Wednesday, July 04, 2012

ਪੰਜ ਤਾਰਾ ਹੋਟਲ ਵਰਗੀਆਂ ਸਹੂਲਤਾਂ ਵਾਲਾ ਲੰਗਰ ਹਾਲ

ਦੁਨੀਆ ਭਰ ਦੇ ਸਿੱਖਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਦੁਬਈ ਦਾ ਗੁਰਦੁਆਰਾ 
ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਇਕ ਝਲਕ
ਦੁਬਈ, 3 ਜੁਲਾਈ
ਗੁਰੂ ਗ੍ਰੰਥ ਸਾਹਿਬ ਲਈ 24 ਕੈਰੇਟ ਸੋਨੇ ਦਾ ਚੰਦੋਆ, ਕੰਧਾਂ ਤੇ ਫਰਸ਼ ਲਈ ਇਤਾਲਵੀ ਸੰਗਮਰਮਰ ਤੇ ਪੰਜ ਤਾਰਾ ਹੋਟਲ ਵਰਗੀਆਂ ਸਹੂਲਤਾਂ ਵਾਲਾ ਲੰਗਰ ਹਾਲ। ਇਹ ਹੈ ਦੁਬਈ ਦਾ ਪਹਿਲਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਜੋ ਰੂਹਾਨੀਅਤ, ਪਰੰਪਰਾ, ਆਧੁਨਿਕਤਾ ਅਤੇ ਇਨਸਾਨੀ ਦ੍ਰਿਡ਼ਤਾ ਦਾ ਇਕ ਬੇਮਿਸਾਲ ਮੁਜੱਸਮਾ ਬਣ ਗਿਆ ਹੈ। ਇਸ ਦੀ ਇਮਾਰਤ ਦੇ ਅੰਦਰ ਦਾਖਲ ਹੋਣ ਸਾਰ ਇਸ ਦਾ ਜਲੌਅ ਤੱਕ ਕੇ ਅੱਖੀਆਂ ਟੱਡੀਆਂ ਰਹਿ ਜਾਂਦੀਆਂ ਹਨ ਅਤੇ ਦਰਬਾਰ ਸਾਹਿਬ ’ਚੋਂ ਸ਼ਬਦ ‘ਤੂ ਪ੍ਰਭ ਦਾਤਾ’ ਦਾ ਰਸਭਿੰਨਾ ਕੀਰਤਨ ਮਾਹੌਲ ਨੂੰ ਸ਼ਰਧਾ ਭਾਵ ਨਾਲ ਸ਼ਰਸ਼ਾਰ ਕਰ ਦਿੰਦਾ ਹੈ।
ਇਸੇ ਦੌਰਾਨ ਇਕ ਸ਼ਖ਼ਸ ਅੰਦਰ ਦਾਖਲ ਹੁੰਦਾ ਹੈ ਅਤੇ ਸੰਗਤਾਂ ਨੂੰ ਦਰਬਾਰ ’ਚ ਪਹੁੰਚਣ ਲਈ ਪੌਡ਼ੀਆਂ ਦੀ ਬਜਾਏ ਲਿਫਟ ਦੀ ਵਰਤੋਂ ਕਰਨ ਦੀ ਬੇਨਤੀ ਕਰਦਾ ਹੈ ਜਿਸ ਦਾ ਨਾਂ ਸੁਰਿੰਦਰ ਸਿੰਘ ਕੰਧਾਰੀ ਹੈ। ਅਸਲ ’ਚ ਇਸ ਬੇਮਿਸਾਲ ਰਚਨਾ ਪਿੱਛੇ ਇਹੀ ਪਰਵਾਸੀ ਭਾਰਤੀ ਕਾਰੋਬਾਰੀ ਕਾਰਜਸ਼ੀਲ ਹੈ।
ਦੁਬਈ ਦੇ ਸ਼ਾਹ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਛੇ ਸਾਲ ਪਹਿਲਾਂ ਗੁਰਦੁਆਰੇ ਲਈ ਜਬੇਲ ਅਲੀ ਇਲਾਕੇ ਵਿਚ 25400 ਵਰਗ ਫੁੱਟ ਜ਼ਮੀਨ ਦਾਨ ਕੀਤੀ ਸੀ ਪਰ ਉਨ੍ਹਾਂ ਦੀ ਇਕ ਖਾਹਸ਼ ਇਹ ਸੀ ਕਿ ਇਹ ਬੇਮਿਸਾਲ ਬਣਨਾ ਚਾਹੀਦਾ ਹੈ। ਇਸ ਦੀ ਇਮਾਰਤ ਉਪਰ 6.5 ਕਰੋਡ਼ ਦਰ੍ਹਾਮ ਖਰਚ ਆਏ ਹਨ ਅਤੇ ਇਸ ’ਚੋਂ ਇਕ ਵੱਡਾ ਯੋਗਦਾਨ ਜਨਾਬ ਕੰਧਾਰੀ ਨੇ ਖੁਦ ਪਾਇਆ ਹੈ। ਜਨਾਬ ਕੰਧਾਰੀ ਆਟੋਮੋਬੀਲ ਬੈਟਰੀਆਂ ਤੇ ਟਾਇਰ ਬਣਾਉਣ ਤੇ ਡਿਸਟਰੀਬਿਊਟ ਕਰਨ ਵਾਲੇ ਅਲ ਡੇਬੋਵੀ ਗਰੁੱਪ ਦੇ ਚੇਅਰਮੈਨ ਹਨ। ਉਨ੍ਹਾਂ ਕਿਹਾ, ‘‘ਮੈਂ ਸ਼ਾਹ ਨੂੰ ਆਖਿਆ, ਦੇਖੋ, ਗੋਲਡਨ ਟੈਂਪਲ (ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ) ਨੂੰ ਕੋਈ ਵੀ ਮਾਤ ਨਹੀਂ ਦੇ ਸਕਦਾ ਪਰ ਇਹ ਜੋ ਅਸੀਂ ਬਣਾਇਆ ਉਹ ਦੁਨੀਆਂ ਦਾ ਸਭ ਤੋਂ ਆਧੁਨਿਕ ਗੁਰਦੁਆਰਾ ਹੈ।’’ ਸੰਯੁਕਤ ਅਰਬ ਅਮੀਰਾਤ ਵਿਚ ਇਸ ਸਮੇਂ 50000 ਸਿੱਖ ਰਹਿੰਦੇ ਹਨ। ਇਸ ਗੁਰਦੁਆਰੇ ਦੀ ਕਲਪਨਾ ਕੀਤੀ ਗਈ ਸੀ। ਹਰ ਸਾਲ ਸੰਗਤ ਦੀ ਗਿਣਤੀ ਵਧ ਰਹੀ ਸੀ ਪਰ ਦੁਬਈ ਸਥਿਤ ਗੁਰਦੁਆਰੇ ਦੀ ਇਮਾਰਤ ਛੋਟੀ ਪੈਂਦੀ ਜਾ ਰਹੀ ਸੀ।
ਨਵੇਂ ਗੁਰਦੁਆਰੇ ਦਾ ਨੀਂਹ ਪੱਥਰ ਸ਼ੇਖ ਮੁਹੰਮਦ ਜੋ ਯੂ ਏ ਈ ਦੇ ਉਪ ਰਾਸ਼ਟਰਪਤੀ ਹਨ, ਨੇ ਰੱਖਿਆ ਸੀ ਅਤੇ ਜਨਾਬ ਕੰਧਾਰੀ ਨੇ ਸ਼ੇਖ ਮੁਹੰਮਦ ਦੀ ਤੁਲਨਾ ਮਹਾਨ ਸੂਫੀ ਫ਼ਕੀਰ ਹਜ਼ਰਤ ਮੀਆਂ ਮੀਰ ਨਾਲ ਕੀਤੀ, ਜਿਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ। ਸ੍ਰੀ ਕੰਧਾਰੀ ਨੇ ਦੱਸਿਆ ‘‘ਵਿਸਾਖੀ ’ਤੇ ਅਸੀਂ ਗੁਰਦੁਆਰੇ ਵਿਚ 40000 ਸੰਗਤ ਲਈ ਲੰਗਰ ਲਾਇਆ, ਜਿਸ ਵਿਚ ਬਹੁਤ ਸਾਰੇ ਪਾਕਿਸਤਾਨੀ ਸਿੱਖ, ਸਿੰਧੀ ਅਤੇ ਪੰਜਾਬੀ ਹਿੰਦੂ ਤੇ ਮੁਸਲਮਾਨ ਵੀ ਸ਼ਾਮਲ ਸਨ।
ਆਧੁਨਿਕ ਸਹੂਲਤਾਂ ਨਾਲ ਲੈਸ ਲੰਗਰ ਹਾਲ ਵਿਚ ਸੰਗਤ ਲਈ ਹਰ ਰੋਜ਼ ਲੰਗਰ ਤਿਆਰ ਕੀਤਾ ਜਾਂਦਾ ਹੈ ਜਿੱਥੇ ਆਟਾ ਗੁੰਨਣ ਅਤੇ ਰੋਟੀਆਂ ਪਕਾਉਣ ਅਤੇ ਬਰਤਨ ਸਾਫ਼ ਕਰਨ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ। ਬਾਕੀ ਭਵਨ ਦੀ ਤਰ੍ਹਾਂ ਲੰਗਰ ਹਾਲ ’ਚ ਵੀ ਕਿਤੇ ਦਾਗ਼ ਲੱਗਿਆ ਨਹੀਂ ਦਿੱਸਦਾ।
ਗੁਰਦੁਆਰਾ ਗੁਰੂ ਨਾਨਕ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਅਤੇ ਸਾਊਥਾਲ (ਲੰਡਨ) ਗੁਰਦੁਆਰੇ ਦੋਵੇਂ ਮਾਡਲਾਂ ਨੂੰ ਮਿਲਾ ਕੇ ਉਸਾਰਿਆ ਗਿਆ ਹੈ। ਇਮਾਰਤਸਾਜ਼ ਪਾਲ ਬਿਸ਼ਪ ਨੇ ਇਸ ਦਾ ਡਿਜ਼ਾਈਨ ਤਿਆਰ ਕਰਨ ਲਈ ਦੋਵੇਂ ਗੁਰਦੁਆਰਿਆਂ ਦੇ ਦੀਦਾਰ ਕੀਤੇ ਸਨ। ਪਰਵਾਸੀ ਸਿੱਖਾਂ ਦੀ ਨਵੀਂ ਪੀਡ਼੍ਹੀ ਵਿਚ ਵਿਰਸੇ ਦਾ ਸੰਚਾਰ ਕਰਨ ਲਈ ਹਰ ਸ਼ਨਿਚਰਵਾਰ ਤਿੰਨ ਘੰਟੇ ਗੁਰਦੁਆਰੇ ਵਿਚ ਬੱਚਿਆਂ ਲਈ ਪੰਜਾਬੀ ਸਿੱਖਣ, ਕੀਰਤਨ ਸੁਣਨ ਤੇ ਗੁਰਦੁਆਰੇ ਦੀ ਮਰਿਆਦਾ ਦਾ ਪਾਲਣ ਕਰਨਾ ਸਿਖਾਇਆ ਜਾਂਦਾ ਹੈ।
ਸ੍ਰੀ ਕੰਧਾਰੀ ਦਾ ਜਨਮ ਆਂਧਰਾ ਪ੍ਰਦੇਸ਼ ’ਚ ਹੋਇਆ ਅਤੇ ਉਨ੍ਹਾਂ ਚੇਨਈ ਦੇ ਲੋਯੋਲਾ ਕਾਲਜ ਤੋਂ ਪਡ਼੍ਹਾਈ ਕੀਤੀ  ਪਰ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ 1976 ਵਿਚ ਦੁਬਈ ਪਹੁੰਚ ਕੇ ਗ੍ਰਹਿਣ ਕੀਤਾ। ਹੁਣ ਉਹ ਵਿਦੇਸ਼ ’ਚ ਸਿੱਖ ਬੱਚਿਆਂ ਨੂੰ ਆਪਣੀਆਂ ਧਾਰਮਿਕ ਤੇ ਸਭਿਆਚਾਰਕ ਰਹੁ-ਰੀਤਾਂ ਨਾਲ ਜੋਡ਼ਨ ਲਈ ਬਹੁਤ ਉਤਸੁਕ ਹਨ। ਉਨ੍ਹਾਂ ਕਿਹਾ ‘‘ਉਹ ਢੁਕਵਾਂ ਸਬਕ ਲਏ ਬਗੈਰ ਇਹ ਸਿੱਖ ਨਹੀਂ ਸਕਦੇ। ਵਿਜੈਵਾਡ਼ਾ ਵਿਚ ਮੈਨੂੰ ਪੰਜਾਬੀ ਪਡ਼੍ਹਾਉਣ ਵਾਲਾ ਕੋਈ ਨਹੀਂ ਸੀ। ਮਦਰਾਸ ’ਚ ਲੋਯੋਲਾ ਕਾਲਜ ’ਚ ਪਡ਼੍ਹਦਿਆਂ ਮੈਂ ਹਰ ਐਤਵਾਰ ਚਰਚ ਜਾਇਆ ਕਰਦਾ ਸਾਂ। ਸਿੱਖੀ ਅਤੇ ਪੰਜਾਬੀ ਪ੍ਰਤੀ ਮੈਂ ਦੁਬਈ ਆਉਣ ਤੋਂ ਬਾਅਦ ਆਕਰਸ਼ਿਤ ਹੋਇਆ।’’
ਗੁਰਦੁਆਰੇ ਦੀ ਉਸਾਰੀ ਲਈ ਪਹਿਲਾਂ ਉਨ੍ਹਾਂ ਨੂੰ ਦੋਸਤਾਂ ਮਿੱਤਰਾਂ ਤੋਂ ਉਧਾਰ ਵੀ ਲੈਣਾ ਪਿਆ ਪਰ ਹੌਲੀ-ਹੌਲੀ ਇੰਨਾ ਚੰਦਾ ਇਕੱਠਾ ਹੋਣ ਲੱਗ ਪਿਆ ਕਿ ਉਹ ਦੰਗ ਰਹਿ ਗਏ। ਹੁਣ ਉਨ੍ਹਾਂ ਇਸ ਧਨ ਦੀ ਵਰਤੋਂ ਲਈ ਹੋਰ ਯੋਜਨਾਵਾਂ ਬਣਾਈਆਂ ਹਨ। ‘‘ਮੈਂ ਗਰੀਬਾਂ ਲਈ ਇਕ ਹਸਪਤਾਲ ਉਸਾਰਨਾ ਚਾਹੁੰਦਾ ਹਾਂ। ਦੁਬਈ ਵਿਚ ਮੈਡੀਕਲ ਸਹੂਲਤਾਂ ਬਹੁਤ ਮਹਿੰਗੀਆਂ ਹਨ। ਕੈਂਪਾਂ ’ਚ ਰਹਿੰਦੇ ਕਾਮੇ ਮਹਿੰਗੇ ਭਾਅ ਇਲਾਜ ਨਹੀਂ ਕਰਾ ਪਾਉਂਦੇ।’’ ਗੁਰਦੁਆਰੇ ਵਿਚ ਅਮਰੀਕਾ, ਬਰਤਾਨੀਆ, ਫਰਾਂਸ ਅਤੇ ਕੈਨੇਡਾ ਆਦਿ ਦੇਸ਼ਾਂ ਤੋਂ ਸ਼ਰਧਾਲੂ ਤੇ ਸੈਲਾਨੀ ਆਉਂਦੇ ਹਨ ਅਤੇ ਉਹ ਇਕ ਇਸਲਾਮੀ ਸਰਜ਼ਮੀਨ ’ਤੇ ਇਕ ਬੇਮਿਸਾਲ ਤੇ ਆਧੁਨਿਕ ਗੁਰਦੁਆਰਾ ਦੇਖ ਕੇ ਦੰਗ ਹੋ ਜਾਂਦੇ ਹਨ।
-ਆਈ.ਏ.ਐਨ.ਐਸ.   (ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧ੍ਨ੍ਨ੍ਵਾਫ਼ ਸਹਿਤ)

No comments: