Thursday, June 14, 2012

ਮੇਰੀ ਪਾਕਿਸਤਾਨ ਯਾਤਰਾ// ਦਇਆ ਸਿੰਘ ਚੰਬਾ

ਖ਼ਾਲਸਾ ਸਿਰਜਣਾ ਦਿਵਸ ਸਬੰਧੀ ਪਾਕਿਸਤਾਨ ਜਾਣ ਲਈ ਵੀਜ਼ੇ ਦੇ ਬੇਨਤੀ ਪੱਤਰ ਦੀ ਪ੍ਰਵਾਨਗੀ ਨਾਲ ਮੇਰੀ ਇੱਥੇ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਰੀਝ ਪੂਰੀ ਹੋ ਗਈ। 10 ਅਪਰੈਲ ਤੋਂ ਸ਼ੁਰੂ ਕਰਕੇ 10 ਦਿਨ ਲਈ ਹਸਨ ਅਬਦਾਲ (ਪੰਜਾ ਸਾਹਿਬ) ਜ਼ਿਲ੍ਹਾ ਅਟਕ, ਗੁਰਦੁਆਰਾ ਨਨਕਾਣਾ ਸਾਹਿਬ (ਜਨਮ ਅਸਥਾਨ), ਗੁਰਦੁਆਰਾ ਸੱਚਾ ਸੌਦਾ (ਮੰਡੀ ਚੂਹਡ਼ਕਾਣਾ) ਫਾਰੂਕ ਆਬਾਦ ਜ਼ਿਲ੍ਹਾ ਸ਼ੇਖਪੁਰਾ,  ਗੁਰਦੁਆਰਾ  ਡੇਹਰਾ ਸਾਹਿਬ ਲਾਹੌਰ ਅਤੇ ਕਰਤਾਰਪੁਰ ਸਾਹਿਬ ਜ਼ਿਲ੍ਹਾ ਨਾਰੋਵਾਲ ਏਮਨਾ ਆਬਾਦ, ਜ਼ਿਲ੍ਹਾ ਗੁਜਰਾਂਵਾਲਾ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਦਾ ਵੀਜ਼ਾ ਮਿਲਿਆ ਸੀ।
10 ਅਪਰੈਲ ਨੂੰ ਅਟਾਰੀ ਤੋਂ ਪਾਸਪੋਰਟ ’ਤੇ 5X9“ ਦੀ ਮੋਹਰ ਲਗਵਾ ਕੇ ਰੇਲਗੱਡੀ ਰਾਹੀਂ ਜਦੋਂ ਸਰਹੱਦ ਦਾ ਗੇਟ ਪਾਰ ਕੀਤਾ ਤਾਂ ਸਾਡੇ ਮੋਬਾਈਲਾਂ ਦੇ ਟਾਵਰ ਜੁਆਬ ਦੇ ਗਏ। ਚਲੋ, ਮੋਬਾਈਲ ਸੁਣਨ ਦਾ ਝੰਜਟ ਮੁੱਕਿਆ। ਵਾਹਗਾ ਵਿਖੇ ਉੱਤਰੇ ਤਾਂ ਪਾਕਿ ਟੀਵੀ ਚੈਨਲ ਦੇ ਕੈਮਰੇ, ਮਾਈਕ ਤੇ ਹਾਰਾਂ ਨਾਲ ਸੁਆਗਤ, ਬਡ਼ਾ ਆਨੰਦ ਆਇਆ। ਪਾਕਿਸਤਾਨ ਪੁਲੀਸ ਦੇ ਦਰਸ਼ਨ ਕਾਲੀ ਟੋਪੀ, ਕਾਲੀ ਕਮੀਜ਼, ਖਾਕੀ ਪੈਂਟ। ਅਧਿਕਾਰੀਆਂ ਵੱਲੋਂ ਪਾਸਪੋਰਟ ’ਤੇ ਐਂਟਰੀ, ਰੇਲਵੇ ਸਟੇਸ਼ਨ ’ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸ਼ਾਮ ਸਿੰਘ ਅਤੇ ਚੇਅਰਮੈਨ ਸਈਅਦ ਆਸਿਫ਼ ਹਾਸ਼ਮੀ ਵਕਫ਼ ਬੋਰਡ ਦੇ ਦਰਸ਼ਨ ਹੋਏ। ਕਮੇਟੀ ਵੱਲੋਂ ਸਟੇਸ਼ਨ ’ਤੇ ਲੰਗਰ ਦਾ ਵਧੀਆ ਪ੍ਰਬੰਧ ਸੀ। ਡਾਕਟਰਾਂ ਤੇ ਨਰਸਾਂ ਦੀ ਟੀਮ ਵੱਲੋਂ ਮੁਫ਼ਤ ਡਾਕਟਰੀ ਸਹੂਲਤ। ਪਰ ਸਟੇਸ਼ਨ ’ਤੇ ਪਾਕਿਸਤਾਨ ਪੰਜਾਬ ਪੁਲੀਸ ਦਾ ਸੁਰੱਖਿਅਤ ਘੇਰਾ, ਇੱਕ ਖ਼ਾਸ ਲਕੀਰ ਤੋਂ ਅੱਗੇ ਜਾਣ ਦੇ ਅਹੁਲਦੇ ਮੁਸਾਫ਼ਰਾਂ ਨੂੰ ਬਡ਼ੇ ਪਿਆਰ ਤੇ ਮੁਸਕਰਾਹਟ ਨਾਲ ਮਨ੍ਹਾਂ ਕਰ ਦਿੱਤਾ। ਪੁਲੀਸ ਦਾ ਵਤੀਰਾ ਬਡ਼ਾ ਪਿਆਰਾ ਤੇ ਮੋਹ ਭਰਿਆ ਲੱਗਾ।
ਸਟੇਸ਼ਨ ’ਤੇ ਕਰੰਸੀ ਤਬਦੀਲ ਕਰਨ ਲਈ ਨੈਸ਼ਨਲ ਬੈਂਕ ਆਫ ਪਾਕਿਸਤਾਨ, ਹਬੀਬ ਬੈਂਕ ਲਿਮਟਿਡ ਤੇ ਪ੍ਰਾਈਵੇਟ ਏਜੰਸੀਆਂ ਵੱਲੋਂ ਭਾਰਤੀ ਇੱਕ ਹਜ਼ਾਰ ਰੁਪਏ ਬਦਲੇ 1700 ਰੁਪਏ ਦਿੱਤੇ ਗਏ। ਪਾਕਿਸਤਾਨੀ ਕਰੰਸੀ ਬਡ਼ੇ ਹਲਕੇ-ਫੁਲਕੇ ਕਾਗਜ਼ ’ਤੇ ਛਪੀ ਹੋਈ ਸੀ। ਲਗਪਗ 2500 ਯਾਤਰੀਆਂ ਲਈ ਪਾਕਿਸਤਾਨ ਰੇਲਵੇ ਦੀਆਂ ਤਿੰਨ ਗੱਡੀਆਂ ਸਿੱਖ ਸਪੈਸ਼ਲ ਪਿਲਗਰਿਮ ਲਿਖ ਕੇ ਸਟੇਸ਼ਨ ’ਤੇ ਖਡ਼੍ਹੀਆਂ ਸਨ। ਜੋ 10 ਦਿਨ ਸਾਡੀ ਸੇਵਾ ਵਿੱਚ ਤਾਇਨਾਤ ਰਹੀਆਂ। ਵਾਹਗਾ ਤੋਂ ਹਸਨ ਅਬਦਾਲ ਤਕ ਅਤੇ ਵਾਪਸੀ ਅੰਮ੍ਰਿਤਸਰ ਦੀ ਟਿਕਟ 890 ਰੁਪਏ (ਪਾਕਿਸਤਾਨੀ ਕਰੰਸੀ) ਵਿੱਚ ਕੱਟੀ ਗਈ। ਤਿੰਨ ਵਜੇ ਪਹਿਲੀ ਗੱਡੀ ਬਾਕਾਇਦਾ ਸੀਟਾਂ ’ਤੇ ਨੰਬਰ ਲਾ ਕੇ ਹਸਨ ਅਬਦਾਲ (ਪੰਜਾ ਸਾਹਿਬ) ਲਈ ਚੱਲ ਪਈ। ਦੂਰ-ਦੂਰ ਤਕ ਦੋਵਾਂ ਪਾਸੇ ਖੇਤਾਂ ਵੱਲ ਨਜ਼ਰ ਦੌਡ਼ਾਈ। ਇੱਥੇ ਖੇਤਾਂ ਵਿੱਚ ਬਿਜਲੀ ਵਾਲੀਆਂ ਮੋਟਰਾਂ ਨਜ਼ਰੀ ਨਾ ਪਈਆਂ। ਕਿਧਰੇ-ਕਿਧਰੇ ਇੰਜਣ ਵਾਲੇ ਪੰਪ ਲੱਗੇ ਹੋਏ ਸਨ। ਟਰੈਕਟਰ ਵੀ ਬਹੁਤ ਘੱਟ ਦਿਸੇ। ਹਾਲੇ ਘਰ ਵੀ ਕਿਧਰੇ-ਕਿਧਰੇ ਕੱਚੇ ਹੀ ਸਨ। ਕਣਕਾਂ ਵੀ ਹਲਕੀਆਂ ਹੀ ਸਨ ਪਰ ਕਿਤੇ-ਕਿਤੇ ਚੰਗੀਆਂ ਮੱਝਾਂ ਵੇਖ ਕੇ ਮਨ ਖ਼ੁਸ਼ ਹੋਇਆ। ਜਦ ਗੱਡੀ ਦੀ ਰਫ਼ਤਾਰ ਕੁਝ ਘੱਟ ਹੁੰਦੀ ਤਾਂ ਪਾਕਿਸਤਾਨੀ ਲੋਕ ਹੱਥ ਹਿਲਾ-ਹਿਲਾ ਕੇ ਜੀਅ ਆਇਆਂ ਆਖਦੇ। ਇੰਨੇ ਨੂੰ ਲਾਹੌਰ ਸਟੇਸ਼ਨ ’ਤੇ ਗੱਡੀ ਰੁਕ ਗਈ। ਪੰਜਾਬ ਪੁਲੀਸ ਦੇ ਅਫ਼ਸਰਾਂ ਨੇ ਸਟੇਸ਼ਨ ’ਤੇ ਮਠਿਆਈ ਮੂੰਹ ਵਿੱਚ ਪਾ ਕੇ ਫੋਟੋਆਂ ਖਿਚਵਾਈਆਂ ਤਾਂ ਖ਼ੁਸ਼ੀ ਦੇ ਅੱਥਰੂ ਆ ਗਏ। ਹੋਰ ਵੀ ਕਈ ਲੋਕਾਂ ਨੇ ਸਾਡੇ ਨਾਲ ਫੋਟੋਆਂ ਖਿਚਵਾਈਆਂ।
ਥੋਡ਼੍ਹੀ ਦੇਰ ਰੁਕ ਕੇ ਗੱਡੀ ਚੱਲ ਪਈ। ਰਾਵੀ ਦਰਿਆ ਪਾਰ ਕੀਤਾ। ਸਾਡੇ ਦਰਿਆਵਾਂ ਵਾਂਗ ਹੀ ਪਾਣੀ ਘੱਟ ਸੀ। ਅੱਗੇ ਕਈ ਸਟੇਸ਼ਨਾਂ ’ਤੇ ਗੱਡੀ ਰੁਕੀ ਤਾਂ ਦੂਰ-ਦੂਰ ਤਕ ਲੋਕਾਂ ਨੇ ਹੱਥ ਹਿਲਾ-ਹਿਲਾ ਕੇ ਜੀ ਆਇਆਂ ਆਖਿਆ। ਮਨ ਬਡ਼ਾ ਖ਼ੁਸ਼ ਹੋਇਆ। ਜਿਸ ਸਟੇਸ਼ਨ ’ਤੇ ਗੱਡੀ ਰੁਕਦੀ ਤਾਂ ਪਾਕਿਸਤਾਨ ਪੁਲੀਸ ਦਾ ਇੱਕ ਸੁਰੱਖਿਅਤ ਘੇਰਾ ਵੇਖ ਕੇ ਪੁਲੀਸ ਦੇ ਅਫ਼ਸਰ ਤੋਂ ਪੁੱਛਣ ’ਤੇ ਪਤਾ ਲੱਗਾ ਕਿ ਇਹ ਇਸ ਲਈ ਹੈ ਕਿ ਕੋਈ ਸ਼ਰਾਰਤੀ ਅਨਸਰ ਤੁਹਾਨੂੰ ਗ਼ਲ਼ਤ ਗੱਲ ਆਖ ਕੇ ਕਿਧਰੇ ਤੁਹਾਡਾ ਮਨ ਨਾ ਦੁਖਾਵੇ।
ਗੱਡੀ ਆਪਣੀ ਮੰਜ਼ਿਲ ਵੱਲ ਨੂੰ ਤੇਜ਼ੀ ਨਾਲ ਦੌਡ਼ ਰਹੀ ਸੀ। ਦਰਿਆ ਚਨਾਬ ਅਤੇ ਜੇਹਲਮ ਵੀ ਪਾਰ ਕਰ ਚੁੱਕੀ ਸੀ। ਰਾਤ ਪਸਰ ਗਈ, ਮੁਸਾਫ਼ਰ ਊਂਘਣ ਲੱਗੇ। ਰਾਤ ਦੇ ਗਿਆਰਾਂ ਵਜੇ 8 ਘੰਟੇ ਬਾਅਦ ਗੱਡੀ ਹਸਨ ਅਬਦਾਲ (ਪੰਜਾ ਸਾਹਿਬ) ਰੇਲਵੇ ਸਟੇਸ਼ਨ ’ਤੇ ਰੁਕੀ। ਗੱਡੀ ਤੋਂ ਉੱਤਰ ਕੇ ਸਟੇਸ਼ਨ ਤੋਂ ਬਾਹਰ ਆਏ ਤਾਂ ਪੰਜਾਬ ਪੁਲੀਸ ਦੀ ਨਿਗਰਾਨੀ ਹੇਠ ਕਈ ਬੱਸਾਂ ਰਾਹੀਂ ਗੁਰਦੁਆਰੇ ਪਹੁੰਚਾਇਆ ਗਿਆ। ਮੱਥਾ ਟੇਕ ਕੇ ਆਪੋ-ਆਪਣੇ ਕਮਰਿਆਂ ਵਿੱਚ ਪਹੁੰਚ ਗਏ। ਲੰਗਰ ਛਕਣ ਤੋਂ ਬਾਅਦ ਸੌਣ ਲਈ ਕਮਰੇ ਵਿੱਚ ਗਏ, ਛੇਤੀ ਹੀ ਨੀਂਦ ਆ ਗਈ। ਅਗਲੇ ਦਿਨ ਗੁਰਦੁਆਰੇ ਦੇ ਦਰਸ਼ਨ ਕੀਤੇ। ਪਾਕਿਸਤਾਨ ਵਿਖੇ ਬਾਬਾ ਨਾਨਕ ਦੀ ਯਾਦ ਵਿੱਚ ਬਣਿਆ ਸ਼ਾਨਦਾਰ ਗੁਰਦੁਆਰਾ ਵੇਖ ਕੇ ਮਨ ਆਨੰਦਤ ਹੋ ਗਿਆ। ਝਰਨਾ ਗੁਰਦੁਆਰੇ ਨੂੰ ਪਾਣੀ ਸਪਲਾਈ ਕਰ ਰਿਹਾ ਸੀ। ਅਖੰਡ ਪਾਠ ਦੀ ਸ਼ੁਰੂਆਤ ਹੋਈ। ਸਿੰਧ ਦੇ ਸਿੱਖ ਸ਼ਰਧਾਲੂਆਂ ਵੱਲੋਂ ਤਿੰਨ ਦਿਨ ਲੰਗਰ ਚਲਦਾ ਰਿਹਾ ਜਿਸ ਵਿੱਚ ਤਰ੍ਹਾਂ-ਤਰ੍ਹਾਂ ਦੇ ਪਕਵਾਨ, ਡਰਾਈ-ਫਰੂਟ ਵਾਲੀ ਖੀਰ, ਪਕੌਡ਼ੇ, ਜਲੇਬੀਆਂ ਅਤੇ ਹੋਰ ਅਣਗਿਣਤ ਮਿੱਠੇ ਤੇ ਨਮਕੀਨ ਪਦਾਰਥ, ਇੱਕ ਸ਼ਾਨਦਾਰ ਅਤੇ ਅਭੁੱਲ ਯਾਦ। ਵਲੀ ਕੰਧਾਰੀ ਵਾਲੀ ਪਹਾਡ਼ੀ ’ਤੇ ਬਣੀ ਜਗ੍ਹਾ ਵੀ ਵੇਖੀ ਜੋ ਚਡ਼੍ਹਾਈ ’ਤੇ ਸੀ ਅਤੇ ਕਾਫ਼ੀ ਥਕਾਵਟ ਪੈਦਾ ਕਰਦੀ ਸੀ। ਲਗਪਗ ਘੰਟੇ, ਡੇਢ ਦਾ ਸਫ਼ਰ।  13 ਤਾਰੀਖ ਵਿਸਾਖੀ ਵਾਲੇ ਦਿਨ ਭੋਗ ਪੈਣ ਉਪਰੰਤ ਰੇਲਗੱਡੀਆਂ ਰਾਹੀਂ ਗੁਰਦੁਆਰਾ ਨਨਕਾਣਾ ਸਾਹਿਬ (ਜਨਮ ਅਸਥਾਨ) ਲਈ ਰਵਾਨਾ ਹੋ ਗਏ। ਉਸੇ ਤਰ੍ਹਾਂ ਹੀ ਰੇਲਵੇ ਸਟੇਸ਼ਨ ਤੋਂ ਬੱਸਾਂ ਰਾਹੀਂ ਨਨਕਾਣਾ ਸਾਹਿਬ ਪਹੁੰਚ ਗਏ।  ਗੁਰਦੁਆਰਾ ਜਨਮ ਅਸਥਾਨ (ਨਨਕਾਣਾ ਸਾਹਿਬ) ਬਹੁਤ ਖੁੱਲ੍ਹੇ ਕੰਪਲੈਕਸ ਵਿੱਚ ਹੈ। ਇੱਕ ਸੋਨੇ ਦੀ ਪਾਲਕੀ, ਜੋ ਗੁਰਦੁਆਰੇ ਦੇ ਅੰਦਰ ਨਹੀਂ ਲੰਘ ਸਕੀ, ਬਾਹਰ ਹੀ ਪਈ ਹੈ। ਅਤੇ ਉਸ ’ਤੇ ਪਾਕਿਸਤਾਨ ਪੁਲੀਸ ਦਾ ਪਹਿਰਾ ਲੱਗਾ ਹੋਇਆ ਹੈ। ਉਹ ਜੰਡ ਹਾਲੇ ਵੀ ਮੌਜੂਦ ਹੈ ਜਿੱਥੇ ਸਰਦਾਰ ਲਛਮਣ ਸਿੰਘ ਦੀ ਅਗਵਾਈ ਵਿੱਚ ਅੰਗਰੇਜ਼ਾਂ ਦੀ ਸਹਾਇਤਾ ਨਾਲ ਮਹੰਤ ਨਰਾਇਣ ਦਾਸ ਨੇ 200 ਸਿੰਘਾਂ ਨੂੰ ਜਿਉਂਦੇ ਹੀ ਜੰਡ ਨਾਲ ਬੰਨ੍ਹ ਕੇ ਪੁੱਠੇ ਲਟਕਾ ਕੇ ਸਾਡ਼ ਦਿੱਤਾ ਸੀ। ਇਹ ਸ਼ਹੀਦੀ ਸਾਕਾ 21 ਫਰਵਰੀ 1921 ਨੂੰ ਵਾਪਰਿਆ ਸੀ। ਉੱਥੋਂ ਬੱਸਾਂ ਰਾਹੀਂ ਗੁਰਦੁਆਰਾ ਸੱਚਾ ਸੌਦਾ ਮੰਡੀ ਚੂਹਡ਼ਕਾਣਾ, ਜ਼ਿਲ੍ਹਾ ਸੇਖੂਪੁਰਾ ਲਿਜਾਇਆ ਗਿਆ ਜਿਸ ਦਾ ਨਾਂ ਫਾਰੂਕ ਅਬਾਦ ਹੈ। ਉੱਥੇ ਬਾਬਾ ਨਾਨਕ ਵੇਲੇ ਦੇ ਜੰਡ ਹਾਲੇ ਵੀ ਮੌਜੂਦ ਹਨ।  ਤਿੰਨ ਦਿਨ ਰਹਿਣ ਉਪਰੰਤ 16 ਤਾਰੀਖ ਨੂੰ ਫਿਰ ਰੇਲ ਗੱਡੀਆਂ ਰਾਹੀਂ ਲਾਹੌਰ ਪਹੁੰਚ ਗਏ। ਲਾਹੌਰ ਵਿਖੇ ਬਹੁਤ ਗੁਰਦੁਆਰੇ ਤੇ ਇਤਿਹਾਸਕ ਥਾਵਾਂ ਹਨ ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਨਿਹਾਲ ਹੋ ਗਿਆ। 19 ਤਾਰੀਖ ਨੂੰ ਰੇਲਗੱਡੀਆਂ ਰਾਹੀਂ ਅੰਮ੍ਰਿਤਸਰ ਪਹੁੰਚ ਗਏ ਪਰ ਜੋ ਦੋ ਘਟਨਾਵਾਂ ਵਾਪਰੀਆਂ ਉਨ੍ਹਾਂ ਦੇ ਜ਼ਿਕਰ ਕੀਤੇ ਬਿਨਾਂ ਨਹੀਂ ਰਹਿ ਸਕਦਾ।
15 ਅਪਰੈਲ ਨੂੰ ਤਿੰਨ ਸਰਦੇ-ਪੁੱਜਦੇ ਘਰਾਂ ਦੇ ਸੂਤੀ ਮਾਵਾ ਲੱਗੇ ਸਲਵਾਰ ਕਮੀਜ਼ ਪਹਿਨੇ 45-50 ਸਾਲ ਉਮਰ ਦੇ ਬੰਦੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਗੇਟ ਅੱਗੇ ਖਡ਼੍ਹੇ ਸਨ। ਮੈਂ ਤੇ ਮੇਰੇ ਕੁਝ ਸਾਥੀ ਬਾਹਰ ਸ਼ਹਿਰ ਘੁੰਮਣ ਜਾਣ ਲੱਗੇ ਤਾਂ ਉਨ੍ਹਾਂ ਦੁਆ ਸਲਾਮ ਕਰਕੇ ਪ੍ਰਸ਼ਨ ਕੀਤਾ ਕਿ ਸਰਦਾਰ ਜੀ ਕੀ ਨਾਂ ਹੈ। ਮੈਂ ਨਾਂ ਦੱਸਿਆ ਤਾਂ ਕਹਿਣ ਲੱਗੇ ਕਿ ਗੋਤ ਕੀ ਹੈ। ਮੈਂ ਗੋਤ ਦੱਸੀ ਤਾਂ ਕਹਿਣ ਲੱਗੇ ਕਿ ਕੋਈ ‘ਵਿਰਕ’ ਗੋਤ ਦਾ ਸਿੰਘ ਮਿਲਾ ਦੇਵੋ। ਅਸੀਂ ਉਨ੍ਹਾਂ ਨੂੰ ਨਾਲ ਲੈ ਕੇ ਅਧਿਕਾਰੀਆਂ ਤੋਂ ਇਜਾਜ਼ਤ ਲੈ ਕੇ ਉਨ੍ਹਾਂ ਨੂੰ ਗੁਰਦੁਆਰੇ ਅੰਦਰ ਲੈ ਗਏ। ਉਹ ਮੇਰੇ ਮਹਿਕਮੇ ਦੇ ਬੰਦੇ ਸਨ। ਇੱਕ ਕਾਲਜ ਦਾ ਪ੍ਰਿੰਸੀਪਲ, ਇੱਕ ਸਕੂਲ ਲੈਕਚਰਾਰ ਤੇ ਇੱਕ ਹਾਈ ਸਕੂਲ ਦਾ ਹੈੱਡਮਾਸਟਰ ਸੀ। ਅਸੀਂ ਨਨਕਾਣਾ ਸਾਹਿਬ ਦੇ ਗੁਰਦੁਆਰਾ ਕੰਪਲੈਕਸ ਵਿੱਚ ਵਿਰਕ ਗੋਤ ਦਾ ਸਿੰਘ ਲੱਭਣ ਲਈ ਦੋ ਘੰਟੇ ਲਾਏ। ਮਿਹਨਤ ਰੰਗ ਲਿਆਈ। ਪਟਿਆਲਾ ਜ਼ਿਲ੍ਹੇ ਦੇ ਦੋ ਸਿੰਘ ਮਿਲ ਪਏ। ਉਹ ਉਨ੍ਹਾਂ ਨੂੰ ਇੰਜ ਮਿਲੇ ਜਿਵੇਂ ਚਿਰਾਂ ਤੋਂ ਵਿਛਡ਼ੇ ਭਰਾ ਮਿਲੇ ਹੋਣ। ਦੱਸਣ ਲੱਗੇ ਅਸੀਂ ਜੱਟ ਜਾਤੀ ਦੇ ਹਾਂ। ਕਿਸੇ ਜ਼ਮਾਨੇ ਵਿੱਚ ਧਰਮ ਤਬਦੀਲੀ ਹੋ ਗਈ। ਚਲੋ ਸਾਡੇ ਨਾਲ ਸੇਖੂਪੁਰਾ ਅਸੀਂ ਤੁਹਾਡੀ ਪ੍ਰਾਹੁਣਾਚਾਰੀ ਕਰਨੀ ਹੈ। ਮੈਨੂੰ ਵੀ ਨਾਲ ਜਾਣ ਲਈ ਆਖਣ ਲੱਗੇ ਪਰ ਅਸੀਂ ਵੀਜ਼ਾ ਦੀਆਂ ਪਾਬੰਦੀਆਂ ਕਾਰਨ ਉਨ੍ਹਾਂ ਨੂੰ ਮਨ੍ਹਾਂ ਕਰ ਦਿੱਤਾ। ਉਹ ਸਾਨੂੰ ਬਾਹਰ ਲੈ ਆਏ। ਬਾਹਰ ਉਹ ਸਾਡੇ ਨਾਲ ਦੋ-ਢਾਈ ਘੰਟੇ ਗੱਲਾਂ ਕਰਦੇ ਰਹੇ।
ਦੂਜੀ ਘਟਨਾ ਮੀਨਾਰ-ਏ-ਪਾਕਿਸਤਾਨ ਲਾਹੌਰ ਵਿਖੇ ਵਾਪਰੀ। ਅਸੀਂ 18 ਅਪਰੈਲ ਨੂੰ ਪਾਰਕ ਵਿੱਚ ਬੈਠੇ ਮੁਸਲਮਾਨਾਂ ਨਾਲ ਗੱਲਾਂ ਕਰ ਰਹੇ ਸਾਂ ਤਾਂ ਦੋ ਭਰਾ ਅਲਤਾਫ ਹੁਸੈਨ ਤੇ ਇਰਸ਼ਾਦ ਅਹਿਮਦ ਨਾਮੀ ਸਾਡੇ ਕੋਲ ਆ ਗਏ ਜੋ 70-72 ਸਾਲ ਦੇ ਸਨ। ਉਨ੍ਹਾਂ ’ਚੋਂ ਇੱਕ ਕਹਿਣ ਲੱਗਾ, ‘‘ਕੋਟਕਪੂਰੇ ਤੋਂ ਕੋਈ ਆਦਮੀ ਹੈ ਤਾਂ ਮਿਲਾ ਦੇਵੋ। ਸਾਡਾ ਪਿਛਲਾ ਪਿੰਡ ਕੋਟਕਪੂਰੇ ਕੋਲ ਹੈ। ਸਾਨੂੰ ਸਾਰੇ ਸਰਦਾਰ ਪਾਖਰ ਸਿੰਘ ਲੱਗਦੇ ਹਨ। ਰੌਲਿਆਂ ਵੇਲੇ ਮੈਂ ਨਿੱਕਾ ਜਿਹਾ ਸੀ। ਪਾਖਰ ਸਿੰਘ ਸਾਡੇ ਅੱਬਾ ਦਾ ਮਿੱਤਰ ਸੀ, ਉਸ ਨੇ ਸਾਨੂੰ ਆਪਣੇ ਘਰ ਰੱਖ ਕੇ (ਲਕੋਅ ਕੇ) ਸਾਡੇ ਸਾਰੇ ਪਰਿਵਾਰ ਦੀ ਜਾਨ ਬਚਾਈ ਸੀ ਅਤੇ ਮਾਹੌਲ ਸ਼ਾਂਤ ਹੋਣ ’ਤੇ ਭਾਰਤ ਵਿੱਚ ਰਹਿਣ ਲਈ ਬਡ਼ਾ ਜ਼ੋਰ ਲਾਇਆ ਸੀ। ਫ਼ਰੀਦਕੋਟ ਰਿਆਸਤ ਦੇ ਰਾਜੇ ਦੀ ਸਹਿਮਤੀ ਵੀ ਲੈ ਲਈ ਸੀ, ਸਾਡੀ ਜ਼ਮੀਨ ਵੀ ਉੱਥੇ ਸੀ ਪਰ ਮੇਰਾ ਅੱਬਾ ਨਾ ਮੰਨਿਆ। ਉਸ ਨੇ ਸਾਨੂੰ ਸੁਰੱਖਿਅਤ ਪਾਕਿਸਤਾਨ ਭੇਜਣ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਸੀ। ਸੋ ਜਦੋਂ ਵੀ ਜਥਾ ਆਉਂਦਾ ਹੈ ਤਾਂ ਉਸ ਪਿੰਡ ਦਾ ਆਦਮੀ ਲੱਭਣ ਆਉਂਦਾ ਹਾਂ ਕਿ ਜੇ ਮਿਲ ਜਾਵੇ ਤਾਂ ਪਾਖਰ ਸਿੰਘ ਦੇ ਪਰਿਵਾਰ ਦੀ ਕੋਈ ਖ਼ਬਰ ਮਿਲ ਜਾਵੇ। ਤਾਂ ਕਾਲਜੇ ਨੂੰ ਠੰਢ ਪੈ ਜਾਵੇ।’’
ਹੋਰ ਪਾਕਿ ਵਿੱਚ ਮਹਿੰਗਾਈ ਬਹੁਤ ਹੈ। ਲਾਹੌਰ ਵਿੱਚ ਪ੍ਰਦੂਸ਼ਣ ਬਹੁਤ ਹੈ। ਭੀਡ਼ ਇੰਨੀ ਹੈ ਕਿ ਪੰਜਾਬ ਦਾ ਲੁਧਿਆਣਾ ਉਸ ਦੇ ਮੁਕਾਬਲੇ ਭੀਡ਼ ਵਿੱਚ ਪਿੱਛੇ ਹੈ। ਲਾਹੌਰ ਵਿੱਚ ਕੁਝ ਮਜ਼ਦੂਰ ਮਿਲੇ। ਦਿਹਾਡ਼ੀ ਘੱਟ ਹੈ, ਪੰਜਾਬ ਦੇ ਮਜ਼ਦੂਰਾਂ ਨਾਲੋਂ ਹਾਲਤ ਮਾਡ਼ੀ ਹੈ।
ਜਦੋਂ ਸਾਡੀਆਂ ਬੱਸਾਂ ਨਨਕਾਣਾ ਸਾਹਿਬ ਤੋਂ ਮੰਡੀ ਚੂਹਡ਼ਕਾਣਾ ਗੁਰਦੁਆਰਾ ਸੱਚਾ ਸੌਦਾ ਨੂੰ ਜਾ ਰਹੀਆਂ ਸਨ ਤਾਂ ਉਥੋਂ ਦੀਆਂ ਸਡ਼ਕਾਂ ’ਤੇ ਉਨ੍ਹਾਂ ਦੀ ਟਰੈਫਿਕ ਰੋਕ ਦਿੱਤੀ ਜਾਂਦੀ। ਮਤਲਬ ਸਾਡੇ ਲਈ ਸਡ਼ਕਾਂ ਬਿਲਕੁਲ ਖਾਲੀ ਕਰ ਦਿੱਤੀਆਂ ਜਾਂਦੀਆਂ ਕਿ ਜਿਵੇਂ ਸਾਨੂੰ ਵੀਆਈਪੀ ਦਾ ਦਰਜਾ ਦਿੱਤਾ ਹੋਵੇ।
ਨਨਕਾਣਾ ਸਾਹਿਬ ਕਾਫ਼ੀ ਘੁੰਮੇ, ਉਨ੍ਹਾਂ ਲੋਕਾਂ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਉੱਥੇ ਬਿਜਲੀ ਸਿਰਫ਼ 3-4 ਘੰਟੇ ਹੀ ਆਉਂਦੀ ਹੈ ਤੇ ਕਹਿਣ ਲੱਗੇ ਕਿ ਤੁਹਾਡੇ ਇੱਥੇ ਠਹਿਰਨ ਕਰਕੇ ਬਿਜਲੀ 24 ਘੰਟੇ ਚੱਲ ਰਹੀ ਹੈ।
*  ਮੋਬਾਈਲ: 95010-32057

{ਫੋਜ਼ਾਨਾ ਪੰਜਾਬੀ ਟ੍ਰਿਬਿਊਨ ਚੋ ਧੰਨਵਾਦ ਸਹਿਤ}