Wednesday, June 20, 2012

ਅੱਜਕਲ ਟਿਕਾਓ ਨਹੀਂ ਹਿਲਾਓ ਵਾਲੇ ਗੀਤ ਚੱਲਦੇ ਹਨ

ਪਾਲੀ ਦੇਤਵਾਲੀਆ ਨਾਲ ਇੱਕ ਖਾਸ ਮੁਲਾਕਾਤ     
ਪਾਲੀ ਦੇਤਵਾਲੀਆ ਪੰਜਾਬ ਦਾ ਪ੍ਰਸਿੱਧ ਗਾਇਕ ਅਤੇ ਗੀਤਕਾਰ ਹੈ, ਜਿਸ ਨੇ ਸੱਭਿਆਚਾਰ ਨੂੰ ਆਪਣੀ ਗਾਇਕੀ ਵਿਚ ਸੰਭਾਲ ਕੇ ਰੱਖਿਆ ਹੈ। ਬੀਤੇ ਦਿਨੀਂ ਪਾਲੀ ਦੇਤਵਾਲੀਆ 'ਜਗ ਬਾਣੀ' ਦੇ ਸਟੂਡੀਓ 'ਚ ਆਏ ਤੇ ਉਨ੍ਹਾਂ  ਨੇ ਸਾਡੇ ਨਾਲ ਆਪਣੀ ਗਾਇਕੀ ਤੇ ਗੀਤਕਾਰੀ ਦੇ  ਸੰਬੰਧ ਵਿਚ ਗੱਲਬਾਤ ਕੀਤੀ।
ਪਾਲੀ ਦੇਤਵਾਲੀਆ ਨੇ ਦੱਸਿਆ ਕਿ ਉਸ ਨੇ ਅਜੇ ਦਸਵੀਂ ਜਮਾਤ ਪਾਸ ਹੀ ਕੀਤੀ ਸੀ ਜਦੋਂ ਗਾਇਕ ਸੁਰਿੰਦਰ ਛਿੰਦਾ, ਸੋਨੀਆ ਅਤੇ ਗੁਲਸ਼ਨ ਨੇ ਉਸ ਵਲੋਂ ਲਿਖੇ ਹੋਏ ਗੀਤ ਗਾਏ। ਉਸ ਨੇ ਗਾਇਕਾ ਸਿਮਰਨ ਸਿੰਮੀ ਨਾਲ ਐਲਬਮ 'ਮੇਰਾ ਪਿੰਡ' 'ਚ ਡਿਊਟ ਵੀ ਕੀਤਾ।
ਸੱਭਿਆਚਾਰ ਤੋਂ ਆਪਣਾ ਭਾਵ ਦੱਸਦਿਆਂ ਪਾਲੀ ਨੇ ਕਿਹਾ ਕਿ ਸਿਰਫ ਪੁਰਾਣੇ ਗੀਤ ਹੀ ਸੱਭਿਆਚਾਰ ਵਿਚ ਨਹੀਂ ਆਉਂਦੇ, ਸਗੋਂ ਆਪਣੇ ਮਾਂ-ਬਾਪ ਅਤੇ ਬਜ਼ੁਰਗਾਂ ਦੀ ਸੇਵਾ ਕਰਨ ਨੂੰ ਵੀ ਸੱਭਿਆਚਾਰ ਕਹਿੰਦੇ ਹਨ।
ਔਰਤ ਦੀ ਸਮਾਜ ਵਿਚ ਦਰਜੇ ਦੀ ਗੱਲ ਕਰਦਿਆਂ ਪਾਲੀ ਦੇਤਵਾਲੀਆ ਨੇ ਕਿਹਾ ਕਿ ਅੱਜ ਤੋਂ ਲੰਮਾ ਸਮਾਂ ਪਹਿਲਾਂ ਮਰਦ ਔਰਤਾਂ ਨੂੰ ਆਪਣੀ ਪੈਰ ਦੀ ਜੁੱਤੀ ਸਮਝਦੇ ਸਨ। ਉਨ੍ਹਾਂ ਅਨੁਸਾਰ ਅੱਜ ਔਰਤਾਂ ਸਮਾਜ ਵਿਚ ਮਰਦਾਂ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਹਰ ਕੰਮ ਕਰਦੀਆਂ ਹਨ।
ਲੱਚਰ  ਗਾਇਕੀ ਦੀ ਗੱਲ ਕਰਦਿਆਂ ਪਾਲੀ ਦੇਤਵਾਲੀਆ ਨੇ ਕਿਹਾ ਕਿ ਅਸ਼ਲੀਲ ਗਾਇਕੀ ਇਕ ਨਾ ਇਕ ਦਿਨ ਸਾਨੂੰ ਢਾਅ ਲਾਵੇਗੀ। ਉਨ੍ਹਾਂ ਕਿਹਾ ਕਿ ਲੱਚਰ ਗੀਤ ਗਾਉਣ ਵਾਲਿਆਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ, ਸਖਤੀ ਵਰਤਣ ਦੀ ਗੱਲ ਤਾਂ ਬਾਅਦ ਵਿਚ ਆਉਂਦੀ ਹੈ।
ਪਾਲੀ ਦੇਤਵਾਲੀਆ ਨੇ ਪਹਿਲਾਂ ਗੀਤ ਲਿਖਣੇ ਸ਼ੁਰੂ ਕੀਤੇ ਸਨ, ਪਿੱਛੋਂ ਉਹ ਗਾਇਕੀ ਵੱਲ ਆ ਗਏ। ਪਾਲੀ  ਨੇ ਕਿਹਾ ਕਿ ਸੱਭਿਆਚਾਰ ਵਿਚ ਆਪਸੀ ਰਿਸ਼ਤਿਆਂ ਦੀ ਗੱਲ ਕਰਦੇ ਹਾਂ। ਚਾਚੇ, ਤਾਏ ਜਾਂ ਬਾਪ ਨੇ ਝਿਡ਼ਕਣਾ ਤਾਂ ਬੱਚੇ ਸਮਝ ਜਾਂਦੇ ਸਨ, ਅੱਜ ਸਾਡੇ ਸੱਭਿਆਚਾਰ ਵਿਚ ਅਜਿਹੀ ਕੋਈ ਗੱਲ ਨਹੀਂ। ਔਰਤਾਂ ਦੇ ਕਮਜ਼ੋਰ ਪੱਖ ਨੂੰ ਪਾਲੀ ਦੇਤਵਾਲੀਆ ਨੇ ਆਪਣੇ ਗੀਤਾਂ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਇਸੇ ਲਈ ਉਸਦੇ ਗੀਤ ਪਰਿਵਾਰ ਵਿਚ ਬੈਠ ਕੇ ਸੁਣੇ ਜਾ ਸਕਦੇ ਹਨ ਅਤੇ ਪਸੰਦ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਲਾਕਾਰ ਦੀ ਗੱਲ ਛੇਤੀ ਸੁਣੀ ਜਾਂਦੀ ਹੈ, ਜੇ ਉਹ ਚੰਗਾ ਗਾਏਗਾ ਤਾਂ ਸਮਾਜ 'ਤੇ ਚੰਗਾ ਅਸਰ ਪਏਗਾ।
ਜਦੋਂ ਪਾਲੀ ਨੂੰ ਪੁੱਛਿਆ ਗਿਆ ਕਿ ਅੱਜ ਦੇ ਗੀਤ ਦੇਖਣ ਵਾਲੇ ਬਣ ਗਏ ਹਨ ਤਾਂ ਉਸ ਨੇ ਕਿਹਾ ਕਿ ਵੀਡੀਓ ਗੀਤਾਂ ਦੇ ਠੀਕ ਬਣਨੇ ਚਾਹੀਦੇ ਹਨ। ਤਰੱਕੀ ਉਹ ਕਰਨੀ ਚਾਹੀਦੀ ਹੈ ਜਿਸ ਨਾਲ ਸਾਡਾ ਸੱਭਿਆਚਾਰ ਕਾਇਮ ਰਹੇ।
ਅਜੋਕੀ ਗਾਇਕੀ ਬਾਰੇ ਪਾਲੀ ਨੇ ਕਿਹਾ ਕਿ ਅੱਜ ਅੰਨ੍ਹੀ ਨੂੰ ਬੋਲਾ ਘਡ਼ੀਸ ਰਿਹਾ ਹੈ। ਚੰਗੇ ਕਲਾਕਾਰ ਵੀ ਹਨ ਜੋ ਚੰਗਾ ਗਾ ਰਹੇ ਹਨ। ਸਰੋਤਿਆਂ ਦਾ ਵੀ ਇਸ ਵਿਚ ਕਸੂਰ ਹੈ, ਉਨ੍ਹਾਂ ਨੂੰ ਵੀ ਸੁਣਨ ਲਈ ਚੰਗੀ ਗਾਇਕੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਸ ਦਾ ਕਹਿਣਾ ਹੈ ਕਿ ਅੱਜ ਹਿਲਾਓ ਵਾਲੇ ਗੀਤ ਜ਼ਿਆਦਾ ਚਲਦੇ ਹਨ ਤੇ ਟਿਕਾਓ ਵਾਲੇ ਗੀਤ ਬਡ਼ੇ ਘੱਟ ਹਨ।
ਪਾਲੀ ਨੇ ਦੂਰਦਰਸ਼ਨ ਦਾ ਵੀ ਧੰਨਵਾਦ ਕੀਤਾ ਕਿ ਦੂਰਦਰਸ਼ਨ ਨੇ ਉਸ ਦੇ ਗੀਤਾਂ ਨੂੰ ਪ੍ਰਮੋਟ ਕੀਤਾ।

(ਰੋਜ਼ਾਨਾ  ਜਗ ਬਾਣੀ ਚੋਂ  ਸਹਿਤ)

No comments: