Thursday, July 19, 2012

ਭਾਰਤ ਵਿੱਚ ਰਾਸ਼ਟਰਪਤੀ ਚੋਣ ਬਾਰੇ ਰਣਜੀਤ ਸਿੰਘ ਪ੍ਰੀ ਦਾ ਖਾਸ ਲੇਖ

ਅਸਿੱਧੇ ਤੌਰ 'ਤੇ ਲੋਕ ਹੀ ਚੁਣਦੇ ਹਨ;ਰਾਸ਼ਟਰਪਤੀ                               
                    ਭਾਰਤ ਦੇ ਸਰਵੋਤਮ ਅਹੁਦੇ ਰਾਸ਼ਟਰਪਤੀ, ਦੀ ਚੋਣ 19 ਜੁਲਾਈ ਨੂੰ ਹੋ ਰਹੀ ਹੈ। ਜਿਸ ਦਾ ਨਤੀਜਾ 22 ਜੁਲਾਈ ਨੂੰ ਐਲਾਨਿਆ ਜਾਵੇਗਾ ਅਤੇ ਨਵੇਂ ਚੁਣੇ ਰਾਸ਼ਟਰਪਤੀ ਨੇ 25 ਜੁਲਾਈ ਨੂੰ ਅਹੁਦਾ ਸੰਭਾਲਣਾ ਹੈ ।। ਮੁੱਖ ਮੁਕਾਬਲਾ ਦੋ ੳਮੀਦਵਾਰਾਂ ਦਰਮਿਆਂਨ ਹੀ ਹੈ। ਗਿਆਰਾਂ ਦਸੰਬਰ 1935 ਨੂੰ ਜਨਮੇ ਯੂ ਪੀ ਏ ਦੇ ਉਮੀਦਵਾਰ ਸ਼੍ਰੀ ਪ੍ਰਣਬ ਮੁਖਰਜੀ ਦਾ ਸਬੰਧ ਪੱਛਮੀ ਬੰਗਾਲ ਨਾਲ ਹੈ ।। ਇਹ ਭਾਰਤ ਦੇ ਵਿਤ ਮੰਤਰੀ ਤੋਂ ਇਲਾਵਾ ਹੋਰ ਕਈ ਅਹੁਦਿਆਂ ਉੱਤੇ ਰਹਿ ਚੁੱਕੇ ਹਨ। ਕਾਂਗਰਸ ਪਾਰਟੀ ਨਾਲ ਇਹਨਾਂ ਦਾ ਗਹਿਰਾ ਰਿਸ਼ਤਾ ਲੰਬੇ ਸਮੇ ਤੋਂ ਚਲਦਾ ਆ ਰਿਹਾ ਹੈ। ਇਹ ਦੋ ਬੇਟਿਆਂ ਅਤੇ ਇੱਕ ਬੇਟੀ ਦਾ ਪਿਤਾ ਹੈ। ਇਹਨਾਂ ਨੂੰ ਮਿਲ ਰਹੇ ਸਮਰਥਨ ਤੋਂ ਇਹਨਾਂ ਦੇ ਸਫ਼ਲ ਹੋਣ ਵਾਲੀ ਗੱਲ ਨੂੰ ਬਲ ਮਿਲਦਾ ਹੈ। ਪਹਿਲੀ ਸਤੰਬਰ 1947 ਨੂੰ ਜਨਮੇ ਐਨ ਡੀ ਏ ਦੇ ਉਮੀਦਵਾਰ ਸ਼੍ਰੀ ਪੀ ਏ ਸੰਗਮਾ ਦਾ ਸਬੰਧ ਮੈਘਾਲਿਆ ਨਾਲ ਹੈ। ਜਿੰਨ੍ਹਾਂ ਦੀ ਬੇਟੀ ਅਗਥਾ ਸੰਗਮਾਂ ਇਹਨਾਂ ਦੀ ਚੋਣ ਮੁਹਿੰਮ ਵਿੱਚ ਰੁੱਝੀ ਹੋਈ ਹੈ। ਜਿੱਥੇ ਸੰਗਮਾ ਮੁਖ ਮੰਤਰੀ ਰਹੇ ਹਨ ,ਉਥੇ 8 ਵਾਰ ਲੋਕ ਸਭਾ ਤੱਕ ਵੀ ਪਹੁੰਚੇ ਹਨ ਅਤੇ ਲੋਕ ਸਭਾ ਦੇ ਸਪੀਕਰ ਵੀ ਰਹੇ ਹਨ। ਇਹਨਾਂ ਦਾ ਸਬੰਧ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨ ਸੀ ਪੀ) ਨਾਲ ਹੈ। ।
                ਇਸ ਚੋਣ ਰਾਹੀਂ ਦੇਸ਼ ਦਾ 13 ਵਾਂ ਰਾਸ਼ਟਰਪਤੀ ਚੁਣਿਆਂ ਜਾਣਾ ਹੈ। ਇਸ ਵਾਰੀ ਦੀ ਇਹ ਚੋਣ ਅਸਲ ਵਿੱਚ 12 ਵੇਂ ਰਾਸ਼ਟਰਪਤੀ ਦੀ ਚੋਣ ਬਣਨੀ ਸੀ, ਪਰ ਚੌਥੇ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਅਤੇ ਛੇਵੇਂ ਰਾਸ਼ਟਰਪਤੀ ਸ਼੍ਰੀ ਫ਼ਖਰੂਦੀਨ ਅਲੀ ਅਹਿਮਦ ਦੀ ਆਪਣੇ ਕਾਰਜਕਾਲ ਦੌਰਾਂਨ ਮ੍ਰਿਤੂ ਹੋਣ ਕਰਕੇ ਵਿਚਕਾਰੋਂ ਹੀ ਚੋਣ ਕਰਵਾਉਂਣੀ ਪਈ ਸੀ। ਪਰ ਉਂਜ ਕੁੱਲ ਮਿਲਾਕੇ ਇਹ 14 ਵੀਂ ਚੋਣ ਹੈ। ਡਾ. ਰਾਜਿੰਦਰ ਪਰਸ਼ਾਦ ਜੀ ਦੋ ਵਾਰ ਰਾਸ਼ਟਰਪਤੀ ਰਹੇ ਹਨ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਦੀ ਚੋਣ 2 ਮਈ 1952 ਨੂੰ ਹੋਈ ਸੀ,6 ਮਈ ਨੂੰ ਚੋਣ ਨਤੀਜਾ ਐਲਾਨਿਆ ਗਿਆ ਸੀ ਅਤੇ 13 ਮਈ ਨੂੰ ਡਾ. ਰਾਜਿੰਦਰ ਪਰਸਾਦ ਨੇ ਪਹਿਲੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ ਸੀ। ਜੋ ਸੱਭ ਤੋਂ ਵੱਧ ਸਮਾਂ 26 ਜਨਵਰੀ 1950 ਤੋਂ 13 ਮਈ 1962 ਤੱਕ ਇਸ ਅਹੁਦੇ ਉੱਤੇ ਰਹੇ। ਇਹਨਾ ਤੋਂ ਬਿਨਾਂ ਹੋਰ ਕੋਈ ਵੀ ਦੁਬਾਰਾ ਰਾਸ਼ਟਰਪਤੀ ਨਹੀਂ ਬਣਿਆਂ।
               ਰਾਸ਼ਟਰਪਤੀ ਬਣਨ ਲਈ ਕੁੱਝ ਮਾਪਦੰਡ ਵੀ ਮਿਥੇ ਗਏ ਹਨ। ਉਹ ਭਾਰਤ ਦਾ ਨਾਗਰਿਕ ਹੋਵੇ,ਉਹਦੀ ਉਮਰ 35 ਸਾਲ ਤੋਂ ਘੱਟ ਨਾ ਹੋਵੇ। ਉਹ ਲੋਕ ਸਭਾ ਦਾ ਮੈਂਬਰ ਬਣਨ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ। ਇਹ ਚੋਣ ਹਰ ਪੰਜ ਸਾਲ ਬਾਅਦ ਗੁਪਤ ਮੱਤਦਾਨ ਰਾਹੀਂ ਹੁੰਦੀ ਹੈ। ਕੋਈ ਵੀ ਪਾਰਟੀ ਆਪਣੇ ਪਾਰਟੀ ਮੈਂਬਰ ਨੂੰ ਇਹ ਹਦਾਇਤ ਜਾਰੀ ਨਹੀਂ ਕਰ ਸਕਦੀ ਕਿ ਉਸ ਨੇ ਕਿਹੜੇ ਉਮੀਦਵਾਰ ਨੂੰ ਵੋਟ ਪਾਉਣੀ ਹੈ। ਜੋ ਜਿਸ ਨੂੰ ਪਸੰਦ ਹੋਵੇ ਉਹ ਵੋਟਰ ਉਸ ਨੂੰ ਹੀ ਵੋਟ ਪਾ ਸਕਦਾ ਹੈ। ਇਸ ਚੋਣ ਸਮੇ ਦਲ ਬਦਲੀ ਵਰਗੀ ਕੋਈ ਗੱਲ ਨਹੀਂ ਵਚਾਰੀ ਜਾਂਦੀ। ਉਂਜ ਜੋ ਪਾਰਟੀ ਮੈਂਬਰ ਹੁੰਦੇ ਹਨ ,ਉਹ ਆਪਣੇ ਉਮੀਦਵਾਰ ਨੂੰ ਹੀ ਵੋਟ ਪਾਇਆ ਕਰਦੇ ਹਨ। ਪਰ ਬੈਲਟ ਪੇਪਰ ਉੱਤੇ ਕਿਸੇ ਪਾਰਟੀ ਦਾ ਕੋਈ ਨਿਸ਼ਾਨ ਨਹੀਂ ਹੁੰਦਾ। ਸਿਰਫ਼ ਉਮੀਦਵਾਰ ਦਾ ਨਾਂ ਅਤੇ ਪਸੰਦ ਵਾਲਾ ਖਾਨਾ ਹੀ ਹੁੰਦਾ ਹੈ। ਰਾਸ਼ਟਰਪਤੀ ਦੀ ਚੋਣ ਅਸਿੱਧੇ ਤੌਰ'ਤੇ ਲੋਕਾਂ ਦੁਆਰਾ ਹੀ ਕੀਤੀ ਜਾਂਦੀ ਹੈ। ਕਿਓਂਕਿ ਲੋਕਾਂ ਦੇ ਚੁਣੇ ਨੁਮਾਇੰਦੇ ਹੀ ਵੋਟ ਪਾਉਣ ਦੇ ਹੱਕਦਾਰ ਹੋਇਆ ਕਰਦੇ ਹਨ।
                   ਹਰੇਕ ਮੈਂਬਰ ਦੀ ਵੋਟ ਕੀਮਤ ਨਿਰਧਾਰਤ ਹੁੰਦੀ ਹੈ। ਇਸ ਵਾਰੀ ਵੋਟਰਾਂ ਦੀ ਗਿਣਤੀ 4896 ਹੈ । ਰਾਜ ਸਭਾ ਦੇ 233,ਲੋਕ ਸਭਾ ਦੇ 543 ਅਰਥਾਤ ਕੁੱਲ ਮਿਲਾਕੇ 776 ਮੈਬਰਾਂ ਦੀ ਕੀਮਤ ਪ੍ਰਤੀ ਮੈਂਬਰ 708 ਦੇ ਹਿਸਾਬ ਨਾਲ ਕੁੱਲ ਕੀਮਤ 549408 ਬਣਦੀ ਹੈ। ਰਾਜ ਵਿਧਾਨ ਸਭਾਵਾਂ ਦੇ 4120 ਮੈਂਬਰ ਹਨ। ਇਹਨਾਂ ਦੀ ਵੋਟ ਕੀਮਤ 549474 ਹੈ ।।ਸਾਰੀਆਂ ਵੋਟਾਂ ਦੀ ਕੀਮਤ 1098882 ਹੈ ।। ਵੱਧ ਵੋਟਾਂ ਪ੍ਰਾਪਤ ਕਰਤਾ ਰਾਸ਼ਟਰਪਤੀ ਭਵਨ ਵਿੱਚ ਪ੍ਰਵੇਸ਼ ਕਰੇਗਾ। ਚੋਣ ਰਿਟਰਨਿੰਗ ਅਫ਼ਸਰ ਵਜੋਂ  ਰਾਜ ਸਭਾ ਦਾ ਸਕੱਤਰ ਜਨਰਲ ਪ੍ਰੰਪਰਾ ਅਨੁਸਾਰ ਨਿਯੁੱਕਤ ਹੈ। ਜ਼ਮਾਨਤੀ ਰਾਸ਼ੀ 1974 ਵਿੱਚ ਛੇਵੇਂ ਰਾਸ਼ਟਰਪਤੀ ਦੀ ਚੋਣ ਮੌਕੇ 1952 'ਚ ਤੈਅ ਕੀਤੀ ਜ਼ਮਾਨਤੀ ਰਕਮ ਨੂੰ ਵਧਾ ਕੇ 2500 ਕੀਤਾ ਗਿਆ ਸੀ। ਪਰ 2002 ਵਿੱਚ ਗਿਆਰਵੇਂ ਰਾਸ਼ਟਰਪਤੀ ਦੀ ਚੋਣ ਮੌਕੇ ਇਹ ਜ਼ਮਾਨਤੀ ਰਕਮ 15000 ਰੁਪਏ ਕੀਤੀ ਗਈ ਹੈ। ।
                    ਅਜੇ ਤੱਕ ਰਾਸ਼ਟਰਪਤੀ ਦੀ ਚੋਣ ਸਰਬਸੰਮਤੀ ਨਾਲ ਨਹੀਂ ਹੋਈ। ਪਰ 1977 ਵਾਲੀ ਰਾਸ਼ਟਰਪਤੀ ਦੀ ਚੋਣ ਸਮੇ 37 ਉਮੀਦਵਾਰ ਮੈਦਾਨ ਵਿੱਚ ਸਨ। ਜਿੰਨ੍ਹਾਂ ਵਿੱਚੋਂ 36 ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਅਤੇ ਬਗੈਰ ਚੋਣ ਹੋਇਆਂ ਸ਼੍ਰੀ ਨੀਲਮ ਸੰਜੀਵਾ ਰੈਡੀ ਦੇ ਕਾਗਜ਼ ਸਹੀ ਹੋਣ ਕਰਕੇ ਉਹ ਰਾਸ਼ਟਰਪਤੀ ਬਣੇ ਸਨ ।। ਐਕਟਿੰਗ ਰਾਸ਼ਟਰਪਤੀ ਵਜੋਂ ਸ਼੍ਰੀ ਵਾਰਾਂਹ ਵਿੰਕਟਾ ਗਿਰੀ ਨੇ 3 ਮਈ 1969 ਤੋਂ 20 ਜੁਲਾਈ 1969 ਤੱਕ, ਸ਼੍ਰੀ ਮੁਹੰਮਦ ਹਦਾਇਤਉਲਾ ਨੇ 20 ਜੁਲਾਈ 1969 ਤੋਂ 24 ਅਗਸਤ 1969 ਤੱਕ,ਅਤੇ ਸ਼੍ਰੀ ਬਾਸੱਪਾ ਡਨੱਪਾ ਜੱਤੀ ਨੇ 11 ਫ਼ਰਵਰੀ 1977 ਤੋਂ 25 ਜੁਲਾਈ 1977 ਤੱਕ ਕਾਰਜਭਾਰ ਸੰਭਾਲਿਆ ਹੈ। ਹੁਣ ਤੱਕ ਰਾਸ਼ਟਰਪਤੀ ਵਜੋਂ ਡਾ. ਰਾਜਿੰਦਰ ਪਰਸਾਦ 26 ਜਨਵਰੀ 1950 ਤੋਂ 13 ਮਈ 1962 ਤੱਕ,ਸਰਵਪੱਲੀ ਰਾਧਾਕ੍ਰਿਸਨ 13 ਮਈ 1962 ਤੋਂ 13 ਮਈ 1967 ਤੱਕ, ਸ਼੍ਰੀ ਵਾਰਾਂਹ ਵਿੰਕਟਾ ਗਿਰੀ ਨੇ 24 ਅਗਸਤ 1969 ਤੋਂ 24 ਅਗਸਤ 1974 ਤੱਕ, ਸ਼੍ਰੀ ਫਖ਼ਰੂਦੀਨ ਅਲੀ ਅਹਿਮਦ ਨੇ 24 ਅਗਸਤ 1974 ਤੋਂ 11 ਫਰਵਰੀ 1977 ਤੱਕ,ਸ਼੍ਰੀ ਨੀਲਮ ਸੰਜੀਵਾ ਰੈਡੀ ਨੇ 25 ਜੁਲਾਈ 1977 ਤੋਂ 25 ਜੁਲਾਈ 1982 ਤੱਕ,ਗਿਆਂਨੀ ਜੈਲ ਸਿੰਘ ਨੇ 25 ਜੁਲਾਈ 1982 ਤੋਂ 25 ਜੁਲਾਈ 1987 ਤੱਕ,ਸ਼੍ਰੀ ਰਾਮਾਸਵਾਮੀ ਵੈਂਕਟਾਰਮਨ ਨੇ 25 ਜੁਲਾਈ 1987 ਤੋਂ 25 ਜੁਲਾਈ 1992 ਤੱਕ ,ਸ਼੍ਰੀ ਸ਼ੰਕਰ ਦਿਆਲ ਸ਼ਰਮਾਂ ਨੇ 25 ਜੁਲਾਈ 1992 ਤੋਂ 25 ਜੁਲਾਈ 1997 ਤੱਕ,ਸ਼੍ਰੀ ਕੋਚਿਰਿਲ ਰਮਨ ਨਰਾਇਨਣ 25 ਜੁਲਾਈ 1997 ਤੋਂ 25 ਜੁਲਾਈ 2002 ਤੱਕ,ਸ਼੍ਰੀ ਏ ਪੀ ਜੇ ਅਬਦੁਲ ਕਲਾਮ ਨੇ 25 ਜੁਲਾਈ 2002 ਤੋਂ 25 ਜੁਲਾਈ 2007 ਤੱਕ ਅਹੁਦੇ ਉੱਤੇ ਰਹੇ ਹਨ। ।ਆਜ਼ਾਦ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵਜੋਂ ਸ਼੍ਰੀਮਤੀ ਪ੍ਰਤਿਭਾ ਪਾਟਿਲ ਨੇ 25 ਜੁਲਾਈ 2007 ਨੂੰ ਅਹੁਦਾ ਸੰਭਾਲਿਆ ਸੀ ਅਤੇ ਨਵੀਂ ਚੋਣ ਹੋਣ ਉਪਰੰਤ 24 ਜੁਲਾਈ 2012 ਨੂੰ ਇਸ ਅਹੁਦੇ ਤੋਂ ਵਿਹਲੇ ਹੋ ਜਾਣਗੇ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਮੁਬਾਇਲ ਸੰਪਰਕ;98157-07232। 

No comments: