣ ਦੇ ਸ਼ੱਕ ਵਿੱਚ ਫਡ਼ੇ ਨੌਜਵਾਨ ਨੂੰ ਛੁਡਾਉਣ ਲਈ ਪੁਲੀਸ ਅਤੇ ਪਿੰਡ ਵਾਸੀਆਂ ਵਿਚਾਲੇ ਹੋਈ ਝਡ਼ਪ ਵਿੱਚ ਦੋ ਜਣੇ ਮਾਰੇ ਗਏ ਅਤੇ ਪੁਲੀਸ ਦੇ ਇੱਕ ਏ.ਐਸ.ਆਈ. ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਦੋਵੇਂ ਲਾਸ਼ਾਂ ਮਾਨਸਾ-ਬਰਨਾਲਾ ਮੁੱਖ ਮਾਰਗ ’ਤੇ ਪੈਂਦੇ ਪਿੰਡ ਅਕਲੀਆ ਦੇ ਬੱਸ ਅੱਡੇ ’ਤੇ ਰੱਖ ਕੇ ਧਰਨਾ ਲਾ ਦਿੱਤਾ। ਪੁਲੀਸ ਤੇ ਪਿੰਡ ਵਾਸੀਆਂ ਦਰਮਿਆਨ ਸਮਝੌਤਾ ਸਿਰੇ ਚਡ਼੍ਹਨ ਮਗਰੋਂ ਧਰਨਾ ਚੁੱਕਿਆ ਗਿਆ।
ਘਟਨਾ ਵਿੱਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਪਿੰਡ ਅਕਲੀਆ ਵਾਸੀ ਪ੍ਰੀਤਮ ਸਿੰਘ ਮਹਿਰਾ (52 ਸਾਲ) ਅਤੇ ਪਿੰਡ ਕਣਕਵਾਲ ਵਾਸੀ ਨੀਟੂ ਸਿੰਘ (16 ਸਾਲ), ਜੋ ਆਪਣੇ ਨਾਨਕੇ ਪਿੰਡ ਅਕਲੀਆ ਆਇਆ ਹੋਇਆ ਸੀ, ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਪੰਜਾਬ ਪੁਲੀਸ ਦੇ ਏ.ਐਸ.ਆਈ. ਰਘਵੀਰ ਸਿੰਘ, ਪਿੰਡ ਅਕਲੀਆ ਦੇ ਵਰਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਦੋ ਹੋਰ ਸ਼ਾਮਲ ਹਨ।  ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਅਕਲੀਆ ਦੇ ਲੋਕਾਂ ਨੇ ਇੱਕ ਨੌਜਵਾਨ ਨੂੰ ਲੁਟੇਰਾ ਹੋਣ ਦੇ ਸ਼ੱਕ ਵਿੱਚ ਫਡ਼ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਨੌਜਵਾਨ ਦੀ ਪਛਾਣ ਕਰਮਵੀਰ ਸਿੰਘ ਵਾਸੀ ਪਿੰਡ ਰੱਲਾ ਵਜੋਂ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਵੱਲੋਂ ਆਪਣੇ 3-4 ਸਾਥੀਆਂ ਸਮੇਤ ਅਕਲੀਆ-ਰਾਮਪੁਰਾ ਫੂਲ ਸੰਪਰਕ ਸਡ਼ਕ ’ਤੇ ਕਾਰ ਰੋਕ ਕੇ ਰਾਹਗੀਰਾਂ ਨੂੰ ਲੁੱਟਿਆ ਜਾ ਰਿਹਾ ਸੀ। ਇਸ ਕਾਰਵਾਈ ਦੌਰਾਨ ਮੋਟਰਸਾਈਕਲ ’ਤੇ ਜਾ ਰਹੇ ਪਤੀ-ਪਤਨੀ ਨੂੰ ਜਦੋਂ ਇਨ੍ਹਾਂ ਨੇ ਲੁੱਟਣ ਦੀ ਨੀਅਤ ਨਾਲ ਰੋਕਿਆ ਤਾਂ ਔਰਤ ਨੇ ਰੌਲਾ ਪਾ ਦਿੱਤਾ। ਰੌਲਾ ਸੁਣਕੇ ਖੇਤਾਂ ਵਿੱਚ ਕੰਮ ਕਰਦੇ ਕਾਮੇ ਭੱਜਕੇ ਆਏ ਅਤੇ ਇਨ੍ਹਾਂ ਵਿਅਕਤੀਆਂ ਨੂੰ ਘੇਰਾ ਪਾ ਲਿਆ। ਪਿੰਡ ਦੇ ਲੋਕਾਂ ਨੇ ਕਰਮਵੀਰ ਸਿੰਘ ਨੂੰ ਫਡ਼ ਲਿਆ ਜਦਕਿ ਉਸ ਦੇ ਦੂਜੇ ਸਾਥੀ ਕਾਰ ਵਿੱਚ ਫਰਾਰ ਹੋ ਗਏ। ਲੋਕ ਇਸ ਨੌਜਵਾਨ ਨੂੰ ਫਡ਼ਕੇ ਪਿੰਡ ਲੈ ਆਏ ਅਤੇ ਪਿੰਡ ਦੇ ਗੁਰਦੁਆਰੇ ਤੋਂ ਸਪੀਕਰ ਰਾਹੀਂ ਇਸ ਦੀ ਜਾਣਕਾਰੀ ਸਮੁੱਚੇ ਪਿੰਡ ਨੂੰ ਦੇ ਦਿੱਤੀ। ਲੋਕਾਂ ਨੇ ਫਡ਼ੇ ਗਏ ਵਿਅਕਤੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਇਸੇ ਦੌਰਾਨ ਕਿਸੇ ਵੱਲੋਂ ਜੋਗਾ ਪੁਲੀਸ ਨੂੰ ਇਤਲਾਹ ਦੇ ਦਿੱਤੀ ਗਈ। ਜੋਗਾ ਪੁਲੀਸ ਸਟੇਸ਼ਨ ਦੇ ਮੁਖੀ ਦਰਸ਼ਨ ਸਿੰਘ ਤੁਰੰਤ ਪਿੰਡ ਅਕਲੀਆ ਪਹੁੰਚ ਗਏ ਅਤੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਫਡ਼ਿਆ ਹੋਇਆ ਵਿਅਕਤੀ ਪੁਲੀਸ ਹਵਾਲੇ ਕਰਨ ਲਈ ਕਿਹਾ। ਲੋਕਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਨੌਜਵਾਨ ਦੀ ਕੁੱਟਮਾਰ ਕਰਨੀ ਜਾਰੀ ਰੱਖੀ। ਪਿੰਡ ਵਾਸੀ ਇਸ ਨੌਜਵਾਨ ਤੋਂ ਪਿੰਡ ਵਿੱਚ ਕਈ ਦਿਨਾਂ ਤੋਂ ਹੋ ਰਹੀਆਂ ਚੋਰੀਆਂ ਦੇ ਵੇਰਵੇ ਲੈਣਾ ਚਾਹੁੰਦੇ ਸਨ।
ਲੋਕਾਂ ਨੇ ਜਦੋਂ ਨੌਜਵਾਨ ਨੂੰ ਪੁਲੀਸ ਹਵਾਲੇ ਨਾ ਕੀਤਾ ਤਾਂ ਹੋਰ ਪੁਲੀਸ ਮੰਗਵਾਈ ਗਈ। ਜਦੋਂ ਪੁਲੀਸ ਇਸ ਨੌਜਵਾਨ ਨੂੰ ਪਿੰਡ ਵਾਸੀਆਂ ਤੋਂ ਜਬਰੀ ਲੈਕੇ ਜਾਣ ਲੱਗੀ ਤਾਂ ਉਥੇ ਇਕੱਤਰ ਭੀਡ਼ ਨੇ ਪੁਲੀਸ ’ਤੇ ਹਮਲਾ ਕਰ ਦਿੱਤਾ। ਲੋਕਾਂ ਦੇ ਹਜ਼ੂਮ ਨੇ ਇੱਕ ਗੱਡੀ ਨੂੰ ਅੱਗ ਲਾ ਦਿੱਤੀ, ਜੋ ਪੂਰੀ ਸਡ਼ ਗਈ। ਇਸ ਹਮਲੇ ਤੋਂ ਬਚਾਅ ਲਈ ਪੁਲੀਸ ਨੇ ਅੱਥਰੂ ਗੈਸ ਛੱਡੀ ਤਾਂ ਲੋਕਾਂ ਵਿੱਚ ਭਗਦਡ਼ ਮੱਚ ਗਈ। ਭਗਦਡ਼ ਦੌਰਾਨ ਹੀ ਅੱਥਰੂ ਗੈਸ ਦੇ ਸ਼ੈੱਲ ਨੇਡ਼ੇ ਖਡ਼੍ਹੇ ਦੋ ਵਿਅਕਤੀਆਂ ਨੂੰ ਲੱਗ ਗਏ, ਜਿਸ ਕਾਰਨ ਉਹ ਡਿੱਗ ਪਏ। ਭੀਡ਼ ਵੱਲੋਂ ਪੁਲੀਸ ’ਤੇ ਕੀਤੇ ਹਮਲੇ ਕਾਰਨ ਵੇਲੇ ਸਿਰ ਦੋਵਾਂ ਜਣਿਆਂ ਨੂੰ ਸੰਭਾਲਿਆ ਨਾ ਜਾ ਸਕਿਆ ਅਤੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋਡ਼ ਗਏ। ਬਾਅਦ ਵਿੱਚ ਪਿੰਡ ਵਾਸੀਆਂ ਨੇ ਦੋਵੇਂ ਪਿੰਡ ਦੇ ਬੱਸ ਅੱਡੇ ’ਤੇ ਰੱਖ ਕੇ ਧਰਨਾ ਲਾ ਦਿੱਤਾ। ਇਸ ਦੌਰਾਨ ਪੁਲੀਸ ਦੇ ਆਈ.ਜੀ. ਨਿਰਮਲ ਸਿੰਘ ਢਿੱਲੋਂ, ਡੀ.ਆਈ.ਜੀ. ਪ੍ਰਮੋਦ ਬਾਨ, ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਹਰਪ੍ਰੀਤ ਸਿੰਘ ਆਦਿ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪਿੰਡ ਵਾਸੀਆਂ ਅਤੇ ਪੁਲੀਸ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ।
ਪੰਜਾਬ ਸਰਕਾਰ ਨੇ ਪਿੰਡ ਅਕਲੀਆ ਵਿਖੇ ਵਾਪਰੀ ਘਟਨਾ ਵਿੱਚ ਮਾਰੇ ਗਏ ਦੋ ਵਿਅਕਤੀਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਅਤੇ ਇਨ੍ਹਾਂ ਦੇ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਆਈ.ਜੀ. ਨਿਰਮਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨਾਲ ਕੀਤੀ ਗੱਲਬਾਤ ਤੋਂ ਬਾਅਦ ਕੀਤਾ ਗਿਆ। ਘਟਨਾ ਵਿੱਚ ਜ਼ਖ਼ਮੀ ਹੋਣ ਵਾਲਿਆਂ ਨੂੰ 50-50 ਹਜ਼ਾਰ ਰੁਪਏ ਅਤੇ ਡਾਕਟਰੀ ਇਲਾਜ ਮੁਫ਼ਤ ਕੀਤਾ ਜਾਵੇਗਾ। ਦੇਰ ਸ਼ਾਮ ਲਾਸ਼ਾਂ ਪੋਸਟਮਾਰਟਮ ਲਈ ਮਾਨਸਾ ਦੇ ਸਰਕਾਰੀ ਹਸਪਤਾਲ ਭੇਜ ਦਿੱਤੀਆਂ ਗਈਆਂ।  ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿੱਚ ਡੀ.ਆਈ.ਜੀ. ਬਠਿੰਡਾ ਪ੍ਰਮੋਦ ਬਾਨ, ਸੀਨੀਅਰ ਪੁਲੀਸ ਕਪਤਾਨ ਫਿਰੋਜ਼ਪੁਰ ਹਰਦਿਆਲ ਸਿੰਘ ਮਾਨ ਅਤੇ ਇੱਕ ਐਸ.ਪੀ. ਰੈਂਕ ਦਾ ਅਧਿਕਾਰੀ ਸ਼ਾਮਲ ਹਨ। ਇਸ ਕਮੇਟੀ ਨੂੰ ਤਿੰਨ ਹਫ਼ਤਿਆਂ ਦੇ ਅੰਦਰ ਰਿਪੋਰਟ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। (ਰੋਜ਼ਾਨਾ ਪੰਜਾਬੀ ਟ੍ਰਿਬਿਊਨ 'ਚ ਪ੍ਰਕਾਸ਼ਿਤ ਖਬਰ)

No comments: