Friday, April 13, 2012

ਵਿਸਾਖੀ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਫ਼ੋਰ ਕੀਤਾ ਚੜ੍ਹਦੀ ਕਲਾ ਦਾ ਪ੍ਰਗਟਾਵਾ

ਸ਼ਹੀਦਾਂ ਦੀ ਧਰਤੀ 'ਤੇ ਖਾਧੀ ਸਹੁੰ ਦੀ ਅਣਦੇਖੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ 
ਪੀ.ਪੀ.ਪੀ. ਨੇ ਕੀਤਾ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਾ ਕਰਨ ਦਾ ਐਲਾਨ
ਫਾਈਲ ਫੋਟੋ 
ਅੰਮ੍ਰਿਤਸਰ: ਖਾਲਸਾ ਸਾਜਨਾ  ਦੇ ਇਤਿਹਾਸਿਕ ਮੌਕੇ 'ਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਇੱਕ ਵਾਰ ਫੇਰ ਇਹ ਗੱਲ ਦੁਹਰਾਈ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਸੰਕਲਪ ਤੋਂ ਪਿਛੇ ਨਹੀਂ ਹਟਣਗੇ i ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਇਸ ਵਕ਼ਤੀ ਹਾਰ ਦੇ ਬਾਵਜੂਦ ਆਪਣੇ ਮਿਸ਼ਨ ਤੇ ਡਟੇ ਰਹਿਣਗੇ ਕਿਓਂਕਿ ਜਿੱਤ ਇੱਕ ਦਿਨ ਹੱਕ ਅਤੇ ਸਚ ਦੀ ਹੀ ਹੋਣੀ ਹੈ i ਸਮਝੌਤੇ ਦੀਆਂ ਲਗਾਤਾਰ ਉਡ ਰਹੀਆਂ ਅਫਵਾਹਾਂ ਨੂੰ ਪੂਰੀ ਤਰਾਂ ਰੱਦ ਕਰਦਿਆਂ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਗੇ ਤੇ ਨਾ ਹੀ ਕਾਂਗਰਸ ਅਤੇ ਨਾ ਹੀ ਅਕਾਲੀ-ਭਾਜਪਾ ਵਿਚ ਜਾਣਗੇ ਕਿਉਂਕਿ ਉਨ੍ਹਾਂ ਨੇ ਜੋ ਸਹੁੰ ਸ਼ਹੀਦਾਂ ਦੀ ਧਰਤੀ 'ਤੇ ਖਾਧੀ ਸੀ ਉਹ ਉਸਦੀ ਅਣਦੇਖੀ ਕਿਸੇ ਸੀ ਹਾਲਤ ਵਿੱਚ ਨਹੀਂ ਕਰ ਸਕਦੇ। ਕਾਬਿਲੇ ਜ਼ਿਕਰ ਹੈ ਕਿ ਸ. ਮਨਪ੍ਰੀਤ ਸਿੰਘ ਬਾਦਲ ਵਿਧਾਨ ਸਭਾ ਚੋਣਾਂ 'ਚ ਹੋਈ ਹਾਰ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਸਨ ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਪਾਰਟੀ ਵਰਕਰਾਂ ਨਾਲ ਬੈਠਕ ਵੀ ਕੀਤੀ।  ਪ੍ਰੈੱਸ ਨੂੰ ਸੰਬੋਧਨ ਕਰਦਿਆਂ ਸ. ਮਨਪ੍ਰੀਤ ਨੇ ਦੱਸਿਆ ਕਿ ਹਾਰ ਦਾ ਕਾਰਨ ਦੂਜੀਆਂ ਪਾਰਟੀਆਂ ਵਲੋਂ ਚੋਣਾਂ ਦੌਰਾਨ ਅੰਨ੍ਹੇ ਵਾਹ ਖਰਚ ਕੀਤਾ ਨਾਜਾਇਜ਼ ਪੈਸਾ ਤੇ ਨਸ਼ਾ ਹੈ  ਇਸਦੇ ਨਾਲ ਹੀ ਉਹਨਾਂ ਇਹ ਵੀ ਸਵੀਕਾਰ ਕੀਤਾ ਕਿ ਕੁੱਝ ਹੱਦ ਤਕ ਉਨ੍ਹਾਂ ਦੀ ਪਾਰਟੀ ਦਾ ਜਥੇਬੰਦਕ ਢਾਂਚਾ ਨਾ ਹੋਣਾ ਵੀ ਇਸ ਹਾਰ ਲਈ ਜ਼ਿੰਮੇਵਾਰ ਹੈ ਪਰ ਹਾਰ ਦੇ ਬਾਵਜੂਦ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਨਤੀਜਿਆਂ ਵਿੱਚ ਹਾਰ ਦੀ ਮਾਯੂਸੀ ਬਾਰੇ ਦੱਸਦੇ ਹੋਏ ਸ. ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿਲਕੁਲ ਹੀ ਨਵੀਂ ਸੀ ਤੇ ਹਰ ਪਾਰਟੀ ਨੂੰ ਖਡ਼੍ਹੇ ਹੋਣ ਲਈ ਸਮਾਂ ਲੱਗਦਾ ਹੈ। ਕਾਂਗਰਸ ਤੇ ਅਕਾਲੀ ਦਲ ਵਰਗੀਆਂ ਪਾਰਟੀਆਂ ਨੂੰ ਵੀ ਸਥਾਪਿਤ ਹੁੰਦਿਆਂ ਹੁੰਦਿਆਂ ਸਮਾਂ ਲੱਗਾ ਸੀ ਪਰ ਫਿਰ ਵੀ ਉਨ੍ਹਾਂ ਨੂੰ ਖੁਸ਼ੀ ਹੈ ਕਿ 5  ਫੀਸਦੀ ਤੋਂ ਵਧੇਰੇ ਲੋਕ ਉਨ੍ਹਾਂ ਦੇ ਨਾਲ ਹਨ। ਸ. ਮਨਪ੍ਰੀਤ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਈ. ਵੀ. ਐੱਮ. ਮਸ਼ੀਨਾਂ ਦੀ ਵਰਤੋਂ 'ਤੇ ਸ਼ੱਕ ਕਰਦੇ ਹੋਏ ਕਿਹਾ ਕਿ ਮਸ਼ੀਨਾਂ 'ਚ ਟੈਂਪਰਿੰਗ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਚੋਣ ਕਮਿਸ਼ਨਰ ਨੂੰ ਅਪੀਲ ਕਰਨਗੇ ਕਿ ਈ. ਵੀ. ਐੱਮਜ਼ ਨਾਲ ਇੱਕ ਪ੍ਰਿੰਟਰ ਦਾ ਪ੍ਰਬੰਧ ਵੀ ਜਰੂਰ ਕੀਤਾ ਜਾਵੇ ਤਾਂਕਿ ਜਦੋਂ ਕੋਈ ਵਿਅਕਤੀ ਵੋਟ ਲਈ ਬਟਨ ਦਬਾਏ ਤਾਂ ਉਸਨੂੰ ਰਸੀਦ ਮਿਲੇ ਤੇ ਉਸਨੂੰ ਯਕੀਨ ਹੋ ਜਾਵੇ ਕਿ ਉਸਦੀ ਵੋਟ ਸਹੀ ਹੈ। ਸ. ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੋਲ ਪੈਸਾ, ਸਮਾਂ ਤੇ ਜਥੇਬੰਦਕ ਢਾਂਚੇ ਦੀ ਕਮੀ ਸੀ ਇਸ ਲਈ ਹੁਣ ਪਾਰਟੀ ਦਾ ਜਥੇਬੰਦਕ ਢਾਂਚਾ ਨਵੇਂ ਸਿਰੇ ਤੋਂ ਜਲਦ ਹੀ ਬਣਾਇਆ ਜਾ ਰਿਹਾ ਹੈ ਜਿਸ ਵਿਚ ਹਰ ਬੂਥ ਲੈਵਲ 'ਤੇ ਦੋ ਨਵੇਂ ਮੈਂਬਰ ਬਣਾਏ ਜਾ ਰਹੇ ਹਨ। ਮਨਪ੍ਰੀਤ ਨੇ ਕਿਹਾ ਕਿ ਉਹ ਆਉਣ ਵਾਲੀ ਹਰ ਚੋਣ ਵਿਚ ਖੁੱਲ੍ਹ ਕੇ ਹਿੱਸਾ ਲੈਣਗੇ ਤੇ ਕਿਸੇ ਵੀ ਤਰਾਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਮਨਮੋਹਨ ਸਿੰਘ ਗੁਮਟਾਲਾ, ਰਾਮਸ਼ਰਣ ਪਾਲ, ਅਮਨਪ੍ਰੀਤ ਸਿੰਘ ਛੀਨਾ, ਸੈਂਡੀ ਰੰਧਾਵਾ, ਜਸਵਿੰਦਰ ਸਿੰਘ ਤੇ ਕਈ ਹੋਰ ਪਾਰਟੀ ਮੈਂਬਰ ਅਤੇ ਲੀਡਰ ਵੀ ਮੌਜੂਦ ਸਨ। ਇਸੇ ਦੌਰਾਨ ਇੱਕ ਵੱਖਰੇ ਪ੍ਰੈਸ ਬਿਆਨ ਰਾਹੀਂ ਪਾਰਟੀ ਨੇ ਅਨੰਦੁ ਮੈਰਿਜ ਐਕਟ ਨੂੰ ਮਾਨਤਾ ਦਿੱਤੇ ਜਾਂ ਦਾ ਵੀ ਸਵਾਗਤ ਕੀਤਾ ਹੈ.

No comments: