Monday, July 02, 2012

ਧਰਤੀ ਹੇਠਲੇ ਪਾਣੀ ਦਾ ਗੰਭੀਰ ਸੰਕਟ ਗੁਰਕ੍ਰਿਪਾਲ ਸਿੰਘ ਅਸ਼ਕ

ਪਾਣੀ ਦੇ ਗੰਭੀਰ ਸੰਕਟ ਬਾਰੇ ਕੁਝ ਕਰਨ ਲਈ ਪ੍ਰੇਰਦਾ ਵਿਸ਼ੇਸ਼ ਲੇਖ   
ਜਦੋਂ ਪੰਜਾਬ ਵਿੱਚ ਜ਼ਮੀਨਦੋਜ਼ ਪਾਣੀ ਦਾ ਪੱਧਰ ਉੱਚਾ ਸੀ ਤਾਂ ਪੱਖੇ ਵਾਲੇ ਪੰਪ ਤੇ ਟਰੈਕਟਰ ਤੋਂ ਸਿੱਧਾ ਹੀ ਪਟਾ ਚਡ਼੍ਹਾ ਲਿਆ ਜਾਂਦਾ ਸੀ। ਹੁਣ ਪਾਣੀ 30 ਤੋਂ 35 ਮੀਟਰ ਤੱਕ ਡੂੰਘਾ ਹੋ ਗਿਆ ਹੈ ਜਿਸ ਨੂੰ ਖਿੱਚਣਾ ਪੱਖੇ ਵਾਲੇ ਪੰਪ ਦੇ ਵੱਸ ਨਹੀਂ ਰਿਹਾ। ਇਸ ਲਈ ਕਿਸਾਨਾਂ ਨੇ ਸਬਮਰਸੀਬਲ ਪੰਪ ਲਾ ਲਏ ਹਨ।
ਆਮ ਕਿਸਾਨਾਂ ਵਿੱਚ ਮੱਛੀ ਮੋਟਰ ਦੇ ਨਾਂ ਨਾਲ ਜਾਣੇ ਜਾਂਦੇ ਇਸ ਪੰਪ ਨੂੰ ਪਟਾ ਤਾਂ ਨਹੀਂ ਪਾਇਆ ਜਾ ਸਕਦਾ। ਇੱਥੇ ਸਿੱਧੀ ਬਿਜਲੀ ਦੀ ਤਾਰ ਹੀ ਪੈਂਦੀ ਹੈ। ਇਸ ਲਈ ਕਿਸਾਨਾਂ ਨੇ ਹੁਣ ਟਰੈਕਟਰ ਨਾਲ ਚੱਕਵਾਂ ਜਨਰੇਟਰ ਫਿੱਟ ਕਰਕੇ ਖ਼ੁਦ ਬਿਜਲੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਜਮੀਨ ਵਿੱਚੋਂ ਪਾਣੀ ਖਿੱਚ ਕੇ ਖੇਤਾਂ ਨੂੰ ਲਾਇਆ ਜਾ ਸਕੇ।
ਇੱਕ 20 ਕਿਲੋਵਾਟ ਦਾ ਜਨਰੇਟਰ ਸੈੱਟ ਲਾਉਣ ’ਤੇ 30 ਤੋਂ 50 ਹਜ਼ਾਰ ਰੁਪਏ ਖਰਚ ਪੈ ਜਾਂਦਾ ਹੈ ਅਤੇ ਉਸ ਨੂੰ ਚਲਾਉਣ ਲਈ ਇੱਕ ਟਰੈਕਟਰ ਇੱਕ ਘੰਟੇ ਵਿੱਚ ਔਸਤ ਚਾਰ ਲੀਟਰ ਡੀਜ਼ਲ ਪੀ ਜਾਂਦਾ ਹੈ ਭਾਵ ਇੱਕ ਏਕਡ਼ ਕੱਦੂ ਕਰਨ ਲਈ ਕਰੀਬ 13 ਸੌ ਰੁਪਏ ਦਾ ਤੇਲ। ਇਹ ਹਿਸਾਬ-ਕਿਤਾਬ ਕਿਸਾਨ ਦੇ ਸਮਝ ਨਹੀਂ ਪੈ ਰਿਹਾ। ਹੋਰ ਤਾਂ ਹੋਰ ਉਹ ਜਨਰੇਟਰ ’ਤੇ ਆਏ ਖਰਚ ਅਤੇ ਟਰੈਕਟਰ ਦੀ ਘਸਾਈ ਬਾਰੇ ਵੀ ਕੁਝ ਨਹੀਂ ਸੋਚਦਾ।
ਵੈਸੇ ਤਾਂ ਪੰਜਾਬ ਦੇ ਕਿਸਾਨਾਂ ਲਈ ਝੋਨਾ ਉਂਜ ਹੀ ਘਾਟੇ ਦਾ ਸੌਦਾ ਹੈ ਪਰ ਜਿਸ ਤਰੀਕੇ ਨਾਲ ਮੌਨਸੂਨ ਰੁੱਸੀ ਹੈ ਅਤੇ ਹੋਰ ਖਰਚੇ ਵਧੇ ਹਨ ਤਾਂ ਘਾਟਾ ਸਿੱਧਾ ਹੀ ਦੁੱਗਣਾ ਹੋ ਗਿਆ ਹੈ।
ਝੋਨਾ ਪੰਜਾਬ ਨੂੰ ਖ਼ੁਸ਼ਹਾਲ ਨਹੀਂ ਬਣਾ ਰਿਹਾ ਸਗੋਂ ਇੱਥੋਂ ਦੇ ਕਿਸਾਨਾਂ ਨੂੰ ਦਿਨੋਂ ਦਿਨ ਘਸਿਆਰਾ ਬਣਾ ਰਿਹਾ ਹੈ। ਸੱਚ ਪੁੱਛੋ ਤਾਂ ਇਹ ਫ਼ਸਲ ਪੰਜਾਬ ਦੇ ਕਿਸਾਨਾਂ ਲਈ ਵੱਡੀ ਦੁਸ਼ਮਣ ਸਾਬਤ ਹੋ ਰਹੀ ਹੈ। ਕੋਈ ਇਹ ਗੱਲੰ ਮੰਨਣ ਲਈ ਤਿਆਰ ਨਹੀਂ ਕਿ ਜੇ ਪਾਣੀ ਦਾ ਔਸਤ ਵਪਾਰਕ ਮੁੱਲ 10 ਰੁਪਏ ਪ੍ਰਤੀ ਲਿਟਰ ਮੰਨ ਲਿਆ ਜਾਵੇ ਤਾਂ ਇੱਕ ਕਿਲੋ ਚਾਵਲ ਤੇ 30 ਤੋਂ 35 ਹਜ਼ਾਰ ਰੁਪਏ ਦਾ ਪਾਣੀ ਲੱਗ ਜਾਂਦਾ ਹੈ। ਹਕੀਕਤ ਇਹ ਹੈ ਕਿ ਅੱਜ ਬਾਜ਼ਾਰ ਵਿੱਚ ਇੱਕ ਲੀਟਰ ਪਾਣੀ ਦੀ ਬੋਤਲ 15 ਰੁਪਏ ਤੋਂ ਘੱਟ ਨਹੀਂ ਮਿਲਦੀ। ਅਸੀਂ ਕੀਮਤੀ ਪਾਣੀ ਦਾ ਖਜ਼ਾਨਾ ਬਰਬਾਦ ਕਰਨ ’ਤੇ ਤੁਲੇ ਹੋਏ ਹਾਂ।
ਜਲ ਪ੍ਰਬੰਧਨ ਤਕਨੀਕ ਦੇ ਮਾਹਿਰ ਡਾ. ਏ.ਕੇ.ਜੈਨ ਮੁਤਾਬਕ ਪਾਣੀ ਦਾ ਪੱਧਰ ਹਰ ਸਾਲ ਔਸਤ ਅੱਧਾ ਮੀਟਰ ਹੇਠਾਂ ਜਾ ਰਿਹਾ ਹੈ । ਜੇ ਕਿਸੇ ਸਾਲ ਮੀਂਹ ਘੱਟ ਪੈ ਜਾਵੇ ਤਾਂ ਪਾਣੀ ਦੀ ਦਰ ਇਸ ਦਰ ਨਾਲੋਂ 10-15 ਸੈਂਟੀਮਟਰ ਹੋਰ ਥੱਲੇ ਚਲੀ ਜਾਂਦੀ ਹੈ। ਹਰ ਸਾਲ 10 ਫ਼ੀਸਦੀ ਕਿਸਾਨਾਂ ਨੂੰ ਬੋਰ ਡੂੰਘਾ ਕਰਵਾਉਣਾ ਪੈਂਦਾ ਹੈ ਜਿਸ ’ਤੇ ਮੋਟੀ ਰਕਮ ਖਰਚ ਹੁੰਦੀ ਹੈ। ਪੰਜਾਬ ਇਸ ਸਮੇਂ 142 ਬਲਾਕਾਂ ਵਿੱਚ ਵੰਡਿਆ ਹੋਇਆ ਹੈ ਜਿਨ੍ਹਾਂ ਵਿੱਚੋਂ 110 ਬਲਾਕ ਅਜਿਹੇ ਹਨ ਜਿਨ੍ਹਾਂ ਦੀ ਅਸੀਂ ਧਰਤੀ ਵਿੱਚੋਂ ਲੋਡ਼ੋਂ ਵੱਧ ਪਾਣੀ ਖਿੱਚ ਕੇ ਦੁਰਦਸ਼ਾ ਕਰ ਚੁੱਕੇ ਹਾਂ। ਹੋਰ ਤਿੰਨਾਂ ਦੀ ਦਸ਼ਾ ਬੇਹੱਦ ਮਾਡ਼ੀ ਹੈ ਅਤੇ ਦੋ ਦੀ ਕਾਫ਼ੀ ਮਾਡ਼ੀ। ਬਾਕੀ ਬਲਾਕਾਂ ਦੀ ਸਥਿਤੀ ਸਧਾਰਨ ਕਹੀ ਜਾ ਸਕਦੀ ਹੈ। ਉਹ ਵੀ ਇਸ ਕਰਕੇ ਕਿ ਉੱਥੋਂ ਦਾ ਪਾਣੀ ਵਰਤਣਯੋਗ ਨਹੀਂ ਹੈ।
ਫਸਲ ਵਿਗਿਆਨੀ ਡਾ. ਜੀ.ਐੱਸ.ਬੁੱਟਰ ਆਖਦੇ ਹਨ ਕਿ ਜਿੰਨੇ ਸਾਡੇ ਕੋਲ ਪਾਣੀ ਦੇ ਕੁੱਲ ਸਰੋਤ ਹਨ ਉਨ੍ਹਾਂ ਮੁਤਾਬਕ ਝੋਨਾ ਵੱਧ ਤੋਂ ਵੱਧ 16 ਲੱਖ ਹੈਕਟੇਅਰ ’ਤੇ ਹੀ ਲਾਇਆ ਜਾ ਸਕਦਾ ਹੈ ਪਰ ਅਸੀਂ ਇਸ ਤੋਂ ਕਰੀਬ ਦੁੱਗਣੇ ਤੇ ਜਾ ਪਹੁੰਚੇ ਹਾਂ।  1961 ਵਿੱਚ ਝੋਨਾ 2.2 ਲੱਖ ਹੈਕਟੇਅਰ ’ਚ ਲਾਇਆ ਜਾਂਦਾ ਸੀ ਪਰ ਹੁਣ ਅਸੀਂ ਕਰੀਬ ਸਾਢੇ ਸਤਾਈ ਲੱਖ ਹੈਕਟੇਅਰ ’ਤੇ ਜਾ ਪੁੱਜੇ ਹਾਂ।
ਜਿਸ ਤਰ੍ਹਾਂ ਪੰਜਾਬ ਵਿੱਚ ਗਰਮੀ ਪੈਂਦੀ ਹੈ ਉਹ ਹਾਲਾਤ ਝੋਨੇ ਦੇ ਬਹੁਤੇ ਅਨੁਕੂਲ ਨਹੀਂ। ਪਾਰਾ 45 ਡਿਗਰੀ ਤੋਂ ਟੱਪ ਜਾਂਦਾ ਹੈ ਅਤੇ ਹਰ ਰੋਜ਼ ਖੇਤਾਂ ਵਿੱਚ ਖਡ਼੍ਹਾ ਪਾਣੀ 15 ਮਿਲੀਮੀਟਰ ਤੱਕ ਉੱਡ ਜਾਂਦਾ ਹੈ। ਹਰ ਪੰਜਵੇਂ ਛੇਵੇਂ ਦਿਨ ਪਾਣੀ ਲਾਉਣਾ ਪੈਂਦਾ ਹੈ।
ਵੈਸੇ ਤਾਂ ਦਾਲਾਂ, ਮੱਕੀ ਆਦਿ ਝੋਨੇ ਦਾ ਬਿਹਤਰ ਬਦਲ ਹਨ ਪਰ ਪੰਜਾਬ ਦਾ ਕਿਸਾਨ ਇਸ ਦਾ ਮੋਹ ਤਿਆਗਣ ਨੂੰ ਤਿਆਰ ਹੀ ਨਹੀਂ। ਡਾ. ਬੁੱਟਰ ਆਖਦੇ ਹਨ ਕਿ ਜੇ ਕਿਸਾਨ ਨੇ ਇਸ ਦਾ ਮੋਹ ਨਹੀਂ ਤਿਆਗਣਾ ਤਾਂ ਉਸ ਨੂੰ ਚਾਹੀਦਾ ਹੈ ਕਿ ਇਸ ਦੀ ਨਰੋਈ ਅਤੇ ਦਰਮਿਆਨੀ ਜਮੀਨ ’ਤੇ ਸਿੱਧੀ ਬਿਜਾਈ ਕਰੇ। ਇਸ ਨਾਲ ਝਾਡ਼ ’ਤੇ ਕੋਈ ਫ਼ਰਕ ਨਹੀਂ ਪੈਂਦਾ ਪਰ ਪਾਣੀ ਦੀ 15 ਫ਼ੀਸਦੀ ਤੱਕ ਬੱਚਤ ਹੋ ਜਾਂਦੀ ਹੈ। ਜ਼ਮੀਨ ਦਾ ਸਹੀ ਪੱਧਰ ਵੀ ਕਾਫ਼ੀ ਪਾਣੀ ਬਚਾ ਸਕਦਾ ਹੈ।
ਮੋਬਾਈਲ: 98780-19889

No comments: