Saturday, June 23, 2012

ਪੰਜ-ਆਬ ਦਾ ਪਹਿਲਾ ਬਾਦਸ਼ਾਹ ਪੋਰਸ// ਡਾ. ਸੁਖਦਿਆਲ ਸਿੰਘ

ਇਰਾਨ ਅਤੇ ਅਰਬ ਵਿੱਚ ਸਿਕੰਦਰ ਨੂੰ "ਮਹਾਨ" ਨਹੀਂ "ਸ਼ੈਤਾਨ" ਦਾ ਦਰਜਾ
ਆਰੀਆ ਕਬੀਲਿਆਂ ਦੇ ਆਉਣ ਤੋਂ ਲੈ ਕੇ ਸ਼ਾਹ ਜ਼ਮਾਨ ਦੇ ਸਮੇਂ (1798-99) ਤੱਕ ਕੋਈ ਨਾ ਕੋਈ ਹਮਲਾਵਰ ਭਾਰਤ ਆਉਂਦਾ ਰਿਹਾ। ਹਰ ਹਮਲਾਵਰ ਇਸ ਦੇਸ਼ ਨੂੰ ਲੁੱਟ ਕੇ ਲਿਜਾਂਦਾ ਜਾਂ ਇੱਥੇ ਰਾਜ ਕਰਦਾ ਰਿਹਾ। ਇਹ ਹਮਲਾਵਰ ਆਪਣਾ ਇਤਿਹਾਸ ਆਪ ਲਿਖਦੇ ਰਹੇ ਹਨ। ਹਾਰਨ ਵਾਲੀ ਧਿਰ ਭਾਵ ਅਸੀਂ ਜਾਂ ਤਾਂ ਆਪਣਾ ਇਤਿਹਾਸ ਲਿਖਿਆ ਹੀ ਨਹੀਂ ਤੇ ਜਾਂ ਫਿਰ ਸਾਡੇ ਲਿਖੇ ਹੋਏ ਇਤਿਹਾਸ ਨੂੰ ਇਨ੍ਹਾਂ ਹਮਲਾਵਰਾਂ ਨੇ ਰਹਿਣ ਨਹੀਂ ਦਿੱਤਾ। ਸਾਡੀਆਂ ਵਿੱਦਿਅਕ ਸੰਸਥਾਵਾਂ ਵਿੱਚ ਪਡ਼੍ਹਾਏ ਜਾਂਦੇ ਇਤਿਹਾਸ ’ਚ ਦੱਸਿਆ ਜਾਂਦਾ ਹੈ ਕਿ ਭਾਰਤ ਸੋਨੇ ਦੀ ਚਿਡ਼ੀ ਸੀ ਅਤੇ ਇਸ ਨੂੰ ਹਰ ਹਮਲਾਵਰ ਲੁੱਟ ਕੇ ਲਿਜਾਂਦਾ ਰਿਹਾ ਹੈ। ਇਹ ਗੱਲ ਕਿਤੇ ਨਹੀਂ ਮਿਲੇਗੀ ਕਿ ਸਾਡੇ ਦੇਸ਼ ਨੇ ਹਮਲਾਵਰ ਨੂੰ ਮੂੰਹ-ਤੋਡ਼ ਜਵਾਬ ਦਿੱਤਾ। ਇਉਂ ਜਾਪਦਾ ਹੈ ਜਿਵੇਂ ਅਸੀਂ ਇਨ੍ਹਾਂ ਹਮਲਾਵਰਾਂ ਦੇ ਹਮਲਿਆਂ ਕਾਰਨ ਮਾਣ ਮਹਿਸੂਸ ਕਰਦੇ ਹਾਂ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹਮਲਾਵਰਾਂ ਦਾ ਇਤਿਹਾਸ ਸਾਡੇ ਪਾਸ ਇਨ੍ਹਾਂ ਦਾ ਹੀ ਲਿਖਿਆ ਹੋਇਆ ਹੈ। ਇਸੇ ਤਰਜ਼ ’ਤੇ ਇਤਿਹਾਸ ਵਿੱਚ ਸਿਕੰਦਰ ਨੂੰ ‘ਵਿਸ਼ਵ-ਜੇਤੂ ਸਿਕੰਦਰ ਮਹਾਨ’ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਪਰ ਪੋਰਸ ਨੂੰ ਹਾਰਿਆ ਅਤੇ ਆਪਣੇ ਰਾਜ-ਭਾਗ ਦੀ ਖੈਰ ਮੰਗਦਾ ਹੋਇਆ ਦਿਖਾਇਆ ਹੈ। ਪੋਰਸ ਕਹਿ ਰਿਹਾ ਹੈ ਕਿ ‘ਜਿਸ ਤਰ੍ਹਾਂ ਦਾ ਸਲੂਕ ਇੱਕ ਬਾਦਸ਼ਾਹ ਨੂੰ ਦੂਜੇ ਬਾਦਸ਼ਾਹ ਨਾਲ ਕਰਨਾ ਚਾਹੀਦਾ ਹੈ ਉਸ ਨਾਲ ਵੀ ਉਸੇ ਤਰ੍ਹਾਂ ਦਾ ਸਲੂਕ ਕੀਤਾ ਜਾਵੇ’। ਰਾਜਨੀਤੀ ਅਤੇ ਲਡ਼ਾਈ ਦਾ ਅਸੂਲ ਹੈ ਕਿ ਇੱਕ ਥਾਂ ’ਤੇ ਬਾਦਸ਼ਾਹ ਇੱਕ ਹੀ ਹੋਵੇਗਾ, ਦੋ ਬਾਦਸ਼ਾਹ ਇੱਕਠੇ ਨਹੀਂ। ਜਿੱਤਿਆ ਹੋਇਆ ਬਾਦਸ਼ਾਹ ਹਾਰੇ ਹੋਏ ਬਾਦਸ਼ਾਹ ਨੂੰ ਕਦੇ ਵੀ ਬਾਦਸ਼ਾਹ ਨਹੀਂ ਮੰਨੇਗਾ। ਜੇ ਹਾਰਿਆ ਹੋਇਆ ਬਾਦਸ਼ਾਹ ਜਿੱਤੇ ਹੋਏ ਕੋਲੋਂ ਰਾਜ-ਭਾਗ ਦੀ ਸਲਾਮਤੀ ਮੰਗੇਗਾ ਤਾਂ ਸਿਰਫ਼ ਇਹ ਉਹਦੀ ਮੰਗ ਹੀ ਹੋਵੇਗੀ ਅਤੇ ਮੰਗਿਆਂ ਕਦੇ ਰਾਜ-ਭਾਗ ਨਹੀਂ ਮਿਲਦੇ। ਮੰਗਿਆਂ ਸਿਰਫ਼ ਖੈਰ ਹੀ ਮਿਲ ਸਕਦੀ ਹੈ।
ਹ ਗੱਲ ਧਿਆਨ ਦੇਣ ਵਾਲੀ ਹੈ ਕਿ ਪੰਜਾਬ (ਹਿੰਦੁਸਤਾਨ) ਉਪਰ ਹਮਲਾ ਕਰਨ ਤੋਂ ਪਹਿਲਾਂ ਸਿਕੰਦਰ ਨੇ ਇਰਾਨ ਅਤੇ ਅਰਬ ਦੇਸ਼ਾਂ ਨੂੰ ਵੀ ਜਿੱਤਿਆ ਸੀ। ਇਨ੍ਹਾਂ ਮੁਲਕਾਂ ਦੀਆਂ ਮੁੱਢਲੀਆਂ ਲਿਖਤਾਂ ਵਿੱਚ ਕਿਤੇ ਵੀ ਸਿਕੰਦਰ ਨੂੰ ‘ਮਹਾਨ’ ਜਾਂ ‘ਵਿਸ਼ਵ-ਜੇਤੂ’ ਨਹੀਂ ਲਿਖਿਆ ਗਿਆ ਸਗੋਂ ਉਸ ਨੂੰ ‘ਸ਼ੈਤਾਨ’ ਦਾ ਵਿਸ਼ੇਸ਼ਣ ਦਿੱਤਾ ਗਿਆ ਹੈ। ਇਰਾਨ ਦੇ ਮਸ਼ਹੂਰ ਕਵੀ ਫਿਰਦੌਸੀ ਦਾ ਸ਼ਾਹਨਾਮਾ ਇਰਾਨੀ ਇਤਿਹਾਸ ਅਤੇ ਸਿਕੰਦਰ ਤੇ ਪੋਰਸ ਦੀ ਬਹੁਤ ਵਿਸਥਾਰਪੂਰਵਕ ਜਾਣਕਾਰੀ ਦਿੰਦਾ ਹੈ ਪਰ ਉਸ ਵਿੱਚ ਪੋਰਸ ਨੂੰ ਸਿਕੰਦਰ ਤੋਂ ਜ਼ਿਆਦਾ ਥਾਂ ਦਿੱਤੀ ਗਈ ਹੈ। ਫਿਰਦੌਸੀ ਸਿਰਫ਼ ਇਰਾਨੀ ਰਵਾਇਤਾਂ ਦੇ ਆਧਾਰ ’ਤੇ ਹੀ ਗੱਲ ਕਰਦਾ ਹੈ। ਉਹ ਯੂਨਾਨੀ ਇਤਿਹਾਸ ਦਾ ਕਿਤੇ ਵੀ ਜ਼ਿਕਰ ਨਹੀਂ ਕਰਦਾ।
ਇਸੇ ਤਰ੍ਹਾਂ ਇੱਕ ਯੂਨਾਨੀ ਲੇਖਕ  ਕਲਿਸਥੇਨਜ਼ ਵੀ ਸਿਕੰਦਰ ਵਾਂਗ ਫ਼ਿਲਾਸਫਰ ਅਰਸਤੂ ਦਾ ਸ਼ਾਗਿਰਦ ਸੀ ਪਰ ਉਹ ਅਰਸਤੂ ਦਾ ਰਿਸ਼ਤੇਦਾਰ ਵੀ ਸੀ। ਜਦੋਂ ਸਿਕੰਦਰ ਪੰਜਾਬ ਵੱਲ ਰਵਾਨਾ ਹੋਇਆ ਤਾਂ ਅਰਸਤੂ ਦੀ ਸਿਫ਼ਾਰਸ਼ ਨਾਲ ਉਹ ਵੀ ਸਿਕੰਦਰ ਦੇ ਨਾਲ ਆ ਗਿਆ ਸੀ ਪਰ ਉਹ ਬਾਕੀ ਯੂਨਾਨੀ ਲੇਖਕਾਂ ਨਾਲੋਂ ਅਲੱਗ ਹੀ ਰਿਹਾ। ਉਸ ਨੇ ਆਪਣੇ ਤੌਰ ’ਤੇ ਜਿਸ ਤਰ੍ਹਾਂ ਸਿਕੰਦਰ ਅਤੇ ਉਸ ਦੀ ਲਡ਼ਾਈ ਨੂੰ ਦੇਖਿਆ ਸੀ ਉਸੇ ਤਰ੍ਹਾਂ ਲਿਖ ਦਿੱਤਾ। ਇਸ ਤਰ੍ਹਾਂ ਲਿਖਣ ਕਾਰਨ ਸਿਕੰਦਰ ਨੇ ਕਈ ਵਾਰ ਉਸ ਨੂੰ ਝਿਡ਼ਕਿਆ ਵੀ ਪਰ ਉਹ ਆਪਣੀ ਆਜ਼ਾਦੀ ਨਾਲ ਲਿਖਣ ਤੋਂ ਨਾ ਟਲਿਆ। ਅਖੀਰ ਉਹ ਪੰਜਾਬ ਵਿੱਚ ਮਰ ਗਿਆ ਜਾਂ ਮਾਰ ਦਿੱਤਾ ਗਿਆ ਸੀ ਪਰ ਉਸ ਦੇ ਸਾਥੀਆਂ ਨੇ ਉਸ ਦੀਆਂ ਲਿਖਤਾਂ ਨੂੰ ਕਿਸੇ ਤਰੀਕੇ ਸੰਭਾਲ ਰੱਖਿਆ ਸੀ। ਇਹ ਲਿਖਤਾਂ ਸਿਕੰਦਰ ਵੱਲੋਂ ਜਿੱਤੇ ਹੋਏ ਦੇਸ਼ਾਂ ਵਿੱਚ ਚਲੀਆਂ ਗਈਆਂ। ਉÎੱਥੇ ਇਨ੍ਹਾਂ ਦਾ ਅਵੇਸਤਾ, ਅਰਬੀ ਅਤੇ ਇਥੋਪੀਆਈ ਭਾਸ਼ਾਵਾਂ ’ਚ ਅਨੁਵਾਦ ਕੀਤਾ ਗਿਆ। ਇਸ ਸਮੇਂ ਸਾਡੇ ਪਾਸ ਕਲਿਸਥੇਨਜ਼ ਦੀਆਂ ਲਿਖਤਾਂ ਦਾ ਇਥੋਪੀਆਈ ਅਨੁਵਾਦ ਹੈ। ਇਸ ਵਿੱਚ ਸਿਕੰਦਰ ਬਾਰੇ ਕੀਤੇ ਗਏ ਵਰਣਨ ਨੂੰ ਆਧੁਨਿਕ ਇਤਿਹਾਸਕਾਰ ਅਰਨਸਟ ਏ. ਵਾਲਿਸ ਬੱਜ ਨੇ ਆਪਣੀ ਪੁਸਤਕ ਵਿੱਚ ਦਿੱਤਾ ਹੈ। ਇਸ ਤਰ੍ਹਾਂ ਪਤਾ ਲਗਦਾ ਹੈ ਕਿ ਕਲਿਸਥੇਨਜ਼ ਦਾ ਸਿਕੰਦਰ ਅਤੇ ਪੋਰਸ ਦੀ ਲਡ਼ਾਈ ਦਾ ਬਿਰਤਾਂਤ ਸਿਕੰਦਰ ਦੇ ਆਪਣੇ ਇਤਿਹਾਸਕਾਰਾਂ ਵੱਲੋਂ ਦਿੱਤੇ ਗਏ ਬਿਰਤਾਂਤ ਨਾਲੋਂ ਬਿਲਕੁਲ ਵੱਖਰਾ ਹੈ।
ਸਾਡੇ ਇਤਿਹਾਸ ਦਾ ਦੁਖਾਂਤ ਹੈ ਕਿ ਸਾਡੀ ਕਿਸੇ ਵੀ ਲਿਖਤ ਵਿੱਚ ਪੋਰਸ ਅਤੇ ਸਿਕੰਦਰ ਦੀ ਲਡ਼ਾਈ ਦਾ ਬਿਰਤਾਂਤ ਨਹੀਂ ਹੈ। ਸਾਡੇ ਰਿਸ਼ੀਆਂ-ਮੁਨੀਆਂ ਵੱਲੋਂ ਲਿਖੇ ਗਏ ਗ੍ਰੰਥ ਮਿਥਿਹਾਸਕ ਕਥਾ-ਕਹਾਣੀਆਂ ਜਾਂ ਫਿਰ ਸਮਾਜਿਕ ਵੰਡ (ਜਾਤ-ਪਾਤ) ਦੀਆਂ ਕਥਾਵਾਂ ਨਾਲ ਭਰੇ ਹੋਏ ਹਨ। ਕੁਝ ਅਜੋਕੇ ਇਤਿਹਾਸਕਾਰਾਂ ਨੇ ਮਹਾਭਾਰਤ ਵਿੱਚੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਕਿਸੇ ਵੀ ਤਰੀਕੇ ਪੋਰਸ ਦਾ ਇੱਕ ਯੋਧੇ ਵਜੋਂ ਵਰਣਨ ਦੇਣ ਵਿੱਚ ਸਫ਼ਲ ਨਹੀਂ ਹੁੰਦੀ। ਇਸ ਦੇ ਸਿੱਟੇ ਵਜੋਂ ਸਾਡੇ ਇਤਿਹਾਸਕਾਰਾਂ ਨੇ ਸਿਕੰਦਰ ਦੇ ਇਤਿਹਾਸਕਾਰਾਂ ਦੀਆਂ ਲਿਖਤਾਂ ਨੂੰ ਹੀ ਅਪਣਾ ਲਿਆ ਹੈ। ਜਦੋਂ ਸਿਕੰਦਰ ਦੇ ਇਤਿਹਾਸਕਾਰਾਂ ਦੀਆਂ ਲਿਖਤਾਂ ਵਿੱਚੋਂ ਹੀ ਜਾਣਕਾਰੀ ਲੈਣ ਕਾਰਨ ਸਾਡੇ ਇਤਿਹਾਸਕਾਰਾਂ ਦੀਆਂ ਲਿਖਤਾਂ ਵਿੱਚ ‘ਸਿਕੰਦਰ ਮਹਾਨ’ ਅਤੇ ‘ਵਿਸ਼ਵ-ਜੇਤੂ’  ਬਣਿਆ ਹੋਇਆ ਹੈ।
ਏਰੀਅਨ ਨਿਕੋਮਿਡੱਈਆ, ਕੁਇੰਟਸ ਕਰਟੀਅਸ, ਪਲੂਟਾਰਕ, ਡਾਇਓਡੋਰੋਸ ਅਤੇ ਜਸਟਿਨਸ ਜਾਂ ਜਸਟਿਨ ਟਰੌਂਟੀਨਸ ਜਿਹੇ ਪ੍ਰਸਿੱਧ ਇਤਿਹਾਸਕਾਰ ਸਿਕੰਦਰ ਦੇ ਸਮਕਾਲੀ ਸਨ। ਉਹ ਸਾਰੇ ਉਸ ਦੇ ਨਾਲ ਸਨ। ਉਨ੍ਹਾਂ ਦੀਆਂ ਮੌਲਿਕ ਲਿਖਤਾਂ ਤਾਂ ਅੱਜ-ਕੱਲ੍ਹ ਉਪਲੱਬਧ ਨਹੀਂ ਪਰ ਉਨ੍ਹਾਂ ਦੀਆਂ ਲਿਖਤਾਂ ਦੇ ਹਵਾਲੇ ਡਬਲਿਊ.ਐੱਮ.ਕਰਿੰਡਲ ਨੇ ਆਪਣੀ ਪੁਸਤਕ ਵਿੱਚ ਉਲਥਾ ਕੇ ਦਿੱਤੇ ਹਨ। ਇਨ੍ਹਾਂ ਇਤਿਹਾਸਕਾਰਾਂ ਬਾਰੇ ਪ੍ਰੋ. ਫਰੀਮੈਨ ਨੇ ਆਪਣੀ ਪੁਸਤਕ ਵਿੱਚ ਲਿਖਿਆ ਹੈ: ‘ਅਸਲ ਵਿੱਚ ਇਨ੍ਹਾਂ ਨੂੰ ਇਤਿਹਾਸਕਾਰ ਕਹਿਣਾ ਹੀ ਠੀਕ ਨਹੀਂ ਜਾਪਦਾ। ਇਹ ਲੇਖਕ ਸਾਡੀ ਸਮਝ ਤੋਂ ਬਾਹਰ ਹਨ। ਇਨ੍ਹਾਂ ਨੇ ਕੁਝ ਕਥਾ-ਕਹਾਣੀਆਂ ਲਿਖ ਕੇ ਸਦਾਚਾਰਕ ਸਿੱਟੇ ਕੱਢੇ ਹਨ। ਇਹ ਕਮਜ਼ੋਰ ਜਿਹੀਆਂ ਅਤੇ ਸੰਖੇਪ ਰਚਨਾਵਾਂ ਪੇਸ਼ ਕਰਦੇ ਹਨ। ਇਹ ਸਾਰੇ ਹੀ, ਖ਼ਾਸ ਕਰਕੇ ਜਸਟਿਨਸ (ਜਸਟਿਨ), ਕਲਪਿਤ ਕਹਾਣੀਆਂ ਲਿਖਣ ਵਾਲਿਆਂ ਤੋਂ ਵੱਧ ਕੁਝ ਨਹੀਂ ਹਨ। ਇਨ੍ਹਾਂ ਨੇ ਜਾਣ-ਬੁੱਝ ਕੇ ਸੱਚਾਈ ਨੂੰ ਛੱਡਿਆ ਹੈ। ਸਿਰਫ਼ ਏਰੀਅਨ ਨੇ ਹੀ ਕੁਝ ਸੂਝ-ਬੂਝ ਨਾਲ ਲਿਖਿਆ ਹੈ ਪਰ ਇਹ ਵੀ ਕਈ ਥਾਈਂ ਸਿਕੰਦਰ ਦੀਆਂ ਕਮਜ਼ੋਰੀਆਂ ਉੱਪਰ ਪਰਦਾ ਪਾ ਜਾਂਦਾ ਹੈ’। ਇੱਕ ਹੋਰ ਆਧੁਨਿਕ ਇਤਿਹਾਸਕਾਰ ਪ੍ਰੋਫ਼ੈਸਰ ਤਰਨ ਆਪਣੀ ਪੁਸਤਕ ਵਿੱਚ ਇਸ ਗੱਲ ਦੀ ਪੁਸ਼ਟੀ ਕਰਦਾ ਹੈ।
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਬੁੱਧ ਪਰਕਾਸ਼ ਨੇ ਇਨ੍ਹਾਂ ਸਾਰੇ ਯੂਨਾਨੀ ਇਤਿਹਾਸਕਾਰਾਂ ਬਾਰੇ ਲਿਖਿਆ ਕਿ ‘‘ਜਦੋਂ ਦੋ ਧਿਰਾਂ ਲਡ਼ਦੀਆਂ ਹਨ ਤਾਂ ਸਭ ਤੋਂ ਪਹਿਲੀ ਮੌਤ ਸੱਚਾਈ ਦੀ ਹੁੰਦੀ ਹੈ। ਦੋਵਾਂ ਧਿਰਾਂ ਵੱਲੋਂ ਲਡ਼ਾਈ ਬਾਰੇ ਦਿੱਤੀਆਂ ਖ਼ਬਰਾਂ ਉਨ੍ਹਾਂ ਦੇ ਆਪੋ-ਆਪਣੇ ਪੱਖਪਾਤੀ ਖਿਆਲਾਂ ਦੇ ਰੰਗ ਵਿੱਚ ਰੰਗੀਆਂ ਹੁੰਦੀਆਂ ਹਨ। ਉਹ ਦੋਵੇਂ ਦੂਜੀ ਧਿਰ ਨੂੰ ਛੁਟਿਆ ਕੇ ਆਪੋ-ਆਪਣੇ ਬਲਵਾਨ ਤੱਤਾਂ ਉÎੱਤੇ ਜ਼ੋਰ ਦਿੰਦੀਆਂ ਹਨ। ਇਸ ਦੇ ਬਾਵਜੂਦ ਝੂਠ ਦੇ ਹਨੇਰੇ ਵਿੱਚ ਹਮੇਸ਼ਾਂ ਕੋਈ ਘਾਟ ਰਹਿ ਜਾਂਦੀ ਹੈ ਜਿਸ ਵਿੱਚੋਂ ਸੱਚ ਦੀ ਰੋਸ਼ਨੀ ਦੀ ਕੋਈ ਕਿਰਨ ਬਾਹਰ ਨਿਕਲ ਹੀ ਆਉਂਦੀ ਹੈ ਅਤੇ ਅਸਲ ਘਟਨਾ ਬਾਰੇ ਇਸ਼ਾਰਾ ਕਰ ਜਾਂਦੀ ਹੈ। ਯੂਨਾਨੀਆਂ ਦੇ ਲਿਖੇ ਹੋਏ ਬਿਰਤਾਤਾਂ ਦੀ ਹੂ-ਬ-ਹੂ ਇਹੀ ਹਾਲਤ ਹੈ। ਉਹ ਇੱਕ-ਦੂਜੇ ਦੇ ਉਲਟ ਵੀ ਹਨ ਅਤੇ ਸਵੈ-ਵਿਰੋਧੀ, ਬੇਮੇਲ ਅਤੇ ਅਢੁੱਕਵੇਂ ਵੀ ਹਨ। ਇਹ ਤੱਥ ਇਸ ਗੱਲ ਦਾ ਲਖਾਇਕ ਹੈ ਕਿ ਉਨ੍ਹਾਂ ਵਿੱਚ ਕਿਤੇ ਨਾ ਕਿਤੇ ਕੋਈ ਉਕਾਈ ਹੈ ਜਿਹਡ਼ੀ ਉਨ੍ਹਾਂ ਵਿੱਚ ਇਕਸਾਰਤਾ ਨਹੀਂ ਆਉਣ ਦਿੰਦੀ। ਦਸਤਾਵੇਜ਼ਾਂ ਨੂੰ ਘੋਖ ਕੇ ਪਤਾ ਲੱਗਦਾ ਹੈ ਕਿ ਅਸਲ ਵਿੱਚ ਜਿਹਲਮ ਦੀ ਲਡ਼ਾਈ ਬਰਾਬਰ ਦੀ ਰਹੀ ਸੀ ਤੇ ਇਸ ਦੇ ਨਤੀਜੇ ਵਜੋਂ ਸਿਕੰਦਰ ਤੇ ਪੋਰਸ ਵਿਚਕਾਰ ਸੁਲ੍ਹਾ ਹੋ ਗਈ ਸੀ। ਇੱਕ-ਦੂਜੇ ਦੇ ਵੈਰੀ ਬਣੇ ਰਹਿਣ ਦੀ ਥਾਂ ਉਹ ਪੰਜਾਬ ਦੇ ਕਬੀਲਿਆਂ ਤੇ ਰਿਆਸਤਾਂ ਨੂੰ ਅਧੀਨ ਕਰਨ ਦੇ ਕਾਰਜ ਨੂੰ ਪੂਰਾ ਕਰਨ ਖ਼ਾਤਰ ਮਿੱਤਰ ਬਣ ਗਏ ਸਨ।’’ ਇਸ ਲਈ ਪੰਜਾਬ ਦੇ ਪਹਿਲੇ ਬਾਦਸ਼ਾਹ ਪੋਰਸ ਦਾ ਇਤਿਹਾਸ ਅਹਿਮ ਹੈ। ਪੋਰਸ ਦਾ ਸਮਾਂ ਅੰਦਾਜ਼ਨ 335 ਪੂ.ਈ. ਤੋਂ ਲੈ ਕੇ 325 ਪੂ.ਈ. ਤੱਕ ਦਾ ਸੀ। ਪੋਰਸ ਦੇ ਸਮੇਂ ਪੰਜਾਬ ਦੀ ਧਰਤੀ ’ਤੇ ਜੱਟ ਕਬੀਲਿਆਂ ਦਾ ਬੋਲਬਾਲਾ ਸੀ। ਪੋਰਸ ਸਭ ਤੋਂ ਵੱਡੇ ਜੱਟ ਕਬੀਲੇ ‘ਮਦਰਾਂ’ ਦਾ ਸਰਦਾਰ ਸੀ। ਮਦਰਾਂ ਦੇ ਨਾਲ ਨਾਲ ਮਾਲਵ ਅਤੇ ਸਾਲਵ ਨਾਂ ਦੇ ਦੋ ਹੋਰ ਵੱਡੇ ਜੱਟ ਕਬੀਲੇ ਸਨ। ਮਾਲਵਾਂ ਨੇ ਮਾਲਵੇ ਵਿੱਚ ਸਰਦਾਰੀ ਕਾਇਮ ਕਰ ਲਈ ਸੀ ਅਤੇ ਸਾਲਵਾਂ ਨੇ ਸਿਆਲਕੋਟ ਨੂੰ ਕੇਂਦਰ ਮੰਨ ਕੇ ਆਪਣੀ ਸਰਦਾਰੀ ਕਾਇਮ ਕੀਤੀ ਹੋਈ ਸੀ। ਮਦਰਾਂ ਨੇ ਪੋਰਸ ਦੀ ਅਗਵਾਈ ਹੇਠ ਚੱਜ ਅਤੇ ਰਚਨਾ ਦੁਆਬ ਵਿੱਚ ਆਪਣਾ ਰਾਜ ਸਥਾਪਤ ਕਰ ਲਿਆ ਸੀ।
ਮਦਰ ਕਬੀਲਾ ਜਿਹਲਮ ਅਤੇ ਰਾਵੀ ਦੇ ਵਿਚਕਾਰਲੇ ਦੁਆਬਾਂ ਵਿੱਚ ਫੈਲਿਆ ਹੋਇਆ ਸੀ। ਰਾਵੀ ਤੋਂ ਉਰ੍ਹਾਂ ਬਿਆਸ, ਸਤਲੁਜ ਅਤੇ ਘੱਗਰ-ਸਰਸਵਤੀ ਤਕ ਮਾਲਵ ਕਬੀਲਾ ਪਸਰਿਆ ਹੋਇਆ ਸੀ। ਜੱਟਾਂ ਦੇ ਅਜੋਕੇ ਅਨੇਕਾਂ ਗੋਤ ਇਨ੍ਹਾਂ ਵਿੱਚੋਂ ਹੀ ਪੈਦਾ ਹੋਏ ਹਨ। ਇਨ੍ਹਾਂ ਇਲਾਕਿਆਂ ਵਿੱਚ ਹੋਰ ਛੋਟੇ-ਮੋਟੇ ਕਬੀਲੇ ਵੀ ਵਸੇ ਹੋਏ ਸਨ ਪਰ ਦਬਦਬਾ ਮਦਰ, ਸਾਲਵ ਅਤੇ ਮਾਲਵ ਕਬੀਲਿਆਂ ਦਾ ਹੀ ਸੀ। ਮਦਰ ਕਬੀਲੇ ਦੇ ਸਰਦਾਰ ਪੋਰਸ ਦੇ ਮਨ ਵਿੱਚ ਪੰਜਾਬ ਵਿਚਲੇ ਸਾਰੇ ਜੱਟ ਕਬੀਲਿਆਂ ਨੂੰ ਇਕੱਠਾ ਕਰਕੇ ਸ਼ਕਤੀਸ਼ਾਲੀ ਬਾਦਸ਼ਾਹਤ ਕਾਇਮ ਕਰਨ ਦੀ ਇੱਛਾ ਸੀ। ਉਸ ਦੀ ਸਭ ਤੋਂ ਵੱਡੀ ਸਮੱਸਿਆ ਉਸ ਦੇ ਗੁਆਂਢ ਵਿੱਚ ਆਰੀਆ ਕਬੀਲਿਆਂ ਦੀਆਂ ਰਿਆਸਤਾਂ ਸਨ। ਇਨ੍ਹਾਂ ਵਿੱਚ ਤਕਸ਼ਿਲਾ ਦੀ ਰਿਆਸਤ ਦਾ ਮੁਖੀ ਰਾਜਾ ਅੰਭੀ ਸੀ। ਉਸ ਦਾ ਰਾਜ ਸਿੰਧ ਅਤੇ ਜਿਹਲਮ ਦੇ ਵਿਚਕਾਰਲੇ ਦੁਆਬ (ਸਿੰਧ-ਸਾਗਰ) ਵਿੱਚ ਸੀ। ਉਸ ਦੀ ਰਾਜਧਾਨੀ ਤਕਸ਼ਿਲਾ ਸੀ। ਇਸ ਸਮੇਂ ਦਾ ਵਿਦਵਾਨ ਚਾਣਕਯ (ਕੌਟਲਿਆ) ਉਸ ਦੀ ਮਦਦ ’ਤੇ ਸੀ। ਚਾਣਕਯ ਦਾ ਸ਼ਾਗਿਰਦ ਚੰਦਰ ਗੁਪਤ ਡਾਕੇ ਜਾਂ ਧਾਡ਼ਾਂ ਮਾਰਨ ਵਾਲੇ ਇੱਕ ਟੋਲੇ ਦਾ ਸਰਦਾਰ ਸੀ। ਚਾਣਕਯ ਅਤੇ ਚੰਦਰ ਗੁਪਤ ਨੂੰ ਆਪਣੇ ਠਹਿਰਾਅ ਲਈ ਅੰਭੀ ਦੀ ਰਿਆਸਤ ਮਿਲ ਗਈ। ਉਨ੍ਹਾਂ ਨੇ ਅੰਭੀ ਨੂੰ ਪੋਰਸ ਦੇ ਖ਼ਿਲਾਫ਼ ਉਭਾਰਨਾ ਸ਼ੂਰੁ ਕਰ ਦਿੱਤਾ। ਘੱਗਰ-ਸਰਸਵਤੀ ਪਾਰ ਦੇ ਆਰੀਆ ਕਬੀਲੇ ਵੀ ਅੰਭੀ ਦੀ ਮਦਦ ’ਤੇ ਸਨ। ਪੋਰਸ ਇਕੱਲਾ ਹੀ ਸ਼ਕਤੀਸ਼ਾਲੀ ਬਾਦਸ਼ਾਹ ਦੇ ਰੂਪ ਵਿੱਚ ਉੱਭਰ ਰਿਹਾ ਸੀ। ਪੋਰਸ ਦੇ ਇਸ ਉਭਾਰ ਤੋਂ ਅੰਭੀ, ਚਾਣਕਯ ਅਤੇ ਚੰਦਰ ਗੁਪਤ ਖਾਰ ਖਾਂਦੇ ਸਨ ਪਰ ਪੋਰਸ ਦਾ ਉਭਾਰ ਹਕੀਕਤ ਸੀ।
ਪ੍ਰੋ. ਬੁੱਧ ਪ੍ਰਕਾਸ਼ ਨੇ ਪੋਰਸ ਦੇ ਉਭਾਰ ਨੂੰ ਇਉਂ ਬਿਆਨ ਕੀਤਾ ਹੈ: ‘‘ਸਿਕੰਦਰ ਦੇ ਹਮਲੇ ਤੋਂ ਪਹਿਲਾਂ ਪੋਰਸ ਪੱਛਮੀ ਪੰਜਾਬ ਦਾ ਸਭ ਤੋਂ ਵਧੇਰੇ ਬਲਵਾਨ ਬਾਦਸ਼ਾਹ ਸੀ। ਹੋਰ ਸਾਰੀਆਂ ਮਹੱਤਵਪੂਰਨ ਰਿਆਸਤਾਂ ਤੇ ਰਜਵਾਡ਼ਿਆਂ ਦੀ ਕਿਸਮਤ ਉਸ ਦੀਆਂ ਨੀਤੀਆਂ ਨਾਲ ਜੁਡ਼ੀ ਹੋਈ ਸੀ। ਅੰਭੀ ਦੀ ਘਬਰਾਹਟ ਦਾ ਕਾਰਨ ਵੀ ਪੋਰਸ ਦੀ ਸ਼ਕਤੀ ਦੇ ਉਭਾਰ ਤੇ ਵਿਸਥਾਰ ਅਤੇ ਉਸ ਦੀ ਚਡ਼੍ਹਦੀ ਕਲਾ ਵਿੱਚੋਂ ਲੱਭਿਆ ਤੇ ਸਮਝਿਆ ਜਾ ਸਕਦਾ ਹੈ। ਡਾਇਓਡੋਰੋਸ ਲਿਖਦਾ ਹੈ ਕਿ ਪੋਰਸ ਦੀ ਫ਼ੌਜ ਵਿੱਚ ਪੰਜਾਹ ਹਜ਼ਾਰ ਪਿਆਦੇ, ਤੀਹ ਹਜ਼ਾਰ ਘੋਡ਼ ਸਵਾਰ, ਇੱਕ ਹਜ਼ਾਰ ਤੋਂ ਵੱਧ ਰੱਥ ਅਤੇ ਇੱਕ ਸੌ ਤੀਹ ਹਾਥੀ ਸਨ। ਫ਼ੌਜ ਦੀ ਇੰਨੀ ਭਾਰੀ ਗਿਣਤੀ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਵਿੱਤੀ ਵਸੀਲੇ ਬਹੁਤ ਵਿਸ਼ਾਲ ਹੋਣਗੇ। ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਇੰਨੀ ਵਿਸ਼ਾਲ ਫ਼ੌਜ ਇਕੱਲੇ ਪੋਰਸ ਦੀ ਕਮਾਨ ਹੇਠ ਸੀ। ਇਸ ਤੋਂ ਪਤਾ ਲਗਦਾ ਹੈ ਕਿ ਉਸ ਸਮੇਂ ਦੇ ਰਾਜਨੀਤਕ ਵਿਚਾਰਾਂ ਦੇ ਨਵੇਂ ਝੁਕਾਵਾਂ ਅਧੀਨ ਪੋਰਸ ਨੇ ਆਪਣੇ ਰਾਜ-ਪ੍ਰਬੰਧ ਵਿੱਚ ਉੱਚੇ ਪੱਧਰ ’ਤੇ ਕੇਂਦਰੀਕਰਣ ਕਰ ਲਿਆ ਸੀ। ਉਸ ਨੇ ਬਡ਼ੇ ਪ੍ਰਭਾਵਸ਼ਾਲੀ ਢੰਗ ਨਾਲ ਪੱਛਮੀ ਪੰਜਾਬ ਦੇ ਕੁਝ ਭਾਗਾਂ ਦੀਆਂ ਫ਼ੌਜੀ ਜੁੰਡਲੀਆਂ ਨੂੰ ਇੱਕ ਲਡ਼ੀ ਵਿੱਚ ਪਰੋ ਕੇ ਫੌਲਾਦੀ ਜੰਗੀ ਢਾਂਚਾ ਤਿਆਰ ਕਰ ਲਿਆ ਸੀ ਜਿਸ ਵਿੱਚ ਹਮਲਾ ਕਰਨ ਦੀ ਪ੍ਰਬਲ ਸ਼ਕਤੀ ਸੀ। ਇਸੇ ਕਾਰਨ ਵਿਦੇਸ਼ੀ ਬਾਦਸ਼ਾਹ ਵੀ ਉਸ ਦੀ ਸ਼ਕਤੀ ਨੂੰ ਮੰਨਦੇ ਤੇ ਉਸ ਦੀ ਕਦਰ ਕਰਦੇ ਸਨ। ਲੋਡ਼ ਵੇਲੇ ਉਸ ਦੀ ਮਿੱਤਰਤਾ ਤੇ ਸਹਾਇਤਾ ’ਤੇ ਵੀ ਭਰੋਸਾ ਰੱਖਦੇ ਸਨ।
ਸਾਡੇ ਇਤਿਹਾਸਕਾਰਾਂ ਨੇ ਪੋਰਸ ਨੂੰ ਕਈ ਕਾਰਨਾਂ ਕਰਕੇ ਅਣਗੌਲਿਆ ਹੀ ਰੱਖਿਆ ਹੈ। ਪੋਰਸ ਪੰਜਾਬ ਦਾ ਐਸਾ ਤਾਕਤਵਰ ਬਾਦਸ਼ਾਹ ਸੀ ਜਿਸ ਨੇ ਸਿੰਧ ਦਰਿਆ ਨੂੰ ਪਾਰ ਕਰਕੇ ਸਮੁੱਚੇ ਕੇਂਦਰੀ ਏਸ਼ੀਆ ਨੂੰ ਫ਼ਤਿਹ ਕਰਨ ਦੀ ਯੋਜਨਾ ਬਣਾਈ ਹੋਈ ਸੀ। ਪੋਰਸ ਪਹਿਲਾਂ ਸਿੰਧ ਪਾਰ ਕਰਕੇ ਸਿਕੰਦਰ ਨੂੰ ਉਸ ਦੀ ਆਪਣੀ ਧਰਤੀ ’ਤੇ ਹੀ ਟੱਕਰ ਦੇਣੀ ਚਾਹੁੰਦਾ ਸੀ ਪਰ ਸਾਡੇ ਦੇਸ਼ ਦਾ ਦਿਮਾਗ਼ ਸਮਝੇ ਜਾਂਦੇ ਚਾਣਕਯ ਵਰਗੇ ਵਿਅਕਤੀ, ਪੋਰਸ ਵਿਰੁੱਧ ਸਿਕੰਦਰ ਨੂੰ ਮਿਲਣ ਦੀਆਂ ਵਿਉਂਤਾਂ ਬਣਾ ਰਹੇ ਸਨ।
ਮੌਰੀਆ ਖਾਨਦਾਨ ਦੇ ਮੋਢੀ ਅਤੇ ਭਾਰਤ ਦਾ ਸਿਰਜਕ ਸਮਝੇ ਜਾਂਦੇ ਚੰਦਰ ਗੁਪਤ ਨੇ ਚਾਣਕਯ ਦੀ ਸਲਾਹ ਨਾਲ ਅੰਭੀ ਅਤੇ ਸਿਕੰਦਰ ਦਾ ਸਾਥ ਦਿੱਤਾ ਸੀ। ਇਨ੍ਹਾਂ ਸਭ ਨੇ ਪੋਰਸ ਨੂੰ ਘੇਰੀ ਰੱਖਣ ਦੀ ਯੋਜਨਾ ਬਣਾਈ ਹੋਈ ਸੀ। ਸਿਕੰਦਰ ਮਈ 326 ਪੂ.ਈ. ਵਿੱਚ ਜਿਹਲਮ ’ਤੇ ਪਹੁੰਚਿਆ। ਪੋਰਸ ਦੀ ਫ਼ੌਜ ਜਿਹਲਮ ਦੇ ਪਰਲੇ ਕੰਢੇ ਐਸੀ ਮਜ਼ਬੂਤ ਸਥਿਤੀ ਅਨੁਸਾਰ ਖਡ਼੍ਹੀ ਸੀ ਕਿ ਸਿਕੰਦਰ ਸਾਹਮਣੇ ਮੱਥੇ ਦਰਿਆ ਪਾਰ ਕਰਨ ਦਾ ਹੌਂਸਲਾ ਨਹੀਂ ਕਰ ਸਕਿਆ। ਪੋਰਸ ਉੱਚੀ ਆਵਾਜ਼ ਵਿੱਚ ਲਲਕਾਰ ਕੇ ਸਿਕੰਦਰ ਨੂੰ ਕਹਿ ਰਿਹਾ ਸੀ, ‘‘ਐ ਸਿਕੰਦਰ, ਜੇ ਤੂੰ ਆਪਣੇ-ਆਪ ਨੂੰ ਬਲਵਾਨ ਸਮਝਦਾ ਹੈ ਤਾਂ ਜਿਹਲਮ ਪਾਰ ਕਰਕੇ ਦਿਖਾ।’’ ਸਿਕੰਦਰ ਮਈ ਤੋਂ ਲੈ ਕੇ ਜੁਲਾਈ ਤੱਕ ਲਗਾਤਾਰ ਦੋ-ਢਾਈ ਮਹੀਨੇ ਉਸੇ ਡੇਰੇ ਵਿੱਚ ਬੈਠਾ ਰਿਹਾ। ਸਿਕੰਦਰ ਨੇ ਪੋਰਸ ਨੂੰ ਧੋਖਾ ਦੇ ਕੇ ਅਸਲੀ ਥਾਂ ਤੋਂ ਤਕਰੀਬਨ ਚਾਲੀ ਕਿਲੋਮੀਟਰ ਦੂਰ ਜਾ ਕੇ ਜਿਹਲਮ ਪਾਰ ਕੀਤਾ। ਉੱਥੇ ਪੋਰਸ ਦੇ ਪੁੱਤਰ ਸੰਘਰ ਨੇ ਉਸ ਦਾ ਮੁਕਾਬਲਾ ਕੀਤਾ। ਸੰਘਰ ਆਪਣੀਆਂ ਫ਼ੌਜਾਂ ਨੂੰ ਮੋਰਚੇਬੰਦ ਕਰਕੇ ਆਪਣੇ ਪਿਤਾ ਵੱਲ ਸੁਨੇਹਾ ਭੇਜ ਕੇ ਆਪ ਇਕਦਮ ਸਿਕੰਦਰ ਉਪਰ ਟੁੱਟ ਪਿਆ। ਪੋਰਸ ਦੇ ਪੁੱਤਰ ਕੋਲ 120 ਰੱਥ ਅਤੇ 2000 ਪੈਦਲ ਸਿਪਾਹੀ ਅਤੇ ਪੰਜ ਸੌ ਘੋਡ਼-ਸਵਾਰ ਸਨ। ਉਸ ਨੇ ਇੰਨੀ ਤੇਜ਼ੀ ਨਾਲ ਸਿਕੰਦਰ ’ਤੇ ਹਮਲਾ ਕੀਤਾ ਕਿ ਸਿਕੰਦਰ ਨੂੰ ਭੱਜ ਕੇ ਜਾਨ ਬਚਾਉਣੀ ਪਈ ਪਰ ਉਹ ਬਹੁਤ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਸਭ ਤੋਂ ਪਿਆਰਾ ਅਤੇ ਵਧੀਆ ਘੋਡ਼ਾ ਬੁਕੇਫੱਲਸ ਮਾਰਿਆ ਗਿਆ। ਯੂਨਾਨੀ ਲੇਖਕ ਕਰਟੀਅਸ ਲਿਖਦਾ ਹੈ: ‘‘ਸਿਕੰਦਰ ਝਟਪਟ ਲਡ਼ਾਈ ਵਿੱਚ ਸ਼ਾਮਲ ਹੋ ਗਿਆ ਪਰ ਉਸ ਦਾ ਘੋਡ਼ਾ ਪਹਿਲੇ ਹੱਲੇ ਵਿੱਚ ਹੀ ਜ਼ਖ਼ਮੀ ਹੋ ਗਿਆ ਅਤੇ ਉਹ ਸਿਰ-ਪਰਨੇ ਧਰਤੀ ਉੱਤੇ ਜਾ ਡਿੱਗਿਆ। ਅੰਗ ਰੱਖਿਅਕਾਂ ਨੇ ਫੁਰਤੀ ਨਾਲ ਕੋਲ ਪਹੁੰਚ ਕੇ ਸਿਕੰਦਰ ਨੂੰ ਬਚਾ ਲਿਆ ਸੀ।’’ ਪੋਰਸ ਦੇ ਪੁੱਤਰ ਦੀ ਬਾਜ਼ ਜਿਹੀ ਝਪਟ ਦੇਖ ਕੇ ਸਿਕੰਦਰ ਸੋਚਾਂ ਵਿੱਚ ਪੈ ਗਿਆ ਸੀ ਕਿ ਜਦੋਂ ਖ਼ੁਦ ਪੋਰਸ ਲਡ਼ਾਈ ਵਿੱਚ ਉਤਰੇਗਾ ਤਾਂ ਕੀ ਹਾਲ ਹੋਵੇਗਾ?
ਉਧਰ ਜਦੋਂ ਪੋਰਸ ਨੂੰ ਸੁਨੇਹਾ ਮਿਲਿਆ ਤਾਂ ਉਹ ਹੈਰਾਨ ਪਰੇਸ਼ਾਨ ਹੋ ਗਿਆ। ਉਹ ਤਾਂ ਸਮਝਦਾ ਸੀ ਕਿ ਸਿਕੰਦਰ ਉਸ ਦੇ ਸਾਹਮਣੇ ਹੈ। ਫਿਰ ਵੀ ਉਹ ਪੂਰੀ ਤੇਜ਼ੀ ਨਾਲ ਆਪਣੇ ਪੁੱਤਰ ਨਾਲ ਰਲਣ ਲਈ ਉਧਰ ਨੂੰ ਰਵਾਨਾ ਹੋ ਗਿਆ। ਸੰਘਰ ਅਤੇ ਸਿਕੰਦਰ ਵਿਚਕਾਰ ਐਸਾ ਘਮਸਾਨ ਯੁੱਧ ਹੋਇਆ ਕਿ ਦੋਵੇਂ ਧਿਰਾਂ ਨੂੰ ਹੀ ਆਪਣੀਆਂ-ਆਪਣੀਆਂ ਮੁੱਖ ਫ਼ੌਜਾਂ ਉਡੀਕਣ ਦੀ ਵਿਹਲ ਨਹੀਂ ਮਿਲੀ। ਪੋਰਸ ਦੇ ਪਹੁੰਚਣ ਤੱਕ ਉਸ ਦਾ ਪੁੱਤਰ ਲਡ਼ਦਾ ਹੋਇਆ ਮਾਰਿਆ ਗਿਆ ਸੀ। ਪੋਰਸ ਨੇ ਆਉਂਦਿਆਂ ਹੀ ਸਿਕੰਦਰ ਉਪਰ ਹਮਲਾ ਕਰ ਦਿੱਤਾ। ਬਡ਼ੀ ਘਮਸਾਨ ਦੀ ਲਡ਼ਾਈ ਹੋਣ ਲੱਗੀ। ਮਸਤ ਹਾਥੀਆਂ ਨੇ ਭਿਅੰਕਰ ਆਵਾਜ਼ਾਂ ਕੱਢ-ਕੱਢ ਕੇ ਯੂਨਾਨੀ ਘੋਡ਼ਿਆਂ ਅਤੇ ਸਿਪਾਹੀਆਂ ਨੂੰ ਆਪਣੇ ਸੁੰਡਾਂ ਨਾਲ ਉਲਟਾ ਦਿੱਤਾ ਸੀ। ਯੂਨਾਨੀ ਇਤਿਹਾਸਕਾਰ ਕਰਟੀਅਸ ਲਿਖਦਾ ਹੈ, ‘‘ਰੱਥਵਾਨਾਂ ਨੇ ਆਪਣੇ ਰੱਥ ਪੂਰੀ ਰਫ਼ਤਾਰ ਨਾਲ ਲਡ਼ਾਈ ਵਿੱਚ ਝੋਂਕ ਦਿੱਤੇ। ਉਨ੍ਹਾਂ ਦਾ ਖਿਆਲ ਸੀ ਕਿ ਇਸ ਤਰ੍ਹਾਂ ਉਹ ਵਧੀਆ ਢੰਗ ਨਾਲ ਆਪਣੇ ਸਾਥੀਆਂ ਦੀ ਮਦਦ ਕਰ ਸਕਣਗੇ। ਇਸ ਨਾਲ ਸਭ ਪਾਸੇ ਲਡ਼ਾਈ ਗਰਮ ਹੋ ਗਈ। ਇਹ ਕਹਿਣਾ ਮੁਸ਼ਕਲ ਹੈ ਕਿ ਇਸ ਮੁੱਠਭੇਡ਼ ਵਿੱਚ ਬਹੁਤਾ ਨੁਕਸਾਨ ਕਿਹਡ਼ੀ ਧਿਰ ਦਾ ਹੋਇਆ। ਜੇ ਇੱਕ ਪਾਸੇ ਮਕਦੂਨੀਆਂ ਦੇ ਪਿਆਦੇ, ਜਿਨ੍ਹਾਂ ਨੂੰ ਹਮਲੇ ਦੀ ਪਹਿਲੀ ਚੋਟ ਸਹਿਣੀ ਪਈ ਸੀ, ਹਾਥੀਆਂ ਦੇ ਪੈਰਾਂ ਹੇਠ ਲਿਤਾਡ਼ੇ ਗਏ ਸਨ ਤਾਂ ਦੂਜੇ-ਪਾਸੇ ਉੱਚੀ-ਨੀਵੀਂ ਤੇ ਤਿਲਕਵੀਂ ਧਰਤੀ ’ਤੇ ਦੌਡ਼ਦੇ ਰੱਥਾਂ ਦੇ ਝਟਕਿਆਂ ਨਾਲ ਰਥਵਾਨ ਉੱਛਲ ਕੇ ਹੇਠਾਂ ਜਾ ਡਿੱਗਦੇ ਸਨ। ਕੁਝ ਘੋਡ਼ੇ ਡਰ ਕੇ ਰੱਥਾਂ ਨੂੰ ਧੂਹ ਕੇ ਨਾ ਸਿਰਫ਼ ਜਿੱਲ੍ਹਣ ਤੇ ਖੋਭੇ ਵਿੱਚ ਹੀ ਲੈ ਗਏ ਸਨ ਸਗੋਂ ਸਿਰ-ਪਰਨੇ ਦਰਿਆ ਵਿੱਚ ਜਾ ਡਿੱਗੇ ਸਨ।’’
ਇਹ ਬਿਆਨ ਸਿਕੰਦਰ ਦੀ ਆਪਣੀ ਧਿਰ ਦੇ ਇਤਿਹਾਸਕਾਰ ਦਾ ਹੈ। ਉਸ ਦਾ ਆਪਣਾ ਇਤਿਹਾਸਕਾਰ ਕਹਿ ਰਿਹਾ ਹੈ ਕਿ ਕਿਹਾ ਨਹੀਂ ਜਾ ਸਕਦਾ ਕਿ ਕਿਹਡ਼ੀ ਧਿਰ ਦਾ ਨੁਕਸਾਨ ਜ਼ਿਆਦਾ ਹੋਇਆ ਹੈ ਤੇ ਕਿਹਡ਼ੀ ਦਾ ਘੱਟ। ਇਸ ਗੱਲ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬੀ ਫ਼ੌਜ ਨੇ ਸਿਕੰਦਰ ਦੀ ਫ਼ੌਜ ਦਾ ਬੁਰਾ ਹਾਲ ਕਰ ਦਿੱਤਾ ਸੀ। ਪੋਰਸ ਆਪਣੀ ਫ਼ੌਜ ਦੀ ਤਰਤੀਬ ਕਰਕੇ ਉਸ ਥਾਂ ਆ ਗਿਆ ਜਿੱਥੇ ਧਰਤੀ ਪੱਧਰੀ ਸੀ। ਯੂਨਾਨੀ ਇਤਿਹਾਸਕਾਰ ਏਰੀਅਨ ਦੱਸਦਾ ਹੈ ਕਿ ਪੋਰਸ ਨਾਲ ਚਾਰ ਹਜ਼ਾਰ ਘੋਡ਼-ਸਵਾਰ, ਤਿੰਨ ਸੌ ਰੱਥ, 200 ਹਾਥੀ ਅਤੇ 30,000 ਪੈਦਲ ਸਿਪਾਹੀ ਸਨ। ਇਹ ਹਾਥੀ ਸਾਢੇ ਤੇਤੀ-ਤੇਤੀ ਗਜ਼ਾਂ ਦੀ ਦੂਰੀ ’ਤੇ ਖਡ਼੍ਹੇ ਕੀਤੇ ਗਏ ਸਨ। ਇਨ੍ਹਾਂ ਦੇ ਵਿਚਕਾਰ ਪੈਦਲ ਸਿਪਾਹੀ ਸਨ। ਇਸ ਤਰ੍ਹਾਂ ਪੋਰਸ ਦੀ ਫ਼ੌਜ ‘ਇੱਕ ਵਿਸ਼ਾਲ ਕਿਲ੍ਹੇ ਦੀ ਫਸੀਲ ਵਾਂਗ ਜਾਪਦੀ ਸੀ ਜਿਸ ਦੇ ਵਿਚਕਾਰ ਦੈਂਤਾ ਵਰਗੇ ਹਾਥੀ ਬੁਰਜਾਂ ਵਾਂਗ ਜਾਪਦੇ ਸਨ ਅਤੇ ਦੋਵੇਂ ਪਾਸੇ ਖਡ਼੍ਹੇ ਘੋਡ਼-ਸਵਾਰ ਅਤੇ ਰੱਥ ਮੁਨਾਰਿਆਂ ਵਾਂਗ ਜਾਪਦੇ ਸਨ।’’
ਇੱਕ ਹੋਰ ਯੂਨਾਨੀ ਇਤਿਹਾਸਕਾਰ ਕਰਟੀਅਸ ਮੁਤਾਬਕ ਪੋਰਸ ਦੀ ਫ਼ੌਜ ਦੀ ਇਹ ਦਿੱਖ ਦੇਖ ਕੇ ਇੱਕ ਵਾਰ ਤਾਂ ਮਕਦੂਨੀਆਂ ਵਾਲੇ ਠਠੰਬਰ ਗਏ ਸਨ। ‘‘ਨਾ ਸਿਰਫ਼ ਦੈਂਤਾਂ ਵਰਗੇ ਹਾਥੀਆਂ ਦੇ ਨਜ਼ਾਰੇ ਨੇ ਸਗੋਂ ਪੋਰਸ ਦੀ ਆਪਣੀ ਦਿੱਖ ਨੇ ਮਕਦੂਨੀਆਂ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਉਹ ਕੁਝ ਚਿਰ ਲਈ ਰੁਕਣ ਵਾਸਤੇ ਮਜਬੂਰ ਹੋ ਗਏ ਸਨ। ਫ਼ੌਜ ਦੀਆਂ ਕਤਾਰਾਂ ਵਿਚਕਾਰ ਥੋਡ਼੍ਹੇ-ਥੋਡ਼੍ਹੇ ਫਾਸਲੇ ’ਤੇ ਖਡ਼੍ਹੇ ਕੀਤੇ ਹਾਥੀ ਦੂਰੋਂ ਬੁਰਜਾਂ ਵਾਂਗ ਜਾਪਦੇ ਸਨ। ਪੋਰਸ ਦਾ ਆਪਣਾ ਕੱਦ ਮਨੁੱਖਾਂ ਦੇ ਮਿਆਰੀ ਕੱਦ ਨਾਲੋਂ ਬਹੁਤ ਉੱਚਾ ਸੀ। ਅੱਗੋਂ ਉਹ ਅਜਿਹੇ ਹਾਥੀ ਉੱਪਰ ਸਵਾਰ ਸੀ ਜਿਹਡ਼ਾ ਬਾਕੀ ਹਾਥੀਆਂ ਨਾਲੋਂ ਉੱਚਾ ਸੀ। ਇਸ ਲਈ ਪੋਰਸ ਹੋਰ ਸਭ ਸਿਪਾਹੀਆਂ ਨਾਲੋਂ ਆਸਾਧਾਰਨ ਤੌਰ ’ਤੇ ਬਹੁਤ ਉÎੱਚਾ ਦਿਸਦਾ ਸੀ। ਸਿਕੰਦਰ ਨੇ ਪੋਰਸ ਦੀ ਫ਼ੌਜ ’ਤੇ ਧਿਆਨ ਨਾਲ ਨਜ਼ਰ ਮਾਰਨ ਤੋਂ ਬਾਅਦ ਆਪਣੇ ਕੋਲ ਖਡ਼ੇ ਜਰਨੈਲਾਂ ਨੂੰ ਬਿਨਾਂ ਝਿਜਕ ਕਿਹਾ ਸੀ, ‘‘ਅੱਜ ਮੈਂ ਇੱਕ ਅਜਿਹਾ ਖ਼ਤਰਾ ਦੇਖ ਰਿਹਾ ਹਾਂ ਜਿਹਡ਼ਾ ਮੇਰੇ ਹੌਂਸਲੇ ਨੂੰ ਪਰਖੇਗਾ। ਅੱਜ ਦੈਤਾਂ ਵਰਗੇ ਹਾਥੀਆਂ ਅਤੇ ਮਨੁੱਖਾਂ ਨਾਲ ਇੱਕੋ ਸਮੇਂ ਹੀ ਲਡ਼ਨਾ ਹੋਵੇਗਾ।’’
ਯੂਨਾਨੀ ਇਤਿਹਾਸਕਾਰ ਜਸਟਿਨ ਲਿਖਦਾ ਹੈ ਕਿ ਪੋਰਸ ਨੇ ਸਿਕੰਦਰ ਨੂੰ ਸਾਹਮਣੇ ਖਡ਼੍ਹਾ ਦੇਖ ਕੇ ਲਲਕਾਰਿਆ ਕਿ ਲਡ਼ਾਈ ਜਿੱਤਣ ਲਈ ਫ਼ੌਜੀਆਂ ਨੂੰ ਮਰਵਾਉਣ ਦਾ ਕੀ ਫ਼ਾਇਦਾ ਹੈ? ਤੂੰ ਸਾਹਮਣੇ ਆ, ਆਪਾਂ ਦੋਵੇਂ ਲਡ਼ਦੇ ਹਾਂ, ਜਿਹਡ਼ਾ ਜਿੱਤ ਗਿਆ ਜਿੱਤ ਉਸੇ ਦੀ ਹੋਵੇਗੀ। ਪਰ ਸਿਕੰਦਰ ਨੇ ਉਸ ਦੀ ਕਿਸੇ ਲਲਕਾਰ ਦਾ ਜਵਾਬ ਨਹੀਂ ਦਿੱਤਾ ਅਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਲਡ਼ਾਈ ਦੀ ਯੂਨਾਨੀ (ਮਕਦੂਨੀ) ਅਤੇ ਪੰਜਾਬੀ ਤਕਨੀਕ ਵਿੱਚ ਬਹੁਤ ਫ਼ਰਕ ਸੀ। ਸਿਕੰਦਰ ਦੂਰ ਵਾਲੀ ਥਾਂ ’ਤੇ ਘੋਡ਼-ਸਵਾਰ ਹੋਇਆ ਇੱਕ ਸੁਰੱਖਿਅਤ ਘੇਰੇ ਵਿੱਚ ਖਡ਼੍ਹਾ ਸੀ ਜਦੋਂਕਿ ਪੋਰਸ ਆਪਣੀ ਫ਼ੌਜ ਦੇ ਬਿਲਕੁਲ ਮੂਹਰੇ ਹੋ ਕੇ ਲਡ਼ ਅਤੇ ਲਡ਼ਾ ਰਿਹਾ ਸੀ। ਬਾਕੀ ਸਾਰੇ ਹਾਥੀ ਪੋਰਸ ਦੇ ਹਾਥੀ ਨੂੰ ਆਪਣੇ ਸਾਹਮਣੇ ਦੇਖ ਕੇ ਅੱਗੇ ਵਧ ਰਹੇ ਸਨ। ਪੋਰਸ ਹੌਦੇ ਵਿੱਚ ਖਡ਼੍ਹਾ ਨੇਜ਼ੇ ਐਸੀ ਤਾਕਤ ਅਤੇ ਤੇਜ਼ੀ ਨਾਲ ਸੁੱਟ ਰਿਹਾ ਸੀ ਕਿ ਉਹ ਜਿਹਡ਼ੇ ਵੀ ਘੋਡ਼ੇ ਜਾਂ ਸਿਪਾਹੀ ਨੂੰ ਵੱਜਦਾ ਸੀ ਉਹ ਉਲਟ ਜਾਂਦਾ ਸੀ। ਪੋਰਸ ਨੂੰ ਉਸ ਦੀ ਸਾਰੀ ਫ਼ੌਜ ਦੇਖ ਰਹੀ ਸੀ। ਉਹ ਸਿਕੰਦਰ ਕੋਲ ਪਹੁੰਚ ਕੇ ਉਸ ਉੱਪਰ ਨੇਜਾ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਿਕੰਦਰ ਉਸ ਦੇ ਨੇਜੇ ਦੀ ਮਾਰ ਤੋਂ ਦੂਰ ਰਹਿ ਰਿਹਾ ਸੀ।
ਪ੍ਰੋ. ਬੁੱਧ ਪ੍ਰਕਾਸ਼ ਵੱਲੋਂ ਯੂਨਾਨੀ ਇਤਿਹਾਸਕਾਰਾਂ ਜਸਟਿਨ ਅਤੇ ਕਰਟੀਅਸ ਦੀ ਜਾਣਕਾਰੀ ਦੇ ਆਧਾਰ ’ਤੇ ਪੇਸ਼ ਕੀਤੇ ਗਏ ਦ੍ਰਿਸ਼ ਮੁਤਾਬਕ ਸਭ ਤੋਂ ਪਹਿਲਾਂ ਇੱਕ ਹਜ਼ਾਰ ਘੋਡ਼-ਸਵਾਰ ਤੀਰ ਅੰਦਾਜ਼ਾਂ ਦੇ ਦਸਤੇ ਨੇ ਪੋਰਸ ਦੀ ਖੱਬੀ ਬਾਹੀ ਉਪਰ, ਜਿਹਡ਼ੀ ਦਰਿਆ ਦੇ ਕੰਢੇ ਨੇਡ਼ੇ ਸੀ, ਇੱਕ ਡਾਹਢਾ ਮਾਰੂ ਹਮਲਾ ਕੀਤਾ। ਸਿਕੰਦਰ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪੋਰਸ ਦੀ ਫ਼ੌਜ ਦੀ ਖੱਬੀ ਬਾਹੀ ਵਿਰੁੱਧ ਬਡ਼ੀ ਫੁਰਤੀ ਨਾਲ ਅੱਗੇ ਵੱਲ ਕੂਚ ਕੀਤਾ। ਉਸ ਸਮੇਂ ਤੱਕ ਉਹ ਫ਼ੌਜੀ ਕਤਾਰਾਂ ਵਿੱਚ ਹੀ ਸਨ ਤੇ ਉਨ੍ਹਾਂ ਨੂੰ ਤਰਤੀਬ ਵਿੱਚ ਖਡ਼੍ਹਾ ਨਹੀਂ ਕੀਤਾ ਗਿਆ ਸੀ। ਸਿਕੰਦਰ ਦੇ ਜਰਨੈਲ ਕੋਇਨੌਸ ਨੇ ਵੀ ਪੂਰੇ ਜ਼ੋਰ ਨਾਲ ਆਪਣੇ ਘੋਡ਼-ਸਵਾਰਾਂ ਨੂੰ ਖੱਬੇ ਪਾਸੇ ਵੱਲ ਝੋਂਕ ਦਿੱਤਾ। ਇਨ੍ਹਾਂ ਘੋਡ਼-ਸਵਾਰਾਂ ਦੇ ਜ਼ੋਰਦਾਰ ਹਮਲੇ ਸਾਹਮਣੇ ਪੋਰਸ ਦੇ ਰੱਥ ਹਿੱਲ ਗਏ। ਉਹ ਇੰਨੇ ਭਾਰੇ ਸਨ ਕਿ ਚਿੱਕਡ਼ ਤੇ ਖੋਭੇ ਵਾਲੀ ਧਰਤੀ ਵਿੱਚ ਚੱਲਣੋਂ ਰਹਿ ਗਏ। ਇਸ ਲਈ ਪੋਰਸ ਦੇ ਘੋਡ਼-ਸਵਾਰ ਵੀ ਸੱਜੇ-ਖੱਬੇ ਪਾਸਿਉਂ ਆ ਇਕੱਠੇ ਹੋਏ ਤਾਂ ਜੋ ਆਪਣੇ ਰੱਥਾਂ ਨੂੰ ਦੁਸ਼ਮਣ ਦੇ ਹਮਲੇ ਤੋਂ ਬਚਾਅ ਸਕਣ। ਉਸੇ ਵੇਲੇ ਕੋਇਨੌਸ ਆਪਣੀ ਵਿਉਂਤ ਅਨੁਸਾਰ ਸੱਜੇ ਪਾਸੇ ਮੁਡ਼ ਗਿਆ। ਉਸ ਨੇ ਪੰਜਾਬੀ ਘੋਡ਼-ਸਵਾਰਾਂ ਉੱਪਰ ਪਿੱਛੋਂ ਦੀ ਹੋ ਕੇ ਹਮਲਾ ਕਰ ਦਿੱਤਾ। ਦੋਵਾਂ ਹਮਲਿਆਂ ਦੇ ਵਿਚਕਾਰ ਕਾਬੂ ਆ ਜਾਣ ਉੱਤੇ ਪੰਜਾਬੀ ਘੋਡ਼-ਸਵਾਰਾਂ ਨੇ ਬਡ਼ੀ ਤੇਜ਼ੀ ਨਾਲ ਆਪਣੇ-ਆਪ ਨੂੰ ਦੋ ਭਾਗਾਂ ਵਿੱਚ ਵੰਡ ਲਿਆ। ਇੱਕ ਨੇ ਸਾਹਮਣੇ ਅਤੇ ਦੂਜੇ ਨੇ ਪਿਛਲੇ ਪਾਸੇ ਦਾ ਹਮਲਾ ਰੋਕਣ ਦਾ ਯਤਨ ਕੀਤਾ। ਅਜੇ ਇਹ ਘੋਡ਼-ਸਵਾਰ ਆਪਣੀਆਂ ਕਤਾਰਾਂ ਤੇ ਥਾਵਾਂ ਬਦਲਣ ਹੀ ਲੱਗੇ ਸਨ ਕਿ ਸਿਕੰਦਰ ਨੇ ਖ਼ੁਦ ਅੱਗੋਂ ਤੇ ਕੋਇਨੌਸ ਨੇ ਪਿੱਛੋਂ ਦੀ ਜ਼ੋਰ ਪਾ ਕੇ ਉਨ੍ਹਾਂ ਦੇ ਹੋਸ਼-ਹਵਾਸ਼ ਗੁੰਮ ਕਰ ਦਿੱਤੇ।
ਇਸ ਨਾਲ ਉਨ੍ਹਾਂ ਨੂੰ ਆਪਣੇ-ਆਪ ਦੀ ਪੈ ਗਈ ਅਤੇ ਉਨ੍ਹਾਂ ਨੇ ਆਪਣੇ ਪਿਆਦਿਆਂ ਦੇ ਅੱਗੋਂ ਦੀ ਭੱਜ ਕੇ ਦੋ-ਦੋ ਹਾਥੀਆਂ ਵਿਚਕਾਰ ਛੱਡੇ ਹੋਏ ਖੱਪਿਆਂ ਵਿੱਚ ਪਨਾਹ ਲੈ ਲਈ। ਫਿਰ ਜਿੰਨੀ ਛੇਤੀ ਹੋ ਸਕਿਆ, ਉਹ ਆਪਣੀਆਂ ਪਲਟਣਾਂ ਦੀਆਂ ਵਿੱਥਾਂ ਵਿੱਚੋਂ ਲੰਘ ਕੇ ਕੁਝ ਸਮੇਂ ਲਈ ਲਡ਼ਾਈ ਤੋਂ ਬਾਹਰ ਹੋ ਗਏ।
ਯੂਨਾਨੀ ਘੋਡ਼-ਸਵਾਰਾਂ ਦੇ ਮਾਰੂ ਹਮਲੇ ਅਤੇ ਆਪਣੇ ਘੋਡ਼-ਸਵਾਰਾਂ ਦਾ ਹਾਲ ਦੇਖ ਕੇ ਪੋਰਸ ਨੇ ਆਪਣੇ ਹਾਥੀਆਂ ਨਾਲ ਉਨ੍ਹਾਂ ਉਪਰ ਬਹੁਤ ਜ਼ੋਰਦਾਰ ਹਮਲਾ ਕੀਤਾ। ਇਸ ਹਮਲੇ ਨੇ ਯੂਨਾਨੀ ਘੋਡ਼-ਸਵਾਰਾਂ ਨੂੰ ਐਸੀ ਮਾਰ ਮਾਰੀ ਕਿ ਉਨ੍ਹਾਂ ਦੇ ਹਮਲੇ ਦੇ ਅਸਰ ਨੂੰ ਬਿਲਕੁਲ ਬੇਕਾਰ ਕਰ ਦਿੱਤਾ। ਉਹ ਘੋਡ਼ਿਆਂ ਨੂੰ ਆਪਣੀਆਂ ਸੁੰਡਾਂ ਨਾਲ ਉਲਟਾ ਕੇ ਧਰਤੀ ’ਤੇ ਸੁੱਟ ਦਿੰਦੇ ਅਤੇ ਸਿਪਾਹੀਆਂ ਨੂੰ ਪੈਰਾਂ ਹੇਠਾਂ ਮਿੱਧ ਦਿੰਦੇ ਸਨ। ਇਸ ਤਰ੍ਹਾਂ ਜਦੋਂ ਮਹਾਵਤਾਂ ਨੇ ਆਪਣੇ ਹਾਥੀਆਂ ਨੂੰ ਬੁਰੀ ਤਰ੍ਹਾਂ ਭਡ਼ਕਾ ਕੇ ਯੂਨਾਨੀ ਫ਼ੌਜ ਉਪਰ ਚਾਡ਼੍ਹ ਦਿੱਤਾ ਤਾਂ ਉਨ੍ਹਾਂ ਦੀ ਓਟ ਵਿੱਚ ਪੰਜਾਬੀ ਪੈਦਲ ਸਿਪਾਹੀਆਂ ਨੇ ਹੱਲਾ ਬੋਲ ਦਿੱਤਾ। ਯੂਨਾਨੀ ਘੋਡ਼-ਸਵਾਰਾਂ ਦਾ ਬੁਰਾ ਹਾਲ ਤੱਕ ਕੇ ਸਿਕੰਦਰ ਨੇ ਆਪਣੇ ਫੈਲੈਂਕਸ ਦਸਤਿਆਂ ਨੂੰ ਅੱਗੇ ਵਧਾਇਆ ਪਰ ਇਹ ਫੈਲੈਂਕਸ ਦਸਤੇ ਵੀ ਹਾਥੀਆਂ ਦੇ ਹਮਲੇ ਨੂੰ ਪਛਾਡ਼ ਨਹੀਂ ਸਕੇ। ਪੋਰਸ ਦੇ ਹਾਥੀ ਯੂਨਾਨੀ ਸੈਨਾ ਨੂੰ ਪੈਰਾਂ ਹੇਠ ਲਿਤਾਡ਼ਦੇ ਅਤੇ ਮਾਰਦੇ ਹੋਏ ਅੱਗੇ ਵਧਦੇ ਗਏ। ਇਸ ਨਾਲ ਪੂਰੀ ਯੂਨਾਨੀ ਫ਼ੌਜ ਵਿੱਚ ਭਗਦਡ਼ ਮਚ ਗਈ। ਏਰੀਅਨ ਲਿਖਦਾ ਹੈ: ‘‘ਇਹ ਲਡ਼ਾਈ ਉਨ੍ਹਾਂ ਸਾਰੀਆਂ ਲਡ਼ਾਈਆਂ ਤੋਂ ਬਿਲਕੁਲ ਵੱਖਰੀ ਸੀ ਜਿਹਡ਼ੀਆਂ ਯੂਨਾਨੀ ਫ਼ੌਜ ਨੂੰ ਹੁਣ ਤੱਕ ਕਰਨੀਆਂ ਪਈਆਂ ਸਨ। ਇਹ ਭਾਰੇ ਭਾਰੇ ਹਾਥੀ, ਪਿਆਦਾ ਪਲਟਣਾਂ ਉੱਤੇ ਹਮਲੇ ਕਰਦੇ ਜਿੱਧਰ ਜਾਂਦੇ ਸਨ, ਮਕਦੂਨੀਆਂ ਅਤੇ ਫੈਲੈਂਕਸ ਨੂੰ ਮਿੱਧਦੇ ਤੇ ਚਿੱਥਦੇ ਹੋਏ ਲੰਘ ਜਾਂਦੇ ਸਨ ਭਾਵੇਂ ਉਹ ਕਿੰਨੀਆਂ ਵੀ ਗੁੱਥਵੀਆਂ ਕਤਾਰਾਂ ਵਿੱਚ ਹੁੰਦੇ ਸਨ।’’
ਯੂਨਾਨੀ ਇਤਿਹਾਸਕਾਰ ਕਰਟੀਅਸ ਨੇ ਇਸ ਲਡ਼ਾਈ ਦਾ ਦ੍ਰਿਸ਼ ਇਉਂ ਪੇਸ਼ ਕੀਤਾ ਹੈ: ‘‘ਇਨ੍ਹਾਂ ਹਾਥੀਆਂ ਨੇ ਸਭ ਪਾਸੇ ਭੈਅ ਦਾ ਵਾਤਾਵਰਣ ਪੈਦਾ ਕਰ ਦਿੱਤਾ ਸੀ। ਉਨ੍ਹਾਂ ਦੀਆਂ ਅਜੀਬ ਅਤੇ ਕੁਰੱਖ਼ਤ ਦਹਾਡ਼ਾਂ ਨੇ ਸਿਰਫ਼ ਘੋਡ਼ਿਆਂ ਨੂੰ ਹੀ ਨਹੀਂ ਡਰਾਇਆ ਸਗੋਂ ਸਿਪਾਹੀਆਂ ਅਤੇ ਜਰਨੈਲਾਂ ਨੂੰ ਵੀ ਭੈਅ-ਭੀਤ ਕਰ ਦਿੱਤਾ ਸੀ। ਨਤੀਜੇ ਵਜੋਂ, ਜਿਹਡ਼ੇ ਯੂਨਾਨੀ ਜੇਤੂ ਹੁੰਦੇ ਦਿਸ ਰਹੇ ਸਨ, ਉਹ ਇਨ੍ਹਾਂ ਹਾਥੀਆਂ ਦੀ ਮਾਰ ਤੋਂ ਡਰਦੇ ਲੁਕਣ ਲਈ ਥਾਵਾਂ ਲੱਭ ਰਹੇ ਸਨ। ਇਹ ਦੇਖ ਕੇ ਸਿਕੰਦਰ ਨੇ ਹਲਕੇ ਹਥਿਆਰਾਂ ਵਾਲੇ ਐਗਰੀਐਨੀਅਨਾਂ ਤੇ ਥਰੇਸ਼ੀਅਨਾਂ ਨੂੰ ਅੱਗੇ ਲਿਆਂਦਾ ਜਿਹਡ਼ੇ ਹੱਥੋ-ਹੱਥ ਦੀ ਲਡ਼ਾਈ ਵਿੱਚ ਬਹੁਤ ਮਾਹਰ ਸਨ। ਇਨ੍ਹਾਂ ਨੇ ਪੂਰੇ ਜ਼ੋਰ ਨਾਲ ਹਾਥੀਆਂ ਉੱਪਰ ਤੀਰਾਂ ਦੀ ਬੁਛਾਡ਼ ਕਰ ਦਿੱਤੀ। ਇਸ ਨਾਲ ਹਾਥੀਆਂ ਦੇ ਹਮਲੇ ਵਿੱਚ ਕੁਝ ਖਡ਼ੋਤ ਆ ਗਈ। ਤੁਰੰਤ ਹੀ ਪਿਆਦੇ ਫੈਲੈਂਕਸ ਵੀ ਅੱਗੇ ਵਧ ਗਏ ਸਨ। ਇਨ੍ਹਾਂ ਨੇ ਹਾਥੀਆਂ ਨੂੰ ਜ਼ਖ਼ਮੀ ਕਰ ਕੇ ਇਤਨਾ ਖਿਝਾ ਦਿੱਤਾ ਕਿ ਉਹ ਗੁੱਸੇ ਅਤੇ ਰੋਹ ਵਿੱਚ ਅੰਨ੍ਹੇ ਹੋਏ, ਬਿਨਾਂ ਕਿਸੇ ਤੀਰ ਅਤੇ ਜ਼ਖ਼ਮ ਦੀ ਪਰਵਾਹ ਕਰਦਿਆਂ ਉਨ੍ਹਾਂ ਉੱਪਰ ਜਾ ਚਡ਼੍ਹੇ। ਇਸ ਮਾਰ ਨੂੰ ਦੇਖ ਕੇ ਯੂਨਾਨੀਆਂ ਨੂੰ ਕੰਨ ਹੋ ਗਏ ਕਿ ਹਾਥੀਆਂ ਨੂੰ ਜ਼ਖ਼ਮੀ ਕਰਨਾ ਬਹੁਤ ਖ਼ਤਰੇ ਵਾਲੀ ਗੱਲ ਹੁੰਦੀ ਹੈ। ਇਸ ਸਮੇਂ ਸਭ ਤੋਂ ਵੱਧ ਡਰਾਉਣੀ ਝਾਕੀ ਉਹ ਹੁੰਦੀ ਸੀ ਜਦੋਂ ਹਾਥੀ, ਸਿਪਾਹੀ ਨੂੰ ਆਪਣੀ ਸੁੰਡ ਨਾਲ ਚੁੱਕ ਕੇ ਧਰਤੀ ’ਤੇ ਪਟਕਾ ਕੇ ਮਾਰਦਾ ਸੀ। ਘੋਡ਼ਿਆਂ ਨੂੰ ਉਹ ਆਪਣੇ ਲੰਮੇ ਦੰਦਾਂ ਦੇ ਹੁੱਡਾਂ ਨਾਲ ਉਲਟਾ ਸੁੱਟਦੇ ਸਨ। ਡਿੱਗੇ ਪਏ ਸਿਪਾਹੀਆਂ ਨੂੰ ਹਾਥੀ ਬਡ਼ੇ ਗੁੱਸੇ ਨਾਲ ਪੈਰਾਂ ਹੇਠ ਮਿੱਧ ਦਿੰਦੇ ਸਨ। ਇਸ ਲਈ ਸਵੇਰ ਤੋਂ ਸ਼ੁਰੂ ਹੋਈ ਲਡ਼ਾਈ ਲੌਢੇ ਪਹਿਰ ਤੱਕ ਇਸੇ ਤਰ੍ਹਾਂ ਚੱਲ ਰਹੀ ਸੀ ਅਤੇ ਨਿਸ਼ਚੇ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਸੀ ਕਿ ਜਿੱਤ ਕਿਸ ਦੀ ਹੋਵੇਗੀ। ਮਕਦੂਨੀਆਂ ਵਾਲੇ ਕਦੇ ਹਾਥੀਆਂ ਪਿੱਛੇ ਭੱਜਦੇ ਤੇ ਕਦੇ ਉਨ੍ਹਾਂ ਤੋਂ ਡਰਦੇ ਪਰ੍ਹੇ ਨੂੰ ਭੱਜਦੇ। ਲੌਢੇ ਪਹਿਰ ਤੀਕ ਇਹ ਲਡ਼ਾਈ ਇਸੇ ਤਰ੍ਹਾਂ ਚੱਲ ਰਹੀ ਸੀ।’’
ਲਡ਼ਾਈ ਦਾ ਇਹ ਸਾਰਾ ਬਿਰਤਾਂਤ ਯੂਨਾਨੀ ਇਤਿਹਾਸਕਾਰਾਂ ਦੀਆਂ ਲਿਖਤਾਂ ਮੁਤਾਬਕ ਹੈ। ਇਸ ਬਿਰਤਾਂਤ ਵਿੱਚ ਪੋਰਸ ਦਾ ਹੀ ਪਲਡ਼ਾ ਭਾਰੀ ਰਹਿੰਦਾ ਹੈ। ਇਸ ਬਿਰਤਾਂਤ ਵਿੱਚ ਜ਼ਿਆਦਾ ਵੇਰਵਾ ਪੋਰਸ ਦਾ ਹੀ ਹੈ। ਸਿਕੰਦਰ ਦਾ ਵੇਰਵਾ ਇਸ ਤੋਂ ਘੱਟ ਹੈ। ਜੇ ਸਿੰਕਦਰ ਦੇ ਆਪਣੇ ਇਤਿਹਾਸਕਾਰ ਹੀ ਇਸ ਤਰ੍ਹਾਂ ਦਾ ਵੇਰਵਾ ਦੇ ਰਹੇ ਹਨ ਤਾਂ ਸਮਝਣਾ ਚਾਹੀਦਾ ਹੈ ਕਿ ਅਸਲ ਗੱਲ ਇਸ ਤੋਂ ਵੀ ਜ਼ਿਆਦਾ ਹੋਣੀ ਹੈ। ਦੁਸ਼ਮਣ ਕਦੇ ਵੀ ਆਪਣੇ ਵਿਰੋਧੀ ਦੀ ਬਹਾਦਰੀ ਦਾ ਵੇਰਵਾ ਛੇਤੀ ਕੀਤਿਆਂ ਵਧਾ ਕੇ ਨਹੀਂ ਦਿੰਦਾ। ਇਹ ਵੇਰਵਾ ਉਹ ਤਾਂ ਹੀ ਦੇਵੇਗਾ ਜੇ ਦੁਸ਼ਮਣ ਦੀ ਬਹਾਦਰੀ ਹੱਦੋਂ ਵੱਧ ਹੋਵੇਗੀ। ਜੇ ਇਹ ਵੇਰਵੇ ਕਿਸੇ ਪੰਜਾਬੀ ਜਾਂ ਹਿੰਦੁਸਤਾਨੀ ਦੇ ਦਿੱਤੇ ਹੁੰਦੇ ਤਾਂ ਵੀ ਸਮਝਿਆ ਜਾ ਸਕਦਾ ਸੀ ਕਿ ਇਨ੍ਹਾਂ ਵਿੱਚ ਕੁਝ ਪੱਖਪਾਤ ਹੋਵੇਗਾ। ਪਰ ਪੰਜਾਬੀ ਅਤੇ ਹਿੰਦੁਸਤਾਨੀ ਵੇਰਵੇ ਤਾਂ ਹਨ ਹੀ ਨਹੀਂ। ਇੱਕ ਇਰਾਨੀ ਬਿਰਤਾਂਤ ਫਿਰਦੌਸੀ ਦਾ ਹੈ। ਉਸ ਵਿੱਚ ਵੀ ਪੋਰਸ ਦੀ ਬਹਾਦਰੀ ਹੀ ਸਾਹਮਣੇ ਆਉਂਦੀ ਹੈ। ਇਹ ਸਭ ਕੁਝ ਹੋਣ ਦੇ ਬਾਵਜੂਦ ਯੂਨਾਨੀ ਇਤਿਹਾਸਕਾਰਾਂ ਨੇ ਅਖੀਰ ਵਿੱਚ ਇਕਦਮ ਸਿਕੰਦਰ ਨੂੰ ਜਿੱਤਿਆ ਅਤੇ ਪੋਰਸ ਨੂੰ ਹਾਰਿਆ ਹੋਇਆ ਦਿਖਾ ਦਿੱਤਾ।
ਪ੍ਰੋ. ਬੁੱਧ ਪਰਕਾਸ਼ ਨੇ ਸਪਸ਼ਟ ਰੂਪ ਵਿੱਚ ਲਿਖਿਆ ਹੈ ਕਿ ਸਿਕੰਦਰ ਦੇ ਇਤਿਹਾਸਕਾਰਾਂ ਨੇ ਸਿਕੰਦਰ ਦੇ ਨੁਕਸਾਨ ਅਤੇ ਕਮਜ਼ੋਰੀਆਂ ਬਾਰੇ ਜਾਣ-ਬੁੱਝ ਕੇ ਪਰਦਾ ਪਾਇਆ ਅਤੇ ਇਨ੍ਹਾਂ ਨੂੰ ਘਟਾ ਕੇ ਦੱਸਿਆ ਹੈ। ਇਹ ਉਨ੍ਹਾਂ ਦਾ ਫ਼ਰਜ਼ ਵੀ ਸੀ। ਪਰ ਅਸਲੀਅਤ ਤਾਂ ਅਸਲੀਅਤ ਹੀ ਰਹਿੰਦੀ ਹੈ ਜਿਹਡ਼ੀ ਆਪਣੇ ਆਪ ਸਾਹਮਣੇ ਆ ਜਾਂਦੀ ਹੈ। ਪ੍ਰੋ. ਬੁੱਧ ਪਰਕਾਸ਼ ਨੇ ਈਥੋਪੀਆਈ ਲਿਖਤਾਂ ਅਤੇ ਲਡ਼ਾਈ ਦੇ ਸਿੱਟਿਆਂ ਦੇ ਆਧਾਰ ’ਤੇ ਇਹ ਨਤੀਜਾ ਕੱਢਿਆ ਹੈ ਕਿ ਸਿਕੰਦਰ ਨੇ ਜਦੋਂ ਦੇਖਿਆ ਕਿ ਉਹ ਪੋਰਸ ਤੋਂ ਜਿੱਤ ਨਹੀਂ ਸਕਦਾ ਅਤੇ ਜਦੋਂ ਦੋਵੇਂ ਬਾਦਸ਼ਾਹ ਧਰਤੀ ’ਤੇ ਇੱਕ-ਦੂਜੇ ਦੇ ਸਾਹਮਣੇ ਆਪਣੇ-ਆਪਣੇ ਮਰੇ ਹੋਏ ਜਾਨਵਰਾਂ ਪਾਸ ਖਡ਼੍ਹੇ ਇੱਕ-ਦੂਜੇ ਨੂੰ ਦੇਖ ਰਹੇ ਸਨ ਤਾਂ ਸਿਕੰਦਰ ਨੇ ਪਹਿਲ ਕਰਦਿਆਂ ਕਿਹਾ, ‘‘ਪੋਰਸ ਮੈਂ ਤੇਰਾ ਦੋਸਤ ਹਾਂ। ਆ, ਆਪਾਂ ਰਲ ਕੇ ਇੱਕ ਨਵਾਂ ਇਤਿਹਾਸ ਸਿਰਜੀਏ।’’ ਇੱਥੋਂ ਹੀ ਲਡ਼ਾਈ ਦੇ ਸਿੱਟਿਆਂ ਦਾ ਪਤਾ ਲੱਗਦਾ ਹੈ।
ਪ੍ਰੋ. ਬੁੱਧ ਪਰਕਾਸ਼ ਨੇ ਇਸ ਲਡ਼ਾਈ ਵਿੱਚ ਪੰਜਾਬ ਦੀ ਜਿੱਤ ਹੋਈ ਲਿਖਿਆ ਹੈ। ਉਸ ਨੇ ਆਪਣੀ ਕਿਤਾਬ ਦਾ ਦਸਵਾਂ ਕਾਂਡ ਇਸੇ ਸਿਰਲੇਖ ‘ਪੰਜਾਬ ਦੀ ਜਿੱਤ’ ਹੇਠ ਦਿੱਤਾ ਹੈ। ਉਹ ਲਿਖਦਾ ਹੈ ਕਿ ਲਡ਼ਾਈ ਵਿੱਚ ਪੰਜਾਬ ਦੀ ਜਿੱਤ ਹੋਈ। ਜਿਹਡ਼ਾ ਪੋਰਸ ਲਡ਼ਾਈ ਤੋਂ ਪਹਿਲਾਂ ਪੰਜਾਬ ਦੇ ਸਿਰਫ਼ ਦੋ ਦੁਆਬਿਆਂ, ਚੱਜ ਅਤੇ ਰਚਨਾ ਦੁਆਬ ਦਾ ਹੀ ਮਾਲਕ ਸੀ ਉਹੀ ਪੋਰਸ ਲਡ਼ਾਈ ਤੋਂ ਬਾਅਦ ਸਾਰੇ ਪੰਜਾਬ ਅਰਥਾਤ ਪੰਜਾਬ ਦੇ ਪੰਜੇ ਦੁਆਬਿਆਂ ਦਾ ਮਾਲਕ ਬਣ ਗਿਆ। ਇਹ ਤੱਥ ਸਪੱਸ਼ਟ ਰੂਪ ਵਿੱਚ ਇਸ ਗੱਲ ਨੂੰ ਸਾਹਮਣੇ ਲਿਆਉਂਦਾ ਹੈ ਕਿ ਪੋਰਸ ਦੀ ਜਿੱਤ ਹੋਈ ਸੀ ਭਾਵੇਂ ਜੰਗ ਦੇ ਮੈਦਾਨ ਵਿੱਚ ਦੋਵਾਂ ਧਿਰਾਂ ਦੀ ਮਿੱਤਰਤਾ ਹੋ ਗਈ ਸੀ। ਅਤੇ ਇਸ ਜਿੱਤ ਦਾ ਸਿੱਟਾ ਪੋਰਸ ਦੀ ਤਾਕਤ ਅਤੇ ਬਾਦਸ਼ਾਹਤ ਦੇ ਵਾਧੇ ਵਿੱਚ ਨਿਕਲਿਆ ਸੀ। ਇਹ ਗੱਲ ਇਸ ਤੱਥ ਦੇ ਬਾਵਜੂਦ ਹੋਈ ਸੀ ਕਿ ਪੋਰਸ ਦੇ ਦੁਸ਼ਮਣ ਅੰਭੀ, ਚਾਣਕਯ ਅਤੇ ਚੰਦਰ ਗੁਪਤ, ਸਿਕੰਦਰ ਦੇ ਨਾਲ ਸਨ। ਜਦੋਂ ਸਿਕੰਦਰ ਅਤੇ ਪੋਰਸ ਨੇ ਦੋਸਤੀ ਪਾ ਕੇ ਲਡ਼ਾਈ ਬੰਦੀ ਦਾ ਐਲਾਨ ਕੀਤਾ ਤਾਂ ਇਹ ਤਿੰਨੇ ਸਿਕੰਦਰ ਦੀ ਫ਼ੌਜ ਵਿੱਚੋਂ ਖਿਸਕ ਗਏ ਸਨ। ਸਿਕੰਦਰ ਅਤੇ ਪੋਰਸ ਇਕੱਠੇ ਦੋਸਤੀ ਦੇ ਸ਼ਗਨ ਮਨਾਉਂਦੇ ਹੋਏ ਪੋਰਸ ਦੀ ਰਾਜਧਾਨੀ ਮਦਰਕੋਟ ਪਹੁੰਚ ਗਏ ਸਨ।   (ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ  ਧੰਨਵਾਦ ਸਹਿਤ)
 
ਡਾ. ਸੁਖਦਿਆਲ ਸਿੰਘ
* ਮੋਬਾਈਲ: 98158-80539

No comments: