Tuesday, March 13, 2012

ਰਾਮ,ਸਿੰਘ, ਮੁਹੰਮਦ,ਅਜ਼ਾਦ ਬਣ ਕੇ, ਵਤਨ ਨਾਲ ਉਸ ਖੂਬ ਵਫਾ ਕੀਤੀ

ਲੰਡਨ ਵਿਚ ਓਡਵਾਇਰ ਨੂੰ ਸੋਧ ਕੇ ਤੇ, ਉਹਨੇ ਵਿਰਸੇ ਦੀ ਲਾਜ ਨਿਭਾ ਦਿੱਤੀ 

13 ਮਾਰਚ ਤੇ ਵਿਸ਼ੇਸ਼------ਜਿਸ ਦਿਨ ਪੰਜਾਬ ਦਾ ਸ਼ੇਰ ਲੰਡਨ ਵਿਚ ਦਹਾੜਿਆ
ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ
kulwantsinghdhesi@hotmail.com   
13 ਮਾਰਚ 1940 ਦਾ ਦਿਨ ਸਿੱਖ ਕੈਲੰਡਰ ਵਿਚ ਇੱਕ ਵਿਸ਼ੇਸ਼ ਦਿਨ ਹੈ, ਜਿਸ ਨੂੰ ਕਿ ਸਿੱਖਾਂ ਦੀ ਮੁਖ ਧਾਰਾ ਵਲੋਂ ਚਿਰਾਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਇਹ ਉਹ ਦਿਨ ਸੀ ਜਦੋਂ ਪੰਜਾਬ ਦਾ ਸ਼ੇਰ ਸ਼ਹੀਦੇ-ਏ-ਆਜ਼ਮ ਸ: ਊਧਮ ਸਿੰਘ ਲੰਡਨ ਦੇ ਕੈਕਸਟਨ ਹਾਲ ਵਿਚ ਦਹਾੜਿਆ ਸੀ। ਇਸ ਦਿਨ ਸ: ਊਧਮ ਸਿੰਘ ਨੇ ਜਨਰਲ ਡਾਇਰ ਨੂੰ ਭਰੀ ਮਹਿਫਲ ਵਿਚ ਸੋਧ ਕੇ ਜਲਿਆਂ ਵਾਲੇ ਬਾਗ ਦਾ ਬਦਲਾ ਲਿਆ ਸੀ। ਜਦੋਂ ਹੀ ਇਹ ਘਟਨਾ ਵਾਪਰੀ ਹਿੰਦੋਸਤਾਨੀ ਲੋਕਾਂ ਦਾ ਮਨੋਬਲ ਅਕਾਸ਼ੀਂ ਪਹੁੰਚ ਗਿਆ ਅਤੇ ਅੰਗ੍ਰੇਜ਼ ਦੇ ਵਡੱਪਣ ਨੂੰ ਸੱਪ ਸੁੰਘ ਗਿਆ। ਜਲਿਆਂ ਵਾਲੇ ਬਾਗ ਵਿਚ ਨਿਹੱਥੇ ਤੇ ਨਿਰਦੋਸ਼ ਹਜ਼ਾਰਾਂ ਪੰਜਾਬੀਆਂ ਦੇ ਵਹਾਏ ਗਏ ਖੂਨ ਦਾ ਫਿਰੰਗੀ ਨੂੰ ਮੁੜ ਅਹਿਸਾਸ ਹੋਇਆ ਅਤੇ ਉਸ ਦਾ ਇਹ ਅਣਮਨੁੱਖੀ ਨਿਰਦਈ ਕਾਰਾ ਸਾਰੇ ਜੱਗ ਸਾਹਮਣੇ ਜਾਹਰ ਹੋ ਗਿਆ।
ਅਫਸੋਸ ਹੈ ਕਿ ਸਿੱਖਾਂ ਦੀ ਮੂਲ ਧਾਰਾ ਨੇ ਸ਼ਹੀਦੇ ਆਜ਼ਮ ਸ: ਊਧਮ ਸਿੰਘ ਅਤੇ ਸ: ਭਗਤ ਸਿੰਘ ਦੀਆਂ ਮਹਾਨ ਕੁਰਬਾਨੀਆਂ ਪ੍ਰਤੀ ਇੱਕ ਮੁੱਦਤ ਤੋਂ ਬੇਰੁਖੀ ਵਾਲਾ ਵਤੀਰਾ ਧਾਰਨ ਕੀਤਾ ਹੋਇਆ ਹੈ ਅਤੇ ਇਹਨਾਂ ਸੂਰਬੀਰਾਂ ਦੇ ਦਿਨ ਅਕਸਰ ਅਣਗੌਲਿਆਂ ਹੀ ਲੰਘ ਜਾਂਦੇ ਹਨ। ਆਓ ਪਹਿਲਾਂ ਉਹਨਾਂ ਕਾਰਨਾਂ ਦੀ ਪੜਚੋਲ ਕਰੀਏ ਕਿ ਆਖਿਰ ਕਿਓਂ ਸਿੱਖ ਭਾਈਚਾਰਾ ਆਪਣੇ ਇਹਨਾਂ ਮਹਾਨ ਸਪੂਤਾਂ ਦੀਆਂ ਕੁਰਬਾਨੀਆਂ ਨੂੰ ਅਣਗੌਲਿਆ ਕਰ ਰਿਹਾ ਹੈ!

ਸਿੱਖ ਕੌਮ ਨੇ ਆਪਣੇ ਜਨਮ ਤੋਂ ਹੀ ਜਰਵਾਣਿਆਂ ਨਾਲ ਟੱਕਰ ਲਈ ਹੈ ਅਤੇ ਹਰ ਕੀਮਤ ਤੇ ਉਹਨਾਂ ਨੂੰ ਜਵਾਬ ਮੋੜਿਆ ਹੈ। ਜਿਸ ਵੇਲੇ ਧਾੜਵੀ ਬਾਬਰ ਨੇ ਹਿੰਦੋਸਤਾਨ ਤੇ ਹਮਲਾ ਕਰਕੇ ਉਥੋਂ ਦੀ ਜਰ ਜੋਰੂ ਦੀ ਲੁੱਟ ਕੀਤੀ ਅਤੇ ਲੋਕਾਂ ਤੇ ਬੇਤਹਾਸ਼ਾ ਜ਼ੁਲਮ ਕੀਤੇ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਬਾਬਰ ਜਾਬਰ ਕਹਿ ਕੇ ਲਲਕਾਰਿਆ ਅਤੇ ਇਸੇ ਕਾਰਨ ਹੀ ਬਾਬਰ ਨੇ ਗੁਰੂ ਸਾਹਿਬ ਨੂੰ ਜਿਹਲ ਵਿਚ ਨਜ਼ਰਬੰਦ ਕਰ ਦਿੱਤਾ। ਇਸ ਤੋਂ ਬਾਅਦ ਅਗਲੇ ਢਾਈ ਸੌ ਸਾਲ ਗੁਰੂ ਦੇ ਸਿੱਖ ਜਰਵਾਣਿਆਂ ਨਾਲ ਏਨੇ ਸਿਰੜ ਨਾਲ ਜੂਝੇ ਕਿ ਅੱਜ ਉਹਨਾਂ ਦੀਆਂ ਕੁਰਬਾਨੀਆਂ ਨੂੰ ਹੁਣ ਦੁਨੀਆਂ ਭਰ ਦਾ ਸਿੱਖ ਆਪਣੇ ਦੋ ਵੇਲੇ ਦੀ ਅਰਦਾਸ ਵਿਚ ਯਾਦ ਕਰਦਾ ਹੈ। ਬੰਦ ਬੰਦ ਕੱਟੇ ਜਾਣੇ, ਚਰਖੜੀਆਂ ਤੇ ਚਾੜ੍ਹੇ ਜਾਣੇ, ਦੇਗਾਂ ਵਿਚ ਉਬਾਲੇ ਜਾਣੇ, ਖੋਪਰ ਉਤਾਰੇ ਜਾਣੇ ਅਤੇ ਬੀਬੀਆਂ ਦੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਉਹਨਾਂ ਦੇ ਗਲਾਂ ਵਿਚ ਹਾਰ ਪਾਏ ਜਾਣੇ ਪਰ ਗੁਰੂ ਦਾ ਸਿੱਖ ਭਾਣੇ ਵਿਚ ਅਡੋਲ ਰਹਿੰਦਾ ਹੈ। ਦੁਨੀਆਂ ਦੇ ਜੁਝਾਰੂ ਇਤਹਾਸ ਵਿਚ ਸ਼ਾਇਦ ਹੀ ਕਿਸੇ ਕੌਮ ਦਾ ਏਨੀ ਬੀਰਤਾ ਅਤੇ ਸਿਰੜ ਦਾ ਇਤਹਾਸ ਹੋਵੇ।

ਆਪਣੇ ਕੁਰਬਾਨੀਆਂ ਭਰੇ ਵਿਰਸੇ ਦੀ ਲੋਅ ਵਿਚ ਗੁਰੂ ਦੇ ਸਿੱਖਾਂ ਨੇ ਫਿਰੰਗੀ ਤੋਂ ਭਾਰਤ ਨੂੰ ਅਜ਼ਾਦ ਕਰਵਾਉਣ ਵਾਸਤੇ ਵੀ ੮੦ ਤੋਂ ੯੦% ਤਕ ਦੀਆਂ ਕੁਰਬਾਨੀਆਂ ਦੇ ਕੇ ਭਾਰਤੀ ਜਨਤਾ ਨੂੰ ਚਕਿਤ ਕਰ ਦਿੱਤਾ ਭਾਵੇਂ ਕਿ ਸਿੱਖ ਦੀ ਨਫਰੀ ਭਾਰਤ ਵਿਚ ਮਸਾਂ ਡੇੜ ਪ੍ਰਤੀਸ਼ਤ ਹੀ ਸੀ। ਸ: ਭਗਤ ਸਿੰਘ ਦੀ ਸ਼ਹਾਦਤ ਨੇ ਤਾਂ ਭਾਰਤ ਦੇ ਬੱਚੇ ਬੱਚੇ ਦੇ ਮਨਾਂ ਵਿਚ ਡੂੰਘੀ ਛਾਪ ਛੱਡੀ ਅਤੇ ਸ਼ਹੀਦੇ ਆਜਮ ਸ: ਭਗਤ ਸਿੰਘ ਦੀਆਂ ਸ਼ਹੀਦੀ ਘੋੜੀਆਂ ਤਾਂ ਪੰਜਾਬ ਦੀਆਂ ਗਲੀਆਂ ਬਜਾਰਾਂ ਅਤੇ ਬੱਸਾਂ ਗੱਡੀਆਂ ਵਿਚ ਆਮ ਗਾਈਆਂ ਜਾਣ ਲੱਗ ਪਈਆਂ। ਪਰ ਸੰਨ ੧੯੮੪ ਤੋਂ ਬਾਅਦ ਭਾਰਤ ਦੀ ਅਜ਼ਾਦੀ ਲਈ ਜੂਝਣ ਵਾਲੇ ਬੱਬਰ ਸ਼ੇਰਾਂ ਦੀਆਂ ਕੁਰਬਾਨੀਆਂ ਪ੍ਰਤੀ ਸਿੱਖ ਮੁਖ ਧਾਰਾ ਦਾ ਨਜ਼ਰੀਆ ਲਾਪਰਵਾਹੀ ਵਾਲਾ ਹੀ ਨਹੀਂ ਸਗੋਂ ਕਿਸੇ ਹੱਦ ਤਕ ਅਣਚਾਹਿਆ ਵੀ ਹੋ ਗਿਆ। ਸਟੇਜਾਂ ਤੇ ਅਕਸਰ ਕਿਹਾ ਜਾਣ ਲੱਗ ਪਿਆ ਕਿ ਸਿੱਖਾਂ ਵਲੋਂ ਭਾਰਤ ਲਈ ਕੀਤੀਆਂ ਕੁਰਬਾਨੀਆਂ ਬੇਮਾਅਨਾਂ ਸਨ ਕਿਓਂਕਿ ਏਨੀ ਭਾਰੀ ਗਿਣਤੀ ਵਿਚ ਕੁਰਬਾਨੀਆਂ ਕਰਨ ਬਾਅਦ ਵੀ ਕੌਮ ਭਾਰਤ ਵਿਚ ਗੁਲਾਮ ਹੋ ਕੇ ਰਹਿ ਗਈ ਅਤੇ ਉਸ ਦਾ ਸ੍ਰੀ ਅਕਾਲ ਤਖਤ ਢਾਹ ਢੇਰੀ ਕੀਤਾ ਗਿਆ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਦਿੱਲੀ ਅਤੇ ਦੇਸ਼ ਦੇ ਹੋਰ ਦੇਸ਼ਾਂ ਵਿਚ ਬੜੀ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ-ਸੋ ਕੀ ਫਾਇਦਾ ਹੋਇਆ ਭਾਰਤ ਲਈ ਕੁਰਬਾਨੀਆਂ ਕਰਨ ਦਾ! 

ਇਸ ਤੋਂ ਪਹਿਲਾਂ ਕਿ ਅਸੀਂ ਇਸ ਸਬੰਧੀ ਹੋਰ ਕੁਝ ਲਿਖੀਏ ਆਓ ਆਪਾਂ ਸ਼ਹੀਦੇ ਆਜ਼ਮ ਸ: ਊਧਮ ਸਿੰਘ ਨੂੰ ਇੱਕ ਕਵਿਤਾ ਰਾਹੀਂ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰੀਏ-

ਊਧਮ ਸਿੰਘ ਸ਼ਹੀਦ ਪੰਜਾਬ ਦਾ ਸ਼ੇਰ, ਜਿਹਨੇ ਡਿੱਗੀ ਹੋਈ ਸਿਰੀਂ ਸਜਾ ਦਿੱਤੀ
ਲੰਡਨ ਵਿਚ ਐਡਵਾਇਰ ਨੂੰ ਸੋਧ ਕੇ ਤੇ, ਉਹਨੇ ਵਿਰਸੇ ਦੀ ਲਾਜ ਨਿਭਾ ਦਿੱਤੀ।


ਹੋਇਆ ਦੁਨੀਆਂ ਦੇ ਵਿਚ ਉਹਦਾ ਨਾਮ ਉੱਚਾ, ਅਤੇ ਸਿੱਖੀ ਦਾ ਹੋਇਆ ਸੀ ਮਾਣ ਉੱਚਾ
ਪਰ੍ਹੇ ਵਿਚ ਫਿਰੰਗੀ ਦੀ ਲਾਹ ਕੇ ਤੇ, ਕਰ ਦਿੱਤਾ ਸੀ ਮਾਸੂਮ ਦਾ ਤਾਣ ਉੱਚਾ।-


ਰਹਿੰਦੀ ਦੁਨੀਆਂ ਤਕ ਰਹਿਣਾਂ ਹੈ ਅਮਰ ਉਹਨੇ, ਜਿਹਨੇ ਦੋਸ਼ੀ ਨੂੰ ਖੂਬ ਸਜ਼ਾ ਦਿੱਤੀ।
ਲੰਡਨ ਵਿਚ ਓਡਵਾਇਰ ਨੂੰ ਸੋਧ ਕੇ ਤੇ, ਉਹਨੇ ਵਿਰਸੇ ਦੀ ਲਾਜ ਨਿਭਾ ਦਿੱਤੀ


ਉਹਨੇ ਵਿਚ ਅਮਰੀਕਾ ਦੇ ਜਾ ਕੇ ਤੇ, ਗਦਰੀ ਬਾਬਿਆਂ ਤੋਂ ਸਿਦਕ ਦੀ ਲਈ ਗੁੜਤੀ
ਤੇ ਫਿਰ ਪਰਤ ਕੇ ਆਪਣੇ ਵਤਨ ਜੋਧੇ, ਸ਼ਸਤਰਧਾਰੀ ਹੋਣ ਦੀ ਕਰੀ ਫੁਰਤੀ- 


ਰਾਮ,ਸਿੰਘ, ਮੁਹੰਮਦ,ਅਜ਼ਾਦ ਬਣ ਕੇ, ਵਤਨ ਨਾਲ ਉਸ ਖੂਬ ਵਫਾ ਕੀਤੀ
ਲੰਡਨ ਵਿਚ ਓਡਵਾਇਰ ਨੂੰ ਸੋਧ ਕੇ ਤੇ, ਉਹਨੇ ਵਿਰਸੇ ਦੀ ਲਾਜ ਨਿਭਾ ਦਿੱਤੀ

ਆਪਣੇ ਸਹੀ ਨਿਸ਼ਾਨੇ ਤੇ ਪਹੁੰਚਣੇ ਲਈ , ਕਈ ਦੇਸ਼ਾਂ 'ਚ ਟੱਕਰਾਂ ਮਾਰੀਆਂ ਉਸ
ਬਿਗਾਨੇ ਦੇਸ਼, ਭੇਸ ਤੇ ਲੋਕ ਸਾਰ੍ਹੇ, ਓਥੇ ਸਹੀਆਂ ਮੁਸੀਬਤਾਂ ਭਾਰੀਆਂ ਉਸ-
ਕੈਕਸਟਨ ਹਾਲ ਲੰਡਨ ਦੇ ਵਿਚ ਜਾ ਕੇ, ਭਾਜੀ ਵਾਪਸ ਫਿਰ ਸਰੇ ਬਾਜ਼ਾਰ ਕੀਤੀ-
ਲੰਡਨ ਵਿਚ ਓਡਾਇਰ ਨੂੰ ਸੋਧ ਕੇ ਤੇ, ਉਹਨੇ ਵਿਰਸੇ ਦੀ ਲਾਜ ਨਿਭਾ ਦਿੱਤੀ

ਸੂਰਬੀਰਤਾ ਤੇਰੀ ਤੇ ਦੋਸਤਾ ਓਏ, ਹਿੰਦ ਲੀਡਰਾਂ ਨੇ ਕੜ੍ਹੀ ਘੋਲ ਦਿੱਤੀ
ਓਹਨਾਂ ਬੇ ਹਯਾ ਮਕਾਰ ਲੋਕਾਂ, ਬਣੀ ਬਣਾਈ ਇਜ਼ਤ ਹੀ ਰੋਲ ਦਿੱਤੀ
ਪਰ ਤੂੰ ਸੁੱਤੀ ਹੋਈ ਅਣਖ ਹਿੰਦ ਵਾਸੀਆਂ ਦੀ, ਮਾਰ ਡੰਕੇ ਤੇ ਚੋਟ ਜਗਾ ਦਿੱਤੀ
ਲੰਡਨ ਵਿਚ ਓਡਵਾਇਰ ਨੂੰ ਸੋਧ ਕੇ ਤੇ, ਯਾਰਾ ਵਿਰਸੇ ਦੀ ਲਾਜ ਨਿਭਾ ਦਿੱਤੀ--

੩੧ ਜੁਲਾਈ ੧੯੪੦ ਦੇ ਦਿਨ, ਰੱਸੇ ਫਾਂਸੀ ਦੇ ਨੂੰ ਤੂੰ ਚੁੰਮਿਆਂ ਸੀ
ਤੇਰੇ ਵਾਂਗ ਆਜ਼ਾਦੀ ਵਿਆਹੁਣ ਖਾਤਿਰ, ਲਹੂ ਬੜੇ ਈ ਸ਼ੇਰਾਂ ਦਾ ਡੁੱਲਿਆ ਸੀ
ਪਰ ਅਫਸੋਸ ਕਿ ਸਾਡੇ ਖੁਦਗਰਜ਼ ਲੋਕਾਂ, ਮੁੜ ਗਲੀਂ ਗੁਲਾਮੀ ਪੁਆ ਦਿੱਤੀ-
ਲੰਡਨ ਵਿਚ ਡਵਾਇਰ ਨੂੰ ਸੋ ਕੇ ਤੇ-ਉਹਨੇ ਵਿਰਸੇ ਦੀ ਲਾਜ ਨਿਭਾ ਦਿੱਤੀ

ਇੱਕੀ ਵਰ੍ਹੇ ਤੂੰ ਸਬਰ ਨੂੰ ਬੰਨ੍ਹ ਰੱਖਿਆ, ਏਥੇ ਪਲਾਂ ਵਿਚ ਸਭ ਭੁਲਾ ਦਿੰਦੇ
ਹੁਣ ਤਾਂ ਆਪਣੇ ਲਿਹਾਜ ਪਏ ਪਾਲਦੇ ਨੇ , ਪੈਰ ਪੈਰ ਤੇ ਕੌਮ ਨੂੰ ਦਗਾ ਦਿੰਦੇ
ਨਕਲ ਸ਼ੇਰ ਦੀ ਅਸਲ ਬਲੂੰਗੜੇ ਜੋ, ਇਹਨਾਂ ਕੌਮ ਹੈ ਬੜੀ ਖਫਾ ਕੀਤੀ-
ਲੰਡਨ ਵਿਚ ਅਡਵਾਇਰ ਨੂੰ ਸੋਧ ਕੇ ਤੇ ਉਹਨੇ ਵਿਰਸੇ ਦੀ ਲਾਜ ਨਿਭਾ ਦਿੱਤੀ
ਊਧਮ ਸਿੰਘ ਸ਼ਹੀਦ ਪੰਜਾਬ ਦਾ ਸ਼ੇਰ, ਜਿਹਨੇ ਡਿੱਗੀ ਹੋਈ ਸਿਰੀਂ ਸਜਾ ਦਿੱਤੀ

ਹੁਣ ਤਾਂ ਚੁਰਾਸੀ ਦਾ ਸਾਕਾ ਵਾਪਰਿਆਂ ਵੀ ਸਤਾਈ ਵਰ੍ਹੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਅਤੇ ਸੰਤ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦੇਣ ਵਾਲੀ ਟਕਸਾਲ ਬਾਦਲ ਅਤੇ ਭਾਜਪਾ ਦਲ ਦੀ ਜੋਟੀਦਾਰ ਹੋ ਗਈ ਹੈ ਪਰ ਵੀਹਵੀਂ ਸਦੀ ਦੇ ਉਹਨਾਂ ਸ਼ਹੀਦਾਂ ਪ੍ਰਤੀ ਅਜੇ ਵੀ ਕੌਮ ਦੀ ਕਰੀਬ ਕਰੀਬ ਬੇਰੁਖੀ ਹੀ ਹੈ। ਇਹ ਸ਼ਾਇਦ ਇਸ ਲਈ ਕਿਓਂਕਿ ਸ਼ਹੀਦੇ ਆਜ਼ਮ ਸ: ਊਧਮ ਸਿੰਘ ਅਤੇ ਸ਼ਹੀਦੇ ਆਜ਼ਮ ਸ: ਭਗਤ ਸਿੰਘ ਨੂੰ ਉਸ ਕ੍ਰਾਂਤੀਕਾਰੀ ਲਹਿਰ ਨਾਲ ਸਬੰਧਤ ਦੇਖਿਆ ਜਾਂਦਾ ਹੈ ਜਿਸ ਦੀ ਸੋਚ ਮਾਰਕਸੀ ਸੀ। ਇਹੋ ਹੀ ਸਮੱਸਿਆ ਮਹਤਾਮਾਂ ਗਾਂਧੀ ਦੀ ਸੀ ਕਿ ਇਹਨਾਂ ਨੌਜਵਾਨਾਂ ਦੀ ਸੋਚ ਅਤੇ ਕੁਰਬਾਨੀ ਉਸ ਦੀ ਅਹਿੰਸਾ ਪਰਮੋ ਧਰਮ ਵਾਲੇ ਸਿਧਾਂਤ ਵਿਚ ਫਿੱਟ ਨਾਂ ਬੈਠਦੀ ਹੋਣ ਕਾਰਨ ਉਸ ਨੇ ਇਸ ਘਟਨਾਂ ਤੇ ਅਫਸੋਸ ਜਾਹਿਰ ਕਰਦਿਆਂ ਇਸ ਨੂੰ ਪਾਗਲਪਨ ਕਿਹਾ ਸੀ (("the outrage has caused me deep pain. I regard it as an act of insanity))-)-ਕੁਝ ਇਸੇ ਤਰਾਂ ਦੇ ਹਾਲਾਤ ਸਨ ਪੰਡਤ ਨਹਿਰੂ ਦੇ। ਨਹਿਰੂ ਜਿਸ ਦੀ ਅੰਸ਼ ਵੰਸ਼ ਗੰਗੂ ਬ੍ਰਾਹਮਣ ਵਿਚੋਂ ਸੀ ਉਹ ਵੀ ਅਮਨ ਅਮਾਨ ਨਾਲ ਗੋਰੇ ਨੂੰ ਦੇਸ਼ ਵਿਚੋਂ ਕੱਢ ਕੇ ਵਾਗ ਡੋਰ ਖੁਦ ਆਪਣੇ ਹੱਥਾਂ ਵਿਚ ਲੈਣ ਲਈ ਕਾਹਲਾ ਸੀ ਅਤੇ ਉਸ ਦੇ ਲੇਡੀ ਮਾਂਊਂਟਬੈਟਨ ਨਾਲ ਸਬੰਧਾਂ ਕਾਰਨ ਵੀ ਉਹ ਸਰਕਾਰ ਦੀ ਬੋਲੀ ਹੀ ਬੋਲਦਾ ਅਸੀ ਅਤੇ ਉਸ ਦੇ ਜਲਿਆਂ ਵਾਲੇ ਬਾਗ ਦੇ ਸਾਕੇ ਪ੍ਰਤੀ ਬਿਆਨ ਸਨ ਕਿ ਜਨਰਲ ਓਡਵਾਇਰ ਦਾ ਕਤਲ ਬੇਲੋੜਾ ਸੀ ਜਿਸ ਦੀ ਕਿ ਉਸ ਨੇ ਜਨਤਕ ਤੌਰ ਤੇ ਨਿੰਦਾ ਕੀਤੀ (Assassination is senseless & regretted)).। ਅੱਜ ਉਹਨਾਂ ਮਹਾਨ ਸ਼ਹੀਦਾ ਨੂੰ ਚੇਤੇ ਕਰਦਿਆਂ ਅਸੀਂ ਆਪਣੀ ਕੌਮ ਦੇ ਚੌਧਰੀਆਂ ਨੂੰ ਇਹ ਸਲਾਹ ਦੇਵਾਂਗੇ ਕਿ ਸਿਰਫ ਵਿਚਾਰਧਾਰਾ ਦੇ ਮੱਤ ਭੇਦ ਹੋਣ ਕਾਰਨ ਇਨਾਂ ਮਹਾਨ ਕੁਰਬਾਨੀਆਂ ਅਤੇ ਆਪਣੇ ਮਹਾਨ ਵਿਰਸੇ ਨੂੰ ਉਹ ਘੱਟੇ ਨਾਂ ਰੋਲਣ। ਸ: ਊਧਮ ਸਿੰਘ ਅਤੇ ਸ:ਭਗਤ ਸਿੰਘ ਨਿਰਸੰਦੇਹ ਕਿਰਤੀਆਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਸੋਚ ਦੇ ਸਨ ਪਰ ਉਹ ਅੱਜ ਦੇ ਮਤਲਬਖੋਰ ਅਤੇ ਚੜ੍ਹਦੇ ਨੂੰ ਸਲਾਮਾਂ ਕਰਨ ਵਾਲੀ ਸੋਚ ਦੇ ਮਾਲਕਾਂ ਨਾਲੋਂ ਤਾਂ ਹਜ਼ਾਰ ਦਰਜੇ ਚੰਗੇ ਸਨ।

ਸ਼ਹੀਦ ਊਧਮ ਸਿੰਘ ਨੇ ਜਲਿਆਂ ਵਾਲੇ ਬਾਗ ਦੇ ਸੰਨ 1919 ਦੇ ਨਿਰਦੋਸ਼ ਹਜ਼ਾਰਾਂ ਪੰਜਾਬੀਆਂ ਦੇ ਕਤਲ ਨੂੰ 21 ਵਰ੍ਹੇ ਆਪਣੇ ਸੀਨੇ ਵਿਚ ਸਾਂਭੀ ਰੱਖਿਆ ਅਤ ਆਪਣੇ ਨਿਸ਼ਾਨੇ ਤੇ ਪਹੁੰਚਣ ਤੋਂ ਪਹਿਲਾਂ ਉਸ ਨੇ ਬੇਹਿਸਾਬ ਮੁਸ਼ਕਲਾਂ ਦਾ ਸਾਹਮਣਾਂ ਕੀਤਾ। ਅਮਰੀਕਾ ਵਿਚ ਉਸ ਨੇ ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾਂ ਅਤੇ ਬਾਕੀ ਬਬਰਾਂ ਨਾਲ ਰਲ ਕੇ ਆਪਣੀ ਸੋਚ ਨੂੰ ਪ੍ਰਚੰਡ ਕੀਤਾ ਅਤੇ ਫਿਰ ਭਾਰਤ ਪਰਤਣ ਪਿੱਛੋਂ ਹਥਿਆਰ ਫੜੇ ਜਾਣ ਕਾਰਨ ਭਾਵੇਂ ਸ: ਊਧਮ ਸਿੰਘ ਨੂੰ 5 ਵਰ੍ਹੇ ਦੀ ਸਖਤ ਸਜ਼ਾ ਹੋਈ ਪਰ ਉਸ ਨੇ ਆਪਣੀ ਸੇਧ ਨੂੰ ਅਤੇ ਜਜ਼ਬੇ ਨੂੰ ਲਗਾਤਾਰ ਬਰਕਰਾਰ ਰੱਖਦੇ ਹੋਏ ਰਾਮ ਮੁਹੰਮਦ ਸਿੰਘ ਅਜ਼ਾਦ ਬਣਕੇ ਉਸ ਗਵਰਨਰ ਜਨਰਲ ਚਾਰਲਸ ਓਡਵਾਇਰ ਨੂੰ ਲੰਡਨ ਵਿਚ ਜਾ ਸੋਧਿਆ ਜਿਸ ਦੇ ਹੁਕਮ ਤਹਿਤ ਕਜਰਲ ਅਡਵਾਇਰ ਨੇ ਅੰਧਾਂਧੁੰਦ ਗੋਲੀ ਚਲਾ ਕੇ ਨਿਰਦੋਸ਼ ਪੰਜਾਬੀਆਂ ਦੇ ਖੂਨ ਦੀ ਹੋਲੀ ਖੇਡੀ ਸੀ। ਨਾਂ ਕੇਵਲ ਸਿੱਖ਼ਾਂ ਅਤੇ ਪੰਜਾਬੀਆਂ ਨੂੰ ਹੀ ਸਗੋਂ ਸਮੂਹ ਭਾਰਤੀਆਂ ਨੂੰ ਪੰਜਾਬ ਦੇ ਇਹਨਾਂ ਮਹਾਨ ਸਪੂਤਾਂ ਦੀਆਂ ਕੁਰਬਾਨੀਆਂ ਤੇ ਮਾਣ ਹੋਣਾਂ ਚਾਹੀਦਾ ਹੈ। 

No comments: