Tuesday, May 01, 2012

ਇਨਕ਼ਲਾਬ ਦੀ ਲੋੜ ਬਾਰੇ ਤਿੱਖਾ ਅਹਿਸਾਸ ਕਰਾਉਂਦੀ ਇੱਕ ਅਮਰ ਰਚਨਾ

ਮਾਂ ਧਰਤੀਏ  ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਹੀੰ  ਵੇ ਸੂਰਜਾ ਕੰਮੀਆਂ ਦੇ ਵੇਹੜੇ  
ਅੱਜ ਮਈ ਦਿਵਸ ਦੇ ਮੌਕੇ ਤੇ ਅਸੀਂ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਰੱਖ ਰਹੇ ਹਾਂ ਕਾਮਰੇਡ ਸੰਤ ਰਾਮ ਉਦਾਸੀ ਦੀ ਇੱਕ ਅਮਰ ਰਚਨਾ ਜਿਹੜੀ ਸਮੇਂ ਸਮੇਂ ਦੇ ਨਾਲ ਆਪਣੇ ਅਰਥਾਂ ਅਤੇ ਭਾਵਾਂ ਨੂੰ ਹੋਰ ਗੂਹੜਾ ਕਰ ਰਹੀ ਹੈ. ਸਾਡੇ ਜਹੇ ਸ਼ਬਦਾਂ ਵਿੱਚ ਦਰਸਾਈਆਂ ਗਈਆਂ  ਕੌੜੀਆਂ ਹਕੀਕਤਾਂ ਨੂੰ ਜੇ ਇਨਕ਼ਲਾਬ ਦੇ ਰਸਤੇ 'ਤੇ ਤੁਰ ਰਹੇ ਕਾਫਲਿਆਂ ਚੋਂ  ਕੋਈ ਭੁੱਲਣ ਵੀ ਲੱਗੇ ਤਾਂ ਉਦਾਸੀ ਦੇ ਸ਼ਬਦ ਉਸਨੂੰ ਫਿਰ ਕਾਫਲੇ ਦੀ ਗੰਭੀਰਤਾ ਅਤੇ ਇਮਾਨਦਾਰੀ ਯਾਦ ਕਰਾਉਣ ਦੀ ਸਮਰਥਾ ਰੱਖਦੇ ਹਨ ਕਿਓਂਕਿ ਇਹ ਸ਼ਬਦ ਦਿਲ  ਚੋਂ  ਨਿਕਲੀ ਆਵਾਜ਼ ਵਾਂਗ ਹਨ. ਕੁਰਸੀਆਂ ਦੇ ਲਾਲਚਾਂ ਅਤੇ 
ਹੋਰ ਨਿਜੀ ਫਾਇਦਿਆਂ ਤੋਂ ਨਿਰਲੇਪ ਇਹ ਆਵਾਜ਼ ਲਗਾਤਾਰ ਦੱਬੇ ਕੁਚਲੇ ਵਰਗਾਂ ਦੀ ਦਿਨ ਬਦਿਨ ਨਿਘਰਦੀ ਜਾ ਰਹੀ ਹਾਲਤ ਬਾਰੇ ਇੰਕ਼ਲਾਬੀ ਕਾਫਲਿਆਂ ਨੂੰ ਬਾਰ ਬਾਰ ਯਾਦ ਕਰਾਉਂਦੀ ਰਹੇਗੀ ਕਿ ਮੰਜਿਲਾਂ ਤੋਂ ਪਹਿਲਾਂ ਕੋਈ ਹੋਰ ਮੰਜ਼ਿਲ ਨਹੀਂ ਹੋ ਸਕਦੀ. ਉਦਾਸੀ ਦੇ ਸ਼ਬਦਾਂ ਵਿੱਚ ਅੱਜ ਵੀ ਭਰਮਾਂ ਭੁਲੇਖਿਆਂ ਦੀ ਧੁੰਧ ਨੂੰ ਚੀਰਨ ਦੀ ਸਮਰਥਾ ਮੌਜੂਦ ਹੈ. ਆਜ ਦੇ ਹਾਲਾਤ ਵਿੱਚ ਤੁਹਾਨੂੰ ਇਹ ਗੀਤ ਕਿਵੇਂ ਲੱਗਿਆ ਜ਼ਰੂਰ ਦੱਸਣਾ.-ਰੈਕਟਰ ਕਥੂਰੀਆ 
ਤੁਸੀਂ ਪੂਰੀ ਕਵਿਤਾ ਪੜ੍ਹ ਵੀ ਸਕਦੇ ਹੋ 

ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹਡ਼ੇ!
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ,
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ,
ਅੱਖਾਂ ਸੁੰਨੀਆਂ, ਤੇ ਦੰਦ ਤਰੇਡ਼ੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹਡ਼ੇ!
ਜਿੱਥੇ ਬੰਦਾ ਜੰਮਦਾ ਸੀਰ੍ਹੀ ਹੈ,
ਡੱਕਿਆਂ ਦੀ ਮੀਰੀ-ਪੀਰੀ ਹੈ,
ਜਿੱਥੇ ਕਰਜ਼ੇ ਹੇਠ ਪੰਜ਼ੀਰੀ ਹੈ,
ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਘੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹਡ਼ੇ!
ਜਿੱਥੇ ਹਾਰ ਮੰਨ ਲਈ ਚਾਵਾਂ ਨੇ,
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ,
ਜਿੱਥੇ ਅਣਵਿਆਈਆਂ ਹੀ ਮਾਵਾਂ ਨੇ,
ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ,
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹਡ਼ੇ!
ਜਿੱਥੇ ਰੋਟੀ ਵਿੱਚ ਮਨ ਘੁੱਟਿਆ ਹੈ,
ਜਿੱਥੇ ਨ੍ਹੇਰਾ ਦੱਬ ਕੇ ਜੁੱਟਿਆ ਹੈ,
ਜਿੱਥੇ ਗ਼ੈਰਤ ਦਾ ਤਗ ਟੁੱਟਿਆ ਹੈ,
ਜਿੱਥੇ ਵੋਟਾਂ ਵਾਲਿਆਂ ਟਟਵੈਰ ਸਹੇਡ਼ੇ
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹਡ਼ੇ!
ਤੂੰ ਆਪਣਾ ਆਪ ਹੀ ਮਚਾਂਦਾ ਹੈਂ,
ਪਰ ਆਪਾ ਹੀ ਰੁਸ਼ਨਾਂਦਾ ਹੈਂ,
ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ
ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇਡ਼ੇ
ਹਾਏ! ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹਡ਼ੇ!
ਜਿੱਥੇ ਲੋਕ ਬਡ਼ੇ ਮਜ਼ਬੂਰ ਜਿਹੇ,
ਦਿੱਲੀ ਦੇ ਦਿਲ ਤੋਂ ਦੂਰ ਜਿਹੇ,
ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ,
ਭੁੱਖਾਂ ਵਿੱਚ ਮਸ਼ਹੂਰ ਜਿਹੇ,
ਜਿੱਥੇ ਮਰ ਕੇ ਚੰਮ ਲਿਜਾਂਵਦੇ,
ਹਨ ਪੂਜਕ ਤੇਰੇ!
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹਡ਼ੇ!
ਮਾਂ ਧਰਤੀਏੇ ਤੇਰੀ ਗੋਦ ਨੂੰ, ਮਾਂ ਧਰਤੀਏੇ ਤੇਰੀ ਗੋਦ ਨੂੰ,
ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹਡ਼ੇ!

                                                     --ਸੰਤ ਰਾਮ ਉਦਾਸੀ


No comments: