Sunday, March 25, 2012

ਚਿਹਰਾ ਬੋਲਦਾ ਹੈ//ਡਾ. ਹਰਚੰਦ ਸਿੰਘ ਸਰਹਿੰਦੀ

ਭੇਦ ਦਿਲਾਂ ਦੇ ਖੁੱਲ੍ਹਣ ਲੱਗਿਆਂ, ਅੱਖੀਆਂ ਰਾਹੀਂ ਖੁੱਲ੍ਹ ਜਾਂਦੇ ਨੇ 
ਮਨੁੱਖ ਦਾ ਚਿਹਰਾ ਉਹ ਸਭ ਕੁਝ ਪ੍ਰਗਟ ਕਰ ਦਿੰਦਾ ਹੈ ਜੋ ਉਸ ਬਾਰੇ ਮਹੱਤਵਪੂਰਨ ਹੈ ਕਿਉਂਕਿ ਮਨੁੱਖ ਆਪਣੇ ਚਿਹਰੇ ਦੇ ਹਾਵ-ਭਾਵਾਂ, ਖਾਸਕਰ ਤੱਕਣੀ ਰਾਹੀਂ ਆਪਣੀ ਸ਼ਖਸੀਅਤ ਬਾਰੇ ਕਈ ਤਰ੍ਹਾਂ ਦੇ ਸੰਕੇਤ ਦਿੰਦਾ ਹੈ। ਇਸ ਤਰ੍ਹਾਂ ਚਿਹਰਾ ਕਈ ਵਾਰ ਮਨੁੱਖ ਦੇ ਗੁੱਝੇ ਭੇਦਾਂ ਦੀ ਮੁਖ਼ਬਰੀ ਵੀ ਕਰ ਜਾਂਦਾ ਹੈ। ਦਰਅਸਲ ਮਾਨਸਿਕ  ਸੋਚਣੀ ਦੇ ਅਸਰ ਹੇਠ ਚਿਹਰੇ ਦੀ ਦਿੱਖ ਬਦਲ ਜਾਂਦੀ ਹੈ ਅਤੇ ਇਹ ਬਦਲੀ ਹੋਈ ਦਿੱਖ ਸਬੰਧਤ ਵਿਅਕਤੀ ਬਾਰੇ ਬਹੁਤ ਕੁਝ ਕਹਿ ਤੇ ਸਮਝਾ ਜਾਂਦੀ ਹੈ। ਮਨੋਵਿਗਿਆਨ ਦੱਸਦਾ ਹੈ ਕਿ ਮਨੁੱਖ ਦੇ ਮਨ ਅੰਦਰ ਜਿਹੋ-ਜਿਹੇ ਵਿਚਾਰ ਪੈਦਾ ਹੁੰਦੇ ਹਨ, ਉਸ ਦੇ ਚਿਹਰੇ ਦਾ ਚਿੰਨ੍ਹ ਚੱਕਰ ਉਸ ਮੁਤਾਬਕ ਢਲ ਜਾਂਦਾ ਹੈ। ਇਸ ਸਬੰਧੀ ਡਾ. ਗੁਰਦਰਸ਼ਨ ਬਾਦਲ ਦੀ ਗ਼ਜ਼ਲ ਦਾ ਇਕ ਸ਼ਿਅਰ ਹੈ:
ਭਾਵ ਚਿਹਰੇ ਦੇ ਬਦਲ ਜਾਂਦੇ ਨੇ
ਮਨ ਦੀ ਸੋਚ ਨਾਲ,
ਆਦਮੀ ਖਰਗੋਸ਼, ਬਾਂਦਰ
ਤੇ ਬਣੇ ਚੀਤਾ ਕਦੇ।

ਦਰਅਸਲ ਹਰ ਇਨਸਾਨ ਇਕ ਖੁੱਲ੍ਹੀ ਕਿਤਾਬ ਵਾਂਗ ਹੈ ਅਤੇ ਇਸ ਕਿਤਾਬ ਦਾ ਸਾਰਾਂਸ਼ ਉਸ ਦੇ ਚਿਹਰੇ ’ਤੇ ਮੋਟੇ ਅੱਖਰਾਂ ਵਿੱਚ ਲਿਖਿਆ ਹੁੰਦਾ ਹੈ। ਤਾਹੀਓਂ ਜਦੋਂ ਅਸੀਂ ਕਿਸੇ ਦੇ ਚਿਹਰੇ ’ਤੇ ਲਿਖੀ ਉਸ ਦੀ ਲਾਚਾਰੀ ਤੇ ਬੇਵਸੀ ਦੀ ਦਾਸਤਾਨ ਨੂੰ ਪਡ਼੍ਹਨ ਦੀ ਪ੍ਰਵਾਹ ਨਹੀਂ ਕਰਦੇ ਤਾਂ ਉਸ ਦੇ ਮਨ ਨੂੰ ਡਾਹਢੀ ਠੇਸ ਪਹੁੰਚਦੀ ਹੈ ਅਤੇ ਉਹ ਇਕ ਉਰਦੂ ਸ਼ਿਅਰ ਦੀ ਜ਼ੁਬਾਨੀ ਪੁਕਾਰ ਉੱਠਦਾ ਹੈ:
ਏਕ ਨਜ਼ਰ ਮੁਝ, ਪਰ ਭੀ ਡਾਲੋ ਦੋਸਤੋ
ਮੇਰੇ ਚਿਹਰੇ ਪਰ ਹੈ, ਕੁਛ ਲਿਖਾ ਹੂਆ।

ਚਿਹਰੇ ਦੀ ਬਣਤਰ ਤੇ ਨੈਣ-ਨਕਸ਼ ਅਸੀਂ ਵੰਸ਼-ਪਰੰਪਰਾ ਅਨੁਸਾਰ ਜੱਦੀ ਗੁਣਾਂ ਦੇ ਆਧਾਰ ’ਤੇ ਆਪਣੇ ਮਾਪਿਆਂ ਤੋਂ ਵਿਰਸੇ ਵਿੱਚ ਪ੍ਰਾਪਤ ਕਰਦੇ ਹਾਂ, ਪਰ ਚਿਹਰੇ ਦਾ ਚਿੰਨ੍ਹ ਚੱਕਰ ਸਾਡੇ ਮਾਨਸਿਕ ਸੁਭਾਅ ਅਤੇ ਕੰਮ-ਧੰਦੇ ਅਨੁਸਾਰ ਬਦਲਦਾ ਰਹਿੰਦਾ ਹੈ। ਕੰਮ-ਧੰਦੇ ਜਾਂ ਕਿੱਤੇ ਦੀ ਮਜਬੂਰੀ ’ਚੋਂ ਉਪਜੇ ਵਿਚਾਰ ਸਾਡੇ ਚਿਹਰੇ ’ਤੇ ਲਕੀਰਾਂ ਖਿੱਚਦੇ ਰਹਿੰਦੇ ਹਨ, ਜਿਸ ਦੇ ਸਿੱਟੇ ਵਜੋਂ ਚਿਹਰਾ ਇਕ ਖਾਸ ਤਰ੍ਹਾਂ ਦੀ ਦਿੱਖ ਅਖ਼ਤਿਆਰ ਕਰ ਲੈਂਦਾ ਹੈ।
ਪੁਲਸੀਏ ਕਿਉਂਕਿ ਹਰ ਵੇਲੇ ਰੋਅਬ ਵਾਲੇ ਲਹਿਜ਼ੇ ’ਚ ਗੱਲ ਕਰਨ ਅਤੇ ਘੂਰਦੇ ਰਹਿਣ ਦੇ ਆਦੀ ਹੁੰਦੇ ਹਨ। ਇਸ ਲਈ ਉਨ੍ਹਾਂ ਦੇ ਚਿਹਰੇ ’ਤੇ ਆਮ ਤੌਰ ’ਤੇ ਤਿਊਡ਼ੀਆਂ ਉੱਭਰ ਆਉਂਦੀਆਂ ਹਨ ਅਤੇ ਚਿਹਰਾ ਖਰ੍ਹਵਾ ਨਜ਼ਰ ਆਉਣ ਲੱਗਦਾ ਹੈ। ਇਸ ਦੇ ਉਲਟ ਫੌਜੀ ਕਿਉਂਕਿ ਅਨੁਸ਼ਾਸਨ ਵਿੱਚ ਰਹਿੰਦੇ ਹਨ। ਇਸ ਲਈ ਸੰਜਮ ਤੇ ਠਰ੍ਹੰਮਾ ਉਨ੍ਹਾਂ ਦੇ ਸੁਭਾਅ ਦਾ ਇਕ ਹਿੱਸਾ ਬਣ ਜਾਂਦਾ ਹੈ। ਫਲਸਰੂਪ ਉਹ ਚਿਹਰੇ ਤੋਂ ਸ਼ਾਤ ਚਿੱਤ ਨਜ਼ਰ ਆਉਂਦੇ ਹਨ ਅਤੇ ਸੰਪਰਕ ਵਿੱਚ ਆਉਣ ਵਾਲੇ ’ਤੇ ਚੰਗਾ ਪ੍ਰਭਾਵ ਛੱਡਦੇ ਹਨ।
ਜ਼ਿੰਦਗੀ ਬੀਮਾ ਏਜੰਟਾਂ ਦੀ ਹਰ ਸਮੇਂ ਬੇਨਤੀ ਕਰਦੀ ਖੁੱਲ੍ਹੀ ਮੁਸਕਾਨ, ਗੱਲਬਾਤ ਦਾ ਸਲੀਕਾ ਅਤੇ ਪਿਆਰ ਤੇ ਅਪਣੱਤ ਦੀ ਭਾਵਨਾ ਦਰਸਾਉਣ ਦਾ ਰੁਝਾਨ ਉਨ੍ਹਾਂ ਦੀ ਸ਼ਖਸੀਅਤ ਨੂੰ ਹੱਸਮੁਖ ਤੇ ਮਿਲਣਸਾਰ ਬਣਾ ਦਿੰਦਾ ਹੈ।
ਕਾਤਲ, ਡਾਕੂ ਅਤੇ ਬਦਮਾਸ਼ ਆਪਣੇ ਕੁਕਰਮਾਂ ਕਾਰਨ ਸ਼ਕਲੋਂ ਬੇਸ਼ਕਲ ਹੋ ਜਾਂਦੇ ਹਨ। ਚਿਹਰੇ ਦਾ ਇਹ ਵਿਗਡ਼ਿਆ ਹੋਇਆ ਰੂਪ ਉਨ੍ਹਾਂ ਦੀ ਪਛਾਣ ਬਣ ਜਾਂਦਾ ਹੈ। ਇਸ ਸਬੰਧ ਵਿੱਚ ਮੁਨਸ਼ੀ ਪ੍ਰੇਮ ਚੰਦ ਦਾ ਕਥਨ ਹੈ ਕਿ, ‘‘ਗੁਨਾਹ ਛੁਪਿਆ ਨਹੀਂ ਰਹਿੰਦਾ, ਉਹ ਤਾਂ ਮਨੁੱਖ ਦੇ ਚਿਹਰੇ ਉਪਰ ਲਿਖ ਹੋ ਜਾਂਦਾ ਹੈ।’’ ਇਵੇਂ ਹੀ ਕਪਟੀ, ਧੋਖੇਬਾਜ਼, ਮੱਕਾਰ ਤੇ ਖਚਰਾ ਵਿਅਕਤੀ ਆਪਣੀ ਵਿਸ਼ੇਸ਼ ਦਿੱਖ ਤੋਂ ਪਛਾਣਿਆ ਜਾ ਸਕਦਾ ਹੈ। ਇਸ ਦੇ ਉਲਟ ਸਾਫ ਦਿਲ, ਸੱਚੇ-ਸੁੱਚੇ ਅਤੇ ਧਾਰਮਿਕ ਰੁਚੀਆਂ ਰੱਖਣ ਵਾਲੇ ਵਿਅਕਤੀ ਦੇ ਚਿਹਰੇ ਤੋਂ ਇਕ ਖਾਸ ਤਰ੍ਹਾਂ ਦਾ ਨੂਰ ਟਪਕਦਾ ਹੈ ਅਤੇ ਉਸ ਦਾ ਬੀਬਾ ਮੁਖਡ਼ਾ ਹਰ ਵੇਖਣ ਵਾਲੇ ਦੇ ਮਨ ’ਤੇ ਡੂੰਘਾ ਪ੍ਰਭਾਵ ਛੱਡਦਾ ਹੈ।
ਬਾਜ਼ਾਰੀ ਔਰਤਾਂ ਦੀ ਵਿਸ਼ੇਸ਼ ਦਿੱਖ ਉਨ੍ਹਾਂ ਨੂੰ ਆਮ ਔਰਤਾਂ ਤੋਂ ਨਿਖੇਡ਼ਦੀ ਹੈ। ਅਜਿਹਾ ਮਜਬੂਰੀ ਕਾਰਨ ਉਨ੍ਹਾਂ ਦੀ ਸੋਚ ਵਿੱਚ ਆਏ ਪਰਿਵਰਤਨ ਦਾ ਸਿੱਟਾ ਹੁੰਦਾ ਹੈ।
ਸਿਆਸਤਦਾਨਾਂ ਦੀ ਉਪਰੋਂ ਚੋਪਡ਼ੀ ਅਤੇ ਅੰਦਰੋਂ ਰੁੱਖੀ ਤੇ ਕਪਟੀ ਜ਼ਹਿਨੀਅਤ ਉਨ੍ਹਾਂ ਦੀ ਸ਼ਕਲ ਨੂੰ ਇਕ ਖਾਸ ਤਰ੍ਹਾਂ ਦਾ ਰੂਪ ਪ੍ਰਦਾਨ ਕਰਦੀ ਹੈ।
ਕੋਈ ਸ਼ੱਕ ਨਹੀਂ ਕਿ ਸੁਭਾਅ ਅਤੇ ਕਿੱਤੇ ਦੁਆਰਾ ਪ੍ਰਾਪਤ ਕੀਤੇ ਹਾਵ-ਭਾਵ ਸਾਡੇ ਚਿਹਰੇ ਦਾ ਅਨਿੱਖਡ਼ਵਾਂ ਅੰਗ ਬਣ ਕੇ ਰਹਿ ਜਾਂਦੇ ਹਨ। ਇਹੋ ਕਾਰਨ ਹੈ ਕਿ ਸੇਵਾਮੁਕਤ ਹੋ ਚੁੱਕੇ ਉੱਚ ਰੁਤਬੇ ਵਾਲੇ ਅਧਿਕਾਰੀਆਂ ਦੀ ਆਪਣੀ ਵਿਸ਼ੇਸ਼ ਦਿੱਖ ਕਾਇਮ ਰਹਿੰਦੀ ਹੈ ਕਿਉਂਕਿ ਉਨ੍ਹਾਂ ਦੇ ਕਿੱਤੇ ਨੇ ਉਨ੍ਹਾਂ ਦੇ ਚਿਹਰੇ ’ਤੇ ਕੁਝ ਪੱਕੇ ਪ੍ਰਭਾਵ ਛੱਡ ਦਿੱਤੇ ਹੁੰਦੇ ਹਨ।
ਚਿਹਰੇ ਦੇ ਹਾਵ-ਭਾਵਾਂ ਤੋਂ ਇਲਾਵਾ ਨੱਕ, ਬੁੱਲ੍ਹ, ਅੱਖਾਂ, ਭਰਵੱਟੇ ਤੇ ਮਸਤਕ ਆਪੋ-ਆਪਣੀ ਥਾਂ ਕਈ ਤਰ੍ਹਾਂ ਦੇ ਸੰਕੇਤ ਦਿੰਦੇ ਹਨ ਯਾਨੀ ਆਪੋ-ਆਪਣੀ ਭਾਸ਼ਾ ਬੋਲਦੇ ਹਨ।
ਚਿਹਰਾ ਪਡ਼੍ਹਨ ਦੇ ਹੁਨਰ ਵਿੱਚ ਅੱਖਾਂ ਦਾ ਮੁੱਖ ਸਥਾਨ ਹੈ ਕਿਉਂਕਿ ਅੱਖਾਂ ਬੇਬਾਕ ਹੋ ਕੇ ਮਨ ਦਾ ਭੇਦ ਖੋਲ੍ਹਣ ਦੀ ਭੁੱਲ ਕਰਦੀਆਂ ਹਨ। ਅੱਖਾਂ ਦੇ ਗੁਸਤਾਖ਼ ਸੁਭਾਅ ਨੂੰ ਬਿਆਨ ਕਰਦਾ ਇਕ ਸ਼ਿਅਰ ਹੈ:
ਲੱਖ ਬੁੱਲ੍ਹਾਂ ਨੂੰ ਸੀਂ ਰੱਖੋ, ਜੰਦਰੇ ਲਾਓ ਜੀਭਾਂ ਨੂੰ,
ਭੇਦ ਦਿਲਾਂ ਦੇ ਖੁੱਲ੍ਹਣ ਲੱਗਿਆਂ, ਅੱਖੀਆਂ ਰਾਹੀਂ ਖੁੱਲ੍ਹ ਜਾਂਦੇ ਨੇ।

ਗੱਲ ਕੀ ਬੰਦਾ ਅਣਜਾਣੇ ਹੀ ਸੁਭਾਵਕ ਹੀ ਆਪਣੀਆਂ ਭਾਵਨਾਵਾਂ ਆਪਣੀਆਂ ਅੱਖਾਂ ਰਾਹੀਂ ਸਪਸ਼ਟ ਕਰ ਜਾਂਦਾ ਹੈ। ਆਪਸੀ ਸੰਚਾਰ ਜਾਂ ਗੱਲਬਾਤ ਲਈ ਸ਼ਬਦਾਂ ਦੀ ਲੋਡ਼ ਹੀ ਨਹੀਂ ਪੈਂਦੀ।
ਤੁਸੀਂ ਕਿਸੇ ਦੇ ਦਿਲ ਨੂੰ ਜਾਣਨਾ ਚਾਹੁੰਦੇ ਹੋ ਤਾਂ ਉਸ ਦੀਆਂ ਅੱਖਾਂ ਨੂੰ ਸੁਣੋ, ਜਦੋਂ ਉਹ ਗੱਲ ਕਰਦਾ/ਕਰਦੀ ਹੈ। ਅੱਖਾਂ ਦੀ ਖਾਮੋਸ਼ ਗੁਫ਼ਤਗੂ ਪਿਆਰ ਦੀ ਅਵੱਲਡ਼ੀ ਖੇਡ ਦਾ ਧੁਰਾ ਹੈ, ਯਾਨੀ ‘ਖੂਬਸੂਰਤ, ਖਾਮੋਸ਼, ਸੁਨੇਹੇ’ ਸਭ ਤੋਂ ਪਹਿਲਾਂ ਅੱਖਾਂ ਦੁਆਰਾ ਹੀ ਜਾਰੀ ਕੀਤੇ ਜਾਂਦੇ ਹਨ ਅਤੇ ਪਿਆਰ ਦੇ ਪ੍ਰਵਾਨ ਚਡ਼੍ਹ ਜਾਣ ਦਾ ਐਲਾਨ ਵੀ ਸਭ ਤੋਂ ਪਹਿਲਾਂ ਅੱਖਾਂ ਹੀ ਕਰਦੀਆਂ ਹਨ। ਗੱਲ ਕੀ ਕਈ ਮੌਕਿਆਂ ’ਤੇ ਜਿਹਡ਼ੀ ਗੱਲ ਅਸੀਂ ਮੂੰਹ ਨਾਲ ਨਹੀਂ ਕਹਿ ਸਕਦੇ ਉਹ ਸਾਡੀਆਂ ਅੱਖਾਂ ਕਹਿ ਦਿੰਦੀਆਂ ਹਨ। ਸ਼ਿਅਰ ਹੈ:
ਹਾਲ-ਏ-ਦਿਲ ਯੂੰ ਉਨਹੇ ਸੁਨਾਯਾ ਗਯਾ,
ਆਂਖ ਕੋ ਹੀ ਜ਼ੁਬਾਂ ਬਨਾਯਾ ਗਯਾ।

ਇਤਫ਼ਾਕਵੱਸ ‘ਅੱਖ ਦੇ ਇਸ਼ਾਰੇ ਨਾਲ ਗੱਲ ਕਰਨ’ ਦੀ ਕਲਾ ਵਿੱਚ ਔਰਤਾਂ ਵਧੇਰੇ ਨਿਪੁੰਨ ਹੁੰਦੀਆਂ ਹਨ ਕਿਉਂਕਿ ਸਮਾਜਕ ਬੰਧਨਾਂ ਕਾਰਨ ਉਹ ਆਪਣੇ ਮਨੋਭਾਵਾਂ ਤੇ ਵਿਚਾਰਾਂ ਨੂੰ ਜ਼ੁਬਾਨ ਦੇਣ ਤੋਂ ਸੰਕੋਚ ਕਰਦੀਆਂ ਹਨ।
ਅੱਖਾਂ ਤੋਂ ਬਾਅਦ ਨੰਬਰ ਆਉਂਦਾ ਹੈ ਨੱਕ ਤੇ ਬੁੱਲ੍ਹਾਂ ਦਾ। ਨੱਕ ਤੇ ਬੁੱਲ੍ਹਾਂ ਦੀ ਇਕ ਖਾਸ ਤਰ੍ਹਾਂ ਦੀ ਹਰਕਤ ਰਾਹੀਂ ਅਸੀਂ ਕਿਸੇ ਖਾਸ ਗੱਲ ਬਾਰੇ ਆਪਣੀ ਨਾਪਸੰਦਗੀ ਦਾ ਇਜ਼ਹਾਰ ਕਰਦੇ ਹਾਂ। ਤਾਹਿਓਂ ਮੁਹਾਵਰਾ ਹੈ-‘ਨੱਕ-ਬੁੱਲ੍ਹ ਵੱਟਣਾ’ ਯਾਨੀ ਨਾਪਸੰਦਗੀ ਜ਼ਾਹਰ ਕਰਨਾ।
ਹੇਠਲਾ ਬੁੱਲ੍ਹ ਬਹੁਤ ਸਾਰੀਆਂ ਅਣ-ਦੱਸੀਆਂ ਭਾਵਨਾਵਾਂ, ਉਮੰਗਾਂ ਤੇ ਵਲਵਲਿਆਂ ਦੀ ਸੂਹ ਦੇਣ ਤੋਂ ਇਲਾਵਾ ਦੁਖ-ਦਰਦ, ਮਾਨਸਿਕ ਪੀਡ਼ਾ, ਨਿਰਾਸ਼ਤਾ, ਪ੍ਰਸੰਨਤਾ ਅਤੇ ਇਥੋਂ ਤੱਕ ਕਿ ਕਾਮਵਾਸਨਾ ਸਬੰਧੀ ਵੀ ਸੁਨੇਹੇ ਜਾਰੀ ਕਰਦਾ ਹੈ।
ਚਿਹਰੇ ਦੀ ਜ਼ੁਬਾਨ ਦਾ ਘੇਰਾ ਬਹੁਤ ਵਿਸ਼ਾਲ ਹੈ। ਪਿਆਰ ਦੀਆਂ ਭਾਵਨਾਵਾਂ ਤੋਂ ਇਲਾਵਾ ਗ਼ਮੀ, ਖੁਸ਼ੀ, ਗੁੱਸਾ, ਡਰ, ਸ਼ੱਕ, ਨਫਰਤ, ਈਰਖਾ, ਲੋਭ, ਤੰਗਦਿਲੀ ਆਦਿ ਦੀ ਝਲਕ ਚਿਹਰੇ ਦੀ ਸਕਰੀਨ ’ਤੇ ਵੇਖੀ ਜਾ ਸਕਦੀ ਹੈ। ਗੱਲ ਕੀ ਚਿਹਰਾ ਕਿਸੇ ਵਿਅਕਤੀ ਦੀ ਮਾਨਸਿਕ ਦਸ਼ਾ ਦਾ ਸੰਕੇਤਕ ਹੋ ਨਿਬਡ਼ਦਾ ਹੈ। ਤਾਹੀਓਂ ਜਦੋਂ ਕਿਸੇ ਹੁੱਲਡ਼ਬਾਜ਼ ਨੇ ਚਿਹਰਾ ਢਕਿਆ ਹੋਵੇ ਤਾਂ ਉਹ ਸਾਡੇ ਲਈ ਡਰ ਤੇ ਘਬਰਾਹਟ ਦਾ ਕਾਰਨ ਬਣਦਾ ਹੈ ਕਿਉਂਕਿ ਉਸ ਹਾਲਤ ਵਿੱਚ ਸਾਡਾ ਉਸ ਨਾਲ ਸੰਪਰਕ ਟੁੱਟ ਜਾਂਦਾ ਹੈ, ਯਾਨੀ ਅਸੀਂ ਉਸ ਦੇ ਚਿਹਰੇ ਤੋਂ ਮਿਲਣ ਵਾਲੇ ਸੰਕੇਤਾਂ ਤੋਂ ਵਾਂਝੇ ਹੋ ਜਾਂਦੇ ਹਾਂ।
ਪਿਛਲੇ ਉਮਰੇ ਚਿਹਰੇ ਦਾ ਸਮੁੱਚਾ ਪ੍ਰਭਾਵ ਅਤੇ ਇਸ ਉਤੇ ਉੱਭਰੀਆਂ ਹੋਈਆਂ ਤਿਊਡ਼ੀਆਂ ਇਸ ਗੱਲ ਦਾ ਸਬੂਤ ਹੁੰਦੀਆਂ ਹਨ ਕਿ ਸਬੰਧਤ ਵਿਅਕਤੀ ਨੇ ਆਪਣੇ ਸਰਗਰਮ ਜੀਵਨ ਦੌਰਾਨ ਇਸ ਸੰਸਾਰ ਨੂੰ ਸਮਝਣ-ਪਰਖਣ ਲਈ ਆਪਣੇ ਨੈਣ-ਨਕਸ਼ਾਂ ਨੂੰ ਕਿਵੇਂ ਵਰਤਿਆ ਹੈ। ਗੱਲ ਕੀ ਚਿਹਰੇ ’ਤੇ ਜੀਵਨ ਦਾ ਪੂਰਾ ਇਤਿਹਾਸ ਅੰਕਿਤ ਹੁੰਦਾ ਹੈ ਜਾਂ ਕਹਿ ਲਵੋ ਚਿਹਰਾ ਕਿਸੇ ਵਿਅਕਤੀ ਦੀ ਉਮਰ ਭਰ ਦੀ ਜੀਵਨ ਸ਼ੈਲੀ ਦਾ ਜਮ੍ਹਾਂ ਫਲ ਹੁੰਦਾ ਹੈ।
ਅਸੀਂ ਇਸ ਨਤੀਜੇ ’ਤੇ ਪਹੁੰਚਦੇ ਹਾਂ ਕਿ ਚਿਹਰੇ ਦੇ ਪ੍ਰਗਟਾਵੇ ਸਾਡੇ ਕੰਮ-ਕਾਰ ਤੇ ਸਮਾਜਕ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਸੁੱਚਜੇ ਪ੍ਰਗਟਾਵਿਆਂ ਰਾਹੀਂ ਅਸੀਂ ਕਿਸੇ ਦੇ ਦਿਲ ਦੀਆਂ ਗਹਿਰਾਈਆਂ ਵਿੱਚ ਉੱਭਰ ਸਕਦੇ ਹਾਂ। ਇਤਿਹਾਸ ਗਵਾਹ ਹੈ ਕਿ ਪੰਡਤ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਰਾਸ਼ਟਰਪਤੀ ਕੈਨੇਡੀ ਤੇ ਮਾਸਟਰ ਤਾਰਾ ਸਿੰਘ ਵਰਗੇ ਪ੍ਰਸਿੱਧ ਰਾਜਸੀ ਨੇਤਾ ਆਪਣੇ ਚਿਹਰੇ ਦੇ ਖਾਸ ਤਰ੍ਹਾਂ ਦੇ ਪ੍ਰਗਟਾਵਿਆਂ ਦੀ ਪੌਡ਼ੀ ਰਾਹੀਂ ਸ਼ਿਖਰਾਂ ਨੂੰ ਛੂਹ ਗਏ। ਇਸ ਦੇ ਉਲਟ ਚਿਹਰੇ ਦੇ ਪ੍ਰਗਟਾਵਿਆਂ ਦਾ ਕੁਚੱਜਾ ਰੂਪ ਬੰਦੇ ਨੂੰ ਨੀਵਾਣਾਂ ਵੱਲ ਧੱਕ ਸਕਦਾ ਹੈ।
ਚੇਤੇ ਰਹੇ ! ਉਹ ਧਨਵਾਨ ਖੁਸ਼ ਨਹੀਂ ਹੋ ਸਕਦਾ ਜਿਸ ਦੇ ਨੈਣ-ਨਕਸ਼ਾਂ ਦਾ ਬਹੀ-ਖਾਤਾ ਗਰੀਬ ਹੈ। ਮੁੱਕਦੀ ਗੱਲ ਚਿਹਰੇ ਦੇ ਪ੍ਰਗਟਾਵੇ ਸਾਡੀ ਸ਼ਖਸੀਅਤ ਨੂੰ ਨਵੀਂ ਪਰਿਭਾਸ਼ਾ ਦਿੰਦੇ ਹਨ। ਡਾ. ਨਰਿੰਦਰ ਸਿੰਘ ਕਪੂਰ ਅਨੁਸਾਰ ‘ਨੈਣ-ਨਕਸ਼ ਸਾਡੀ ਸ਼ਖਸੀਅਤ ਦੇ ਦਸਤਖਤ ਹਨ, ਸਾਡੀ ਆਮਦਨ ਕਿਤਨੀ ਵੀ ਵੱਧ-ਘੱਟ ਜਾਵੇ, ਸਾਡੇ ਦਸਤਖ਼ਤ ਨਹੀਂ ਬਦਲਦੇ।’’
* ਮੋਬਾਈਲ: 92178-45812 

ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ 

No comments: