Thursday, April 19, 2012

"ਪ੍ਰਤਿਗਿਆ" ਨੂੰ ਯਾਦ ਕਰਾਉਣ ਲਈ ਹਰਦੀਪ ਕੌਰ ਸੰਧੂ ਦਾ ਉਪਰਾਲਾ

ਆਓ ਇਸ ਕਲਮੀ ਉਪਰਾਲੇ ਦੀ ਸਫਲਤਾ ਲਈ ਦੁਆ ਕਰੀਏ....!
"ਪ੍ਰਤਿਗਿਆ" ਨਾਂ ਦੀ ਇਹ ਕਵਿਤਾ ਅਤੇ ਇਸ ਦੇ ਪਿਛੋਕੜ ਬਾਰੇ ਇੱਕ ਪੋਸਟ ਪੰਜਾਬ ਸਕ੍ਰੀਨ ਵਿੱਚ ਕੁਝ ਸਮਾਂ ਪਹਿਲਾਂ ਪ੍ਰਕਾਸ਼ਿਤ ਕੀਤੀ ਗਈ ਸੀ. ਇਸ ਬਾਰੇ ਪਠ੍ਲਾਂ ਦੀ ਮੰਗ ਤੇ ਸਾਨੂੰ ਇਹ ਦਸਦਿਆਂ ਖੁਸ਼ੀ ਹੋ ਰਹੀ ਹੈ ਕਿ ਇਸ ਕਵਿਤਾ ਦੇ ਲੇਖਕ ਨੂੰ ਇੱਕ ਵਾਰ ਫਿਰ ਨਵੀਂ ਪ੍ਰੇਰਨਾ ਦੇਣ ਦਾ ਉਪਰਾਲਾ ਕਰਦਿਆਂ ਵਿਦੇਸ਼ ਵਿੱਚ ਬੈਠੀ ਕਲਮਕਾਰਾ ਹਰਦੀਪ ਸੰਧੂ ਨੇ ਦੱਸਿਆ,""ਪ੍ਰਤਿਗਿਆ" ਨਾਂ ਦੀ ਇਹ ਕਵਿਤਾ ਮੇਰੇ ਮਸੇਰੇ ਵੀਰ ( ਮੇਰੇ ਬਾਈ ਜੀ ) ਕੁਲਦੀਪ ਸਿੰਘ ਢਿੱਲੋਂ ਨੇ 1974 'ਚ ਕਾਲਜ ਪਡ਼੍ਹਦਿਆਂ ਨੇ ਲਿਖੀ ਸੀ । ਬਾਈ ਜੀ ਉੱਚ ਕੋਟੀ ਦੇ ਕਵੀ ਹਨ।ਉਹਨਾਂ  ਨੇ ਆਵਦੇ ਵਿਦਿਆਰਥੀ ਜੀਵਨ 'ਚ ਅਣਗਿਣਤ ਕਵਿਤਾਵਾਂ ਲਿਖੀਆਂ, ਜੋ ਕਾਲਜ ਦੇ ਰਸਾਲਿਆਂ ਤੇ ਓਦੋਂ ਦੇ ਮੌਜੂਦਾ ਅਖ਼ਬਾਰਾਂ 'ਚ ਤਾਂ ਛਪਦੀਆਂ ਰਹੀਆਂ ਪਰ ਕੋਈ ਪੁਸਤਕ ਰੂਪ ਨਾ ਲੈ ਸਕੀਆਂ । ਪਡ਼ਾਈ ਖ਼ਤਮ ਹੁੰਦੇ ਹੀ ਬਾਈ ਜੀ ਵਿਦੇਸ਼ ਚੱਲੇ ਗਏ ਤੇ ਆਵਦੀ ਕਲਮ ਪਤਾ ਨਹੀਂ ਕਿੱਥੇ ਸੁੱਟ ਗਏ। ਹੁਣ ਬਾਈ ਜੀ ਪੰਜਾਬ 'ਚ ਹੀ ਮੁਡ਼ ਆਣ ਵਸੇ ਹਨ, ਪਰ ਕਵਿਤਾ ਨੂੰ ਆਵਦੀ ਜ਼ਿੰਦਗੀ 'ਚੋਂ ਕਦੋਂ ਦਾ ਵਿਸਾਰ ਦਿੱਤਾ ਹੈ।
                 ਮੈਂ ਆਵਦੀ ਇਸ ਵਰ੍ਹੇ (ਜਨਵਰੀ 2012)  ਦੀ ਪੰਜਾਬ ਫੇਰੀ ਦੌਰਾਨ ਬਾਈ ਜੀ ਮਿਲ਼ੀ ਤੇ ਇੱਕ ਕਵਿਤਾ ਦੇ ਰੂਪ 'ਚ ਓਨ੍ਹਾਂ ਨੂੰ ਦੋਬਾਰਾ ਕਲਮ ਚੁੱਕਣ ਦੀ ਅਰਜ਼ੋਈ ਕੀਤੀ । ਅੱਜ ਮੈਂ  ਪੰਜਾਬ ਸਕ੍ਰੀਨ ਦੇ ਪਾਠਕਾਂ ਨਾਲ਼ ਆਵਦੀ ਓਹ ਕਵਿਤਾ ( ਅਰਜ਼ੋਈ) ਜੋ ਕਲਮ ਸੁੱਟ ਚੁੱਕੇ ਲਿਖਾਰੀ ਨੂੰ ਹਲੂਣਾ ਦੇਣ ਲਈ ਲਿਖੀ ਹੈ ਸਾਂਝੀ ਕਰਨ ਲੱਗੀ ਹਾਂ ਤੇ ਨਾਲ਼ ਹੀ ਕੁਲਦੀਪ ਸਿੰਘ ਢਿੱਲੋਂ ਦੀ ਕਵਿਤਾ ' ਪ੍ਰਤਿਗਿਆ' ਵੀ ਪੇਸ਼ ਕਰਨ ਲੱਗੀ ਹਾਂ । 
"ਅਰਜ਼ੋਈ" --------------ਡਾ. ਹਰਦੀਪ ਕੌਰ ਸੰਧੂ 
ਕੁਲਦੀਪ ਬਾਈ ਜੀ, 
ਛੋਟੀ ਹੁੰਦੀ ਸੁਣਦੀ ਆਈ ਸੀ ਕਿ ਬਾਈ ਜੀ ਬਹੁਤ ਵਧੀਆ ਲਿਖਾਰੀ ਨੇ, ਪਰ ਕਦੇ ਪਡ਼੍ਹਿਆ ਬਹੁਤ ਘੱਟ ਸੀ ਤੁਹਾਨੂੰ....... ਕਾਰਣ....ਇੱਕ ਤਾਂ ਮੈਂ ਤੁਹਾਡੇ ਤੋਂ ਤਕਰੀਬਨ 14 -15  ਸਾਲ ਛੋਟੀ ਹਾਂ ....ਜਦੋਂ ਤੁਸੀਂ ਲਿਖਿਆ....ਓਦੋਂ ਮੈਂ ਸ਼ਾਇਦ ਅਜੇ ਸਕੂਲ ਜਾਣਾ ਹੀ ਸ਼ੁਰੂ ਕੀਤਾ ਹੋਵੇ | ਓਦੋਂ ਮੈਂ ਅਜੇ ਪੰਜਾਬੀ ਪਡ਼੍ਹਨੀ ਵੀ ਨਹੀਂ ਸਿੱਖੀ ਸੀ ਤੇ ਪੰਜਾਬੀ ਸਾਹਿਤ ਕੀ ਹੁੰਦਾ ਹੈ ਇਹ ਜਾਨਣਾ ਤਾਂ ਬਹੁਤ ਦੂਰ ਦੀ ਗੱਲ ਸੀ | ਮੈਂ ਵੱਡੀ ਹੋਈ .....ਤੁਸੀਂ ਪ੍ਰਦੇਸੀ ਹੋ ਗਏ ......ਤੇ ਲੇਖਣੀ ਜਿੰਦਗੀ ਦੇ ਦਰਪਣ 'ਚੋਂ ਪਰਾਂ ਕੱਢ ਮਾਰਿਆ | ਮੈਨੂੰ ਓਦੋਂ ਇਹਨਾਂ ਗੱਲਾਂ ਦਾ ਕੋਈ ਅਹਿਸਾਸ ਨਹੀਂ ਸੀ | ਪਰ  ਓਸ ਸਮੇਂ ਦੌਰਾਨ  ਪ੍ਰੋਫੈਸਰ ਦਵਿੰਦਰ ਕੌਰ ਸਿੱਧੂ ( ਆਪਣੀ ਮਾਮੇ ਜਾਈ ) ਨੇ ਪਰਦੇਸ ਬੈਠੇ ਵੀਰ ਨੂੰ ਕਲਮ ਫੇਰ ਤੋਂ ਫਡ਼ਨ ਲਈ 'ਹਾਕਾਂ ਮਾਰੀਆਂ ਸਨ | ਦਵਿੰਦਰ ਭੈਣ ਦੀ ਕਾਵਿ-ਪੁਸਤਕ ' ਬੇਰਹਿਮ ਪਲਾਂ ਦੀ ਦਾਸਤਾਨ ' ਦੇ ਪੰਨਾ ਨੰਬਰ 38 'ਤੇ ਇੱਕ ਕਵਿਤਾ ' ਪ੍ਰਦੇਸੀ ਵੀਰ ਦੇ ਨਾਂ ' ਵਿੱਚ ਉਸਨੇ ਆਪਣੇ ਵੀਰ ਨੂੰ ਕੁਝ ਏਸ ਤਰਾਂ ਕਿਹਾ ਸੀ ......
ਵੀਰਾ ! ਤੂੰ ਤਾਂ ਸ਼ਾਇਰ ਸੀ 
ਕਿਉਂ ਭੁੱਲ ਬੈਠਾ 
ਸ਼ਬਦਾਂ, ਵਾਕਾਂ ਅਰਥਾਂ ਦੀ ਘਡ਼ਾਈ
ਇਹਨਾਂ ਗੁਆਚੇ ਅਰਥਾਂ ਨੂੰ ਲੱਭ ਦੇ 
ਆਪਣੀ ਸ਼ਾਇਰੀ 'ਚ ਢਾਲਣ ਦੀ 
ਕੋਸ਼ਿਸ਼ ਜ਼ਰੂਰ ਕਰੀਂ !
ਸ਼ਾਇਦ ਇਸ ਜੰਗਲੀ ਮਾਹੌਲ 'ਚ
ਤਰਾਨਾ ਹੋ ਨਿਬਡ਼ਨ ਤੇਰੇ ਗੀਤ 
ਮੇਰੇ ਫਰਿਸ਼ਤਿਆਂ ਵਰਗਿਆ ਵੀਰਾ 
ਕੋਈ ਆਇਤਾਂ ਵਰਗਾ ਸੰਦੇਸ਼ ਤੂੰ ਦੇ ਸਕੇਂ !
.........ਪਤਾ ਨਹੀਂ ਇਹ ਆਵਾਜ਼ ਤੁਹਾਡੇ ਤੱਕ ਅੱਪਡ਼ਨ ਤੋਂ ਪਹਿਲਾਂ ਹੀ ਕਿਤੇ ਖਲਾ 'ਚ ਗੁਆਚ ਕੇ ਰਹਿ ਗਈ ਜਾਂ ਫੇਰ ਇਸ ਦਿਲੀ ਹੂਕ ਨੂੰ ਤੁਸਾਂ ਨੇ ਅਣਗੌਲਿਆਂ ਹੀ ਕਰ ਦਿੱਤਾ  ......ਇਹ ਤਾਂ ਤੁਸੀਂ ਜਾਣਦੇ ਹੋ ਜਾਂ ਤੁਹਾਡਾ ਰੱਬ |
ਜਦੋਂ -ਜਦੋਂ ਮੈਨੂੰ ਸਾਹਿਤਕ ਗੱਲਾਂ ਦੀ ਸਮਝ ਆਉਣ ਲੱਗੀ ਤਾਂ ਮੇਰਾ ਆਪਣਾ ਆਪ ਝੰਜੋਡ਼ਿਆ ਗਿਆ .....ਇਹ ਸੋਚ-ਸੋਚ ਕਿ ਮੇਰਾ ਵੀਰ ਲਿਖਾਰੀ ਪਤਾ ਨਹੀਂ ਏਸ ਕਲਬੂਤ 'ਚ ਕਿਵੇਂ ਜਿਓਂ ਰਿਹਾ ਹੈ ....ਜਦੋਂ ਕਿ ਓਸਦੀ ਰੂਹ ( ਲੇਖਣੀ ਵਾਲੀ ) ਤਾਂ ਕਦੋਂ ਦੀ ਕਿਧਰੇ ਉੱਡਾਰੀ ਮਾਰ ਗਈ ਹੈ |  ਪਿੱਛੇ ਜਿਹੇ ਜਦੋਂ ਮੈਂ ਭਰਪੂਰ ਮਾਮਾ ਜੀ ( ਜੋ ਖੁਦ ਇੱਕ ਬਹੁਤ ਵਧੀਆ ਲਿਖਾਰੀ ਨੇ ) ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਕੁਲਦੀਪ ਜਦੋਂ ਲਿਖਦਾ ਸੀ ਤਾਂ ਉਹ ਓਹ ਪਾਤਰ ਖੁਦ ਜਿਓਂਦਾ ਸੀ    , ਜਿਸ ਬਾਰੇ ਓਹ ਲਿਖ ਰਿਹਾ ਹੋਵੇ | ਫੇਰ ਮੈਂ ਘਰ ਦੇ ਹੋਰ ਜੀਆਂ ਨਾਲ ਗੱਲ ਕੀਤੀ ਤੇ ਸਭ ਨੇ ਕਿਹਾ ਕਿ ਕੁਲਦੀਪ ਹੁਣ ਬਦਲ ਗਿਆ ਹੈ .....ਹੁਣ ਨਹੀਂ ਉਹ ਲਿਖਦਾ-ਲੁਖਦਾ | ਮੇਰਾ ਆਪਾ ਵਲੂੰਧਰਿਆ ਗਿਆ ਤੇ ਮੈਂ ਤੁਹਾਡੀਆਂ ਲਿਖਤਾਂ ਨੂੰ ਇੱਕਠਾ ਕਰਕੇ ਪੰਜਾਬੀ ਪਾਠਕਾਂ ਤੱਕ ਅੱਪਡ਼ਦੀਆਂ ਕਰਨ ਦਾ ਮਨ ਬਣਾਇਆ | ਇਸੇ ਇੱਕ ਕੋਸ਼ਿਸ਼ ਦੀ ਇਹ ਪਹਿਲੀ ਕਡ਼ੀ ਹੈ , ਜਿਸ ਰਾਹੀਂ ਸ਼ਾਇਦ ਮੈਂ ਆਪਣਾ ਹੀ ਨਹੀਂ , ਸਗੋਂ ਆਪਣੇ ਸਾਰੇ ਪਰਿਵਾਰ ਦਾ ਸਾਂਝਾ ਸੁਨੇਹਾ ਆਪ ਤੱਕ ਪਹੁੰਚਾਉਣ 'ਚ ਸਫਲ ਹੋ ਜਾਵਾਂ !
ਰੱਬ ਅੱਗੇ ਏਸੇ ਦੁਆ ਨਾਲ ਕਿ .......
ਤੇਰੇ ਅੰਦਰ ਅਜੇ ਵੀ
ਵਿਚਾਰਾਂ ਦੀ ਧੁੱਕ-ਧੁੱਕੀ ਹੈ    
ਤੇਰੀ ਕਲਮ ਦੀ ਸਿਆਹੀ 
ਅਜੇ ਕਿੱਥੇ ਸੁੱਕੀ ਹੈ..................
ਰੱਬੀ  ਦਾਤ ( ਲੇਖਣੀ ) ਦਾ ਇਹ ਖਜ਼ਾਨਾ ਜੋ ਪ੍ਰਮਾਤਮਾ ਨੇ ਜੋ ਤੁਹਾਨੂੰ ਬਖਸ਼ਿਆ ਹੈ ਓਸਨੂੰ ਸੰਭਾਲਣਾ ਆਪਣਾ ਫਰਜ਼ ਸਮਝ ਕੇ , ਮੁਡ਼ ਤੋਂ ਆਪਣੀ ਲੇਖਣੀ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਦੀ ਝੋਲੀ ਪਾਉਂਦੇ ਰਹੋ !
                                                                                                     --ਹਰਦੀਪ ( ਦੀਪੀ)
ਓ ਕਲਮ ਦੇ ਧਨੀ
ਸ਼ਬਦਾਂ ਦੇ ਪੁਜਾਰੀ
ਆਪਣੀ ਕਲਮ ਤੂੰ
ਕਿੱਥੇ ਵਗ੍ਹਾ ਮਾਰੀ
ਕੋਈ ਹੱਕ ਨਹੀਂ ਤੈਨੂੰ
ਕਵਿਤਾ ਤੋਂ ਬਿਨਾਂ ਜਿਓਣ ਦਾ
ਕੋਈ ਹੱਕ ਨਹੀਂ ਤੈਨੂੰ 
ਸਾਥੋਂ ਸਾਡੀ ਕਵਿਤਾ ਖੋਹਣ ਦਾ
ਕਿਓਂਕਿ………………
ਜਦੋਂ ਤੂੰ ਲਿਖਦਾ ਸੀ
ਭਾਵੁਕ ਅਹਿਸਾਸਾਂ ਨਾਲ਼
ਕਵਿਤਾ ‘ਚ ਦਿੱਖਦਾ ਸੀ
ਪਰ ਪਤਾ ਨਹੀਂ ਕਿਓਂ
ਤੂੰ ਆਪਾ ਮਾਰ ਲਿਆ
ਕਵਿਤਾ ‘ਚੋਂ ਸਾਹ ਲੈਣ ਵਾਲ਼ਿਆ
ਬਿਨਾਂ ਕਵਿਤਾ ਕਿਵੇਂ ਸਾਰ ਲਿਆ
ਪ੍ਰਦੇਸ ਜਾ ਕੇ 
ਤੇਰੀ ਕਲਮ ਕੁਝ ਬੋਲੀ ਨਹੀਂ
ਕਿਓਂ ਜੋ ਤੂੰ ਕਿਹਾ ਸੀ…..
ਕਵਿਤਾ ਜਿਹੀ ਕੋਮਲ ਚੀਜ਼ ਲਈ
ਓਥੇ ਕੋਈ ਥਾਂ ਹੀ ਨਹੀਂ
ਫਿਰ ਦੇਸ ਆ ਕੇ ਵੀ
ਤੂੰ ਪਤਾ ਨਹੀਂ ਕਿਓਂ
ਜਿਹਾ ਮੰਨ ਬੈਠਾ
ਕਿ ਭਾਵੁਕ ਅਹਿਸਾਸਾਂ ਨਾਲ਼
ਜ਼ਿੰਦਗੀ ਜਿਓਣਾ ਹੈ ਬਡ਼ਾ ਔਖਾ
ਨਹੀਂ ਮੇਰੇ ਵੀਰ……….
ਕਵਿਤਾ ‘ਚ ਤਾਂ ਬਡ਼ੀ ਸ਼ਕਤੀ ਹੈ
ਇਹ ਹਰ ਥਾਂ, ਹਰ ਹੀਲੇ ਰਹਿ ਸਕਦੀ ਹੈ
ਕਵਿਤਾ ਪਰਾਇਆਂ ਨੂੰ ਆਪਣਾ ਬਣਾ ਲੈਂਦੀ
ਕਵਿਤਾ ਰੋਂਦਿਆਂ ਨੂੰ ਹੈ ਹੱਸਾ ਦਿੰਦੀ
ਮਹਿਲ-ਚੁਬਾਰਿਆਂ ‘ਚ ਨਹੀਂ
ਕਵਿਤਾ ਦਿਲ ‘ਚ ਵੱਸਦੀ ਹੈ
ਜਦ ਤੂੰ ਬੋਲਣ ਤੋਂ ਇਨਕਾਰੀ
ਕਵਿਤਾ ਦਿਲ ਖੋਲ੍ਹ ਦੱਸਦੀ ਹੈ
ਤੂੰ ਰੋਵੇਂ ਤਾਂ ਰੋਂਦੀ ਕਵਿਤਾ
ਤੂੰ ਹੱਸਦਾ ਤਾਂ ਹੱਸਦੀ ਹੈ
ਪਾ ਨਹੀਂ ਸਕਦਾ ਹਰ ਕੋਈ
ਭਾਵਾਂ ਨੂੰ ਸ਼ਬਦੀ ਜਾਮਾ
ਰੱਬੀ ਦਾਤ ਜੋ ਤੈਨੂੰ ਮਿਲ਼ੀ
ਕਿਉਂ ਅਜਾਈਂ ਹੀ ਗਵਾਈ ਜਾਨੈ
ਮੈਨੂੰ ਪਤਾ……..
ਤੇਰੇ ਅੰਦਰ ਅਜੇ ਵੀ
ਵਿਚਾਰਾਂ ਦੀ ਧੁੱਕ-ਧੁੱਕੀ ਹੈ
ਤੇਰੀ ਕਲਮ ਦੀ ਸਿਆਹੀ
ਅਜੇ ਕਿੱਥੇ ਸੁੱਕੀ ਹੈ
ਖੋਲ੍ਹ ਦੇ ਦਿਲ ਪਿੰਜਰਾ
ਯਾਦਾਂ ਦੇ ਪੰਛੀਆਂ ਨੂੰ
ਮਨ ਦੇ ਟਾਹਣ ‘ਤੇ
ਫਡ਼ਫਡ਼ਾ ਲੈਣ ਦੇ
ਮੰਨ ਕਲਮ ਦੀ ਅਰਜੋਈ
ਆਵਦੇ ਮਨੋ -ਅਲਫ਼ਾਜਾਂ ਨੂੰ
ਕੋਰੇ ਪੰਨਿਆਂ ‘ਤੇ
ਆਪਣਾ ਹੱਕ ਜਮਾ ਲੈਣ ਦੇ !
*********3 comments:

SURINDER RATTI said...

ਹਰਦੀਪ ਜੀ,

ਸ਼ੁਕ੍ਰਿਯਾ, ਅੱਜ ਤੁਸੀਂ ਕੁਲਦੀਪ ਜੀ ਬਾਰੇ ਸਾਡੇ ਨਾਲ ਸਾਰੇ ਵਿਚਾਰ ਸਾਂਝੇ ਕੀਤੇ, ਤੁਸੀਂ ਉਨ੍ਨਾ ਨੂ ਫਿਰ ਕਲਮ ਫਡਨ ਲਈ ਪ੍ਰੇਰਿਤ ਕੀਤਾ ਹੈ, ਏਹ ਚੰਗੀ ਗਲ ਹੈ. ਐਸੇ ਕਿਤਨੇ ਹੀ ਕਵੀ ਹਨ ਬਹੁਤ ਹੀ ਵਧਿਯਾ ਲਿਖਾਰੀ ਹਨ, ਕਈ ਵਾਰ ਆਪਣੇ ਕੰਮ ਵਿਚ ਬਿਜ਼ੀ ਹੋਣ ਕਰਕੇ ਸ਼ਾਯਦ ਨਾ ਲਿਖ ਸਕਦੇ ਹੋਣ, ਇਥੇ ਮੈਂ ਮੁੰਬਈ ਵਿਚ ਐਸੇ ਕਈ ਕਵੀ ਵੀਰਾਂ ਨੂ ਜਾਣਦਾ ਹਾਂ ਓਹ ਕੰਪਿਊਟਰ ਨਾਲ ਵਾਕਫ ਨਾ ਹੋਣ ਕਰ ਕੇ ਪਿਛੇ ਰੇਹ ਗਏ ਨੇ. - ਸੁਰਿੰਦਰ ਰੱਤੀ - ਮੁੰਬਈ

Anonymous said...

बहुत प्रेरणादायी रचनाओं का संगम !
रामेश्वर काम्बोज

Anonymous said...

बहुत प्रेरणादायी रचनाओं का संगम ! रामेश्वर काम्बोज