Wednesday, April 18, 2012

ਕਾਂਗਰਸ ਪਾਰਟੀ ਭਾਵੇ ਚੋਣ ਹਾਰ ਗਈ ਪਰ 14 ਸੀਟਾਂ ਵੱਧ ਮਿਲੀਆਂ

ਸ਼੍ਰੋਮਣੀ ਅਕਾਲੀ ਦਲ ਨੇ 7 ਵਾਰਡਾਂ ਤੋਂ ਚੋਣ ਲਡ਼ੀ ਸੀ ਤੇ 5 ਉਮੀਦਵਾਰ ਜੇਤੂ ਰਹੇ 
ਦਿੱਲੀ ਦੇ ਤਿੰਨਾਂ ਨਗਰ ਨਿਗਮਾਂ ’ਤੇ ਭਾਜਪਾ ਕਾਬਜ਼
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਤੇ ਦਿੱਲੀ ਇਕਾਈ ਦੇ
ਪ੍ਰਧਾਨ ਵਿਜੇਂਦਰ ਗੁਪਤਾ ਜੇਤੂ ਨਿਸ਼ਾਨ ਬਣਾਉਂਦੇ ਹੋਏ
 
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 17 ਅਪਰੈਲ
ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋਡ਼ ਨੇ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਿੰਦਿਆਂ ਦਿੱਲੀ ਦੇ ਤਿੰਨੇ ਨਗਰ ਨਿਗਮਾਂ ’ਤੇ ਕਬਜ਼ਾ ਕਰ ਲਿਆ ਹੈ। ਤਿੰਨੇ ਨਿਗਮਾਂ ਦੇ 272 ਮੈਂਬਰੀ ਸਦਨ ਵਿੱਚੋਂ ਭਾਜਪਾ ਨੇ ਸਾਰੇ ਨਿਗਮਾਂ ਵਿੱਚ ਕੁੱਲ 138 ਸੀਟਾਂ ਜਿੱਤੀਆਂ ਹਨ।   ਕਾਂਗਰਸ ਪਾਰਟੀ ਭਾਵੇ ਤਿੰਨਾਂ ਨਿਗਮਾਂ ਵਿੱਚ ਚੋਣ ਹਾਰ ਗਈ ਹੈ ਪਰ ਪਿਛਲੀ ਵਾਰ ਦੇ ਮੁਕਾਬਲੇ ਇਸ ਨੂੰ 14 ਸੀਟਾਂ ਵੱਧ ਮਿਲੀਆਂ ਹਨ। ਸਮਾਜਵਾਦੀ ਪਾਰਟੀ ਨੇ ਦਿੱਲੀ ਵਿੱਚ ਦੋ ਸੀਟਾਂ ਜਿੱਤ ਕੇ ਖਾਤਾ ਖੋਲ੍ਹ ਲਿਆ ਹੈ।  ਇਸ ਵਾਰ ਦਾ ਚੋਣ ਤੀਜਾ ਇਸ ਪ੍ਰਕਾਰ ਰਿਹਾ ਹੈ: ਉਤਰੀ ਦਿੱਲੀ ਨਿਗਮ ਦੀਆਂ ਕੱੁਲ 104 ਸੀਟਾਂ ’ਚੋਂ ਭਾਜਪਾ ਨੂੰ 59, ਕਾਂਗਰਸ ਨੂੰ 29, ਬਸਪਾ ਨੂੰ ਸੱਤ ਅਤੇ ਹੋਰਾਂ ਨੂੰ ਨੌਂ ਸੀਟਾਂ ’ਤੇ ਜਿੱਤ ਪ੍ਰਾਪਤ ਹੋਈ ਹੈ। ਦੱਖਣੀ ਦਿੱਲੀ ਦੀਆਂ ਕੁੱਲ 104 ਸੀਟਾਂ ’ਚੋਂ ਭਾਜਪਾ ਨੂੰ  44, ਕਾਂਗਰਸ ਨੂੰ 30, ਬਸਪਾ ਨੂੰ ਪੰਜ ਅਤੇ ਹੋਰਾਂ ਨੂੰ 24 ਸੀਟਾਂ ਮਿਲੀਆਂ ਹਨ। ਪੂਰਬੀ ਦਿੱਲੀ ਨਿਗਮ ਦੀਆਂ ਕੁੱਲ 64 ਸੀਟਾਂ ’ਚੋਂ ਭਾਜਪਾ ਨੂੰ 35, ਕਾਂਗਰਸ ਨੂੰ 19, ਅਤੇ ਹੋਰਾਂ ਨੂੰ 10 ਸੀਟਾਂ ਮਿਲੀਆਂ ਹਨ।  ਪਿਛਲੀ ਨਿਗਮ ਚੋਣਾਂ ਵਿੱਚ ਭਾਜਪਾ ਨੂੰ 272 ਮੈਂਬਰੀ ਸਦਨ ਵਿੱਚ 164 ਸੀਟਾਂ ਮਿਲੀਆਂ ਸਨ ਜਦਕਿ ਇਸ ਵਾਰ ਭਾਜਪਾ ਨੂੰ 138 ਅਤੇ ਕਾਂਗਰਸ ਨੂੰ 78 ਸੀਟਾਂ ਮਿਲੀਆਂ ਹਨ। ਭਾਜਪਾ ਦੀਆਂ ਪਿਛਲੀ ਵਾਰ ਨਾਲੋਂ ਵੀਹ ਸੀਟਾਂ ਘਟੀਆਂ ਹਨ ਤੇ ਕਾਂਗਰਸ ਦੀਆਂ 14 ਸੀਟਾਂ ਵਧੀਆਂ ਹਨ। ਇਸ ਵਾਰ ਸਮਾਜਵਾਦੀ ਪਾਰਟੀ ਨੂੰ ਵੀ ਦੋ ਸੀਟਾਂ ਮਿਲਣ ਨਾਲ ਇਸ ਦਾ ਦੇਸ਼ ਦੀ ਰਾਜਧਾਨੀ ਵਿੱਚ ਖਾਤਾ ਖੁਲ੍ਹ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਸੱਤ ਵਾਰਡਾਂ ਤੋਂ ਚੋਣ ਲਡ਼ੀ ਸੀ ਤੇ ਇਸ ਦੇ ਪੰਜ ਉਮੀਦਵਾਰ ਜੇਤੂ ਰਹੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਚੋਣ ਹਾਰ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੀ ਰਿਤੂ ਵੋਹਰਾ ਨੇ ਤਿਲਕ ਨਗਰ ਤੋਂ ਕਾਂਗਰਸ ਦੀ ਸਾਬਕਾ ਮੇਅਰ ਅਨੀਤਾ ਬੱਬਰ ਨੂੰ 4600 ਵੋਟਾਂ ਦੇ ਫਰਕ ਨਾਲ ਹਰਾਇਆ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਿਗਮ ਚੋਣਾਂ ਆਪਣੇ ਚੋਣ ਨਿਸ਼ਾਨ ’ਤੇ ਨਹੀਂ ਸਗੋਂ ਭਾਜਪਾ ਦੇ ਚੋਣ ਨਿਸ਼ਾਨ ’ਤੇ ਲਡ਼ੀਆਂ ਸਨ।  ਭਾਜਪਾ ਦੇ ਕੌਮੀ   ਪ੍ਰਧਾਨ ਨਿਤਿਨ ਗਡਕਰੀ ਨੇ ਦਿੱਲੀ ਨਗਰ ਨਿਗਮਾਂ      ਵਿੱਚ ਕਾਂਗਰਸ ਦੀ ਹਾਰ ’ਤੇ  ਟਿੱਪਣੀ ਕਰਦਿਆਂ ਕਿਹਾ ਹੈ ਕਿ ਚੋਣ ਨਤੀਜੇ ਦੇਸ਼ ਭਰ ਵਿੱਚ ਕਾਂਗਰਸ ਵਿਰੁਧ ਰੋਸ ਦਾ ਪ੍ਰਗਟਾਵਾ ਹਨ। ਪੰਜਾਬ, ਗੋਆ, ਯੂ.ਪੀ. ਦੀਆਂ ਵਿਧਾਨ ਸਭਾ ਚੋਣਾਂ ਤੇ ਹੁਣ ਦਿੱਲੀ ਨਗਰ ਨਿਗਮ ਵਿੱਚ ਹਾਰ ਤੋਂ ਸੰਕੇਤ ਮਿਲਦੇ ਹਨ ਕਿ ਕਾਂਗਰਸ ਦੇ ਹੁਣ ਦਿਨ ਥੋਡ਼੍ਹੇ ਰਹਿ ਗਏ ਹਨ ਤੇ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਨਿਸ਼ਚਤ ਹੈ।
ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦੇ ਪ੍ਰਧਾਨ ਵਿਜੇਂਦਰ ਗੁਪਤਾ, ਚੋਣ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਵਿਜੇ ਕੁਮਾਰ ਮਲਹੋਤਰਾ ਨੇ ਕਿਹਾ ਕਿ ਨਿਗਮ ਚੋਣਾਂ ਵਿੱਚ ਜਿੱਤ ਦਾ ਸਿਹਰਾ ਦਿੱਲੀ ਦੇ ਲੋਕਾਂ ਅਤੇ ਭਾਜਪਾ ਵਰਕਰਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਕਾਂਗਰਸ ਦੇ ਮਾਡ਼ੇ ਰਾਜ ਪ੍ਰਬੰਧ ਖ਼ਿਲਾਫ੍ਰ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣ ਪ੍ਰਚਾਰ ਦੇ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਨਿਗਮ ਚੋਣਾਂ ਦਾ ਨਤੀਜਾ ਕਾਂਗਰਸ ਦੇ ਭ੍ਰਿਸ਼ਟ ਰਾਜ, ਲੋਕ ਵਿਰੋਧੀ ਨੀਤੀਆਂ ਅਤੇ ਲੱਕ ਤੋਡ਼ ਮਹਿੰਗਾਈ ਵਿਰੁਧ ਰਾਇਸ਼ੁਮਾਰੀ ਹੋਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਤਿੰਨੇ ਨਿਗਮ ਵਿੱਚ ਜਿੱਤ ਬਾਰੇ ਕਿਹਾ ਕਿ ਇਸ ਚੋਣ ਵਿੱਚ ਕਾਂਗਰਸ ਅਤੇ ਕਾਂਗਰਸ ਦੇ ਹਮਾਇਤੀ ਸਿੱਖ ਆਗੂਆਂ ਖਾਸਕਰ ਸਰਨਿਆਂ ਦੀ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਨਤੀਜਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਦਿੱਲੀ ਇਕਾਈ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਇੰਚਾਰਜ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਅਤੇ ਗਾਇਕ ਹਰਭਜਨ ਮਾਨ ਵੱਲੋਂ ਨਿਗਮ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਡੱਟ ਕੇ ਕੀਤੇ ਪ੍ਰਚਾਰ ਦੀ ਪ੍ਰਸ਼ੰਸ਼ਾ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਤਿੰਦਰ ਸਿੰਘ ਸ਼ੰਟੀ ਝਿਲਮਿਲ ਤੋਂ ਸਾਢੇ ਚਾਰ ਹਜ਼ਾਰ ਵੋਟਾਂ ਨਾਲ, ਰਿਤੂ ਵੋਹਰਾ ਨੇ ਤਿਲਕ ਨਗਰ ਤੋਂ 4600 ਵੋਟਾਂ ਨਾਲ, ਯੂਥ ਅਕਾਲੀ ਦੇ ਪ੍ਰਧਾਨ ਸਤਵਿੰਦਰ ਸਿੰਘ ਸਿਰਸਾ ਦੀ ਪਤਨੀ  ਪੰਜਾਬੀ ਬਾਗ ਤੋਂ ਪੰਦਰਾਂ ਹਜ਼ਾਰ ਵੋਟਾਂ ਨਾਲ, ਡਿੰਪਲ ਚੱਢਾ ਮੇਜਰ ਭੁਪਿੰਦਰ ਸਿੰਘ ਨਗਰ ਤੋਂ 3100 ਵੋਟਾਂ ਨਾਲ ਜੇਤੂ ਰਹੇ। ਰੀਮਾ ਕੌਰ ਜੀ.ਟੀ.ਬੀ. ਨਗਰ ਤੋਂ ਜੇਤੂ ਰਹੀ। ਕਰੁਣਾ ਭੱਲਾ ਅਤੇ ਅਵਤਾਰ ਸਿੰਘ ਹਿੱਤ ਹਾਰ ਗਏ ਹਨ। (ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ) 


No comments: