Saturday, May 12, 2012

ਨਹੀਂ ਹੋਵੇਗਾ 2012 ਵਿੱਚ ਦੁਨੀਆ ਦਾ ਖਾਤਮਾ

ਕਿਸੇ ਸਰਾਪ ਤੋਂ ਡਰੇ ਹੋਏ ਲੋਕਾਂ ਲਈ ਖੁਸ਼ਖਬਰੀ 
ਚਮਤਕਾਰ ਦੀ ਉਡੀਕ ਵਿੱਚ ਬੈਠੇ ਕਮਜ਼ੋਰ ਮਨ ਲੋਕਾਂ ਲਈ ਬੁਰੀ ਖਬਰ
ਕਮਜ਼ੋਰ ਮਨ ਅਕਸਰ ਚਮਤਕਾਰਾਂ ਦੀ ਚਾਹਤ ਵੀ ਕਰਦਾ ਹੈ ਅਤੇ ਕਲਪਨਾ ਵੀ। ਜਿੰਦਗੀ ਦੀਆਂ ਸਖਤ, ਬੇਰਹਿਮ ਅਤੇ ਕੋੜੀਆਂ ਹਕੀਕਤਾਂ ਦਾ ਨਾਹਾਦਰੀ ਨਾਲ ਸਾਹਮਣਾ ਕਰਨ ਦੀ ਬਜਾਏ ਚਮਤਕਾਰ ਵਾਲਾ ਸ਼ਾਰਟਕਟ ਰਸਤਾ    ਉਸਨੂੰ ਬਹੁਤ ਜਿਆਦਾ ਪਸੰਦ ਹੁੰਦਾ ਹੈ। ਇਹ ਰਸਤਾ ਉਸਨੂੰ ਕਦੇ ਵੀ ਮੰਜ਼ਿਲ ਤੇ ਨਹੀਂ ਲੈ ਕੇ ਜਾਂਦਾ ਪਰ ਦੁੱਖਾਂ ਤਕਲੀਫਾਂ ਦੀ ਸਾਰੀ ਧੁੱਪ ਚਮਕਦੀ ਹੋਣ ਦੇ ਬਾਵਜੂਦ ਉਸਨੂੰ ਹਮੇਸ਼ਾਂ ਇੱਕ ਛਾਂ ਦਾ ਭੁਲੇਖਾ ਬਣਿਆ ਰਹਿੰਦਾ ਹੈ। ਉਸ ਅਨ੍ਹੋਈ ਛਾਂ ਦੀ ਚਾਹ ਵਿੱਚ ਹੀ ਉਹ ਕਦੇ ਕਿਸੇ ਅੱਗੇ ਸਿਰ ਝੁਕਾਉਂਦਾ ਹੈ ਅਤੇ ਕਦੇ ਕਿਸੇ ਅੱਗੇ। ਸ਼ਮਸ਼ਾਨ ਦੇ ਗੇੜੇ ਲਾਉਣ, ਸੁੰਨ ਮਸਾ ਥਾਵਾਂ ਤੇ ਜਾ ਕੇ ਕਈ ਤਰਾਂ ਦੇ  ਟੋਟਕੇ ਕਰਨ, ਵਗਦੇ ਪਾਣੀਆਂ ਚ ਬੜੇ ਹੀ ਉਚੇਚੇ ਨਾਲ ਕੁਝ ਨ ਕੁਝ ਸੁੱਟ ਕੇ ਉਹਨਾਂ ਨੂੰ ਪ੍ਰਦੂਸ਼ਿਤ ਕਰਨ ਅਤੇ ਮਾਸੂਮ ਬੱਚਿਆਂ ਦੀ ਬਲੀ ਦੇਣ ਵਰਗੇ ਕਾਰੇ ਅਜਿਹੀ ਮਾਨਸਿਕਤਾ ਕਾਰਣ ਹੀ ਹੁੰਦੇ ਹਨ।  ਸਾਰੀ ਉਮਰ ਲੰਘ ਜਾਂਦੀ ਹੈ ਅਪਰ ਚਮਤਕਾਰ ਨਹੀਂ ਵਾਪਰਦਾ। 
ਸੰਨ 2012 ਵਿੱਚ ਸੰਸਾਰ ਦੇ ਸੰਭਾਵਿਤ ਅੰਤ ਦੀ ਚਰਚਾ ਵੀ ਕੁਝ ਅਜਿਹੀ ਹੀ ਹੈ। ਬਹੁਤ ਸਾਰੇ ਲੋਕ ਇਸ ਅਫਵਾਹ ਤੋਂ ਡਾਰੇ ਹੋਏ ਹਨ ਤਾਂ ਬਹੁਤ ਸਾਰੇ ਲੋਕ ਇਸ ਅੰਤ ਦੀ ਬੇਸਬਰੀ ਨਾਲ ਉਡੀਕ ਵੀ ਕਰ ਰਹੇ ਹਨ। ਉਹਨਾਂ ਨੂੰ ਲੱਗਦਾ ਹੈ ਕੀ ਉਹਨਾਂ ਨੂੰ ਦੁੱਖ ਦੇਣ ਵਾਲੇ ਪਾਪੀ ਇਸ ਅੰਤ ਨਾਲ ਖਤਮ ਹੋ ਜਾਣਗੇ। ਅਜਿਹੇ ਲੋਕ ਕਿਸੇ ਲੋਕ ਇਨਕ਼ਲਾਬ ਵਿੱਚ ਸ਼ਾਮਿਲ ਹੋਣ ਦੀ ਬਜਾਏ ਕਿਸੇ ਚਮਤਕਾਰੀ ਇਨਕ਼ਲਾਬ ਦੀ ਉਡੀਕ ਵਿੱਚ ਹੀ ਜਿੰਦਗੀ ਗੁਆ ਦੇਂਦੇ ਹਨ।  
ਇਥੇ ਅਜਿਹੇ ਲੋਕਾਂ ਨੂੰ ਇਹ ਜਾ ਕੇ ਸ਼ਾਇਦ ਅਫਸੋਸ ਹੋਵੇਗਾ ਕੀ ਅਜਿਹਾ ਕੁਝ ਵੀ ਨਹੀਂ ਵਾਪਰਨਾ। ਜਿੰਦਗੀ ਇਸੇ ਤਰਾਂ ਚਲਦੀ ਰਹੇਗੀ। ਗਵਾਟੇਮਾਲਾ ਸਿਟੀ ਡੇ ਲਾਈਨ ਨਾਲ ਛਪੀ ਇੱਕ ਖਬਰ ਮੁਤਾਬਿਕ ਨਾਸਤਰੇਦਾਮਸ ਅਤੇ ਮਾਇਆ ਸੱਭਿਅਤਾ ਦੀ ਦੁਹਾਈ ਦੇ ਕੇ ਜਿਥੇ ਇਸ ਸਾਲ ਦੁਨੀਆ ਦਾ ਅੰਤ ਹੋਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਸੀ ਉਥੇ ਹੀ ਗਵਾਟੇਮਾਲਾ ਦੇ ਜੰਗਲਾਂ 'ਚ ਮਿਲੇ ਮਾਇਆ ਕੈਲੰਡਰ ਦੇ ਇਕ ਅਣਪਛਾਤੇ ਮਾਡਲ ਤੋਂ ਖੁਲਾਸਾ ਹੋਇਆ ਹੈ ਕਿ ਅਗਲੇ ਕਈ ਅਰਬ ਸਾਲਾਂ ਤਕ ਪ੍ਰਿਥਵੀ 'ਤੇ ਮਨੁੱਖੀ ਸੱਭਿਅਤਾ ਦੇ ਅੰਤ ਦਾ ਕਾਰਨ ਬਣਨ ਵਾਲੀ ਕੋਈ ਵੀ ਆਫਤ ਨਹੀਂ  ਆਵੇਗੀ। ਪੂਰਬ-ਉੱਤਰ ਗਵਾਟੇਮਾਲਾ 'ਚ ਸ਼ੂਲਤੁਨ ਦੇ ਜੰਗਲਾਂ 'ਚ ਇਸ ਖੋਜ ਨੂੰ ਅੰਜਾਮ ਦੇਣ ਵਾਲੀ ਬੋਸਟਨ ਯੂਨੀਵਰਸਿਟੀ ਦੇ ਪੁਰਾਤਤਵ ਮਾਹਿਰ ਵਿਲੀਅਮ ਸੇਰਟਨੋ ਨੇ ਕਿਹਾ ਕਿ ਮਾਇਆ ਸੱਭਿਅਤਾ ਦੇ ਪੁਰੋਹਿਤ ਦਰਅਸਲ ਬ੍ਰਹਮੰਡ ਦੇ ਸਮੇਂ ਨੂੰ ਸਮਝਣ ਦਾ ਯਤਨ ਕਰ ਰਹੇ ਸਨ ਅਤੇ ਇਹ ਹੀ ਉਹ ਜਗ੍ਹਾ ਹੈ ਜਿਥੇ ਉਹ ਇਨ੍ਹਾਂ ਅੰਕਡ਼ਿਆਂ ਨੂੰ ਅੰਜਾਮ ਦਿੰਦੇ ਹੋਣਗੇ। ਸ਼ੂਲਤੁਨ 'ਚ ਮਾਇਆ ਸੱਭਿਅਤਾ ਦੇ ਇਕ ਪ੍ਰਾਚੀਨ ਸ਼ਹਿਰ ਦੇ ਖੰਡਰ ਮੌਜੂਦ ਹਨ। ਇਨ੍ਹਾਂ ਖੰਡਰਾਂ 'ਚ ਮੌਜੂਦ ਇਕ ਕੰਧ 'ਤੇ ਇਹ ਕੈਲੰਡਰ ਮੌਜੂਦ ਹੈ। ਲਗਭਗ ਅੱਧੇ ਵਰਗ ਮੀਟਰ ਆਕਾਰ ਦੇ ਇਸ ਕੈਲੰਡਰ ਦੇ ਚੰਗੀ ਹਾਲਤ 'ਚ ਹੋਣ ਦੀ ਗੱਲ ਕਹੀ ਗਈ ਹੈ। ਵਿਗਿਆਨੀ ਇਸ ਨੂੰ ਹੁਣ ਤਕ ਮਿਲਿਆ ਸਭ ਤੋਂ ਪੁਰਾਣਾ ਮਾਇਆ ਕੈਲੰਡਰ ਕਰਾਰ ਦੇ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਘੱਟੋ-ਘੱਟ 1200 ਸਾਲ ਪੁਰਾਣਾ ਰਿਹਾ ਹੋਵੇਗਾ। ਹੁਣ ਨਿਸਚੇ ਹੀ ਡਾਰੇ ਹੋਏ ਲੋਕਾਂ ਨੂੰ ਖੁਸ਼ ਹੋ ਜਾਣਾ ਚਾਹੀਦਾ ਹੈ ਅਤੇ ਨਿਰਾਸ਼ ਹੋਣ ਵਾਲੇ ਲੋਕਾਂ ਨੂੰ ਨਵੇੰ ਸਿਰਿਓਂ ਸੰਘਰਸ਼ਾਂ ਦੇ ਰਾਹ ਪੈ ਜਾਣਾ ਚਾਹੀਦਾ ਹੈ ਅਤੇ ਸਮਝ ਲੈਣਾ ਚਾਹੀਦਾ ਹੈ ਉਹਨਾਂ ਦੇ ਸੁੱਖ ਦੀ ਲੁੱਟ ਕਰਨ ਵਾਲੇ, ਉਹਨਾਂ ਦੀ ਕਿਰਤ ਦੀ ਲੁੱਟ ਕਰਨ ਵਾਲੇ ਸ਼ੋਸ਼੍ਕਾਂ ਅਤੇ ਲੋਕ ਦੁਸ਼ਮਨ ਨੂੰ ਸਜ਼ਾ ਦੇਣ ਲੈ ਉਹਨਾਂ ਨੂੰ ਆਪ ਹੀ ਅੱਗੇ ਆਉਣਾ ਪਵੇਗਾ।ਕਿਸੇ ਅਰ੍ਹਨ ਦੀ ਉਡੀਕ ਕਰਨ ਦੀ ਬਜਾਏ ਖੁਦ ਅਰਜਨ ਬਣ ਕੇ ਰਨ ਵਿੱਚ ਉਤਰਨਾ ਪਵੇਗਾ। -ਰੈਕਟਰ ਕਥੂਰੀਆ   

No comments: