Sunday, May 13, 2012

ਦੱਬੀਆਂ ਜਮੀਨਾਂ ਬਾਰੇ ਹ੍ਹਿਕ ਹੋਰ ਖੁਲਾਸਾ

ਵੱਡੇ ਬੰਦਿਆਂ ਨੇ ਦੱਬੀਆਂ ਚੰਡੀਗਡ਼੍ਹ ਨੇੜੇ  ਜ਼ਮੀਨਾਂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗਡ਼੍ਹ, 12 ਮਈ
ਪੰਜਾਬ ਸਰਕਾਰ ਵੱਲੋਂ ਵਿੱਤ ਕਮਿਸ਼ਨਰ (ਮਾਲ) ਨਵਰੀਤ ਸਿੰਘ ਕੰਗ ਦੀ ਅਗਵਾਈ ਹੇਠ ਗਠਿਤ ਕਮੇਟੀ ਨੇ ਚੰਡੀਗਡ਼੍ਹ ਦੇ ਆਸ-ਪਾਸ ਜ਼ਮੀਨਾਂ ਦੇ ਮਾਲਕ 8 ‘ਵੱਡੇ ਬੰਦਿਆਂ’ ਦੇ ਕਬਜ਼ੇ ਹੇਠਲੀ ਜ਼ਮੀਨ ਦਾ ਕੁੱਝ ਹਿੱਸਾ ਕਿਸੇ ਸਮੇਂ ਪੰਚਾਇਤੀ ਜਾਂ ਸਰਕਾਰੀ ਹੋਣ ਦੇ ਤੱਥ ਇਕੱਤਰ ਕੀਤੇ ਹਨ। ਰਾਜਧਾਨੀ ਨੇਡ਼ਲੇ ਵੱਖ-ਵੱਖ ਪਿੰਡਾਂ ਵਿਚ ਸਥਿਤ ਇਸ ਜ਼ਮੀਨ ਦਾ ਰਕਬਾ 30 ਏਕਡ਼ ਦੇ ਕਰੀਬ ਹੈ। ਸੂਤਰਾਂ ਮੁਤਾਬਕ ਕਮੇਟੀ ਵੱਲੋਂ ਆਪਣੀ ਰਿਪੋਰਟ ਮੁੱਖ ਸਕੱਤਰ ਰਾਕੇਸ਼ ਸਿੰਘ ਨੂੰ ਸੌਂਪ ਦਿੱਤੀ ਗਈ ਹੈ ਤੇ ਮੁੱਖ ਸਕੱਤਰ ਵੱਲੋਂ ਅਗਲੇ ਹਫ਼ਤੇ ਇਹ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਿੱਤੀ ਜਾਵੇਗੀ। ਰਾਜ ਸਰਕਾਰ ਨੇ  ਕਮੇਟੀ ਦਾ ਗਠਨ ਵੀ ਉਚ ਅਦਾਲਤ ਦੇ ਫੈਸਲੇ ਦੀ ਰੋਸ਼ਨੀ ਵਿੱਚ ਕੀਤਾ ਸੀ। ਹਾਈ ਕੋਰਟ ਵੱਲੋਂ 60 ‘ਵੱਡੇ ਬੰਦਿਆਂ’ ਜਿਨ੍ਹਾਂ ਵਿੱਚ ਪੰਜਾਬ ਦੇ ਸਿਆਸਤਦਾਨ, ਆਈ.ਏ.ਐਸ., ਆਈ.ਪੀ.ਐਸ. ਅਤੇ ਹੋਰ ਅਧਿਕਾਰੀ ਸ਼ਾਮਲ ਸਨ, ਦੀ ਮਾਲਕੀ ਵਾਲੀ ਜਾਂ ਕਬਜ਼ੇ ਹੇਠਲੀ ਜ਼ਮੀਨ ਦੀ ਪਡ਼ਤਾਲ ਕਰਕੇ ਇਸ ਜ਼ਮੀਨ ਦੇ ਪਿਛੋਕਡ਼ ਵਿੱਚ ਕਿਸੇ ਸਰਕਾਰੀ ਵਿਭਾਗ ਦੀ ਹੋਣ ਜਾਂ ਨਾ ਹੋਣ ਬਾਰੇ ਤੱਥ ਪੇਸ਼ ਕਰਨ ਲਈ ਕਿਹਾ ਸੀ। ਹਾਈ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਦੌਰਾਨ ਹੀ ਹੋਣੀ ਹੈ।
ਕੰਗ ਕਮੇਟੀ ਦੀ ਪਡ਼ਤਾਲ ਮੁਤਾਬਕ ਜਿਨ੍ਹਾਂ ਵਿਅਕਤੀਆਂ ਦੀ ਜ਼ਮੀਨ ਕਿਸੇ ਸਮੇਂ ਜੁਮਲਾ ਮਸ਼ਤਰਕਨ ਮਾਲਕਾਂ ਜਾਂ ਪੰਚਾਇਤੀ ਹੋਣ ਦੇ ਤੱਥ ਸਾਹਮਣੇ ਆਏ ਹਨ ਉਨ੍ਹਾਂ ਵਿੱਚ ਸੂਬੇ ਦੇ ਡੀ.ਜੀ.ਪੀ. ਸੁਮੇਧ ਸਿੰਘ ਸੈਣੀ, ਪੰਜਾਬ ਦੇ ਚੋਣ ਕਮਿਸ਼ਨਰ ਸ਼ਵਿੰਦਰ ਸਿੰਘ ਬਰਾਡ਼, ਵਿਵਾਦਿਤ ਤੇ ਸੇਵਾਮੁਕਤ ਪੁਲੀਸ ਅਫ਼ਸਰ ਗੁਰਚਰਨ ਸਿੰਘ ਫੇਰੂਰਾਏ, ਸਾਬਕਾ ਆਈ.ਏ.ਐਸ. ਅਫਸਰ ਜੇ.ਐਸ. ਕੇਸਰ, ਬਲਦੇਵ ਸਿੰਘ ਐਸ.ਪੀ.  ਤੇ ਗੁਰਮੀਤ ਸਿੰਘ ਆਦਿ ਦੇ ਨਾਂ ਸ਼ਾਮਲ ਹਨ। ਸ਼ਵਿੰਦਰ ਸਿੰਘ ਬਰਾਡ਼ ਅਤੇ ਸੁਮੇਧ ਸਿੰਘ ਸੈਣੀ ਦੀ ਜ਼ਮੀਨ ਬਾਰੇ ਤੱਥ ਇਹ ਵੀ ਹਨ ਕਿ ਇਨ੍ਹਾਂ ਦੋਹਾਂ ਦੀ ਸਾਂਝੀ ਜ਼ਮੀਨ ਹੈ ਤੇ ਮਸ਼ਤਰਕਨ ਮਾਲਕਾਂ ਤੋਂ ਜਿਹਡ਼ੀ ਜ਼ਮੀਨ ਖਰੀਦੀ ਗਈ ਉਸ ਦਾ ਕੁੱਝ ਹਿੱਸਾ ਅੱਗੇ ਵੇਚ ਵੀ ਦਿੱਤਾ ਗਿਆ। ਇਹ ਜ਼ਮੀਨ ਪਿੰਡ ਕਾਂਸਲ ’ਚ ਹੈ। ਇਸ ਪਿੰਡ ਵਿੱਚ ਜ਼ਮੀਨ ਨੂੰ ਬੇਸ਼ੁਮਾਰ ਕੀਮਤੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਪਿੰਡ ਪੰਜਾਬ ਸਿਵਲ ਸਕੱਤਰੇਤ ਦੇ ਬਿਲਕੁਲ ਕਰੀਬ ਹੈ। ਸੂਬੇ ਦੇ ਵੱਡੀ ਗਿਣਤੀ ਸਿਆਸਤਦਾਨਾਂ ਤੇ ਅਧਿਕਾਰੀਆਂ ਨੇ ਜ਼ਮੀਨਾਂ, ਫਾਰਮ ਹਾਊਸ ਤੇ ਘਰ ਇਸੇ ਇਲਾਕੇ ਵਿੱਚ ਹੀ ਬਣਾਏ ਹੋਏ ਹਨ।
ਪੰਜਾਬ ਦੇ ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਜੇ.ਐਸ. ਕੇਸਰ ਦੇ ਮਾਮਲੇ ਵਿੱਚ ਰੌਚਕ ਤੱਥ ਇਹ ਹੈ ਕਿ ਉਹ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਰਹੇ ਹਨ ਤੇ ਉਨ੍ਹਾਂ 58 ਕਨਾਲ ਪੰਚਾਇਤੀ ਜ਼ਮੀਨ ਹਾਸਲ ਕਰ ਲਈ ਸੀ। ਇਹ ਜ਼ਮੀਨ ਚੰਡੀਗਡ਼੍ਹ ਦੇ ਬਿਲਕੁਲ ਨਾਲ ਲਗਦੇ ਪਿੰਡ ਤੀਡ਼ਾ ਦੀ ਹੈ ਤੇ ਪੰਚਾਇਤ ਵਿਭਾਗ ਨੇ ਇਸ ਅਧਿਕਾਰੀ ਨੂੰ ਜ਼ਮੀਨ ਖਾਲ੍ਹੀ ਕਰਨ ਦਾ ਨੋਟਿਸ ਵੀ ਦਿੱਤਾ ਹੈ। ਸੂਤਰਾਂ ਮੁਤਾਬਕ ਕੰਗ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਿਆਸਤਦਾਨ ਬਲਵੰਤ ਸਿੰਘ ਰਾਮੂਵਾਲੀਆ ਜੋ ਕਿ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁਹਾਲੀ ਤੋਂ ਪਾਰਟੀ ਦੇ ਉਮੀਦਵਾਰ ਸਨ ਦੇ ਪੁੱਤਰ ਨਵਤੇਜ ਸਿੰਘ ਦੇ ਨਾਂ ’ਤੇ ਦਰਜ ਛੱਤ ਪਿੰਡ ਦੀ ਜ਼ਮੀਨ ਦੇ ਕੁੱਝ ਹਿੱਸੇ ਨੂੰ ਵੀ ਪਿਛੋਕਡ਼ ਵਿੱਚ ਸਰਕਾਰ ਦੇ ਕਿਸੇ ਵਿਭਾਗ ਨਾਲ ਸਬੰਧਤ ਹੋਣ ਦੇ ਤੱਥ ਉਜਾਗਰ ਕੀਤੇ ਹਨ। ਸੇਵਾਮੁਕਤ ਪੁਲੀਸ ਅਫਸਰ ਗੁਰਚਰਨ ਸਿੰਘ ਫੇਰੂਰਾਏ ਨੇ ਧਨੌਡ਼ਾਂ ਪਿੰਡ ਦੀ ਕਰੋਡ਼ਾਂ ਰੁਪਏ ਦੀ ਜ਼ਮੀਨ ਜੋ ਕਿ 15 ਕਨਾਲ ਦੇ ਕਰੀਬ ਰਕਬਾ ਹੈ ਤੇ ਇਹ ਜ਼ਮੀਨ ਪੰਚਾਇਤ ਦੀ ਸੀ ’ਤੇ ਕਬਜ਼ਾ ਕੀਤਾ ਹੋਇਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਚੰਡੀਗਡ਼੍ਹ ਦੇ ਆਸ- ਪਾਸ ਪੰਜਾਬ ਦੇ ਪਿੰਡਾਂ ਵਿੱਚ 1000 ਦੇ ਕਰੀਬ ‘ਵੱਡੇ ਬੰਦਿਆਂ’ ਨੇ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਖਰੀਦੀਆਂ ਹੋਈਆਂ ਹਨ। ਇਨ੍ਹਾਂ ਵਿੱਚ ਕਈ ਸਾਬਕਾ ਮੁੱਖ ਮੰਤਰੀ, ਮੰਤਰੀ ਤੇ ਅਧਿਕਾਰੀ ਸ਼ਾਮਲ ਹਨ। (ਪੰਜਾਬੀ ਤ੍ਤ੍ਰਿਬਿਊਨ ਚੋ ਧੰਨਵਾਦ ਸਹਿਤ

No comments: