Sunday, June 24, 2012

ਜੁਗਨੀ ਕਹਿੰਦੀ ਐ .....// ਡਾ. ਹਰਦੀਪ ਕੌਰ ਸੰਧੂ


....ਲੋਕੀਂ ਮਾਰਦੇ ਨਿਹੋਰਾ ਕਿ ਡੋਲੀ ਚਡ਼੍ਹਦੀ ਦੀ ਨਾ ਅੱਖ ਤੇਰੀ ਰੋਈ 
ਗੂਡ਼ ਸਿਆਲਾਂ 'ਚ ਕਈ-ਕਈ ਦਿਨ ਪੈਂਦੀਆਂ ਧੁੰਦਾਂ ਨੇ ਸੂਰਜ ਨੂੰ ਆਵਦੀ ਬੁੱਕਲ 'ਚ ਲਪੇਟਿਆ ਹੋਣ ਕਰਕੇ ਚਾਰੇ ਪਾਸੇ ਚੁੱਪੀ ਜਿਹੀ ਵਰਤੀ ਹੋਈ ਸੀ | ਜੁਗਨੀ ਆਵਦੀ ਯਾਦਾਂ ਦੀ ਛੱਤੀ ਸਬਾਤ 'ਚ ਸਾਂਭੇ ਬੇਬੇ ਦੇ ਸੰਦੂਕ , ਚਰਖਾ ਤੇ ਮੰਜੇ -ਪੀਡ਼੍ਹੀਆਂ ਦੀ ਝਾਡ਼-ਪੂੰਝ ਕਰਨ ਲੱਗੀ ਹੋਈ ਸੀ ਕਿ ਐਨੇ ਨੂੰ ਕੁੰਡਾ ਖਡ਼ਕਿਆ | ਸੋਚਾਂ ਦੀ ਉਧੇਡ਼ -ਬੁਣ 'ਚ ਜਦੋਂ ਕੁੰਡਾ ਖੋਲ੍ਹਿਆ ਤਾਂ ਸਾਹਮਣੇ ਬੇਬੇ ਖਡ਼੍ਹੀ ਸੀ | ਬੇਬੇ ਨੂੰ ਦੇਖਦਿਆਂ ਹੀ ਜੁਗਨੀ ਬੋਲੀ , " ਬੇਬੇ ਮੱਥਾ ਟੇਕਦੀ ਆਂ, ਲੰਘ ਆ , ਮੈਂ ਤਾਂ ਕਿੱਦਣ ਦੀ 'ਡੀਕਦੀ ਸੀ ਤੈਨੂੰ ...ਤੈਨੂੰ ਈ ਯਾਦ ਕਰੀ ਜਾਂਦੀ ਸੀ ਮੈਂ ਤਾਂ ਹੁਣ |" ਬੇਬੇ ਨੇ ਅਗੋਂ ਅਸੀਸਾਂ ਦੀ ਝਡ਼ੀ ਲਾ ਦਿੱਤੀ , " ਜਿਉਂਦੀ ਵਸਦੀ ਰਹੁ , ਨੈਣ-ਪ੍ਰਾਣ ਨਰੋਏ ਰਹਿਣ, ਰੰਗੀ ਵਸੇਂ , ਧਰ-ਧਰ ਭੁੱਲੇਂ ਪੁੱਤ .........ਕਿੰਨੇ ਦਿਨ ਹੋਗੇ ਸੀ ਮਖਿਆ ਆਵਦੀ ਧੀ ਨੂੰ ਮਿਲ ਆਮਾ |"
          ਸਬਾਤ 'ਚ ਡਾਹੇ ਦਸੂਤੀ ਨਵਾਰ ਨਾਲ ਬੁਣੇ ਮੰਜੇ 'ਤੇ ਬੈਠਦਿਆਂ ਹੀ ਬੇਬੇ ਨੇ ਆਵਦੀ ਆਦਤ ਮੂਜਬ ਗੱਲਾਂ ਦੀ ਲਡ਼ੀ ਜੋਡ਼ਦਿਆਂ ਕਿਹਾ , " ਨੀ ਮੈਂ ਸਦਕੇ ਜਾਮਾ, ਅਜੇ ਤਾਈਂ ਸਾਂਭਿਆ ਵਿਆ ਮੇਰੇ ਮੰਜੇ -ਪੀਡ਼੍ਹੀਆਂ ਨੂੰ । ਪੁੱਤ ਜੇ ਚਾਹ ਧਰਨ ਲੱਗੀਂ ਐਂ ਤਾਂ ਐਂ ਕਰੀਂ.......ਗੁਡ਼ ਆਲ਼ੀ ਈ ਧਰੀਂ, ਨਾਲ਼ੇ ਚਾਹ ਨੂੰ ਬਾਟੀ 'ਚ ਪਾ ਕੇ ਲਿਆਈਂ , ਆ ਥੋਡੀਆਂ ਕੱਪੀਆਂ ਜਿਹੀਆਂ 'ਚ ਮੈਥੋਂ ਨੀ ਪੀਤੀ ਜਾਂਦੀ।ਬੁਡ਼ਿਆਂ ਨੂੰ ਤਾਂ ਪੁੱਤ ਪਾਲ਼ਾ ਈ ਮਾਰ ਜਾਂਦੈ, ਹੱਡਾਂ ਨੂੰ ਚੀਰਦੀ ਆ ਠੰਢ।"
         ਗੱਲਾਂ ਕਰਦੀ ਬੇਬੇ ਨੇ ਚਾਰੇ ਪਾਸੇ ਨਜ਼ਰ ਘੁੰਮਾਉਂਦਿਆਂ ਜੁਗਨੀ ਨੂੰ ਹਾਕ ਜਿਹੀ ਮਾਰ ਕੇ ਪੁੱਛਿਆ," ਕੁਡ਼ੇ ਮੇਰਾ ਚਰਖਾ ਨੀ ਦੀਂਹਦਾ ਕਿਤੇ, ਕਿੱਥੇ ਧਰਤਾ ?" ਜੁਗਨੀ ਨੇ ਚਾਹ ਫਡ਼ਾਉਂਦਿਆਂ ਭਰੇ ਜਿਹੇ ਮਨ ਨਾਲ਼ ਕਿਹਾ, " ਬੇਬੇ ਔਹ ਪਿਆ, ਸੰਦੂਕ ਓਹਲੇ, ਹੁਣ ਤੂੰ ਤਾਂ ਹੁੰਦੀ ਨੀ ਏਥੇ, ਫੇਰ ਭਲਾ ਚਰਖਾ ਤੇਰਾ ਕੌਣ ਕੱਤੇ।" ਚਾਹ ਵਾਲ਼ੀ ਬਾਟੀ ਨੂੰ ਆਵਦੀ ਮਲਮਲ ਦੀ ਚੁੰਨੀ ਨਾਲ਼ ਸੰਵਾਰ ਕੇ ਫਡ਼ਦਿਆਂ ਬੇਬੇ ਕਹਿਣ ਲੱਗੀ, " ਕੁਡ਼ੇ ਤੂੰ ਕਮਲ਼ੀ ਹੋਗੀ......ਐਮੇ ਚਿੱਤ ਛੋਟਾ ਕਿਉਂ ਕਰਦੀ ਐਂ। ਮੈਂ ਕਿਤੇ ਚੱਲੀ ਆਂ....ਪੁੱਤ ਤੇਰੇ ਕੋਲ਼ ਈ ਰਹੂੰ ਮੈਂ ਤਾਂ, ਇਉਂ ਨੀ ਮੈਂ ਜਾਂਦੀ ਕਿਧਰੇ। ਬੱਸ ਜਦ ਚਿੱਤ ਮੰਨੇ .....ਯਾਦ ਕਰ ਲਿਆ ਕਰ ....ਮੈਂ ਤਾਂ ਬਿੰਦ ਨੀ ਲਾਉਂਦੀ ਤੇਰੇ ਕੋਲ਼ ਔਣ ਨੂੰ।"
             ਜੁਗਨੀ ਨੇ ਬੇਬੇ ਦੀ ਗੱਲ ਵਿਚਾਲ਼ਿਓਂ ਹੀ ਕੱਟਦਿਆਂ ਕਿਹਾ, " ਲੈ ਬੇਬੇ ਊਂ ਤਾਂ ਆਖੇਂਗੀ ਬਈ ਵਿੱਚੋਂ ਈ ਟੋਕਤਾ.......ਤੇਰੀ ਗੱਲ ਵਿਚਾਲ਼ੇ ਆ....ਮੇਰੇ ਕਈ ਵਾਰੀ ਯਾਦ ਆਇਆ ਕਿ ਬੇਬੇ ਤੋਂ ਇੱਕ ਗੱਲ ਪੁੱਛਣੀ ਆ ਜਦੋਂ ਬੇਬੇ ਆਉਗੀ।" "ਜੀ ਸਦਕੇ....ਤੂੰ ਇੱਕ ਛੱਡ ਚਾਹੇ ਦੱਸ ਗੱਲਾਂ ਪੁੱਛ, ਪੁੱਤ....ਤੇਰੇ ਕੋਲ਼ ਗੱਲਾਂ ਕਰਨ ਈ ਤਾਂ ਮੈਂ ਆਈ ਆਂ।"
     "ਬੇਬੇ ਮੈਂ ਸੁਣਿਆ ... ਲੋਕੀਂ ਹੁਣ ਕਹਿੰਦੇ ਆ ਬਈ ਕੁਡ਼ੀਆਂ ਹੁਣ ਡੋਲੀ ਚਡ਼੍ਹਨ ਵੇਲ਼ੇ ਰੋਣੋ ਹੱਟ ਗਈਆਂ। ਪਹਿਲਾਂ ਤਾਂ ਧਾਹਾਂ ਮਾਰ-ਮਾਰ ਰੋਂਦੀਆ ਸੀ।"


ਬੇਬੇ ਨੇ ਆਵਦੀ ਚੁੰਨੀ ਸੰਵਾਰਦਿਆਂ ਆਵਦੇ ਹੀ ਰੌਂ 'ਚ ਕਹਿਣਾ ਸ਼ੁਰੂ ਕੀਤਾ, " ਪੁੱਤ ਸਾਡੇ ਵੇਲ਼ੇ ਹੋਰ ਸਨ......ਕੁਡ਼ੀਆਂ-ਕੱਤਰੀਆਂ ਬਹੁਤਾ ਘਰੋਂ ਬਾਹਰ ਨਿਕਲਦੀਆਂ ਹੀ ਨੀ ਸੀ, ਬਿਆਹਾਂ ਮੌਕੇ ਈ ਭਾਮੇ ਕਿਸੇ ਸਕੀਰੀ 'ਚ ਜਾ ਆਉਂਦੀਆਂ। ਜਿਓਂ ਜੰਮਦੀਆਂ .....ਆਵਦੇ ਬਿਆਹ ਤਾਈਂ .....ਬੱਸ ਘਰ ਦੇ ਕੰਮ-ਕਾਜ ਈ ਸਿੱਖਦੀਆਂ। ਨਾਲ਼ੇ ਓਦੋਂ ਲੋਕ ਬਿਆਹ ਬੀ ਤਾਂ ਨਿਆਣੀਆਂ ਨੂੰ ਹੀ ਦਿੰਦੇ ਸੀ। ਜਿਹਡ਼ੀ ਉਮਰੇ ਮਾਂ ਦੀ ਕੁੱਛਡ਼ ਬਡ਼-ਬਡ਼ ਬੈਹਣ ਦੀ ਹੁੰਦੀ......ਡੋਲੀ 'ਚ ਬਠਾਲ਼ ਦਿੰਦੇ.....ਨਿਆਣੀਆਂ ਨੇ ਫੇਰ ਧਾਹਾਂ ਈ ਤਾਂ ਮਾਰਨੀਆਂ ਸਨ।"
     " ਨਾ, ਬੇਬੇ ਸਾਰੀਆਂ ਤਾਂ ਨੀ ਨਿਆਣੀ ਉਮਰੇ ਵਿਆਹੀਆਂ ਜਾਂਦੀਆਂ ਸੀ।" ਜੁਗਨੀ ਨੇ ਆਵਦੀ ਸ਼ੰਕਾ ਜ਼ਾਹਿਰ ਕਰਦਿਆਂ ਬੇਬੇ ਨੂੰ ਹੋਰ ਚੰਗੀ ਤਰਾਂ ਗੱਲ ਸਮਝਾਉਣ ਵੱਲ ਇਸ਼ਾਰਾ ਕੀਤਾ।


" ਆਹੋ ਪੁੱਤ, ਓਦੋਂ ਜਵਾਨ ਹੁੰਦੀਆਂ ਕੁਡ਼ੀਆਂ ਦਾ ਵਾਹ ਬਹੁਤੇ ਲੋਕਾਂ ਨਾਲ਼ ਨਹੀਂ ਸੀ ਪੈਂਦਾ। ਬੱਸ ਕੰਮ -ਧੰਦਾ ਨਬੇਡ਼ ਕੇ ਆਂਡਣਾ-ਗੁਮਾਂਢਣਾਂ ਨਾਲ਼ ਰਲ਼ ਕੇ ਚਰਖੇ ਕੱਤਦੀਆਂ ਜਾਂ ਖੇਸ ਦਰੀਆਂ ਬੁਣਦੀਆਂ। ਨਾਲ਼ੇ ਓਹਨਾਂ ਤੋਂ ਨਿੱਤਾ-ਦਿਨ ਦੀ ਘਰਾਂ ਦੀ ਜਿੰਦਗੀ ਬਾਰੇ ਢਿੱਡ ਹੌਲਾ ਕਰਦੀਆਂ ਨੂੰ ਸੁਣਦੀਆਂ ਰਹਿੰਦੀਆਂ। ਕੋਈ ਦਰਾਣੀ-ਜਠਾਣੀ ਦੇ ਖਡ਼ਕਦੇ ਭਾਂਡਿਆਂ ਦੀ ਗੱਲ ਕਰਦੀ। ਕੋਈ ਆਵਦੀ ਕੁਪੱਤੀ ਸੱਸ ਬਾਰੇ ਦੱਸਦੀ, ਕੋਈ ਨਿਘੋਚਣ ਨਨਾਣ ਦੇ ਕਿੱਸੇ ਸੁਣਾਉਂਦੀ। ਕੋਈ ਆਬਦੇ ਲਾਈਲੱਗ ਘਰਬਾਲ਼ੇ ਦੀ ਗੱਲ ਦੱਸਦੀ ਕਹਿੰਦੀ.....ਨੀ ਭੈਣੇ ਲੁੱਟ ਲੋ ਮੌਜਾਂ ਜਿਹਡ਼ੀਆਂ ਥੋਡੇ ਤੋਂ ਹੁਣ ਲੁੱਟ ਹੁੰਦੀਆਂ..ਓਥੇ ਤਾਂ ਕੋਹਲੂ ਦੇ ਬੌਲ਼ਦ ਆਂਗੂ ਕੰਮ ਕਰਕੇ ਬੀ ਕਦਰ ਨੀ ਪੈਣੀ । ਓਥੇ ਥੋਡੀ ਸੁਣਨ ਆਲ਼ਾ ਕੌਣ ਆ।"
       " ਓਦੋਂ ਪੁੱਤ  ਆਉਣ -ਜਾਣ ਦੇ ਸਾਧਨ ਬੀ ਬਹੁਤੇ ਨੀ ਸੀ। ਵਿਆਂਦਡ਼ਾਂ ਛਿਮਾਹੀਂ- ਸਾਲੀਂ  ਜਾਂ ਕਿਸੇ ਤਿੱਥ-ਤਿਹਾਰ 'ਤੇ ਕਿਤੇ ਆਵਦੇ ਪੇਕੇ ਆਉਂਦੀਆਂ..ਓਹ ਬੀ ਤਾਂ , ਜੇ ਸਹੁਰੇ ਤੋਰਨ ਨੂੰ ਰਾਜੀ ਹੁੰਦੇ। ਪੁੱਤ ਐਹੋ ਜਿਹੀਆਂ ਗੱਲਾਂ ਸੁਣ-ਸੁਣ ਕੇ ਕਿਸੇ ਅਣਦੇਖੇ ਡਰ ਨਾਲ਼ ਕੁਡ਼ੀਆਂ ਆਵਦੇ ਚਿੱਤ ਨੂੰ ਸੰਸਾ ਲਾ ਲੈਂਦੀਆਂ ਬਈ ਪਤਾ ਨਹੀਂ ਓਨ੍ਹਾਂ ਨਾਲ਼ ਕੀ ਨਿਬਡ਼ੂਗੀ। ਨਾਲ਼ੇ ਓਦੋਂ ਇਹ ਰਬਾਜ਼ ਕਿੱਥੇ ਸੀ ਬੀ ਕੁਡ਼ੀ-ਮੁੰਡਾ ਬਿਆਹ ਤੋਂ ਪਹਿਲਾਂ ਇੱਕ ਦੂਜੇ ਨਾਲ਼ ਕੋਈ ਗੱਲਬਾਤ ਕਰਦੇ। ਨਾ ਹੀ ਕੁਡ਼ੀ ਆਵਦੇ ਹੋਣ ਵਾਲ਼ੇ ਸਹੁਰੇ ਘਰ ਬਾਰੇ ਕਦੇ ਕੁਛ ਪੁੱਛਦੀ । ਬਿਆਹ ਆਲ਼ੇ ਦਿਨ ਜਦੋਂ ਡੋਲੀ ਤੁਰਨ ਦਾ ਟੈਮ ਹੁੰਦਾ ਤਾਂ ਜਦੋਂ ਕੋਈ ਆ ਕੇ ਆਖਦਾ....ਭਾਈ ਕਰੋ ਹੁਣ ਡੋਲੀ ਦੀ ਤਿਆਰੀ.....ਚਾਰੇ ਪਾਸੇ ਚੁੱਪੀ ਵਰਤ ਜਾਂਦੀ। ਕੁਡ਼ੀ ਦੀ ਵਿਦਾਈ ਦੀ ਤਿਆਰੀ ਕਰਦੀਆਂ ਕੁਡ਼ੀ ਦੀਆਂ ਸਖੀਆਂ-ਸਹੇਲੀਆਂ ਐਹੋ ਜਿਹਾ ਗੀਤ ਛੋਹੰਦੀਆਂ ਕਿ ਮਹੌਲ ਹੋਰ ਬੀ ਸੋਗਮਈ ਹੋ ਜਾਂਦਾ।
" ਮਾਵਾਂ ਧੀਆਂ ਮਿਲਣ ਲੱਗੀਆਂ
ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ"
ਤੇ ਫੇਰ ਮਿੱਠੇ ਜਿਹੇ ਸੰਨਾਟੇ 'ਚ, ਥਰਕਦੇ ਗਲ਼ਿਆਂ ਨਾਲ਼ ਕੁਡ਼ੀਆਂ ਜਦੋਂ ਇਹ ਗੀਤ ਗਾਉਂਦੀਆਂ......
" ਸਾਡਾ ਚਿਡ਼ੀਆਂ ਦਾ ਚੰਬਾ ਵੇ
ਬਾਬੁਲ ਅਸੀਂ ਉੱਡ ਜਾਣਾ
ਸਾਡੀ ਲੰਬੀ ਉਡਾਰੀ ਵੇ
ਪਤਾ ਨੀ ਕਿਹਡ਼ੇ ਦੇਸ ਜਾਣਾ"
ਡੋਲੀ ਚਡ਼੍ਹਨ ਵੇਲ਼ੇ ਆਵਦੇ ਸਕਿਆਂ ਦੇ ਗੱਲ ਲੱਗ-ਲੱਗ ਮਿਲਦੀ ਵਿਆਹੁਲੀ ਕੁਡ਼ੀ ਦੀਆਂ ਧਾਹਾਂ ਨਿਕਲ਼ ਜਾਂਦੀਆਂ। ਵਿਆਹ ਤੋਂ ਪਹਿਲਾਂ 'ਕੱਠਾ ਹੋਇਆ, ਚਿੱਤ 'ਚ ਕਿਆਸੇ, ਅਣਦੇਖੇ ਡਰ ਦਾ ਗੁਬਾਰ ਧਾਹੀਂ  ਫੁੱਟਦਾ। ਉਹਨੂੰ ਲੱਗਦੈ ਬਈ ਪਤਾ ਨੀ ਅੱਜ ਓਸ ਨੇ ਏਥੋਂ ਕਿੱਡੀ ਕੁ ਦੂਰ ਚੱਲੀ ਜਾਣਾ। ਓਦੋਂ ਭੋਲ਼ੀਆਂ ਕੁਡ਼ੀਆਂ-ਚਿਡ਼ੀਆਂ ਨੂੰ ਦੂਰੀ ਦਾ 'ਦਾਜਾ( ਅੰਦਾਜ਼ਾ) ਬੀ ਕਿੱਥੇ ਸੀ....ਬਈ ਸਹੁਰਿਆਂ ਦਾ ਪਿੰਡ ਐਥੋਂ ਕਿੰਨੀ ਕੁ ਵਾਟ 'ਤੇ ਆ। ਤੇ ਪਤਾ ਨੀ ਕਦੋਂ ਹੁਣ ਮੁਡ਼ਨਾ ਹੋਊ।"
         ਜੁਗਨੀ ਬੇਬੇ ਦੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣ ਰਹੀ ਸੀ | ਓਸ ਨੂੰ ਹੋਰ ਬਹੁਤ ਕੁਝ ਜਾਨਣ ਦੀ ਉਤਸੁਕਤਾ ਸੀ | ਬੇਬੇ ਨੂੰ ਓਸ ਫੇਰ ਸੁਆਲ ਪਾਇਆ," ਬੇਬੇ, ਲੋਕ ਤਾਂ ਇਓਂ ਵੀ ਕਹਿੰਦੇ ਨੇ ਬਈ ਕੁਡ਼ੀਆਂ ਤਾਂ ਨੀ ਰੋਂਦੀਆਂ ਬਈ ਓਹਨਾਂ ਦਾ ਕੀਤਾ ਮੇਕ-ਅੱਪ ਖਰਾਬ ਹੋਜੂਗਾ | ਪਹਿਲਾਂ ਕੁਡ਼ੀਆਂ ਵਿਆਹ ਮੌਕੇ ਭਲਾ ਮੇਕ-ਅੱਪ ਨਹੀਂ ਸੀ ਕਰਦੀਆਂ ? "
         ਜੁਗਨੀ ਦਾ ਸੁਆਲ ਸੁਣਦਿਆਂ ਹੀ ਬੇਬੇ ਦੇ ਚਿਹਰੇ 'ਤੇ ਰੌਣਕ ਜਿਹੀ ਆ ਗਈ | ਜਿਵੇਂ ਓਸ ਦੇ ਬਹੁਤ ਕੁਝ ਹੋਰ ਯਾਦ ਗਿਆ ਹੋਵੇ, ਆਵਦੇ ਜ਼ਮਾਨੇ ਦਾ | ਬੇਬੇ ਨੇ ਆਵਦਾ ਹਾਸਾ ਬੁੱਲਾਂ 'ਚ ਨੱਪਦਿਆਂ  ਫੇਰ ਗੱਲ ਤੋਰੀ ," ....ਆਹੋ ਪੁੱਤ .....ਹੁਣ ਜ਼ਮਾਨਾ ਬਦਲ ਗਿਆ | ਕੁਡ਼ੀਆਂ ਆ ਆਵਦੇ ਮੁੰਹ ਦੀ ਲਿੱਪਾ-ਪੋਚੀ ਜਿਹੀ ਹੁਣ ਸ਼ਹਿਰੋਂ ਕਰਾਉਣ ਲੱਗ ਪਈਆਂ | ਪਹਿਲਾਂ ਹੁੰਦਡ਼ਹੇਲ ਕੁਡ਼ੀਆਂ ਦੇ ਮੁੰਹ ਦੱਗ-ਦੱਗ ਕਰਦੇ ਸੀ | ਨਾਲੇ ਬੌਤਾ-ਕੁਛ ਨਹੀਂ ਸੀ ਪਤਾ ਕੁਡ਼ੀਆਂ ਨੂੰ ਆਹ ਹੁਣ ਵਾਲੇ ਚੱਜਾਂ ਦਾ| ਸਾਡੇ ਵੇਲੇ ਪੁੱਤ ਕਿਹਡ਼ਾ ਆ ਥੋਡੇ ਸੁਰਖੀ -ਪੌਡਰ ਚੱਲੇ ਸੀਗੇ |ਪਰ ਥੋਡੇ ਭਾਣੇ ਪਹਿਲਾਂ ਕਿਤੇ ਕੁਡ਼ੀਆਂ ਸ਼ੁਕੀਨੀ ਨੀ ਸੀ ਲਾਉਂਦੀਆਂ | ਲੈ ਬਥੇਰੀਆਂ ਸ਼ਕੀਨ ਸੀ....ਸ਼ਕੀਨਣਾ ਨੇ ਬੁੱਲਾਂ 'ਤੇ ਦੰਦਾਸਾ ਫੇਰਨਾ , ਪੂਛਾਂ ਆਲਾ ਸੁਰਮਾ ਪਾਉਣਾ , ਸਿਰ 'ਤੇ ਮੀਢੀਆਂ ਗੁੰਦਾ ਡਾਕ-ਬੰਗਲੇ ਪਵਾਉਣੇ | ਕਈ-ਕਈ ਰਕਾਨਾਂ ਨੇ ਤਾਂ ਆਵਦੇ ਵਾਲਾਂ ਨੂੰ ਮੋਮ ਲਾ ਕੇ ਗੁੰਦਵਾਉਣਾ ਤਾਂ ਕਿ ਵਾਲ ਲਿਸ਼ਕਣ ਵੀ ਤੇ ਖਿਲਰਨ ਵੀ ਨਾ | ਸੂਹੀਆਂ , ਸੱਤਰੰਗੀਆਂ ਤੇ ਲਹਿਰੀਏਦਾਰ ਵੰਗਾਂ ਪਾਉਣੀਆਂ | ਨਾਲੇ ਪੁੱਤ ਮੈਨੂੰ ਤੂੰ ਇਓਂ ਦੱਸ ਬਈ ਸੋਹਣੇ ਲੱਗਣ ਦਾ ਚਾਓ ਜੇ ਆਵਦੇ ਬਿਆਹ ਨੂੰ ਨੀ ਹੋਊ ਫੇਰ ਕਦੋਂ ਹੋਊ ?
    "ਅੱਛਾ ਬੇਬੇ" ਜੁਗਨੀ ਨੇ ਹੈਰਾਨ ਹੁੰਦੀ ਨੇ ਬੇਬੇ ਦੀ ਗੱਲ ਦਾ ਹੁੰਗਾਰਾ ਭਰਿਆ ਤੇ ਨਾਲ਼ ਹੀ ਆਵਦੇ ਮਨ ਦੀ ਇੱਕ ਹੋਰ ਸ਼ੰਕਾ ਜਾਹਿਰ ਕੀਤੀ।" ਬੇਬੇ ਲੋਕੀਂ ਤਾਂ ਇਓਂ ਵੀ ਕਹਿੰਦੇ ਨੇ ਕਿ ਬਈ ਹੁਣ ਕੁਡ਼ੀਆਂ ਬਹੁਤ ਨਿਰਮੋਹੀਆਂ ਹੋ ਗਈਆਂ ਨੇ। ਅਖੇ ਉਹਨਾਂ ਨੂੰ ਵਿਛੋਡ਼ੇ ਦਾ ਅਹਿਸਾਸ ਹੀ ਕੋਈ ਨਹੀਂ । ਤਾਂਹੀਓਂ ਨਹੀਂ ਰੋਂਦੀਆਂ ਡੋਲੀ ਚਡ਼੍ਹਨ ਵੇਲ਼ੇ।"
      ਜੁਗਨੀ ਦੀ ਗੱਲ ਸੁਣ ਕੇ ਬੇਬੇ ਦਾ ਚਿਹਰਾ ਗੰਭੀਰ ਹੋ ਗਿਆ। ਬੇਬੇ ਨੇ ਫੇਰ ਕਹਿਣਾ ਸ਼ੁਰੂ ਕੀਤਾ, " ਕੁਡ਼ੇ ਫੋਟ, ਲੋਕੀਂ ਕੁਡ਼ੀਆਂ ਨੂੰ ਨਿਰਮੋਹੀਆਂ ਆਖਦੇ ਨੇ। ਭਲਾ ਕਿਹਡ਼ੀ ਗੱਲੋਂ... ਹੈਂ ? ਜਮਾਨੇ ਦੇ ਬਦਲਣ ਨਾਲ਼ ਲੋਕ ਡੋਲੀਆਂ ਹੁਣ ਘਰੋਂ ਨੀ ਤੋਰਦੇ । ਆ ਕੀ ਕਹਿੰਦੇ ਨੇ....ਬੱਡੇ-ਬੱਡੇ ਹੋਟਲ਼ਾਂ ਨੂੰ .....ਕੁਡ਼ੇ ਨਾਓਂ ਨੀ ਆਉਂਦਾ.......ਲੈ ਚੇਤਾ ਜਮਾ ਹੀ ਖੁੰਝ ਜਾਂਦੈ ਕਿਤੇ-ਕਿਤੇ ਤਾਂ ....." ਜੁਗਨੀ ਬੇਬੇ ਦਾ ਇਸ਼ਾਰਾ ਸਮਝ ਗਈ ਸੀ। ਬੇਬੇ ਮੈਰੇਜ਼-ਪੈਲੇਸਾਂ ਬਾਰੇ ਕਹਿ ਰਹੀ ਸੀ। "ਆਹੋ ਬੇਬੇ....ਮੈਨੂੰ ਪਤਾ ਮੈਰੇਜ਼-ਪੈਲੇਸ" "ਆਹੋ ਏਹੀਓ"....ਬੇਬੇ ਨੇ ਫੇਰ ਲਡ਼ੀ ਜੋਡ਼ੀ...." ਬਿਆਹ ਮੌਕੇ ਓਥੇ ਜਾ ਕੇ ਕੀ ਸਾਲਾਂ ਦਾ ਮੋਹ ਕਿਧਰੇ ਉੱਡ ਜਾਊ। ਕੀ ਹੋਇਆ ਜੇ ਪੁੱਤ ਅੱਜਕੱਲ ਕੁਡ਼ੀਆਂ -ਕੱਤਰੀਆਂ ਘਰਾਂ ਦੇ ਬਨ੍ਹੇਰੇ ਨੀ ਲਿੰਬਦੀਆਂ ਜਾਂ ਤ੍ਰਿੰਝਣਾਂ 'ਚ ਰੌਣਕਾਂ ਨੀ ਲਾਉਂਦੀਆਂ। ਜਮਾਨੇ ਮੂਜਬ ਘਰਾਂ ਨੂੰ ਸੁਆਰਦੀਆਂ ਤਾਂ ਨੇ, ਗੁੱਡੀਆਂ-ਪਟੋਲੇ ਕਿਹਡ਼ੀ ਕੁਡ਼ੀ ਖੇਡਦੀ ਵੱਡੀ ਨੀ ਹੁੰਦੀ। 20-25 ਸਾਲ਼ ਜਿੱਥੇ ਕੋਈ ਪਲ਼ਿਆ ਹੋਵੇ ਓਸ ਘਰ ਨੂੰ ਛੱਡਣ ਦਾ ਬਰਾਗ ਫੇਰ ਚਿੱਤ 'ਚ ਕਿਮੇ ਨਾ ਹੋਊ?
          ਜੁਗਨੀ ਨੇ ਫੇਰ ਵਿੱਚੋਂ ਹੀ ਟੋਕ ਕੇ ਕਿਹਾ, " ਆਹੋ ਬੇਬੇ ....ਆ ਜਿਹਡ਼ਾ ਗੀਤ ਆ....ਬਾਬੁਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ..." ਜੇ ਤੂੰ ਸੁਣੇ.....ਮਨ ਭਰ-ਭਰ ਆਉਂਦਾ।"
             ਬੇਬੇ ਨੇ ਜੁਗਨੀ ਦਾ ਸਿਰ ਜਿਹਾ ਪਲੋਸਦਿਆਂ ਕਿਹਾ," ਨੀ ਮੈਂ ਸਦਕੇ ਜਾਮਾ....ਮੇਰੀ ਜੁਗਨੀ ਤਾਂ ਬਾਹਲ਼ੀਆਂ ਸਿਆਣੀਆਂ ਗੱਲਾਂ ਕਰਨ ਲੱਗ ਪੀ ਹੁਣ। ਆਹੋ ਪੁੱਤ ਏਹੋ ਤਾਂ ਮੈਂ ਕਹਿਨੀ ਆਂ ਜੇ ਭਲਾ ਆ ਗੀਤ ਸੁਣ ਕੇ ਚਿੱਤ ਹੋਰੂੰ ਹੁੰਦੈ...ਫੇਰ ਜਦੋਂ ਧੀ ਸੱਚੀਂ ਮਾਪਿਆਂ ਦਾ ਘਰ ਛੱਡਦੀ ਆ ਫੇਰ ਭਲਾ ਬਰਾਗ ਕਿਉਂ ਨਾ ਹੋਊ?"
 " ਡੋਲੀ ਚਡ਼੍ਹਦੀਆਂ ਕੁਡ਼ੀਆਂ ਰੋਣੋ ਨੀ ਹੱਟੀਆਂ ਪੁੱਤ.......ਰੋਂਦੀਆਂ ਤਾਂ ਹੁਣ ਬੀ ਨੇ ਓਹ ......ਪਰ ਹੁਣ ਓਹ ਧਾਹਾਂ ਨੀ ਮਾਰਦੀਆਂ।ਚਿੱਤ ਤਾਂ ਹੁਣ ਬੀ ਪੁੱਤ ਕੁਡ਼ੀਆਂ ਦਾ ਓਨਾ ਈ ਰੋਂਦਾ।ਪੁੱਤ ਦੇਖਣ ਆਲ਼ੇ ਨੂੰ ਲੱਗਦਾ ....ਬਈ ਭੋਰਾ ਨੀ ਰੋਈ..ਫਲਾਣੀ ਜਦੋਂ ਡੋਲੀ ਚਡ਼੍ਹੀ....ਖਬਨੀ ਰਕਾਨ ਆਬਦੇ ਲਿੰਬੇ-ਪੋਚੇ ਮੂੰਹ ਦੇ ਖਰਾਬ ਹੋਣ ਕਰਕੇ ਨੀ ਰੋਈ। ਪਰ ਹੁਣ ਓਹ ਆਵਦੀਆਂ ਅੱਖਾਂ ਨੂੰ ਦਿਲ ਦਾ ਸਾਥ ਦੇਣੋ ਵਰਜ ਦਿੰਦੀਆਂ ਨੇ। ਹੁਣ ਧੀਆਂ -ਧਿਆਣੀਆਂ ਅੰਦਰੋਂ ਕੈਡ਼ੀਆਂ ਹੋ ਗਈਆਂ ਨੇ।"


  "  ਜਮਾਨੇ ਦੇ ਬਦਲਣ ਨਾਲ਼ ਬਿਆਹ ਹੁਣ 7 ਦਿਨਾਂ ਤੋਂ ਸੁੰਗਡ਼ 7 ਘੰਟਿਆਂ ਦੇ ਹੋ ਗਏ ਨੇ। ਸਾਂਝੇ ਲਾਣੇ ਰਹੇ ਨੀ ਹੁਣ। ਕੁਡ਼ੀ ਨੂੰ ਬੀ ਪਤਾ ਕਿ ਓਹਦੀ ਡੋਲੀ ਤੁਰੀ ਨੀ ....ਅਬਲਾ ਤਾਂ ਬਹੁਤੇ ਡੋਲੀ ਤੁਰਨ ਤੋਂ ਪਹਿਲਾਂ ਹੀ....ਸਭ ਨੇ ਚੱਲੇ ਜਾਣਾ ਆਬਦੇ-ਆਬਦੇ ਘਰਾਂ ਨੂੰ। ਕੋਈ ਨੀ ਰਹਿੰਦੈ ਪਿੱਛੋਂ। ਰਹਿ ਜੂਗਾ ਓਸ ਦਾ ਭਾਂ-ਭਾਂ ਕਰਦਾ ਘਰ...। ਜੇ ਓਹ ਹਾਲ-ਦੁਹਾਈਆਂ ਪਾਉਂਦੀ ਡੋਲੇ 'ਚ ਬੈਠੂਗੀ ਤਾਂ ਓਸ ਦੇ ਮਾਪਿਆਂ ਦਾ ਚਿੱਤ ਤਾਂ ਹੋਰ ਬੀ ਖਰਾਬ ਹੋਊਗਾ। ਪਿੱਛੋਂ ਕੌਣ ਬੰਨੂਗਾ ਢਾਰਸ ਫੇਰ?”
         ਜੁਗਨੀ ਨੇ ਬੇਬੇ ਦੀਆਂ ਗੱਲਾਂ ਦੀ ਹਾਮੀ ਭਰਦਿਆਂ ਕਿਹਾ," ਬੇਬੇ,ਹੁਣ ਮੈਂ ਸਮਝੀ,ਧਾਹਾਂ ਨਾ ਮਾਰ ਕੇ ਓਹ ਆਵਦੇ ਮਾਪਿਆਂ ਨੂੰ ਇਹ ਅਹਿਸਾਸ ਕਰਵਾ ਦਿੰਦੀਆਂ ਨੇ ਕਿ ਬਈ ਹੁਣ ਓਹ ਅਬਲਾ-ਵਿਚਾਰੀਆਂ ਨਹੀਂ। ਉਹ ਆਵਦਾ ਭਲਾ-ਬੁਰਾ ਵਿਚਾਰ ਸਕਦੀਆਂ ਨੇ।ਨਾਲ਼ੇ ਧਾਹਾਂ ਮਾਰ ਕੇ ਵਿਖਾਉਣ ਨਾਲ਼ ਕਿਹਡ਼ਾ ਉਨ੍ਹਾਂ ਦੇ ਵਿਛੋਡ਼ੇ ਦਾ ਦਰਦ ਮੁੱਕ ਜਾਏਗਾ। ਉਹ ਤਾਂ ਸਦਾ ਹੀ ਰਹਿਣਾ।ਜਿੰਨ੍ਹਾਂ ਹੱਥੀਂ ਪਲ਼ੀ, ਵੱਡੀ ਹੋਈ, ਜਿੱਥੇ ਖੇਡੀ-ਨੱਚੀ , ਉਹ ਵਿਹਡ਼ਾ ਭਲਾ ਕਿਸ ਨੂੰ ਭੁੱਲ ਜਾਉਗਾ।ਤੋਤਲੇ ਦਿਨ ਜਿੰਨ੍ਹਾਂ ਦੀ ਉਂਗਲ਼ ਫਡ਼ ਕੇ ਲੰਘਾਏ ...ਉਨ੍ਹਾਂ ਤੋਂ ਵਿਛਡ਼ਨ ਲੱਗੇ ਭਲਾ ਓਸ ਦੇ ਦਿਲ ਦਾ ਰੁੱਗ ਕਿਉਂ ਨੀ ਭਰਿਆ ਜਾਣਾ। ਬੇਬੇ ਭਲਾ ਤੂੰ ਮੈਨੂੰ ਇਓਂ ਦੱਸ ਬਈ ਜੇ ਇਹ ਜ਼ਮਾਨਾ ਬਦਲ ਗਿਆ ....ਬਹੁਤ ਕੁਝ ਬਦਲ ਗਿਆ.....ਫੇਰ ਇਹ ਕੁਡ਼ੀ ਨੂੰ ਡੋਲੀ ਚਡ਼੍ਹਦੀ ਨੂੰ ਧਾਹਾਂ ਮਾਰ ਕੇ ਰੋਂਦੀ ਨੂੰ ਹੀ ਕਿਓਂ ਵੇਖਣਾ ਲੋਚਦੈ?"
ਲੇਖਿਕਾ ਡਾ. ਹਰਦੀਪ ਕੌਰ ਸੰਧੂ
ਜੁਗਨੀ ਨੇ ਆਵਦੇ ਡੂੰਘੇ ਸੁਆਲ ਨਾਲ਼ ਬੇਬੇ ਨੂੰ ਸੋਚੀਂ ਪਾ ਦਿੱਤਾ। ਬੇਬੇ ਦੀ ਆਵਾਜ਼ 'ਚ ਥੋਡ਼ੀ ਗੰਭੀਰਤਾ ਆ ਗਈ। " ਦੇਖ ਪੁੱਤ, ਬਿਆਹ ਬੀ ਓਹੀ ਆ...ਤੇ ਬਿਆਹ ਆਲ਼ੇ ਸਾਰੇ ਰਬਾਜ ਬੀ ਓਹੀਓ ਨੇ। ਪਰ ਮੁੱਕਦੀ ਗੱਲ ਤਾਂ ਇਹ ਆ ਬਈ ਇਹਨਾਂ ਰਸਮ-ਰਿਬਾਜਾਂ ਦੇ ਹਿੱਸੇਦਾਰ ਆਬਦੇ ਅੰਦਰਲੇ ਮਨੋ ਇਹਨਾਂ ਨਾਲ਼ ਨਹੀਂ ਜੁਡ਼ਦੇ। ਡੋਲੀ ਤੁਰਨ ਵੇਲ਼ੇ ਸਾਰਿਆਂ ਨੂੰ ਕਾਹਲ਼ੀ ਲੱਗੀ ਬੀ ਹੁੰਦੀ ਆ ਬਈ ਕਦੋਂ ਕੰਮ ਨਿਬਡ਼ੇ ਤੇ ਓਹ ਆਬਦੇ ਘਰਾਂ ਨੂੰ ਮੁਡ਼ਨ। ਓਸ ਵੇਲ਼ੇ ਚੌਗਿਰਦੇ 'ਚ ਵਿਛੋਡ਼ੇ ਦਾ ਅਹਿਸਾਸ ਉਨ੍ਹਾਂ ਨੂੰ ਹੀ ਲੱਗੂਗਾ ਜੋ ਆਵਦੇ ਮਨੋ ਓਸ ਰਸਮ ਨਾਲ਼ ਜੁਡ਼ੇ ਨੇ।ਡੋਲੀ ਚਡ਼੍ਹਦੀ ਕੁਡ਼ੀ ਚਾਹੇ ਇੱਕ ਤਿੱਪ ਵੀ ਹੰਝੂ ਨਾ ਕੇਰੇ ਪਰ ਓਸ ਦਾ ਚਿੱਤ ਤਾਂ ਪੁੱਤ ਭੁੱਬੀਂ ਰੋਂਦਾ ਓਸ ਬਖਤ.....ਪੁੱਤ ਉਨ੍ਹਾਂ ਦੇ ਅੱਖਾਂ ਦੇ ਹੰਝੂ ਦਿਲ 'ਚ ਡਿੱਗਦੇ ਨੇ, ਬਾਹਰ ਨੀ ਆਉਂਦੇ।ਜਿਹਡ਼ੇ ਸਾਂਝੀਵਾਲਤਾ ਦੇ ਭਾਈਵਾਲ਼ ਬਣਦੇ ਨੇ ਕੁਡ਼ੀ ਨੂੰ ਤੋਰਨ ਵੇਲ਼ੇ...ਪੁੱਤ, ਓਹ ਹੀ ਇਹ ਹੰਝੂ ਵੇਖ ਸਕਦੇ ਨੇ। ਢਿੱਡੋਂ ਰੋਂਦੀਆਂ ਨੂੰ ਦੇਖਣ ਲਈ ਪੁੱਤ ਮਿੱਠੇ ਮੋਹ ਆਲ਼ੀ ਨਿਗਾਹ ਦੀ ਲੋਡ਼ ਐ।"

ਡਾ. ਹਰਦੀਪ ਕੌਰ ਸੰਧੂ
ਸਿਡਨੀ-ਆਸਟ੍ਰੇਲੀਆ

No comments: