Sunday, April 29, 2012

ਮੇਰੀ ਪਹਿਲੀ ਰਾਜਨੀਤਕ ਸ਼ਰਨ

ਮਜਬੂਰੀ ਵੱਸ ਇਹ ਮੇਰੀ ਪਹਿਲੀ ਰਾਜਨੀਤਕ ਸ਼ਰਨ ਸੀ
ਜਿਸ ਦਾ ਅੱਜ ਤਕ ਵੀ ਮੈਨੂੰ ਝੋਰਾ ਹੈ
ਨ੍ਰਿਪਇੰਦਰ ਰਤਨ
ਜਦੋਂ ਸਰਕਾਰੀ ਕਰਮਚਾਰੀ ਕਦੇ ਵੀ, ਕਿਸੇ ਰੂਪ ਵਿੱਚ ਰਾਜਸੀ ਆਗੂਆਂ ਕੋਲੋਂ ਛੋਟੀ-ਮੋਟੀ ਸਹਾਇਤਾ ਲੈ ਲਵੇ ਤਾਂ ਉਹ ਉਮਰ ਭਰ ਲਈ ਉਨ੍ਹਾਂ ਦੇ ਹੇਠਾਂ ਲੱਗ ਜਾਂਦਾ ਹੈ ਪਰ ਕਈ ਵਾਰੀ ਵਕਤ ਦਾ ਐਸਾ ਚੱਕਰ ਚਲਦਾ ਹੈ ਕਿ ਨਾ ਚਾਹੁੰਦੇ ਹੋਏ ਵੀ ਬੰਦਾ ਇਸ ਚੱਕਰਵਿਊ ਵਿੱਚ ਫਸ ਜਾਂਦਾ ਹੈ। ਇਹੋ ਹਾਲ 1974 ਵਿੱਚ ਮੇਰਾ ਹੋਇਆ ਜਦੋਂ ਮੈਂ ਪੰਜਾਬ ਬ੍ਰਿਊਰੀ ਦੇ ਐਮ.ਡੀ. ਅਤੇ ਡਾਇਰੈਕਟਰ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਮੁੱਖ ਸਕੱਤਰ ਨੇ ਮੇਰੇ ਇਸ ਅਸਤੀਫ਼ੇ ਨੂੰ ‘ਆਈ.ਏ.ਐਸ. ਤੋਂ ਅਸਤੀਫ਼ਾ’ ਗਰਦਾਨ ਦਿੱਤਾ ਸੀ। ਨਤੀਜਾ ਇਹ ਕਿ ਮੁੱਖ ਸਕੱਤਰ ਵੱਲੋਂ ਨਾ ਤਾਂ ਮੇਰੀ ਕਿਸੇ ਚਿੱਠੀ ਦਾ ਜਵਾਬ ਦਿੱਤਾ ਜਾ ਰਿਹਾ ਸੀ ਤੇ ਨਾ ਜਾਤੀ ਤੌਰ ’ਤੇ ਮਿਲਣ ਵਾਸਤੇ ਵਕਤ ਦੇਣ ਦੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕੀਤੀਆਂ ਗਈਆਂ ਅਤੇ ਨਾ ਹੀ ਮੈਨੂੰ ਤਨਖ਼ਾਹ ਦਿੱਤੀ ਗਈ। ਕੋਈ ‘ਕਾਰਨ ਦੱਸੋ’ ਨੋਟਿਸ ਜਾਂ ਦੋਸ਼ ਪੱਤਰ ਵੀ ਜਾਰੀ ਨਹੀਂ ਕੀਤਾ ਗਿਆ ਸੀ। ਲਗਪਗ ਪੰਜ ਮਹੀਨੇ ਤੋਂ ਚੁੱਪ ਹੀ ਸਾਧੀ ਹੋਈ ਸੀ।
ਉਸ ਵਕਤ ਦੇ ਡਾਇਰੈਕਟਰ ਉਦਯੋਗ ਐਨ.ਐਨ. ਵੋਹਰਾ ਕੰਪਨੀ ਬੋਰਡ ਆਫ ਡਾਇਰੈਕਟਰਜ਼ ਵਿੱਚ ਇਕੱਲੇ ਮੇਰੇ ਨਾਲ ਹਮਦਰਦੀ ਰੱਖਣ ਵਾਲੇ ਸਨ। ਲਗਪਗ ਦੋ ਕੁ ਮਹੀਨਿਆਂ ਪਿੱਛੋਂ ਮੈਨੂੰ ਸੱਦ ਕੇ ਸਮਝਾਇਆ ਗਿਆ ਕਿ ਮੁੱਖ ਸਕੱਤਰ ਬਹੁਤ ਸਖ਼ਤ ਹੈ ਅਤੇ ਅਡ਼ੀਅਲ ਸੁਭਾਅ ਦਾ ਹੈ। ਮੁੱਖ ਮੰਤਰੀ ਨੇ ਵੀ ਉਸ ਦੀ ਸਲਾਹ ਦੇ ਉਲਟ ਕੁਝ ਨਹੀਂ ਕਰਨਾ ਅਤੇ ਕਿਸੇ ਤਾਕਤਵਰ ਰਾਜਨੀਤਕ ਆਗੂ ਤੋਂ ਬਿਨਾਂ ਇਹ ਗੁੰਝਲ ਸੁਲਝ ਨਹੀਂ ਸਕਣੀ। ਉਨ੍ਹਾਂ ਸਮਝਾਇਆ, ‘‘ਤੂੰ ਕਹਿਨੈ ਕਿ ਜ਼ੋਰਾ ਸਿੰਘ ਬਰਾਡ਼ ਤੇਰਾ ਬਹੁਤ ਮਿੱਤਰ ਹੈ। ਉਸ ਦੀ ਮਦਦ ਲੈ, ਉਸ ਨੂੰ ਲਿਆ ਕੇ ਮੁੱਖ ਮੰਤਰੀ ’ਤੇ ਦਬਾਅ ਪਾ, ਤਾਂ ਹੀ ਤੇਰਾ ਖਹਿਡ਼ਾ ਛੁੱਟੇਗਾ।’’ ਮੈਂ ਉਨ੍ਹਾਂ ਨੂੰ ਕਿਹਾ, ‘‘ਸਰ! ਜੇ ਮੈਂ ਇੰਜ ਕੀਤਾ ਤਾਂ ਤੁਸੀਂ ਸਾਰੇ ਸੀਨੀਅਰਾਂ ਨੇ ਇਹ ਕਹਿਣ ਲੱਗ ਜਾਣਾ ਹੈ ਕਿ ਹੁਣ ਆਈ.ਏ.ਐਸ. ਅਫ਼ਸਰ ਵੀ ਥਾਣੇਦਾਰਾਂ, ਤਹਿਸੀਲਦਾਰਾਂ, ਪਟਵਾਰੀਆਂ ਵਾਂਗ ਵਰਤਾਓ ਕਰਨ ਲੱਗ ਪਏ ਹਨ।’’
ਹੋਰ ਦੋ ਮਹੀਨੇ ਬੀਤ ਗਏ ਪਰ ਅਡ਼ੌਣੀ ਨਾ ਸੁਲਝੀ। ਮੈਂ ਬਹੁਤ ਸਾਰੇ ਸੀਨੀਅਰ ਅਫ਼ਸਰਾਂ ਕੋਲ ਜਾ ਕੇ ਬੇਨਤੀਆਂ ਕੀਤੀਆਂ ਕਿ ਉਹ ਕੁਝ ਦਖ਼ਲ ਦੇਣ ਪਰ ਕਿਸੇ ਦੀ ਹਿੰਮਤ ਨਾ ਪਈ ਕਿ ਉਹ ਮੁੱਖ ਸਕੱਤਰ ਕੋਲ ਜਾ ਕੇ ਗੱਲ ਕਰੇ। ਅਖ਼ੀਰ ਚੌਦਾਂ ਵਿੱਚੋਂ ਬਾਰਾਂ ਕਮਿਸ਼ਨਰ ਅਤੇ ਸਕੱਤਰ ਪੱਧਰ ਦੇ ਅਫ਼ਸਰਾਂ ਦੀ ਇੱਕ ਟੀਮ ਸ੍ਰੀ ਵਾਸੂਦੇਵ ਦੀ ਕਮਾਨ ਅਧੀਨ ਮੁੱਖ ਸਕੱਤਰ ਨੂੰ ਮਿਲੀ ਅਤੇ ਸਿਰਫ਼ ਇਹ ਬੇਨਤੀ ਕੀਤੀ ਕਿ ਉਹ ਕੋਈ ਤਾਂ ਕਾਰਵਾਈ ਕਰੇ। ਚਿੱਠੀਆਂ ਦਾ ਜਵਾਬ ਦੇਵੇ ਜਾਂ ਕਾਰਨ ਦੱਸੋ ਨੋਟਿਸ ਜਾਰੀ ਕਰੇ ਜਾਂ ਦੋਸ਼ ਪੱਤਰ ਜਾਰੀ ਕਰੇ ਜਾਂ ਮੁਅੱਤਲੀ ਦੇ ਹੁਕਮ ਜਾਰੀ ਕਰੇ ਪਰ ਕੁਝ ਤਾਂ ਕਰੇ। ਮੁੱਖ ਸਕੱਤਰ ਟੱਸ ਤੋਂ ਮੱਸ ਨਾ ਹੋਇਆ। ਉਨ੍ਹਾਂ ਸਾਰੇ ਸੀਨੀਅਰ ਸਹਿ-ਕਰਮੀਆਂ ਨੇ ਮੈਨੂੰ ਸੱਦ ਕੇ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਮੈਂ ਹੁਣ ਜੋ ਮਰਜ਼ੀ ਹੋਰ ਚਾਰਾਜੋਈ ਕਰਾਂ। ਜਦੋਂ ਮੈਂ ਉਨ੍ਹਾਂ ਨੂੰ ਸ੍ਰੀ ਵੋਹਰਾ ਨਾਲ ਹੋਈ ਗੱਲਬਾਤ ਦੱਸੀ ਅਤੇ ਪੁੱਛਿਆ, ‘‘ਤਾਂ ਫਿਰ ਕੀ ਮੈਂ ਉਹੋ ਕਰਾਂ? ਕੋਈ ਰੋਸਾ ਜਾਂ ਰੰਜ ਤਾਂ ਨਹੀਂ ਹੋਵੇਗਾ?’’ ਤਾਂ ਉਨ੍ਹਾਂ ਕਿਹਾ, ‘‘ਮੈਂ ਜਿਵੇਂ ਮਰਜ਼ੀ, ਜੋ ਮਰਜ਼ੀ ਕਰਾਂ, ਉਹ ਕੁਝ ਨਹੀਂ ਕਹਿਣਗੇ।’’
ਦੂਜੇ ਦਿਨ ਮੈਂ  ਜ਼ੋਰਾ ਸਿੰਘ ਬਰਾਡ਼ ਨੂੰ ਮਿਲਣ ਵਾਸਤੇ ਪਟਿਆਲਾ ਚਲਾ ਗਿਆ। ਉਹ ਉਦੋਂ ਪੰਜਾਬ ਬਿਜਲੀ ਬੋਰਡ ਵਿੱਚ ਪ੍ਰਬੰਧਕੀ ਮੈਂਬਰ ਲੱਗੇ ਹੋਏ ਸਨ। ਬੇਸ਼ੱਕ ਅਸੀਂ ਦੋਵੇਂ ਐਮ.ਏ. ਦੀਆਂ ਜਮਾਤਾਂ ਵਿੱਚ ਮਹਿੰਦਰਾ ਕਾਲਜ ਦੇ ਵਿਦਿਆਰਥੀ ਸਾਂ ਅਤੇ ਮੇਰੇ ਨਾਲ ਉਨ੍ਹਾਂ ਦੀ ਨੇਡ਼ਤਾ ਵੀ ਸੀ, ਫਿਰ ਵੀ ਮੈਂ ਨਾਭੇ ਫੋਨ ਕਰਕੇ ਆਪਣੇ ਮਹਿੰਦਰਾ ਕਾਲਜ ਦੇ ਦਿਨਾਂ ਤੋਂ ਬਣੇ ਬਹੁਤ ਨਜ਼ਦੀਕੀ ਮਿੱਤਰ ਪ੍ਰੋਫੈਸਰ ਇੰਦਰਜੀਤ ਸਿੰਘ ਸੁੱਖੀ ਨੂੰ ਪਟਿਆਲਾ ਬੁਲਾ ਲਿਆ। ਪ੍ਰੋਫੈਸਰ ਸੁੱਖੀ ਅਤੇ ਬਰਾਡ਼ ਹੁਰੀਂ ਬੀ.ਏ. ਤੋਂ ਜਮਾਤੀ ਸਨ। ਮੇਰੀ ਪੰਜ ਮਹੀਨਿਆਂ ਦੀ ਸੰਕਟ ਭਰੀ ਘਡ਼ੀ ਵਿੱਚ ਪ੍ਰੋ. ਸੁੱਖੀ ਹੁਰਾਂ ਦੇ ਹੱਥ ਬਰਾਡ਼ ਹੋਰਾਂ ਨੇ ਦੋ-ਤਿੰਨ ਵਾਰ ਸੁਨੇਹੇ ਭੇਜੇ ਸਨ ਕਿ ਜੇ ਮੈਂ ਕਹਾਂ ਤਾਂ ਉਹ ਚਾਚਾ ਜੀ ਨਾਲ (ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਜੀ ਨਾਲ) ਗੱਲ ਕਰ ਸਕਦਾ ਹੈ ਪਰ ਮੈਂ ਹੀ ਕੋਈ ਹੁੰਗਾਰਾ ਨਹੀਂ ਸੀ ਭਰਿਆ।
ਉਸ ਦਿਨ ਸਵੇਰੇ ਕਰੀਬ ਸਾਢੇ ਕੁ ਗਿਆਰਾਂ ਵਜੇ ਪ੍ਰੋਫੈਸਰ ਸੁੱਖੀ ਅਤੇ ਮੈਂ ਜ਼ੋਰਾ ਸਿੰਘ ਬਰਾਡ਼ ਹੁਰਾਂ ਦੇ ਦਫ਼ਤਰ ਪੁੱਜ ਗਏ। ਦਫ਼ਤਰ ਵਿੱਚ ਬਹੁਤ ਸਾਰੇ ਮੁਲਾਕਾਤੀ, ਅਫ਼ਸਰ ਬੈਠੇ ਸਨ ਪਰ ਸਾਨੂੰ ਦੇਖਦਿਆਂ ਹੀ ਬਰਾਡ਼ ਹੁਰੀਂ ਕਹਿੰਦੇ, ‘‘ਆ ਗਏ ਜੇ! ਜ਼ਰਾ ਕੁ ਬੈਠੋ ਉਧਰ ਸੋਫੇ ’ਤੇ। ਬਸ ਅੱਧੇ ਘੰਟੇ ਵਿੱਚ ਚਲਦੇ ਹਾਂ।’’ ਅੱਧੇ ਘੰਟੇ ਤੋਂ ਪਹਿਲਾਂ ਹੀ ਉਹ ਸਾਰੇ ਕੰਮ ਛੱਡ ਕੇ ਚੱਲਣ ਵਾਸਤੇ ਤਿਆਰ ਹੋ ਤੁਰੇ। ਪ੍ਰੋਫੈਸਰ ਸੁੱਖੀ ਵਾਪਸ ਨਾਭਾ ਵਾਸਤੇ ਵਿਦਾ ਹੋਏ। ਮੈਂ ਅਤੇ ਜ਼ੋਰਾ ਸਿੰਘ ਬਰਾਡ਼ ਹੁਰੀਂ ਕਰੀਬ ਡੇਢ ਵਜੇ ਸੈਕਟਰ ਦੋ ਵਿਚਲੀ ਮੁੱਖ ਮੰਤਰੀ ਦੀ ਕੋਠੀ ਪੁੱਜ ਗਏ। ਮੈਨੂੰ ਮਹਿਮਾਨਾਂ ਵਾਲੇ ਕਮਰੇ ਵਿੱਚ ਬਿਠਾ ਕੇ ਉਹ ਅੰਦਰ ਮੁੱਖ ਮੰਤਰੀ ਕੋਲ ਚਲੇ ਗਏ। ਘੰਟਾ, ਦੋ ਘੰਟੇ, ਚਾਰ ਘੰਟੇ, ਪੰਜ ਘੰਟੇ ਬੀਤ ਗਏ ਪਰ ਉਹ ਨਾ ਬਾਹਰ ਆਏ ਨਾ ਕੋਈ ਖ਼ਬਰ-ਸੁਨੇਹਾ। ਨਾ ਮੈਂ ਉੱਥੇ ਬੈਠਣ ਜੋਗਾ, ਨਾ ਜਾਣ ਜੋਗਾ। ਬਸ ਬੈਠਾ ਉਡੀਕਦਾ ਰਿਹਾ। ਕਰੀਬ ਅੱਠ ਵਜੇ ਉਹ ਬਾਹਰ ਆਏ। ਆਉਂਦਿਆਂ ਹੀ ਕਹਿੰਦੇ, ‘‘ਸੀ.ਐਮ. ਮੰਨ ਗਏ ਹਨ। ਉਨ੍ਹਾਂ ਪੁੱਛਿਐ ਕਿ ਕਿਹਡ਼ੀ ਪੋਸਟ ਲੈਣੀ ਹੈ? ਮੈਂ ਕਿਹਾ ਕਿ ਮੇਰੀ ਕੋਈ ਪਸੰਦ ਨਹੀਂ, ਉਹ ਜਿੱਥੇ ਠੀਕ ਸਮਝਣ ਲਗਾ ਦੇਣ। ਬਰਾਡ਼ ਹੁਰੀਂ ਮੈਨੂੰ ਕਹਿੰਦੇ, ‘‘ਬਿਜਲੀ ਬੋਰਡ ਦਾ ਸਕੱਤਰ ਲੱਗਣੈ?’’ ਮੈਂ ਇੱਕ ਵਾਰ ਉਨ੍ਹਾਂ ਨੂੰ ਭਰਪੂਰ ਨਜ਼ਰ ਨਾਲ ਦੇਖਿਆ ਅਤੇ ਕਿਹਾ, ‘‘ਨਹੀਂ।’’ ਮੈਂ ਨਹੀਂ ਕਿਸੇ ਇੰਜੀਨੀਅਰ ਅਧੀਨ ਕੰਮ ਕਰਨਾ। ਜਦੋਂ ਬਾਈ ਤੂੰ ਚੇਅਰਮੈਨ ਲੱਗੇਂਗਾ ਉਦੋਂ ਮੈਨੂੰ ਬੁਲਾ ਲਈ।’’ ਬਰਾਡ਼ ਹੁਰੀਂ ਫੇਰ ਵਾਪਸ ਅੰਦਰ ਚਲੇ ਗਏ। ਕਰੀਬ ਅੱਧੇ ਘੰਟੇ ਪਿੱਛੋਂ ਬਾਹਰ ਨਿਕਲੇ ਅਤੇ  ਕਿਹਾ, ‘‘ਵਧਾਈ ਹੋਵੇ, ਸਵੇਰ ਤਕ ਆਰਡਰ ਆ ਜਾਣਗੇ।’’ ਉਪਰੰਤ ਅਸੀਂ ਇੱਕ ਦੂਜੇ ਤੋਂ ਵਿਦਾ ਹੋਏ।
ਅਗਲੇ ਦਿਨ ਰਾਤ ਕਰੀਬ 9 ਵਜ ਚੁੱਕੇ ਸਨ, ਜਦੋਂ ਹੇਠਾਂ ਘਰ ਦੀ ਘੰਟੀ ਵੱਜੀ ਅਤੇ ‘ਡਾਕ ਹੈ ਜੀ ਸਕੱਤਰੇਤ ਤੋਂ’ ਦੀ ਆਵਾਜ਼ ਸੁਣਾਈ ਦਿੱਤੀ। ਉਸ ਵਕਤ ਮੈਂ, ਮੇਰੀ ਪਤਨੀ ਅਤੇ ਦੋ-ਤਿੰਨ ਦੋਸਤ ਉਪਰਲੀ ਛੱਤ ਦੇ ਵਿਹਡ਼ੇ ਵਿੱਚ ਬੈਠੇ ਸਾਂ। ਆਵਾਜ਼ ਸੁਣ ਕੇ ਸਾਰੇ ਚੌਕੰਨੇ ਹੋ ਗਏ। ਉਹ ਸਾਰੇ ਪੁੱਛਦੇ ਕਿ ਐਨੀ ਰਾਤ ਗਏ ਡਾਕ ਆਣ ਦਾ ਮਤਲਬ। ਮੈਂ ਕਿਹਾ ਕਿ ਜਾਂ ਮੇਰੀ ਪੋਸਟਿੰਗ ਦੇ ਆਰਡਰ ਹੋਣਗੇ ਜਾਂ ਮੁਅੱਤਲੀ ਦੇ ਹੁਕਮ। ਮੈਂ ਹੇਠਾਂ ਜਾ ਕੇ ਡਾਕ ਪ੍ਰਾਪਤ ਕੀਤੀ। ਉੱਪਰ ਆ ਕੇ ਜਦੋਂ ਧਡ਼ਕਦੇ ਦਿਲ ਨਾਲ ਲਿਫ਼ਾਫ਼ਾ ਖੋਲ੍ਹਿਆ ਤਾਂ ਉਹ ਮੇਰੀ ਨਿਯੁਕਤੀ ਦੇ ਹੁਕਮ ਸਨ, ਬਤੌਰ ‘ਲਾਇਨਜ਼ ਆਫ਼ੀਸਰ ਵਿਦ ਹੈੱਡਕੁਆਰਟਰ ਐਟ ਕੈਲਕਟਾ।’ ਮਜਬੂਰੀਵੱਸ ਇਹ ਮੇਰੀ ਪਹਿਲੀ ਰਾਜਨੀਤਕ ਸ਼ਰਨ  ਸੀ ਜਿਸ ਦਾ ਅੱਜ ਤਕ ਵੀ ਮੈਨੂੰ ਝੋਰਾ ਹੈ। 
*  ਸੰਪਰਕ: 98148-30903
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)  

No comments: