Thursday, June 21, 2012

ਐਸਜੀਪੀਸੀ ਵੱਲੋਂ ਅਹਿਮ ਇਸ਼ਾਰਾ

ਕਾਰ ਸੇਵਾ ਤਸੱਲੀਬਖ਼ਸ਼ ਨਾ ਪਾਏ ਜਾਣ ’ਤੇ ਸੇਵਾ ਲਈ ਜਾਵੇਗੀ ਵਾਪਸ
ਪਟਿਆਲਾ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ
ਇਸੇ ਖਬਰ ਨੂੰ ਜਗ ਬਾਣੀ  ਦੇ ਅੰਦਾਜ਼ ਵਿੱਚ ਵੀ ਦੇਖੋ 
ਰਵੇਲ ਸਿੰਘ ਭਿੰਡਰ
ਪਟਿਆਲਾ, 20 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਦੀਆਂ ਇਮਾਰਤਾਂ ਆਦਿ ਦੀ ਉਸਾਰੀ ਕਾਰ ਸੇਵਾ ਰਾਹੀਂ ਕਰਵਾਉਣ ਦੇ ਕੀਤੇ ਗਏ ਫੈਸਲਿਆਂ ’ਤੇ ਜਿਥੇ ਮੁਡ਼ ਨਜ਼ਰਸਾਨੀ ਕਰੇਗੀ, ਉਥੇ ਜਿਹਡ਼ੇ ਕਾਰ ਸੇਵਾ ਵਾਲੇ ਬਾਬਿਆਂ ਦਾ ਕੰਮ ਤਸੱਲੀਬਖ਼ਸ਼ ਨਹੀਂ, ਉਨ੍ਹਾਂ ਤੋਂ ਕਾਰ ਸੇਵਾ ਵਾਪਸ ਲੈ ਲੈਣ ਦਾ ਵੀ ਫੈਸਲਾ ਲਿਆ ਗਿਆ। ਇਸੇ ਦੌਰਾਨ ਅਗਾਂਹ ਤੋਂ ਜੋ ਵੀ ਸ਼੍ਰੋਮਣੀ ਕਮੇਟੀ ਮੁਲਾਜ਼ਮ ਪਤਿਤ ਹਾਲਤ ’ਚ ਪਾਇਆ ਗਿਆ, ਉਸ ਦੀ ਤੁਰੰਤ ਛੁੱਟੀ ਕਰ ਦਿੱਤੀ ਜਾਵੇਗੀ। ਇਹ ਸਖ਼ਤ ਫੈਸਲੇ ਇਥੇ ਗੁਰਦੁਆਰਾ ਸ੍ਰੀ ਦੁੂਖ ਨਿਵਾਰਨ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕਡ਼ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਬੈਠਕ ਦੌਰਾਨ ਲਏ ਗਏ।
ਇਸ ਬੈਠਕ ਵਿੱਚ ਸ਼੍ਰੋਮਣੀ ਕਮੇਟੀ ਦੇ ਟਰੱਸਟਾਂ ਤੇ ਅਮਲਾ ਸ਼ਾਖਾ ਦੀਆਂ 45, ਸੈਕਸ਼ਨ (87) ਦੇ 41 ਅਤੇ ਸੈਕਸ਼ਨ (85) ਦੇ ਗੁਰਦੁਆਰਿਆਂ ਨਾਲ ਸਬੰਧਤ 135 ਮਸਲਿਆਂ ਦਾ ਸਰਲੀਕਰਨ ਵੀ ਕੀਤਾ ਗਿਆ। ਅੰਤ੍ਰਿੰਗ ਕਮੇਟੀ ਦੀ ਇਸ ਬੈਠਕ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰੂ ਘਰਾਂ ਦੀਆਂ ਇਮਾਰਤਾਂ ਆਦਿ ਦੀ ਉਸਾਰੀ ਕਾਰ ਸੇਵਾ ਰਾਹੀਂ ਕਰਵਾਉਣ ਦੇ ਕੀਤੇ ਗਏ ਫੈਸਲਿਆਂ ’ਤੇ ਮੁਡ਼ ਵਿਚਾਰ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਜਿਸ ਵਿੱਚ ਕਰਨੈਲ ਸਿੰਘ ਪੰਜੋਲੀ, ਗੁਰਬਚਨ ਸਿੰਘ ਕਰਮੂੰਵਾਲ, ਦਿਆਲ ਸਿੰਘ ਕੋਲਿਆਂਵਾਲੀ ਤੇ ਮੋਹਣ ਸਿੰਘ ਬੰਗੀ ਸ਼ਾਮਲ ਕੀਤੇ ਗਏ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕਡ਼ ਨੇ ਬੈਠਕ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਤ੍ਰਿੰਗ ਕਮੇਟੀ ਦੇ ਫੈਸਲਿਆਂ ’ਤੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਉਜੈਨ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਦਿੱਤੇ ਜਾਣ ਦਾ ਨਿਰਣਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਪ੍ਰਤੀ ਸਕਰੀਨਿੰਗ ਕਮੇਟੀ ਵੀ ਬਣਾਈ ਜਾਵੇਗੀ ਜਿਸ ਦੇ ਘੇਰੇ ਤਹਿਤ ਜੋ ਮੁਲਾਜ਼ਮ ਪਤਿਤ ਪਾਏ ਜਾਣਗੇ ਉਹਨਾਂ ਦੀ ਛੁੱਟੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅਤੇ ਰਿਹਾਇਸ਼ ਵਿੱਚ ਰਹਿਣ ਵਾਲੇ ਮੁਲਾਜ਼ਮ ਦੇ ਪਰਿਵਾਰ ਦਾ ਕੋਈ ਵੀ ਜੀਅ ਪਤਿਤ ਹੋਇਆ ਤਾਂ ਉਸ ਦੀ ਵੀ ਛੁੱਟੀ ਲਾਜ਼ਮੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅੰਤ੍ਰਿੰਗ ਕਮੇਟੀ ਨੇ ਇਹ ਵੀ ਫੈਸਲਾ ਲਿਆ ਕਿ ਜਿਹਡ਼ੇ ਮੁਲਾਜ਼ਮ ਜਾਂ ਮੈਂਬਰਾਂ ਦੇ ਖੂਨ ਦੇ ਰਿਸ਼ਤੇਦਾਰ ਪੰਜ ਸਾਲ ਦਰਮਿਆਨ ਸ਼੍ਰੋਮਣੀ ਕਮੇਟੀ ਵਿੱਚ ਭਰਤੀ ਹੋਏ ਹਨ ਉਨ੍ਹਾਂ ਬਾਰੇ ਵੀ ਘੋਖ ਪਡ਼ਤਾਲ ਹੋਵੇਗੀ। ਉਨ੍ਹਾਂ ਨੇਕ ਨੀਤੀ ਨਾਲ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਹੌਸਲਾ ਅਫਜ਼ਾਈ ਤਹਿਤ ਤਰੱਕੀਆਂ ਵੀ ਕੀਤੀਆਂ।
ਇਸ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਕੇਵਲ ਸਿੰਘ , ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਤੇ ਅੰਤ੍ਰਿੰਗ ਮੈਂਬਰਾਨ ਸਰਵਸ੍ਰੀ  ਸੁਰਜੀਤ ਸਿੰਘ ਗਡ਼ੀ, ਕਰਨੈਲ ਸਿੰਘ ਪੰਜੋਲੀ, ਰਾਮਪਾਲ ਸਿੰਘ ਬਹਿਣੀਵਾਲ, ਰਜਿੰਦਰ ਸਿੰਘ ਮਹਿਤਾ, ਪਰਮਜੀਤ ਸਿੰਘ ਸਰੋਆ ਤੇ ਸੁਖਦੇਵ ਸਿੰਘ ਭੂਰਾਕੋਹਨਾ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕਡ਼ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ 1984 ਦੀ ਬਣ ਰਹੀ ਯਾਦਗਾਰ ਬਾਰੇ ਪੁੱਛੇ ਸਵਾਲ ’ਚ ਕਿਹਾ ਕਿ ਕੌਮਾਂ ਆਪਣੇ ਸ਼ਹੀਦਾਂ ਦੀਆਂ ਯਾਦਗਾਰਾਂ ਉਸਾਰਦੀਆਂ ਆਈਆਂ ਹਨ, ਸਿੱਖ ਕੌਮ ਦਾ ਇਹ ਬਹੁਤ ਡੂੰਘਾ ਤੇ ਰਿਸਦਾ ਜ਼ਖ਼ਮ ਹੈ। ਇਸ ਵਿੱਚ ਅਨੇਕਾਂ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦਗਾਰ ਗੁਰਦੁਆਰਾ ਸਾਹਿਬ ਦੇ ਰੂਪ ’ਚ ਬਣਾਈ ਜਾ ਰਹੀ ਹੈ ਜਿਸ ’ਤੇ ਕਿਸੇ ਨੂੰ ਵੀ ਕਿੰਤੂ ਨਹੀਂ  ਹੋਣਾ ਚਾਹੀਦਾ।
(ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)

No comments: