Monday, June 11, 2012

ਆਪਣੇ ਹੀ ਸਰਗਰਮ ਰਹੇ ਆਪਣਿਆਂ ਨੂੰ ਹਰਾਉਣ ਲਈ

ਪੈਰਾਸ਼ੂਟ ਰਾਹੀਂ ਉਤਰੇ ਉਮੀਦਵਾਰ ਕਈ ਥਾਵਾਂ ਤੇ ਨਾਕਾਮ 
ਰਤੀ ਲੋਕਤੰਤਰ ਦੇ ਤਮਾਸ਼ੇ ਨੂੰ ਆਮ ਲੋਕਾਂ ਨੇ ਇਸ ਵਾਰ ਨਿਗਮ ਚੋਣਾਂ ਵਿੱਚ ਵੀ ਬਹੁਤ ਹੀ ਨੇੜਿਓਂ ਹੋ ਕੇ ਦੇਖਿਆ। ਵੱਡੇ ਵੱਡੇ ਕਈ ਸ਼ੇਰ ਇਹਨਾਂ ਨਿੱਕੀਆਂ ਚੋਣਾਂ ਵਿੱਚ ਹਾਰ ਗਏ ਅਤੇ ਰਾਜਨੀਤੀ ਵਿੱਚ ਅਸਲੋਂ ਹੀ ਨਵੀਆਂ ਦਾਖਿਲ ਹੋਈਆਂ ਨਵੀਆਂ ਭੇਡਾਂ ਜਿੱਤ ਗਈਆਂ । ਪਾਰਟੀ ਉਮੀਦਵਾਰਾਂ ਨੂੰ ਹਰਾਉਣ ਲਈ ਖੁਦ ਪਾਰਟੀ ਵਰਕਰਾਂ ਨੇ ਕੰਮ ਕੀਤਾ ਅਤੇ ਉਹ ਵੀ ਪੂਰੀ ਤਰਾਂ ਖੁੱਲ ਕੇ. ਇਹਨਾਂ  ਵਰਕਰਾਂ ਨੇ ਖੁੱਲ ਕੇ ਆਖਿਆ ਅਸੀਂ ਨੋਟਾਂ ਦੇ ਜੋਰ ਨਾਲ ਟਿਕਟਾਂ ਲੈ ਕੇ ਆਏ ਉਮੀਦਵਾਰਾਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ  ਜਿੱਤਨ ਦੇਣਾ। ਪੈਰਾਸ਼ੂਟ ਰਾਹੀਂ ਆਮ ਲੋਕਾਂ ਵਿੱਚ ਪੁੱਜੇ ਅਜਿਹੇ ਅਖੌਤੀ ਲੀਡਰਾਂ ਦਾ ਇਹ ਅੰਜਾਮ ਵੋਟਾਂ ਤੋਂ ਪਹਿਲਾਂ ਹੀ ਨਜਰ ਆਉਣ ਲੱਗ ਪਿਆ ਸੀ। ਕੋਡ ਆਫ਼ ਕੰਫ੍ਕਤ ਦੀਆਂ ਸ਼ਰੇ ਆਮ ਧੱਜੀਆਂ ਉੱਡੀਆਂ।  ਮੂੰਹ ਮਿੱਠਾ ਕਰਾਉਣ ਵਾਲੇ ਕੋਡ ਨਾਲ ਵੱਡੀ ਸਕੇਲ ਤੇ ਦਾਰੂ ਦੀਆਂ ਪੇਟੀਆਂ ਵੰਡੀਆਂ ਗਈਆਂ।  ਖੁੱਲੇ ਆਮ ਮਨਮਰਜ਼ੀ ਦੀ ਸੇਵਾ ਪੂਛੀ ਗਈ ਅਤੇ  ਕੀਤੀ ਕਰਾਈ ਵੀ ਗਈ। ਅੰਨੇਵਾਹ ਖਰਚੇ ਕਰਨ ਵਾਲੇ ਉਮੀਦਵਾਰਾਂ ਨੂੰ ਪੂਰਾ ਪੂਰਾ ਯਕੀਨ ਸੀ ਕਿ ਉਹਨਾਂ ਨੂੰ ਕਮਾਈ ਵੀ ਅੰਨੇਵਾਹ ਹੋਵੇਗੀ।
ਰੋਜ਼ਾਨਾ ਜਗ ਬਾਣੀ ਦੇ ਵਾਲੇ ਤੇ ਪ੍ਰਕਾਸ਼ਿਤ ਖਬਰ ਦੀ   
ਮੀਡੀਆ ਨੇ ਚੋਣ ਨਤੀਜਿਆਂ ਅਤੇ ਹੋਰ ਸਬੰਧਿਤ ਮੁੱਦਿਆਂ ਦੀ ਖਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਹੈ। ਮਿਉਂਸਿਪਲ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋਡ਼ ਦੀ ਝੰਡੀ ਸਿਰਲੇਖ ਨਾਲ ਟ੍ਰਿਬਿਊਨ ਨਿਊਜ਼ ਸਰਵਿਸ ਦੇ ਹਵਾਲੇ ਨਾਲ  ਰੋਜ਼ਾਨਾ ਪੰਜਾਬੀ ਟ੍ਰਿਬਿਊਨ  ਨੇ ਚੰਡੀਗਡ਼੍ਹ ਡੇਟ  ਲਾਈਨ ਨਾਲ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਹੈ:ਪੰਜਾਬ ਵਿਚ ਚਾਰ ਨਗਰ ਨਿਗਮਾਂ, 26 ਨਗਰ ਪੰਚਾਇਤਾਂ ਤੇ ਤਿੰਨ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਅਤੇ 20 ਹੋਰ ਕੌਂਸਲ ਵਾਰਡਾਂ ਦੀਆਂ ਜ਼ਿਮਨੀ ਚੋਣਾਂ ਵਿਚ ਹੁਕਮਰਾਨ ਅਕਾਲੀ-ਭਾਜਪਾ ਗੱਠਜੋਡ਼ ਨੇ ਹੂੰਝਾ ਫੇਰੂ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਚੋਣਾਂ ਦੇ ਦੂਜੇ ਪਡ਼ਾਅ ਵਿਚ ਚਾਰ ਨਗਰ ਨਿਗਮਾਂ ਲਈ ਵੋਟਾਂ ਪੈਣ ਦਾ ਅਮਲ ਅੱਜ ਸ਼ਾਮੀਂ ਮੁਕੰਮਲ ਹੋਇਆ ਜਿਸ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਜਿੱਥੇ ਪਹਿਲੇ ਪਡ਼ਾਅ ਭਾਵ ਨਗਰ ਪੰਚਾਇਤਾਂ ਤੇ ਤਿੰਨ ਨਗਰ ਕੌਂਸਲਾਂ ਦੀਆਂ 7 ਜੂਨ ਨੂੰ ਪਈਆਂ ਵੋਟਾਂ ਦੌਰਾਨ ਆਮ ਤੌਰ ’ਤੇ ਅਮਨ ਅਮਾਨ ਰਿਹਾ ਸੀ, ਉੱਥੇ ਅੱਜ ਨਿਗਮ ਚੋਣਾਂ ਦੌਰਾਨ ਹਿੰਸਾ, ਰਿਗਿੰਗ, ਬੂਥਾਂ ’ਤੇ ਕਬਜ਼ੇ ਦੀਆਂ ਘਟਨਾਵਾਂ ਵੱਡੇ ਪੱਧਰ ’ਤੇ ਵਾਪਰੀਆਂ। ਅਜਿਹੀਆਂ ਘਟਨਾਵਾਂ ਅਤੇ ਅਤਿ ਦੀ ਗਰਮੀ ਦੇ ਬਾਵਜੂਦ ਔਸਤ ਮਤਦਾਨ 65 ਫੀਸਦੀ ਰਿਹਾ।
ਹਿੰਸਾ ਦੀ ਸਭ ਤੋਂ ਘਟਨਾ ਵਿਚ ਲੁਧਿਆਣਾ ਵਿਚ ਬੰਟੀ ਬਾਜਵਾ ਨਾਂ ਦਾ ਵਿਅਕਤੀ ਗੋਲੀ ਲੱਗਣ ਕਾਰਨ ਮਾਰਿਆ ਗਿਆ। ਲੁਧਿਆਣਾ ਵਿਚ ਹੀ ਅੱਧੀ ਦਰਜਨ ਤੋਂ ਵੱਧ ਬੂਥਾਂ ਦੇ ਬਾਹਰ ਉਮੀਦਵਾਰਾਂ ਦੇ ਹਮਾਇਤੀਆਂ ਦਰਮਿਆਨ ਝਡ਼ਪਾਂ ਹੋਈਆਂ ਜਿਨ੍ਹਾਂ ਵਿਚ ਇਕ ਦਰਜਨ ਵਿਅਕਤੀ ਜ਼ਖਮੀ ਹੋ ਗਏ। ਅਜਿਹੀ ਹੀ ਇਕ ਝਡ਼ਪ ਦੌਰਾਨ ਗੋਲੀਆਂ ਚੱਲਣ ਕਾਰਨ ਇਕ ਵਿਅਕਤੀ ਨੂੰ ਗੋਲੀ ਲੱਗੀ। ਉਸ ਦੀ ਹਾਲਤ ਗੰਭੀਰ ਦੱਸੀ ਗਈ ਹੈ।

ਲੁਧਿਆਣਾ ਦੀ ਬਾਜੀਗਰ ਬਸਤੀ ਵਿੱਚ ਝਡ਼ਪ ਦੌਰਾਨ ਨੁਕਸਾਨੀ 
ਗਈ ਇਕ ਕਾਰ (ਫੋਟੋ: ਹਿਮਾਂਸ਼ੂ)
ਜਿਨ੍ਹਾਂ ਚਾਰ ਨਿਗਮਾਂ ਲਈ ਵੋਟਾਂ ਪਈਆਂ, ਉਨ੍ਹਾਂ ਵਿਚ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਸ਼ਾਮਲ ਹਨ। ਇਨ੍ਹਾਂ ਚੌਹਾਂ ਵਿੱਚ ਹੁਕਮਰਾਨ ਗਠਜੋਡ਼ ਜੇਤੂ ਰਿਹਾ। ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਨੇ ਅਕਾਲੀ-ਭਾਜਪਾ ਗੱਠਜੋਡ਼ ਉਪਰ ਧੱਕੇਸ਼ਾਹੀ ਕਰਨ ਅਤੇ ਪੁਲੀਸ ਤੇ ਸਰਕਾਰੀ ਅਮਲੇ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ ਹਨ। ਦੂਜੇ ਪਾਸੇ, ਅਕਾਲੀ-ਭਾਜਪਾ ਗੱਠਜੋਡ਼ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਤਰਜਮਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚੋਣਾਂ ਵਿਆਪਕ ਤੌਰ ’ਤੇ ਪੁਰਅਮਨ ਢੰਗ ਨਾਲ ਹੋਈਆਂ ਅਤੇ ਪ੍ਰਸ਼ਾਸਨ ਨੇ ਹਰ ਥਾਂ ’ਤੇ ਨਿਰਪੱਖਤਾ ਦਿਖਾਈ। ਜ਼ਿਕਰਯੋਗ ਹੈ ਕਿ ਇਨ੍ਹਾਂ ਚੌਹਾਂ ਨਿਗਮਾਂ ’ਤੇ ਪਹਿਲਾਂ ਹੀ ਇਹ ਗੱਠਜੋਡ਼ ਭਾਰੂ ਸੀ।
ਦੇਰ ਰਾਤ ਪ੍ਰਾਪਤ ਨਤੀਜਿਆਂ ਅਨੁਸਾਰ 65 ਵਾਰਡਾਂ ਵਾਲੇ ਅੰਮ੍ਰਿਤਸਰ ਨਗਰ ਨਿਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 24 ਅਤੇ ਭਾਜਪਾ ਨੇ ਵੀ 24 ਸੀਟਾਂ ਜਿੱਤੀਆਂ। ਕਾਂਗਰਸ ਨੂੰ ਸਿਰਫ 4 ਵਾਰਡਾਂ ਵਿੱਚ ਜਿੱਤ ਮਿਲੀ ਜਦੋਂਕਿ ਸਾਂਝੇ ਮੋਰਚੇ ਵਿੱਚ ਭਾਈਵਾਲ ਸੀ ਪੀ ਆਈ ਦੇ ਹਿੱਸੇ ਇਕ ਸੀਟ ਆਈ। 11 ਆਜ਼ਾਦ ਉਮੀਦਵਾਰ ਜੇਤੂ ਰਹੇ। ਵਾਰਡ ਨੰਬਰ 3 ਦਾ ਨਤੀਜਾ ਇਕ ਮਸ਼ੀਨ ਵਿੱਚ ਤਕਨੀਕੀ ਖਰਾਬੀ ਕਾਰਨ ਘੋਸ਼ਿਤ ਨਹੀਂ ਕੀਤਾ ਗਿਆ।
ਜਲੰਧਰ ਨਗਰ ਨਿਗਮ ਵਿੱਚ ਅਕਾਲੀ-ਭਾਜਪਾ ਗਠਜੋਡ਼ ਭਾਵੇਂ ਜੇਤੂ ਰਿਹਾ, ਪਰ ਇਸ ਨੂੰ ਪਿਛਲੀ ਵਾਰ ਨਾਲੋਂ ਘੱਟ ਸੀਟਾਂ ਮਿਲੀਆਂ। ਇਸ ਦੇ ਉਮੀਦਵਾਰ 30 ਵਾਰਡਾਂ ਵਿੱਚ ਜੇਤੂ ਰਹੇ। ਪਿਛਲੀ ਵਾਰ ਉਹ 31 ਵਾਰਡਾਂ ਵਿੱਚ ਜਿੱਤੇ ਸਨ। ਕਾਂਗਰਸ ਨੇ 22 ਸੀਟਾਂ ਜਿੱਤੀਆਂ। ਪਿਛਲੀ ਵਾਰ ਉਸ ਕੋਲ 19 ਸੀਟਾਂ ਸਨ। 7 ਸੀਟਾਂ ’ਤੇ ਆਜ਼ਾਦ ਅਤੇ ਇਕ ’ਤੇ ਪੀਪਲਜ਼ ਪਾਰਟੀ ਆਫ ਪੰਜਾਬ ਜੇਤੂ ਰਹੀ। ਹਾਕਮ ਗਠਜੋਡ਼ ਵਿੱਚੋਂ ਅਕਾਲੀ ਦਲ ਨੂੰ11 ਸੀਟਾਂ ਮਿਲੀਆਂ, ਪਰ ਭਾਜਪਾ ਦੇ ਖਾਤੇ ਵਿੱਚ 19 ਸੀਟਾਂ ਆਈਆਂ ਜੋ ਕਿ ਪਿਛਲੀ ਵਾਰ ਨਾਲੋਂ ਇਕ ਘੱਟ ਹਨ।

ਜਲੰਧਰ ਦੇ ਇਕ ਚੋਣ ਬੂਥ ਉਪਰ ਵੋਟਾਂ ਪਾਉਣ ਬਾਅਦ ਉਂਗਲੀ ’ਤੇ ਲੱਗਿਆ ਸਿਆਹੀ ਦਾ ਨਿਸ਼ਾਨ ਵਿਖਾ ਰਹੇ ਵੋਟਰ (ਫੋਟੋ: ਸਰਬਜੀਤ ਸਿੰਘ
ਪਟਿਆਲਾ ਨਗਰ ਨਿਗਮ ਦੇ 50 ਵਾਰਡਾਂ ਵਿੱਚੋਂ 39 ਅਕਾਲੀ-ਭਾਜਪਾ ਨੇ ਜਿੱਤੇ। ਅਕਾਲੀ ਦਲ ਨੂੰ 32 ਤੇ ਭਾਜਪਾ ਨੂੰ 7 ਸੀਟਾਂ ਮਿਲੀਆਂ। ਕਾਂਗਰਸ ਸਿਰਫ 8 ਸੀਟਾਂ ਜਿੱਤ ਸਕੀ। ਸਭ ਤੋਂ ਵੱਡੇ ਲੁਧਿਆਣਾ ਨਿਗਮ ਦੇ 75 ਵਿੱਚੋਂ 63 ਨਤੀਜੇ ਰਾਤ 11 ਵਜੇ ਤੱਕ ਪ੍ਰਾਪਤ ਹੋਏ। ਇਥੇ ਵੀ ਹੁਕਮਰਾਨ ਗਠਜੋਡ਼ ਨੂੰ ਪੂਰਨ ਬਹੁਮਤ ਮਿਲਣਾ ਯਕੀਨੀ ਹੈ।
ਪਹਿਲਾਂ ਹਿੰਸਕ ਘਟਨਾਵਾਂ ਦੇ ਦੌਰ ਦੌਰਾਨ ਪਟਿਆਲਾ ਵਿਚ ਅਕਾਲੀ ਦਲ ਦੇ ਹਮਾਇਤੀਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਕਾਫ਼ਲੇ ਵੱਲ ਪਥਰਾਓ ਕੀਤਾ। ਇਸ ਪਥਰਾਅ ਵਿਚ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਪਟਿਆਲਾ ਦੇ ਹੀ ਬਿਕਰਮ ਕਾਲਜ ਆਫ ਕਾਮਰਸ (ਵਾਰਡ ਨੰ. 47) ਵਿਚ ਚਾਰ ਵੋਟਿੰਗ ਮਸ਼ੀਨਾਂ ਦੀ ਭੰਨ-ਤੋਡ਼ ਕੀਤੀ ਗਈ। ਇਥੇ ਹੋਈ ਝਡ਼ਪ ਵਿਚ ਕਾਂਗਰਸ ਉਮੀਦਵਾਰ ਰਜਨੀ ਸ਼ਰਮਾ ਨੂੰ ਸੱਟਾਂ ਲੱਗੀਆਂ।
ਨਗਰ ਪੰਚਾਇਤਾਂ ਦੇ ਪ੍ਰਾਪਤ ਨਤੀਜਆਂ ਅਨੁਸਾਰ ਘੱਗਾ ਨਗਰ ਪੰਚਾਇਤ ਵਿੱਚ ਅਕਾਲੀ-ਭਾਜਪਾ ਗੱਠਜੋਡ਼ ਜੇਤੂ ਰਿਹਾ। ਮੋਗਾ ਜ਼ਿਲ੍ਹੇ ਦੀ ਬਾਘਾਪੁਰਾਣਾ ਪੰਚਾਇਤ ਦੀਆਂ 15 ਵਿੱਚੋਂ 14 ਸੀਟਾਂ ਅਕਾਲੀ-ਭਾਜਪਾ ਗੱਠਜੋਡ਼ ਨੇ ਜਿੱਤੀਆਂ। ਸਿਰਫ ਇਕ ਸੀਟ ਕਾਂਗਰਸ ਨੂੰ ਮਿਲੀ। ਬਠਿੰਡਾ ਜ਼ਿਲ੍ਹੇ ਵਿੱਚ ਤਲਵੰਡੀ ਸਾਬੋ ਨਗਰ ਪੰਚਾਇਤ ਵਿੱਚ ਵੀ ਹੁਕਮਰਾਨ ਧਿਰ ਨੇ ਆਸਾਨ ਜਿੱਤ ਪ੍ਰਾਪਤ ਕੀਤੀ। ਫਤਹਿਗਡ਼੍ਹ ਸਾਹਿਬ ਜ਼ਿਲ੍ਹੇ ਦੀ ਅਮਲੋਹ ਨਗਰ ਪੰਚਾਇਤ ਦੀਆਂ 13 ਵਿੱਚੋਂ 12 ਸੀਟਾਂ ’ਤੇ ਅਕਾਲੀ-ਭਾਜਪਾ ਜੇਤੂ ਰਹੇ। ਅੰਮ੍ਰਿਤਸਰ ਜ਼ਿਲ੍ਹੇ ਦੀ ਰਾਜਾਸਾਂਸੀ ਨਗਰ ਪੰਚਾਇਤ ਵਿੱਚ ਅਕਾਲੀ-ਭਾਜਪਾ ਨੇ ਸਾਰੀਆਂ 13 ਸੀਟਾਂ ਜਿੱਤੀਆਂ। ਇਨ੍ਹਾਂ ਵਿੱਚੋਂ ਚਾਰ ਪਹਿਲਾਂ ਹੀ ਨਿਰਵਿਰੋਧ ਜਿੱਤ ਲਈਆਂ ਗਈਆਂ ਸਨ। ਹੁਸ਼ਿਆਰਪੁਰ ਜ਼ਿਲ੍ਹੇ ਦੀ ਮਾਹਿਲਪੁਰ ਨਗਰ ਪੰਚਾਇਤ ਦੀਆਂ 13 ਵਿੱਚੋਂ 7 ਸੀਟਾਂ ’ਤੇ ਅਕਾਲੀ-ਭਾਜਪਾ ਗੱਠਜੋਡ਼ ਜੇਤੂ ਰਿਹਾ। ਛੇ ਆਜ਼ਾਦ ਉਮੀਦਵਾਰ ਜਿੱਤੇ। ਕਾਂਗਰਸ ਖਾਤਾ ਨਾ ਖੋਲ੍ਹ ਸਕੀ।
ਨੰਗਰ ਪੰਚਾਇਤ ਵਿੱਚੋਂ ਚੀਮਾ ਮੰਡੀ (ਸੰਗਰੂਰ) ਵਿੱਚ ਅਕਾਲੀ ਦਲ ਨੇ 5 ਵਿੱਚੋਂ 4 ਵਾਰਡ ਜਿੱਤੇ। ਮੂਨਕ ਵਿੱਚ ਵੀ ਹਾਕਮ ਗਠਜੋਡ਼ ਜੇਤੂ ਰਿਹਾ। ਜਲੰਧਰ ਜ਼ਿਲ੍ਹੇ ਦੀ ਗੋਰਾਇਆ ਨਗਰ ਪੰਚਾਇਤ ਵਿੱਚ ਹਾਕਮ ਧਿਰ ਨੇ ਕਾਂਗਰਸ ਦਾ ਪਿਛਲੇ 15 ਸਾਲਾਂ ਤੋਂ ਚਲਿਆ ਆ ਰਿਹਾ ਕਬਜ਼ਾ ਤੋਡ਼ਦਿਆਂ 12 ਵਿੱਚੋਂ 7 ਸੀਟਾਂ ਜਿੱਤ ਲਈਆਂ। ਮਲੌਦ (ਲੁਧਿਆਣਾ) ਨਗਰ ਪੰਚਾਇਤ ਵਿੱਚ ਵੀ ਅਕਾਲੀ-ਭਾਜਪਾ ਗਠਜੋਡ਼ ਹੀ ਜੇਤੂ ਰਿਹਾ।
ਲੁਧਿਆਣਾ (ਸਤਿਬੀਰ ਸਿੰਘ): ਨਗਰ ਨਿਗਮ ਲੁਧਿਆਣਾ ’ਚ ਅੱਜ ਵੋਟਿੰਗ ਦੌਰਾਨ ਵੱਖ ਵੱਖ ਖੇਤਰਾਂ ਵਿਚ ਹਿੰਸਕ ਘਟਨਾਵਾਂ ਵਾਪਰੀਆਂ ਤੇ ਗੋਲੀ ਵੀ ਚੱਲੀ। ਡਾਬਾ ਖੇਤਰ ਵਿਚ ਵਾਰਡ ਨੰਬਰ 73 ਦੇ ਬੂਥ ’ਤੇ ਕਬਜ਼ਾ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਦੌਰਾਨ ਇੱਕ ਵਿਅਕਤੀ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਭਡ਼ਕੀ ਹਿੰਸਾ ਕਾਰਨ ਦੋ ਵਿਧਾਇਕ ਵੀ ਜ਼ਖ਼ਮੀ ਹੋ ਗਏ। ਗੋਲੀਆਂ ਦਾ ਸ਼ਿਕਾਰ ਬਣੇ ਵਿਅਕਤੀ ਦੀ ਪਛਾਣ ਗੁਰਵਿੰਦਰ ਸਿੰਘ ਬਾਜਵਾ ਉਰਫ ਬੰਟੀ (45) ਵਜੋਂ ਹੋਈ ਹੈ। ਉਹ ਬਹਾਦਰਕੇ ਪਿੰਡ ਦਾ ਸਾਬਕਾ ਸਰਪੰਚ ਸੀ। ਅੱਜ ਦੁਪਹਿਰ ਬਾਅਦ ਬਹਾਦਰਕੇ ਰੋਡ ’ਤੇ ਕਾਰਾਬਾਰਾ ਚੌਕ ਨੇਡ਼ੇ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਿੱਟੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਜਿੰਦਰ ਸਿੰਘ ਗੋਗੀ ਦੇ ਸਮਰਥਕਾਂ ਵਿਚਕਾਰ ਝਗਡ਼ਾ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਬਹਾਦਰਕੇ ਵਾਸੀ ਕਰਨਵੀਰ ਸਿੰਘ ਨੇ ਝਗਡ਼ੇ ਦੌਰਾਨ ਭੀਡ਼ ਨੂੰ ਖਿੰਡਾਉਣ ਲਈ ਕਈ ਹਵਾਈ ਫਾਇਰ ਕੀਤੇ। ਭੀਡ਼ ਖਿੰਡਣ ’ਤੇ ਕਰਨਵੀਰ ਨੇ ਕਥਿਤ ਤੌਰ ’ਤੇ ਬੰਟੀ ਬਾਜਵਾ ’ਤੇ ਤਿੰਨ ਗੋਲੀਆਂ ਚਲਾਈਆਂ ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਗਈ। ਬੰਟੀ ਬਾਜਵਾ ਤੇ ਕਰਨਵੀਰ ਵਿਚਕਾਰ ਪੁਰਾਣੀ ਦੁਸ਼ਮਣੀ ਸੀ। ਬੰਟੀ ਬਾਜਵਾ ਦੇ ਭਤੀਜੇ ਗੋਗੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਬੰਟੀ ਬਾਜਵਾ ਨੇ ਕਰਨਵੀਰ ’ਤੇ ਕੇਸ ਦਰਜ ਕਰਵਾਇਆ ਹੈ। ਉਸਨੇ ਦੋਸ਼ ਲਾਇਆ ਕਿ ਕਰਨਵੀਰ ਨੇ ਇਸ ਸਮੇਂ ਨੂੰ ਦੁਸ਼ਮਣੀ ਕੱਢਣ ਲਈ ਚੁਣਿਆ। ਡੀ.ਸੀ.ਪੀ. ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਇਸ ਕਤਲ ਪਿੱਛੇ ਪੁਰਾਣੀ ਦੁਸ਼ਮਣੀ ਸਪੱਸ਼ਟ ਹੈ। ਦੂਸਰੀ ਘਟਨਾ ਵਿੱਚ ਇੰਦਰਜੀਤ ਸਿੰਘ (30) ਦੇ ਸਿਰ ਵਿਚ ਗੋਲੀ ਲੱਗੀ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਸੋਮਾ ਅਤੇ ਆਜ਼ਾਦ ਉਮੀਦਵਾਰ ਸੋਹਨ ਸਿੰਘ ਗੋਗਾ ਦੇ ਸਮਰਥਕਾਂ ਵਿਚਾਲੇ ਪ੍ਰਤਾਪ ਚੌਕ ਵਿੱਚ ਟਕਰਾਅ ਹੋ ਗਿਆ। ਜ਼ਖ਼ਮੀ ਇੰਦਰਜੀਤ ਸਿੰਘ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਸੋਮਾ ਦਾ ਸਮਰਥਕ ਸੀ। ਜਦੋਂ ਸੋਹਨ ਸਿੰਘ ਗੋਗਾ ਦੇ ਸਮਰਥਕ ਪ੍ਰਤਾਪ ਚੌਕ ਵਿੱਚ ਆਏ ਤੇ ਇੰਦਰਜੀਤ ਨੂੰ ਰੋਕਣ ਲੱਗੇ ਤਾਂ ਉਸੇ ਸਮੇਂ ਹੀ ਸੋਮਾ ਆਪਣੇ ਸਮਰਥਕਾਂ ਨਾਲ ਉੱਥੇ ਪਹੁੰਚ ਗਿਆ। ਸਿੱਟੇ ਵਜੋਂ ਦੋਵਾਂ ਗਰੁੱਪਾਂ ਵਿਚ ਝਗਡ਼ਾ ਹੋ ਗਿਆ। ਭੀਡ਼ ਵਿਚ ਹੀ ਗੋਲੀ ਚੱਲੀ ਜਿਹਡ਼ੀ ਇੰਦਰਜੀਤ ਸਿੰਘ ਦੇ ਸਿਰ ਵਿੱਚ ਲੱਗੀ। ਜ਼ਖ਼ਮੀ ਇੰਦਰਜੀਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ  ਹੈ। ਇਸੇ ਦੌਰਾਨ ਅਕਾਲੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਕਾਂਗਰਸ ਦੇ ਵਿਧਾਇਕ ਭਾਰਤ ਭੂਸ਼ਨ ਆਸ਼ੂ ਦੇ ਜ਼ਖ਼ਮੀ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਬੀਤੀ ਅੱਧੀ ਰਾਤ ਮਰਾਡੋ ਕਲੋਨੀ ਵਿਚ ਸਾਬਕਾ ਮੰਤਰੀ ਹੀਰਾ ਸਿੰਘ ਗਾਬਡ਼ੀਆ ਅਤੇ ਸਿਮਰਜੀਤ ਸਿੰਘ ਬੈਂਸ ਦੇ ਸਮਰਥਕਾਂ ਵਿਚਕਾਰ ਗੋਲੀ ਚੱਲ ਗਈ ਜਿਸ ਨਾਲ ਵਿਧਾਇਕ ਸਿਮਰਜੀਤ ਬੈਂਸ ਜ਼ਖ਼ਮੀ ਹੋ ਗਏ। ਇਸ ਮੌਕੇ ਕਲੋਨੀ ਵਿਚ ਦੋਵਾਂ ਪਾਸਿਆਂ ਤੋਂ 200 ਤੋਂ ਵਧੇਰੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਇੱਕ ਦੂਜੇ ’ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਸੂਚਨਾ ਮਿਲਦੇ ਹੀ ਏ.ਡੀ.ਸੀ.ਪੀ. ਭੁਪਿੰਦਰ ਸਿੰਘ ਵੱਡੀ ਗਿਣਤੀ ਵਿਚ ਪੁਲੀਸ ਫੋਰਸ ਲੈ ਕੇ ਉੱਥੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਹੇਠ ਕੀਤਾ।

No comments: