Sunday, July 15, 2012

ਪਰ ਇਹ ਕੀ...ਸਾਡਾ ਖਰਚਾ ਤਾਂ 32 ਰੁਪਏ ਤੋਂ ਉੱਤੇ ਹੋ ਗਿਆ

ਅਸੀਂ ਤਾਂ ਗਰੀਬ ਹੈ ਹੀ ਨਹੀਂ   ਫੇਸਬੁਕ ਸਾਹਿਤ  ਤੇਜਿੰਦਰ ਰਾਮਗੜੀਆ   
ਮਾਂ, ਅਸੀਂ ਗਰੀਬ ਨਹੀਂ ਹਾਂ
ਢਿੱਡ ਭਰਕੇ ਨਾ ਖਾਣ ਕਾਰਣ
ਤੇਰੇ ਥਣਾਂ ਵਿੱਚ ਦੁੱਧ ਨਹੀਂ ਉੱਤਰਦਾ
ਅਤੇ ਤੂੰ ਚੁੰਨੀ ਦੀ ਗੱਠ ਨਾਲ ਬੰਨ੍ਹੇ
ਔਖੀ ਘਡ਼ੀ ਲਈ ਸਾਂਭ ਕੇ ਰੱਖੇ
ਦਸ ਰੁਪਏ ਦਾ ਦੁੱਧ ਲੈ ਕੇ ਆਉਂਦੀ ਹੈ
ਬਾਜ਼ਾਰੂ ਮਿਲਾਵਟੀ ਦੁੱਧ
ਜਿਸਨੂੰ ਪੀ ਕੇ ਮੈਨੂੰ ਅਫ਼ਾਰਾ ਹੋ ਜਾਂਦਾ ਹੈ
ਅਤੇ ਤੂੰ ਕੈਮਿਸਟ ਦੀ ਦੁਕਾਨ ਤੋਂ
ਮੇਰੇ ਆਫਰੇ ਹੋਏ ਢਿੱਡ ਨੂੰ ਦਰੁਸਤ ਕਰਵਾਉਣ ਲਈ
ਸਸਤੀ ਜਿਹੀ ਫੱਕੀ ਲੱਭਦੀ ਹੈ
ਉਹ ਉਧਾਰ ਦੇਣ ਤੋਂ ਮੁੱਕਰ ਜਾਂਦਾ ਹੈ
ਤੂੰ ਮਿੰਨਤਾਂ ਕਰਦੀ ਹੈ
ਫਿਰ ਤੈਨੂੰ ਯਾਦ ਆਉਂਦਾ ਹੈ
ਛੱਪਰ ਦੀ ਛੱਤ ਦੀਆਂ ਕਾਨੀਆਂ ਵਿੱਚ
ਰੁਮਾਲ ਵਿੱਚ ਲਪੇਟ ਕੇ ਰੱਖਿਆ ਪੰਜਾਹ ਦਾ ਨੋਟ
ਜਿਸਨੂੰ ਲੈਣ ਲਈ ਬਾਣੀਆ
ਰੋਜ਼ ਰਾਤ ਨੂੰ ਆਉਂਦਾ ਹੈ
ਪਰ ਲੈ ਕੇ ਨਹੀਂ ਜਾਂਦਾ
ਉਹ ਸਿਰਫ "ਵਿਆਜ" ਦਾ ਭੁੱਖਾ ਹੈ
ਮੂਲ ਉਹ ਹਮੇਸ਼ਾ ਖਡ਼੍ਹਾ ਰੱਖਦਾ ਹੈ
ਤੂੰ ਉਸ ਨੋਟ ਨੂੰ ਤੁਡ਼ਾ ਕੇ ਮੇਰੇ ਲਈ
ਦਸ ਰੁਪਏ ਦੀ ਫੱਕੀ ਲੈ ਲੈਂਦੀ ਹੈ
ਅਫਾਰਾ ਉੱਤਰ ਜਾਂਦਾ ਹੈ
ਪਰ ਹੁਣ ਮੈਨੂੰ ਟੱਟੀਆਂ-ਉਲਟੀਆਂ ਲੱਗ ਜਾਂਦੀਆਂ ਨੇ
ਤੇਰੇ ਦਸ ਰੁਪਏ ਹੋਰ ਫੂਕੇ ਜਾਂਦੇ ਨੇ
ਡਾਕਟਰ ਕਹਿੰਦਾ ਹੈ
ਇਸ ਨੂੰ ਜੂਸ ਪਿਲਾਓ, ਅਪਣਾ ਦੁੱਧ ਪਿਲਾਓ
ਤੂੰ ਮੈਨੂੰ ਸੁੱਕੀਆਂ ਛਾਤੀਆਂ ਨਾਲ ਲਾ ਲੈਂਦੀ ਹੈ
ਏਨਾ ਤੇਰੀਆਂ ਛਾਤੀਆਂ 'ਚੋਂ ਦੁੱਧ ਨਹੀਂ ਨਿਕਲਦਾ
ਜਿੰਨੇ ਤੇਰੀਆਂ ਅੱਖਾਂ 'ਚੋਂ ਹੰਝੂ ਨਿਕਲ ਆਉਂਦੇ ਨੇ
ਬਾਕੀ ਬਚਦੇ ਤੀਹਾਂ ਵਿੱਚੋਂ ਤੂੰ ਇੱਕ ਰੁਪਏ ਦੀ ਤੀਲਾਂ ਦੀ ਡੱਬੀ
ਦੋ ਰੁਪਏ ਦੀਆਂ ਸਟੋਵ ਦੀਆਂ ਪਿੰਨਾਂ ਲੈ ਆਉਂਦੀ ਹੈ,
ਜਦੋਂ ਸਟੋਵ ਬਾਲਣ ਲੱਗਦੀ ਹੈ ਤਾਂ
ਉਹ ਵੀ ਮਨਮੋਹਨ ਸਿੰਘ ਵਾਂਗੂੰ
ਮਜ਼ਬੂਰ ਜਾਪਦਾ, ਮੁਸਕੁਰਾ ਛੱਡਦਾ ਹੈ
ਮੈਨੂੰ ਪਤੈ
ਹੁਣ ਤੂੰ ਮਿੱਟੀ ਦਾ ਤੇਲ ਲੈਣ ਜਾਣਾ ਹੈ
ਮਿੱਟੀ ਦੇ ਤੇਲ ਤੋਂ ਬਾਅਦ ਇੱਕ ਚੱਕਰ ਬਾਣੀਏ ਦੀ ਹੱਟੀ ਦਾ ਤੈਥੋਂ
ਆਟੇ ਨੇ ਵੀ ਲਵਾਉਣਾ ਹੈ
ਪਰ ਇਹ ਕੀ
ਸਾਡਾ ਖਰਚਾ ਤਾਂ 32 ਰੁਪਏ ਤੋਂ ਉੱਤੇ ਹੋ ਗਿਆ
ਅਸੀਂ ਤਾਂ ਗਰੀਬ ਹੈ ਹੀ ਨਹੀਂ
ਮਾਂ ਅਸੀਂ ਅਮੀਰ ਹੋ ਗਏ ਹਾਂ...
ਮਾਂ ਅਸੀਂ ਅਮੀਰ ਹੋ ਗਏ ਹਾਂ.....
ਮਾਂ..... ਅ...ਸੀਂ... ਅਮੀ......ਰ.......ਹੋ ਗਏ

No comments: