Saturday, May 19, 2012

ਸੈਰ ਸਫ਼ਰ// ਅੰਦਰੇਟੇ ਦੀਆਂ ਯਾਦਾਂ//ਪਰਮਜੀਤ ਪਰਮ

ਅੰਦਰੇਟੇ ਪੁੱਜ ਕੇ ਮਿਲਦਾ ਹੈ ਮਨ ਨੂੰ ਇੱਕ ਅਜੀਬ ਸਕੂਨ
ਸੋਭਾ ਸਿੰਘ ਆਰਟ ਗੈਲਰੀ ਅੰਦਰੇਟਾ ਦਾ ਬਾਹਰੀ ਦ੍ਰਿਸ਼
ਪਿਛਲੇ ਦਿਨੀਂ ਮੇਰੇ ਵੱਡੇ ਬੇਟੇ ਨੇ ਬੱਚਿਆਂ ਨੂੰ ਮਕਲੌਡਗੰਜ ਘੁਮਾਉਣ ਦਾ ਪ੍ਰੋਗਰਾਮ ਬਣਾਇਆ। ਮੈਨੂੰ ਵੀ ਨਾਲ ਚੱਲਣ ਲਈ ਕਿਹਾ। ਮੈਂ ਭਾਵੇਂ ਨਾ ਹੀ ਜਾਂਦੀ ਪਰ ਬੇਟੇ ਨੇ ਕਿਹਾ ਕਿ ਨੇਡ਼ੇ ਹੀ ਪਾਲਮਪੁਰ ਤੇ ਅੰਦਰੇਟਾ ਵੀ ਹੈ ਜਿੱਥੇ ਸੋਭਾ ਸਿੰਘ ਆਰਟ ਗੈਲਰੀ ਹੈ। ਸੋ ਮੈਂ ਵੀ ਜਾਣ ਲਈ ਤਿਆਰ ਹੋ ਗਈ। ਮਕਲੌਡਗੰਜ ਤੱਕ ਦਾ ਸਫ਼ਰ ਵਧੀਆ ਰਿਹਾ।
ਅਸੀਂ 22 ਮਾਰਚ ਨੂੰ ਮਕਲੌਡਗੰਜ ਤੋਂ ਪਾਲਮਪੁਰ ਲਈ ਚੱਲ ਪਏ। ਪਾਲਮਪੁਰ ਜਾਂਦੇ ਹੋਏ ਰਸਤੇ ਵਿੱਚ ਯਸ਼ੋਦਾ ਆਸ਼ਰਮ ਤੇ ਚਮੁੰਡਾ ਦੇਵੀ ਦਾ ਮੰਦਰ ਆਇਆ। ਸਮੇਂ ਦੀ ਘਾਟ ਤੇ ਅੰਦਰੇਟੇ ਲਈ ਖਿੱਚ ਕਰਕੇ ਅਸੀਂ ਕਿਤੇ ਵੀ ਨਹੀਂ ਰੁਕੇ। ਪਾਲਮਪੁਰ ਤੋਂ ਅੰਦਰੇਟਾ ਤਕਰੀਬਨ 16 ਕੁ ਕਿਲੋਮੀਟਰ ਹੈ। ਰਾਹ ਵਿੱਚ ਗੋਪਾਲਪੁਰ ਤੋਂ ਖੱਬੇ ਪਾਸੇ ਦੂਰ ਕਿਤੇ ਬਾਬਾ ਨੰਦ ਸਿੰਘ ਜੀ ਦਾ ਤਪ ਅਸਥਾਨ ਹੈ। ਰਸਤੇ ਵਿੱਚ ਦੋਵੇਂ ਪਾਸੇ ਚਾਹ ਦੇ ਬਾਗ਼ ਹਨ। ਹਵਾ ਵਿੱਚ ਲਹਿਰਾਉਂਦੇ ਪੱਤੇ ਬਹੁਤ ਹੀ ਸੁੰਦਰ ਦਿਖਾਈ ਦਿੰਦੇ ਸਨ। ਕਿਤੇ ਕਿਤੇ ਦੂਰ ਸੁੱਕੇ ਦਰੱਖਤ ਨਜ਼ਰੀਂ ਪੈ ਜਾਂਦੇ ਹਨ। ਅਜੀਬ ਨਜ਼ਾਰਾ ਸੀ ਹਰਿਆਵਲ ਵਿੱਚ ਸੁੱਕੇ ਰੁੱਖ।
ਲੇਖਿਕਾ: ਪਰਮਜੀਤ ਪਰਮ
ਚਚੀਆਂ, ਬਬੂਟੀਰੀ ਤੇ ਪੰਚਰੁੱਖੀ ਤੋਂ ਲੰਘਦੇ ਹੋਏ ਅੰਦਰੇਟੇ ਪਹੁੰਚੇ। ਅੰਦਰੇਟੇ ਪੁੱਜ ਕੇ ਮਨ ਨੂੰ ਇੱਕ ਅਜੀਬ ਸਕੂਨ ਸੀ ਕਿ ਅਸੀਂ ਕਿੰਨੇ ਮਹਾਨ ਕਲਾਕਾਰ ਦੇ ਘਰ ਆਏ ਹਾਂ। ਇਮਾਰਤ ਦੇ ਅੰਦਰ ਵਡ਼ਦਿਆਂ ਹੀ ਇੱਕ ਪਾਸੇ ਦਫ਼ਤਰ ਹੈ। ਇੱਕ ਗਾਈਡ ਕੁਡ਼ੀ ਬੈਠੀ ਸੀ। ਆਰਟ ਗੈਲਰੀ ਦੇ ਦਰਸ਼ਨ ਕਰਨ ਲਈ ਦਸ ਰੁਪਏ ਦਾ ਟਿਕਟ ਸੀ। ਟਿਕਟ ਇੱਕ ਕਾਰਡ ਵਰਗੀ ਸੀ ਜਿਸ ਉੱਤੇ ਸੋਭਾ ਸਿੰਘ ਜੀ ਬਾਰੇ ਕਾਫ਼ੀ ਜਾਣਕਾਰੀ ਛਪੀ ਹੋਈ ਸੀ। ਵਿਹਡ਼ੇ ਵਿੱਚ ਸੋਭਾ ਸਿੰਘ ਜੀ ਦੇ ਹੱਥਾਂ ਦਾ ਬਣਿਆ ਪ੍ਰਿਥਵੀਰਾਜ ਕਪੂਰ ਦਾ ਇੱਕ ਬੁੱਤ ਲਗਾਇਆ ਹੋਇਆ ਹੈ। ਆਰਟ ਗੈਲਰੀ ਦੀ ਐਂਟਰੀ ਤੋਂ ਥੋਡ਼੍ਹਾ ਉਰ੍ਹੇ ਬੈਠਣ ਲਈ ਥਾਂ ਬਣੀ ਹੋਈ ਹੈ। ਸਾਡੇ ਨਾਲ ਗਾਈਡ ਕੁਡ਼ੀ ਆ ਗਈ। ਆਰਟ ਗੈਲਰੀ ਦੇ ਹਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਸ ਨੇ ਸਾਨੂੰ ਜੁੱਤੀਆਂ ਉਤਾਰਨ ਲਈ ਕਿਹਾ। ਜੁੱਤੀਆਂ ਉਤਾਰਦਿਆਂ ਅਹਿਸਾਸ ਹੋਇਆ ਕਿ ਅਸੀਂ ਕਿਸੇ ਪਵਿੱਤਰ ਥਾਂ ’ਤੇ ਪੈਰ ਧਰਨ ਲੱਗੇ ਹਾਂ। ਅੰਦਰ ਵਡ਼ਦੇ ਹੀ ਮਨ ਸ਼ਾਂਤ ਹੋ ਗਿਆ। ਉਨ੍ਹਾਂ ਦੇ ਸ਼ਾਹਕਾਰ ਚਿੱਤਰ ਗੁਰੂ ਨਾਨਕ ਦੇਵ ਜੀ ਤੇ ਸੋਹਣੀ ਮਹੀਂਵਾਲ ਤੋਂ ਇਲਾਵਾ ਹਾਲ ਵਿੱਚ ਬਹੁਤ ਸਾਰੇ ਅਜਿਹੇ ਚਿੱਤਰ ਸਨ ਜਿਨ੍ਹਾਂ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ। ਉੱਥੇ ਮਹਾਰਾਜਾ ਦਲੀਪ ਸਿੰਘ, ਪਾਰਲੀਮੈਂਟ ਹਾਊਸ, ਸ਼ਹੀਦ ਭਗਤ ਸਿੰਘ, ਪੰਡਿਤ ਜਵਾਹਲ ਲਾਲ ਨਹਿਰੂ, ਮਹਾਰਾਜਾ ਰਣਜੀਤ ਸਿੰਘ, ਡਾ. ਰਾਜਿੰਦਰ ਪ੍ਰਸਾਦ, ਮਹਾਤਮਾ ਗਾਂਧੀ, ਸ਼ੇਖ ਫ਼ਰੀਦ, ਸੰਧਿਆ ਦੀ ਦੇਵੀ, ਗੁਰੂ ਗੋਬਿੰਦ ਸਿੰਘ ਜੀ, ਪੰਡਿਤ ਚਰਨ ਦੱਤ, ਗੁਰੂ ਨਾਨਕ ਦੇਵ ਜੀ ਮੱਕਾ ਵਿੱਚ, ਹੀਰ ਰਾਂਝਾ, ਗੁਰੂ ਨਾਨਕ ਦੇਵ ਜੀ ਦੀ ਤਿੱਬਤ ਫੇਰੀ ਦਾ ਰਸਤਾ, ਨੌਰਾ ਰਿਚਰਡ, ਬਾਬਾ ਰਾਮ ਸਿੰਘ, ਸਵਾਮੀ ਰਾਮਾ ਨੰਦ, ਭੂਟਾਨ ਦਾ ਪੈਲੇਸ, ਸਨੇਕਚਾਰਮਰ, ਗੱਦੀ ਔਰਤ, ਐੱਮ.ਐੱਸ. ਰੰਧਾਵਾ ਦੇ ਚਿੱਤਰ ਲੱਗੇ ਹੋਏ ਹਨ। ਹਰ ਤਸਵੀਰ ਨੂੰ ਵੇਖ ਕੇ ਸਿਰ ਸ਼ਰਧਾ ਨਾਲ ਝੁਕ ਜਾਂਦਾ ਸੀ।
ਇਸ ਤੋਂ ਬਾਅਦ ਅਸੀਂ ਉਪਰਲੀ ਮੰਜ਼ਿਲ ’ਤੇ ਗਏ। ਉੱਥੇ ਬਹੁਤ ਸਾਰੀਆਂ ਪਰਿਵਾਰਕ ਫੋਟੋਆਂ, ਨੌਰਾ ਰਿਚਰਡ, ਅੰਮ੍ਰਿਤਾ ਪ੍ਰੀਤਮ, ਐੱਮ.ਐੱਸ. ਰੰਧਾਵਾ ਆਦਿ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਅਗਲੇ ਕਮਰੇ ਵਿੱਚ ਪਲਾਸਟਰ ਆਫ ਪੈਰਿਸ ਨਾਲ ਸੋਭਾ ਸਿੰਘ ਜੀ ਦੇ ਹੱਥਾਂ ਦੀਆਂ ਬਣੀਆਂ ਸੱਸੀ ਪੰਨੂ ਤੇ ਪ੍ਰੋਫ਼ੈਸਰ ਨਿਰਮਲ ਚੰਦਰ ਦੀਆਂ ਕ੍ਰਿਤੀਆਂ ਪਈਆਂ ਸਨ। ਇੱਥੇ ਹੀ ਇੱਕ ਖਾਨੇ ਵਿੱਚ ਉਨ੍ਹਾਂ ਦੀਆਂ ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਰੰਗ ਘੋਲਣ ਵਾਲੇ ਡਿੱਬੇ, ਬੁਰਸ਼, ਟਾਈਮ ਪੀਸ, ਨੇਲ ਕਟਰ, ਐਨਕ, ਕੰਘੀ ਤੇ ਰੇਡੀਓ ਲਾਇਸੈਂਸ ਆਦਿ ਸੰਭਾਲੇ ਹੋਏ ਹਨ। ਇਸੇ ਕਮਰੇ ਵਿੱਚ ਇੱਕ ਪਾਸੇ ਛੋਟੇ ਖੁੱਲ੍ਹੇ ਕਮਰੇ ਵਿੱਚ (ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿਖੇ) ਇੱਕ ਆਖਰੀ ਤੇ ਅਧੂਰਾ ਚਿੱਤਰ ਸਾਂਭਿਆ ਹੋਇਆ ਹੈ।
ਅਗਲੇ ਯਾਨੀ ਤੀਜੇ ਕਮਰੇ ਵਿੱਚ ਆਰਟਿਸਟ ਅਨਵਿੰਦਰ ਸਿੰਘ ਵੱਲੋਂ ਬਣਾਇਆ ਸੋਭਾ ਸਿੰਘ ਜੀ ਬੁੱਤ, ਕੁਰਸੀ ’ਤੇ ਬੈਠਿਆਂ ਦਾ ਪਿਆ ਹੈ। ਇਹ ਇੰਨਾ ਸਜੀਵ ਹੈ ਕਿ ਲੱਗਦਾ ਹੈ ਕਿ ਹੁਣੇ ਕੁਝ ਬੋਲਣਗੇ। ਇੱਥੇ ਹੀ ਰੋਜ਼ਾਨਾ ਵਰਤੋਂ ਦੇ ਬਰਤਨ, ਪਤਨੀ ਇੰਦਰ ਕੌਰ ਦੀ ਸਿਲਾਈ ਮਸ਼ੀਨ, ਉਨ੍ਹਾਂ ਦੇ ਹੱਥਾਂ ਦੀਆਂ ਕੱਢੀਆਂ ਚਾਦਰਾਂ ਬੈੱਡਾਂ ’ਤੇ ਵਿਛੀਆਂ ਹੋਈਆਂ ਹਨ। ਇਕਦਮ ਸਾਫ਼ ਸੁਥਰੀਆਂ ਜਿਵੇਂ ਹੁਣੇ ਵਿਛਾਈਆਂ ਹੋਣ। ਗਾਈਡ ਕੁਡ਼ੀ ਵੀ ਬਡ਼ੀ ਹੀ ਮਿੱਠ ਬੋਲੀ ਸੀ। ਇਸ ਸਭ ਕੁਝ ਦੌਰਾਨ ਫੋਟੋਗ੍ਰਾਫੀ, ਵੀਡਿਓਗ੍ਰਾਫੀ ਜਾਂ ਫੋਨ ਸੁਣਨਾ ਮਨ੍ਹਾ ਸੀ। ਕਿਸੇ ਵੀ ਵਸਤ ਨੂੰ ਛੁਹਣ ਦੀ ਮਨਾਹੀ ਸੀ। ਸਾਰਾ ਕੁਝ ਕੈਮਰੇ ਦੀ ਨਿਗਰਾਨੀ ਵਿੱਚ ਸੀ।
ਆਰਟ ਗੈਲਰੀ ਦੇ ਪਿਛਲੇ ਪਾਸੇ ਹੀ ਘਰ ਹੈ ਜਿੱਥੇ ਸੋਭਾ ਸਿੰਘ ਜੀ ਦੀ ਬੇਟੀ ਗੁਰਚਰਨ ਕੌਰ ਆਪਣੇ ਪੁੱਤਰ ਡਾ. ਹਿਰਦੇਪਾਲ ਤੇ ਉਨ੍ਹਾਂ ਦੇ ਪਰਿਵਾਰ ਸਮੇਤ ਰਹਿੰਦੇ ਹਨ। ਅਸੀਂ ਉਨ੍ਹਾਂ ਨੂੰ ਮਿਲੇ। ਗੁਰਚਰਨ ਕੌਰ ਬਹੁਤ ਹੀ ਪਿਆਰੀ ਤੇ ਮਿਠ-ਬੋਲਡ਼ੀ ਸ਼ਖ਼ਸੀਅਤ ਹੈ। ਉਨ੍ਹਾਂ ਨੇ ਆਪਣੇ ਪਿਤਾ ਦੀ ਯਾਦ ਨੂੰ ਬਡ਼ੇ ਸੁਚੱਜੇ ਢੰਗ ਨਾਲ ਸਾਂਭਿਆ ਹੈ।
ਸੋਭਾ ਸਿੰਘ ਜੀ ਦਾ ਜਨਮ 29 ਨਵੰਬਰ 1901 ਨੂੰ ਸ੍ਰੀ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦੇਵਾ ਸਿੰਘ ਭਾਰਤੀ ਫ਼ੌਜ ਵਿੱਚ ਸਰਵੇਅਰ ਸਨ। ਉਹ ਇੱਕ ਚੰਗੇ ਘੋਡ਼ਸਵਾਰ ਤੇ ਪੇਂਟਰ ਸਨ। ਉਨ੍ਹਾਂ ਨੇ 22 ਸਾਲ ਫ਼ੌਜ ਵਿੱਚ ਕੰਮ ਕੀਤਾ ਤੇ ਸੰਨ 1967 ਵਿੱਚ ਸੰਸਾਰਕ ਯਾਤਰਾ ਪੂਰੀ ਕਰ ਗਏ। ਸੋਭਾ ਸਿੰਘ ਦੇ ਮਾਤਾ ਬੀਬੀ ਅੱਛਰਾ ਦੇਵੀ ਮਨਮੋਹਕ ਤੇ ਮਿੱਠ-ਬੋਲਡ਼ੀ ਸ਼ਖ਼ਸੀਅਤ ਸਨ। ਸੋਭਾ ਸਿੰਘ ਦੇ ਦਾਦਾ ਛੱਤਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਨੌਕਰੀ ਕਰਦੇ ਸਨ। ਸੋਭਾ ਸਿੰਘ ਜੀ ਨੇ ਅੰਮ੍ਰਿਤਸਰ ਦੇ ਇੰਡਸਟਰੀ ਸਕੂਲ ਤੋਂ ਇੱਕ ਸਾਲ ਦਾ ਆਰਟ ਕਰਾਫਟ ਦਾ ਕੋਰਸ ਸੰਨ 1915 ਵਿੱਚ ਕੀਤਾ। ਥੋਡ਼੍ਹਾ ਸਮਾਂ ਅੰਮ੍ਰਿਤਸਰ ਕੈਨਟੋਨਮੈਂਟ ਵਿੱਚ ਕੰਮ ਕਰਨ ਪਿੱਛੋਂ ਉਹ ਡਰਾਫਟਸਮੈਨ ਵਜੋਂ ਭਾਰਤੀ ਫ਼ੌਜ ਵੱਲੋਂ (1919-1923) ਬਗਦਾਦ ਚਲੇ ਗਏ। ਉੱਥੇ ਉਨ੍ਹਾਂ ਅੰਗਰੇਜ਼ੀ ਸਿੱਖੀ ਤੇ ਫ਼ੌਜੀ ਅਫ਼ਸਰਾਂ ਦੇ ਚਿੱਤਰਕਾਰੀ ਹੁਨਰ ਤੋਂ ਪ੍ਰਭਾਵਿਤ ਹੋਏ।
ਸੰਨ 1923 ਨੂੰ ਵਿਸਾਖੀ ਵਾਲੇ ਦਿਨ ਉਨ੍ਹਾਂ ਦਾ ਵਿਆਹ ਇੰਦਰ ਕੌਰ ਨਾਲ ਹੋਇਆ। ਉਨ੍ਹਾਂ ਨੇ ਫ਼ੌਜ ਛੱਡ ਕੇ ਅੰਮ੍ਰਿਤਸਰ ਵਿੱਚ ਆਪਣਾ ਸਟੂਡੀਓ ਖੋਲ੍ਹ ਲਿਆ।
ਸੰਨ 1925-29 ਵਿੱਚ ਲਾਹੌਰ ਵਿੱਚ ਈਕੋ ਸਕੂਲ ਆਫ ਆਰਟ ਸਥਾਪਤ ਕੀਤਾ।
ਸੰਨ 1930-1942 ਦਿੱਲੀ ਵਿੱਚ ਸਟੂਡੀਓ ਬਣਾਇਆ ਤੇ ਖ਼ੁਦ ਨੂੰ ਇੱਕ ਪ੍ਰਸਿੱਧ ਆਰਟਿਸਟ ਸਥਾਪਤ ਕਰ ਲਿਆ।
ਸੰਨ 1942 ਤੋਂ 1944 ਦਾ ਸਮਾਂ ਉਹ ਪ੍ਰੀਤਨਗਰ ਵਿੱਚ ਵੀ ਰਹੇ। ਲਾਹੌਰ ਵਿੱਚ ਸੰਨ 1946 ਵਿੱਚ ਫ਼ਿਲਮ ‘ਬੁੱਤ ਤਰਾਸ਼’ ਬਣੀ। ਉਹ ਇਸ ਫ਼ਿਲਮ ਦੇ ਆਰਟ ਡਾਇਰੈਕਟਰ ਸਨ।
ਸੰਨ 1947 ਵਿੱਚ ਵੰਡ ਵੇਲੇ ਉਹ ਆਪਣਾ 300 ਆਰਟ ਵਰਕ ਤੇ 60 ਬੇਸ਼ ਕੀਮਤੀ ਪੇਂਟਿੰਗਜ਼ ਪਿੱਛੇ ਛੱਡ ਕੇ ਕਾਂਗਡ਼ਾ ਆ ਗਏ ਤੇ ਪੱਕੇ ਤੌਰ ’ਤੇ ਅੰਦਰੇਟਾ ਰਹਿਣ ਲੱਗੇ।
ਸੰਨ 1967 ਵਿੱਚ ਉਨ੍ਹਾਂ ਦੀ ਪਤਨੀ ਬੀਬੀ ਇੰਦਰ ਕੌਰ ਚੱਲ ਵਸੇ।
ਸੰਨ 1969 ਵਿੱਚ ਸੋਭਾ ਸਿੰਘ ਦੀ ਗੁਰੂ ਨਾਨਕ ਦੇਵ ਜੀ ਅਸ਼ੀਰਵਾਦ ਦਿੰਦੇ ਹੋਏ ਵਾਲੀ ਪੇਂਟਿੰਗ ਐੱਸ.ਜੀ.ਪੀ.ਸੀ. ਵੱਲੋਂ ਪ੍ਰਕਾਸ਼ਤ ਕੀਤੀ ਗਈ।
ਸੰਨ 1970 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਫੈਲੋਸ਼ਿਪ ਦਿੱਤੀ।
ਸੰਨ 1972 ਵਿੱਚ ਉਹ ਪੰਜਾਬ ਸਰਕਾਰ ਵੱਲੋਂ ਯੂ.ਕੇ. ਗਏ।
ਸੰਨ 1973 ਵਿੱਚ ਯੂਨੀਅਨ ਮਨਿਸਟਰੀ ਆਫ ਇਨਫਰਮੇਸ਼ਨ ਤੇ ਬਰਾਡਕਾਸਟਿੰਗ ਨੇ ਉਨ੍ਹਾਂ ਬਾਰੇ ਦਸਤਾਵੇਜ਼ੀ ਫ਼ਿਲਮ ਬਣਾਈ ਜੋ ਮੁੱਖ ਭਾਰਤੀ ਭਾਸ਼ਾਵਾਂ ਵਿੱਚ ਡਬ ਕੀਤੀ ਗਈ।
ਸੰਨ 1974 ਵਿੱਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਟੇਟ ਆਰਟਿਸਟ ਮੰਨਿਆ ਤੇ ਉਨ੍ਹਾਂ ਦੇ ਸਤਿਕਾਰ ਵਿੱਚ ਦਸਤਾਵੇਜ਼ੀ ਬਣਾਈ।
ਸੰਨ 1978 ਵਿੱਚ ਰੋਮ ਦੇ ਇਤਿਹਾਸਕ ਸਮਾਰਕ ਤੇ ਆਰਟ ਗੈਲਰੀਆਂ ਦੇਖਣ ਨਾਲ ਉਨ੍ਹਾਂ ਦੀ ਕਲਾ ਹੋਰ ਵੀ ਨਿਖਰੀ।
ਸੰਨ 1982 ਵਿੱਚ ਪੰਜਾਬ ਆਰਟ ਕੌਂਸਲ ਨੇ ਆਪਣੇ ਉੱਤਮ ਐਵਾਰਡ ਨਾਲ ਸਨਮਾਨਿਆ।
ਸੰਨ 1983 ਵਿੱਚ ਭਾਰਤ ਸਰਕਾਰ ਨੇ ਸੋਭਾ ਸਿੰਘ ਨੂੰ ਪਦਮਸ੍ਰੀ ਖਿਤਾਬ ਦਿੱਤਾ। ਇਸ ਪਿੱਛੋਂ ਦੇਸ਼ ਦੀਆਂ ਕਈ ਸੰਸਥਾਵਾਂ ਨੇ ਉਨ੍ਹਾਂ ਨੂੰ ਸਨਮਾਨਿਆ।
ਸੰਨ 1984 ਵਿੱਚ ਬੀ.ਬੀ.ਸੀ. ਲੰਦਨ ਨੇ ਉਨ੍ਹਾਂ ਬਾਰੇ ਦਸਤਾਵੇਜ਼ੀ ਫ਼ਿਲਮ ਬਣਾਈ। ਉਨ੍ਹਾਂ ਨੇ ਸਵਿਟਜ਼ਰਲੈਂਡ, ਨਾਰਵੇ, ਕੈਨੇਡਾ ਤੇ ਯੂ.ਕੇ. ਦਾ ਦੌਰਾ ਕੀਤਾ।
ਸੰਨ 1985 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਡਾਕਟਰ ਆਫ ਲਿਟਰੇਚਰ ਦੀ ਉਪਾਧੀ ਨਾਲ ਨਿਵਾਜਿਆ।
ਸੰਨ 1986 ਵਿੱਚ 22 ਅਗਸਤ ਨੂੰ ਉਨ੍ਹਾਂ ਨੇ ਆਪਣੀ ਸੰਸਾਰਕ ਯਾਤਰਾ ਚੰਡੀਗਡ਼੍ਹ ਵਿਖੇ ਪੂਰੀ ਕੀਤੀ। ਉਨ੍ਹਾਂ ਦੀਆਂ ਅੰਤਿਮ ਰਸਮਾਂ ਪੂਰੇ ਰਾਜਸੀ ਸਤਿਕਾਰ ਨਾਲ ਕੀਤੀਆਂ ਗਈਆਂ।
ਸੋਭਾ ਸਿੰਘ ਨੇ ਕਰੀਬ 2000 ਪੇਂਟਿੰਗਜ਼ ਬਣਾਈਆਂ ਹਨ। ਇਨ੍ਹਾਂ ਵਿੱਚੋਂ ਕਾਫ਼ੀ ਅਜਾਇਬਘਰਾਂ ਵਿੱਚ ਸੰਭਾਲੀਆਂ ਹੋਈਆਂ ਹਨ। ਕੁਝ ਪੇਂਟਿੰਗਜ਼ ਰਾਸ਼ਟਰਪਤੀ ਭਵਨ, ਲੋਕ ਸਭਾ, ਰਾਜ ਭਵਨ, ਚੰਡੀਗਡ਼੍ਹ ਆਰਟ ਗੈਲਰੀ, ਅਮਰ ਮਹਿਲ ਜੰਮੂ, ਸ੍ਰੀ ਗੰਜ ਮਿਊਜ਼ੀਅਮ ਹੈਦਰਾਬਾਦ, ਸੈਂਟਰਲ ਸਿੱਖ ਮਿਊਜ਼ੀਅਮ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲੱਗੀਆਂ ਹੋਈਆਂ ਹਨ।
ਮੋਬਾਈਲ: 98782-49641 ਏਨੇ ਵੱਡੇ ਕਲਾਕਾਰ ਤੇ ਮਹਾਨ ਸ਼ਖ਼ਸੀਅਤ ਦੀ ਆਰਟ ਗੈਲਰੀ ਦੇ ਦਰਸ਼ਨ ਕਰਨਾ ਸੁਭਾਗ ਹੈ। ਮੈਨੂੰ ਇਹ ਯਾਤਰਾ ਹਮੇਸ਼ਾਂ ਯਾਦ ਰਹੇਗੀ।
ਲੇਖਿਕਾ ਨਾਲ ਮੋਬਾਈਲ ਸੰਪਰਕ: 98782-49641 

No comments: