Saturday, June 16, 2012

ਪ੍ਰਣਬ ਮੁਖਰਜੀ ਨੂੰ ਉਮੀਦਵਾਰ ਐਲਾਨਣਾ ਦੇਸ਼ ਲਈ ਮੰਦਭਾਗਾ

ਪ੍ਰੋ: ਚੰਦੂਮਾਜਰਾ ਵਲੋਂ ਯੂ.ਪੀ.ਏ. ਦੀ ਤਿੱਖੀ ਆਲੋਚਨਾ
ਦੇਸ਼ ਚ ਮਹਿੰਗਾਈ ਤੇ ਮੰਦਹਾਲੀ ਦੇ ਦੌਰ ਲਈ ਵਿੱਤ ਮੰਤਰੀ ਜ਼ਿੰਮੇਵਾਰ

ਚੰਡੀਗੜ੍ਹ, 15 ਜੂਨ:(ਬਿਊਰੋ ਰਿਪੋਰਟ): ਯੂਪੀਏ ਵਲੋਂ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਐਲਾਨਣਾ ਦੇਸ਼ ਲਈ ਬਹੁਤ ਹੀ ਮੰਦਭਾਗੀ ਗੱਲ ਹੈ। ਰਾਸ਼ਟਰਪਤੀ ਦਾ ਅਹੁਦਾ ਸਰਵਉਚ ਤੇ ਪ੍ਰਮਾਣਿਤ ਸਤਿਕਾਰਯੋਗ ਹੈ। ਇਸ ਅਹੁਦੇ ਉਤੇ ਵਿਵਾਦਗ੍ਰਸਤ ਵਿਅਕਤੀ ਨੂੰ ਬਿਠਾਉਣਾ ਦੇਸ਼ ਦੇ ਹਿੱਤ ਵਿਚ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ।

ਸੀਨੀਅਰ ਅਕਾਲੀ ਨੇਤਾ ਨੇ ਯੂਪੀਏ ਵਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਪ੍ਰਣਬ ਮੁਖਰਜੀ ਨੂੰ ਉਮੀਦਵਾਰ ਬਣਾਏ ਜਾਣ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਲੋਕ ਸਭਾ ਵਿਚ ਪ੍ਰਣਬ ਮੁਖਰਜੀ ਨੇ ਵਿੱਤ ਮੰਤਰੀ ਵਜੋਂ ਬਿਆਨ ਦਿੱਤਾ ਸੀ ਕਿ ਤੇਲ ਦੀਆਂ ਕੀਮਤਾਂ ਨੂੰ ਡੀ‑ਕੰਟਰੋਲ ਕਰਨ ਨਾਲ ਤੇਲ ਦੀਆਂ ਕੀਮਤਾਂ ਵਿਚ ਮੁੜ ਵਾਧਾ ਨਹੀਂ ਕੀਤਾ ਜਾਵੇਗਾ ਪ੍ਰੰਤੂ ਇਸ ਦੇ ਬਾਵਜੂਦ ਵੀ ਉਨ੍ਹਾਂ ਤੇਲ ਕੰਪਨੀਆਂ ਨੂੰ ਤੇਲ ਕੀਮਤਾਂ ਵਿਚ ਵਾਧਾ ਕਰਨ ਦੀ ਖੁੱਲ੍ਹ ਦਿੱਤੀ ਜਿਸ ਨਾਲ ਦੇਸ਼ ਵਿਚ ਮਹਿੰਗਾਈ ਵਧੀ ਅਤੇ ਆਮ ਆਦਮੀ ਉਤੇ ਭਾਰੀ ਬੋਝ ਪਿਆ। ਵਿੱਤ ਮੰਤਰੀ ਨੇ ਜਿੱਥੇ ਤੇਲ ਕੰਪਨੀਆਂ ਨੂੰ ਮਨਮਰਜ਼ੀ ਕਰਨ ਦੀ ਖੁੱਲ੍ਹ ਦਿੱਤੀ ਉਨ੍ਹਾਂ ਦੇ ਥਾਪੜੇ ਸਦਕਾ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਹੋਇਆ। ਇੱਥੇ ਹੀ ਬੱਸ ਨਹੀਂ ਪ੍ਰਣਬ ਮੁਖਰਜੀ ਨੇ ਖਾਦ ਕੀਮਤਾਂ ਉਤੋਂ ਸਰਕਾਰ ਦਾ ਕੰਟਰੋਲ ਖ਼ਤਮ ਕਰਕੇ ਤੇ ਡੀ ਕੰਟਰੋਲ ਕਰਕੇ ਖਾਦ ਕੰਪਨੀਆਂ ਦੇ ਹੱਥੋਂ ਕਿਸਾਨਾਂ ਦੀ ਭਾਰੀ ਲੁੱਟ ਕਰਵਾਈ। ਫਰਟੀਲਾਈਜ਼ਰ ਖਾਦ ਦੀਆਂ ਕੀਮਤਾਂ ਅਸਮਾਨੀ ਚੜ੍ਹਣ ਨਾਲ ਦੇਸ਼ ਦੀ ਕਿਸਾਨੀ ਨੂੰ ਭਾਰੀ ਧੱਕਾ ਲੱਗਿਆ ਹੈ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇੱਥੇ ਹੀ ਬੱਸ ਨੇ ਪ੍ਰਣਬ ਮੁਖਰਜੀ ਨੇ ਦੇਸ਼ ਨੂੰ ਮੰਦਹਾਲੀ ਅਤੇ ਮਹਿੰਗਾਈ ਦੀ ਦਲਦਲ ਵਿਚ ਡੋਬਣ ਦੀ ਕੋਈ ਕਸਰ ਨਹੀਂ ਛੱਡੀ। ਇੱਥੋਂ ਤੱਕ ਕਿ ਕਾਲੇ ਧੰਨ ਨੂੰ ਵਿਦੇਸ਼ਾਂ ਦੀਆਂ ਬੈਂਕਾਂ ਵਿਚੋਂ ਵਾਪਸ ਮੰਗਵਾਉਣ ਦੇ ਰਾਹ ਵਿਚ ਵੀ ਅੜਿੱਕੇ ਢਾਹੇ। ਦੇਸ਼ ਦਾ ਵਿੱਤ ਮੰਤਰੀ ਹੁੰਦਿਆਂ ਵੀ ਉਹ ਵਿਦੇਸ਼ਾਂ ਵਿਚੋਂ ਦੇਸ਼ ਦੇ ਕਾਲੇ ਧੰਨ ਨੂੰ ਵਾਪਸ ਲਿਆਉਣ ਲਈ ਖੁਦ ਤਿਆਰ ਨਾ ਹੋਏ ਅਤੇ ਨਾ ਹੀ ਕੋਈ ਠੋਸ ਕਾਰਵਾਈ ਕੀਤੀ। ਸਗੋਂ ਅਦਾਲਤਾਂ ਦੇ ਜ਼ੋਰ ਪਾਉਣ ਦੇ ਬਾਵਜੂਦ ਵੀ ਕਾਲੇ ਧੰਨ ਦੇ ਮਾਲਕਾਂ ਦੇ ਨਾਮ ਜੱਗ ਜ਼ਾਹਿਰ ਨਹੀਂ ਕੀਤੇ।

ਅਕਾਲੀ ਨੇਤਾ ਨੇ ਕਿਹਾ ਕਿ ਇਹ ਵੀ ਸੱਚ ਹੈ ਕਿ ਐਮਰਜੈਂਸੀ ਸਮੇਂ ਇੰਦਰਾ ਗਾਂਧੀ ਦੀ ਸੱਜੀ ਬਾਂਹ ਬਣ ਕੇ ਲੋਕਰਾਜੀ ਤੇ ਮਨੁੱਖੀ ਹਿੱਤਾਂ ਦਾ ਘਾਣ ਕਰਨ ਲਈ ਵੀ ਪ੍ਰਣਬ ਮੁਖਰਜੀ ਨੇ ਅਹਿਮ ਭੂਮਿਕਾ ਨਿਭਾਈ। ਇਸ ਲਈ ਇਕ ਵਿਵਾਦਮਈ ਵਿਅਕਤੀ ਨੂੰ ਦੇਸ਼ ਦੇ ਪਵਿੱਤਰ ਤੇ ਸਰਵਉਚ ਅਹੁਦੇ ਉਤੇ ਬਿਠਾਉਣਾ ਜਿੱਥੇ ਬੜਾ ਹੀ ਮੰਦਭਾਗਾ ਫੈਸਲਾ ਹੈ ਉਥੇ ਯੂਪੀਏ ਦੀ ਮਾੜੀ ਸੋਚ ਦਾ ਵੀ ਜਿਉਂਦਾ ਜਾਗਦਾ ਸਬੂਤ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਸਮੇਂ ਖੱਬੇਪੱਖੀ ਪਾਰਟੀਆਂ ਨੂੰ ਵੀ ਯੂਪੀਏ ਨੇ ਜਾਣਬੁੱਝ ਕੇ ਧਰਮ ਸੰਕਟ ਵਿਚ ਪਾਇਆ ਹੈ। ਇਹ ਸਮਾਂ ਖੱਬੇਪੱਖੀਆਂ ਲਈ ਵੀ ਇਮਿਤਹਾਨ ਦੀ ਖੜ੍ਹੀ ਹੈ ਕਿ ਦੇਸ਼ ਨੂੰ ਆਰਥਿਕ ਮੰਦੀ ਤੇ ਮਹਿੰਗਾਈ ਦੀ ਦਲਦਲ ਵਿਚ ਸੁੱਟਣ ਵਾਲੇ ਵਿਅਕਤੀ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਉਣ ਜਾਂ ਨਹੀਂ?

ਅਖ਼ੀਰ ਵਿਚ ਉਨ੍ਹਾਂ ਕਿਹਾ ਕਿ ਯੂਪੀਏ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਦੇਸ਼ ਦੇ ਸਰਵਉਚ ਅਹੁਦੇ ਉਤੇ ਕਿਸੇ ਇਮਾਨਦਾਰ ਤੇ ਯੋਗ ਵਿਅਕਤੀ ਨੂੰ ਬਿਠਾਉਣ ਦਾ ਐਲਾਨ ਕਰਦੀ ਜਿਹੜਾ ਦੇਸ਼ ਦੇ ਹਿੱਤਾਂ ਉਤੇ ਡੱਟ ਕੇ ਪਹਿਰਾ ਦਿੰਦਾ ਰਿਹਾ ਹੋਵੇ ਪ੍ਰੰਤੂ ਪ੍ਰਣਬ ਮੁਖਰਜੀ ਵਰਗੇ ਵਿਵਾਦਗ੍ਰਸਤ ਵਿਅਕਤੀ ਦੇ ਨਾਂ ਦਾ ਐਲਾਨ ਕਰਕੇ ਬੜਾ ਹੀ ਮੰਦਭਾਗਾ ਫੈਸਲਾ ਕੀਤਾ ਹੈ, ਜਿਹੜਾ ਕਿ ਦੇਸ਼ ਦੇ ਹਿੱਤ ਵਿਚ ਨਹੀਂ ਹੋਵੇਗਾ।

  

No comments: