Saturday, March 03, 2012

ਖਾਮੋਸ਼ੀਆਂ ਨੂੰ ਤੋੜਣ ਦੀ ਕੋਸ਼ਿਸ਼

ਜਦ ਅੰਦਰੋਂ ਕੁਝ ਟੁੱਟ ਜਾਂਦਾ ਹੈ ਜਾਂ ਫਿਰ ਦਿਲ ਮੰਨ ਲੈਂਦਾ ਹਾਰ .....!
ਜਨਮ ਜਨਮ ਦਾ ਚੱਕਰ ਪਲ ਪਲ ਵਾਪਰਦਾ ਹਰ ਦੁਨੀਆ ਵਿੱਚ ...
ਹਰ ਇੱਕ ਅੰਦਰ ਮੁੜ ਮੁੜ ਮਰਦਾ ਮੁੜ ਮੁੜ ਜੰਮਦਾ ਹੈ ਕੁਝ ਤਾਂ                 (ਫੋਟੋ ਧੰਨਵਾਦ ਸਹਿਤ:ਸੂਫੀ ਜ਼ੇਨ) 
ਕਹਿੰਦੇ ਨੇ ਜਨਮ ਤੋਂ ਕੋਈ ਵੀ ਇਨਸਾਨ ਮਾੜਾ ਨਹੀਂ ਹੁੰਦਾ.. ਜੈਨੇਟਿਕ ਵਿਗਿਆਨ ਦੀਆ ਬਹੁਤ ਸਾਰੀਆਂ ਹਕੀਕਤਾਂ ਨੂੰ ਪੜ੍ਹਕੇ ਮੇਰੇ ਮਨ ਵਿੱਚ ਵੀ ਜਿਗਿਆਸਾ ਜਾਗੀ ਸੀ ਕਿ ਜਨਮ ਅਤੇ ਮੌਤ ਦੇ ਪਲਾਂ ਨੂੰ ਨੇੜਿਓਂ ਹੋ ਕੇ ਮਹਿਸੂਸ ਕੀਤਾ ਜਾਏ. ਸੱਜਣਾਂ ਮਿੱਤਰਾਂ ਦੇ ਅੰਤਿਮ ਦਰਸ਼ਨ ਜਾਂ ਫੇਰ ਅੰਤਿਮ ਸੰਸਕਾਰ ਵੇਲੇ ਮੈ ਕਈ ਆਂ ਦੇ ਚਿਹਰਿਆਂ ਨੂੰ ਨੇੜੇ ਹੋ ਕੇ ਤੱਕਣ ਦੀ ਕੋਸ਼ਿਸ਼ ਕਰਦਾ ਤਾਂ ਆਮ ਤੌਰ ਤੇ ਉਹਨਾਂ ਦਾ ਚਿਹਰਾ ਸਭ ਕੁਝ ਬਿਆਨ ਕਰ ਦੇਂਦਾ ਕਿ ਉਹਨਾਂ ਨੇ ਮੌਤ ਨੂੰ ਕਿਸੇ ਦੋਸਤ ਵਾਂਗ ਗਲੇ ਲਗਾਇਆ, ਇਸ ਨੂੰ ਪ੍ਰਮਾਤਮਾ ਦਾ ਭਾਣਾ ਸਮਝਿਆ ਜਾਂ ਫੇਰ ਇਸ ਤੋਂ ਬਚਣ ਲਈ ਇਸ ਨਾਲ ਸੰਘਰਸ਼ ਕੀਤਾ. ਉਹ ਮੌਤ ਵੇਲੇ ਡਰੇ ਹੋਏ ਸਨ ਜਾਂ ਇਸਦਾ ਸਾਹਮਨ ਕਰਨ ਲਈ ਤਿਆਰ ਸਨ. ਉਹਨਾਂ ਦੇ ਚਿਹਰੇ 'ਤੇ ਉਹਨਾਂ ਦੇ ਮਨ ਦੀ ਉਹ ਅੰਤਲੀ ਹਾਲਤ, ਦਿਮਾਗ ਦੀ ਉਹ ਆਖਿਰੀ ਹਾਲਤ, ਖਿਆਲਾਂ ਦੀ ਕਸ਼ਮਕਸ਼ ਕਿਸੇ ਪ੍ਰਿੰਟ ਵਾਂਗ ਛਪੀ ਹੁੰਦੀ.  ਕਈ ਵਾਰ ਮੈਂ ਝਕਦਿਆਂ ਝਕਦਿਆਂ  ਮਿਰਤਕ ਦੇ ਘਰ ਪਰਿਵਾਰ ਦੇ ਮੈਂਬਰਾਂ  ਨੂੰ ਮੌਤ ਮਗਰੋਂ ਛਿੜੀ ਕਿਸੇ ਝਗੜੇ ਵਾਲੀ ਬਹਿਸ ਨੂੰ ਸਮੇਟਣ ਜਾਂ ਟਾਲਣ  ਲਈ ਬਿਨਾ ਕਿਸੇ ਭੂਮਿਕਾ ਦੇ ਬਸ ਇਸ਼ਾਰੇ ਜਿਹੇ 'ਚ ਹੀ ਆਖ ਦੇਂਦਾ ਕਿ ਅੰਤਲੇ ਵੇਲੇ ਉਸਦੀ ਹਾਲਤ ਇਹ ਸੀ ਇਹ ਸੀ ਇਸਲਈ ਤੁਸੀਂ ਉਸ ਬਾਰੇ ਸੋਚੋ ਨਾ ਕਿ ਜਾਣ ਵਾਲੇ ਬਾਰੇ. ਅਕਸਰ ਇਹ ਅੰਦਾਜ਼ਾ ਸਹੀ ਬੈਠਦਾ. ਲੋਕ ਪੁਛਣ ਲੱਗ ਜਾਂਦੇ ਕਿ ਤੁਸੀਂ ਤਾਂ ਕਾਫੀ ਚਿਰ ਤੋਂ  ਮ੍ਰਿਤਕ ਨੂੰ ਮਿਲੇ ਹੀ ਨਹੀਂ ਤੁਹਾਨੂੰ ਕਿਵੇਂ ਪਤਾ ਕਿ ਉਹ ਅੱਜ ਕਲ ਇਸ ਚਿੰਤਾ ਵਿੱਚ ਸੀ.. ਕਈ ਵਾਰ ਲੋਕ ਪੁਛਦੇ ਕਿ ਸਚ ਦੱਸੋ ਮ੍ਰਿਤਕ ਨੇ ਤੁਹਾਨੂੰ ਆਪਣੀ ਕਿਸੇ ਖਾਸ ਚਿੱਠੀ ਜਾਂ  ਫਿਰ ਕਿਸੇ ਫੋਨ ਵਾਰਤਾ ਵਿੱਚ ਹੋਰ ਕੀ ਕੀ  ਦੱਸਿਆ. 
ਕਈ ਕਾਰਨਾਂ ਅਤੇ ਸਾਵਧਾਨੀਆਂ ਕਰਕੇ ਉਹਨਾਂ ਨੂੰ ਇਹ ਦੱਸਣਾ ਠੀਕ ਨਾਂ ਲੱਗਦਾ ਕਿ ਇਹ ਅੰਤਲਾ ਚਿਹਰਾ ਏਨਾ ਸਚ ਬੋਲਦਾ ਹੈ ਕਿ ਉਸਦੇ ਸਾਹਮਣੇ ਕਿਸੇ ਹੋਰ ਗੱਲ ਦੀ ਕੋਈ ਲੋੜ ਹੀ ਨਹੀਂ ਰਹਿੰਦੀ. ਇਸ ਹਕੀਕਤ ਨੂੰ ਦੇਖ ਕੇ ਮੈਂ ਖੁਦ ਹੈਰਾਨ ਰਹਿ ਜਾਂਦਾ. ਮੈਨੂੰ ਹੋਲੀ ਹੋਲੀ ਸਮਝ ਆਉਣ ਲੱਗੀ ਕਿ ਸਾਰੀ ਉਮਰ ਭਰ ਦਾ ਲਾਈਫ  ਸਟਾਈਲ, ਉਮਰ ਭਰ ਦੀਆਂ ਸੋਚਾਂ, ਉਮਰ ਭਰ ਦੀ ਜੱਦੋਜਹਿਦ ਕਿਵੇਂ ਉਹਨਾਂ ਆਖਿਰੀ ਪਲਾਂ ਤੇ ਭਾਰੂ ਹੋ ਜਾਂਦੀ ਹੈ. ਅੰਤਲੇ ਸਮੇਂ ਉਸ ਆਖਿਰੀ ਚਿਹਰੇ ਦੀ ਆਖਿਰੀ ਤਸਵੀਰ ਕਿਹੜਿਆਂ ਕਿਹੜਿਆਂ  ਖਿਆਲਾਂ ਨਾਲ ਚੰਗੀ ਜਾਂ ਮੰਦੀ ਬਣ ਜਾਂਦੀ ਹੈ. ਹਥੋਂ ਛੁੱਟ ਜਾਣ ਵਾਲੇ ਧੰਨ ਦੌਲਤ ਦਾ ਮੋਹ ਜਾਂ ਫੇਰ ਕਿਸੇ ਅਸੀਮ ਸ਼ਕਤੀ ਵੱਲ ਲਗਾਓ ਕਿਵੇਂ ਉਸ ਆਖਿਰੀ ਚਿਹਰੇ ਦੀ ਤਸਵੀਰ ਬਣਾਉਂਦਾ ਹੈ...ਅੰਤ ਕਾਲ ਜੋ ਲੱਛਮੀ ਸਿਮਰੇ ਵਰਗੀਆਂ ਸਾਰੀਆਂ ਤੁਕਾਂ ਦੀ ਸਮਝ ਪੈਣ ਲੱਗਦੀ. 
ਹਾਲਾਂਕਿ ਇਸ ਪਾਸੇ ਧਿਆਨ ਲਾਉਣ ਦਾ ਜ਼ਿੰਦਗੀ 'ਚ ਕੋਈ ਦੁਨਿਆਵੀ ਲਾਹਾ ਨਹੀਂ ਸੀ ਹੋਣਾ ਪਰ ਫਿਰ ਵੀ ਮੇਰੀ ਦਿਲਚਸਪੀ ਇਸ ਪਾਸੇ ਲਗਾਤਾਰ ਵਧਦੀ ਗਈ. ਇਸ ਵਿਗਿਆਨ ਦੀ ਅਣਅਧਿਕਾਰਿਤ ਖੋਜ ਦੌਰਾਨ ਹੀ ਮੈਂ ਨਵ ਜਨਮੇ ਬੱਚਿਆਂ ਦੇ ਚਿਹਰੇ ਵੀ ਬੜੇ ਗਹੁ ਨਾਲ ਦੇਖਣ ਲੱਗ ਪਿਆ. ਕਿਸੇ ਵੀ ਨਵਜਨਮੇ ਬੱਚੇ ਦਾ ਚਿਹਰਾ ਉਸ ਅੰਦਰਲੀ ਜਮਾਂਦਰੂ ਸਿਆਣਪ  ਬਾਰੇ, ਉਸ ਅੰਦਰ ਛਿਪੀ ਪ੍ਰਤਿਭਾ ਬਾਰੇ, ਉਸ ਅੰਦਰ ਲੁਕੀ ਸੰਘਰਸ਼ ਦੀ ਸ਼ਕਤੀ ਬਾਰੇ ਬੜਾ ਕੁਝ ਦਸ ਦੇਂਦਾ. ਫਿਰ ਮੈਂ ਇਸਨੂੰ ਅੰਕ ਵਿਗਿਆਨ ਨਾਲ ਮਿਲਾ ਕੇ ਦੇਖਣਾ ਵੀ ਸ਼ੁਰੂ ਕੀਤਾ. ਬੱਚੇ ਵੱਡੇ ਹੁੰਦੇ ਤਾਂ ਮੈਂ ਉਹਨਾਂ ਦੇ ਘਰੇਲੂ ਹਾਲਾਤ ਅਤੇ ਵਾਤਾਵਰਣ ਬਾਰੇ ਵੀ ਦੇਖਦਾ. ਕਈ ਵਾਰ ਮੈਂ ਅਜਿਹੇ ਮਾਮਲੇ ਦੇਖੇ ਕਿ ਹਾਲਾਤ ਦੀਆਂ ਹਨੇਰੀਆਂ ਨੇ ਉਹਨਾਂ ਵਿਚਲੀ ਸ਼ਕਤੀ ਨੂੰ ਜਾਂ ਤਾਂ ਕਈ ਗੁਣਾ ਵਧਾ ਦਿੱਤਾ ਸੀ ਤੇ ਜਾਂ ਬਿਲਕੁਲ ਹੀ ਖਤਮ ਕਰ ਦਿੱਤਾ  ਸੀ. ਮੈਨੂੰ ਫਿਰ ਇਹ ਸਮਝ ਆਇਆ ਕਿ ਪੁਨਰ ਜਨਮ ਕੀ ਹੈ. ਸਾਡੇ ਬਾਰ ਬਾਰ ਟੁੱਟਦੇ ਅਤੇ ਨਵੇਂ ਸੈਲ ਕੀ ਆਖਦੇ ਹਨ. ਅਸੀਂ ਪਲ ਪਲ ਕਿਵੇਂ ਮਰਦੇ ਹਾਂ ਤੇ ਕਿਵੇਂ ਜਨਮ ਲੈਂਦੇ ਹਾਂ. ਸਦਾ ਬਚਪਨ ਵਾਲਾ ਚਿਹਰਾ ਕਿਓਂ ਨਹੀਂ ਰਹਿੰਦਾ, ਸਾਡੀ ਜੋਬਨ ਵਾਲੀ ਸ਼ਕਤੀ ਕਿਓਂ ਨਹੀਂ ਮੁੜਦੀ. ਕਈ ਵਾਰ ਹਿਸਾਬ ਕਿਤਾਬ ਬੜਾ ਉਲਝਿਆ ਲੱਗਦਾ. ਮਹਿਸੂਸ ਹੁੰਦਾ ਕਿ ਜੇ ਸਚਮੁਚ ਰਬ ਰੱਬ ਹੈ ਤਾਂ ਉਹ ਬਹੁਤ ਹੀ ਹਿਸਾਬੀ ਕਿਤਾਬੀ ਹੈ. ਇੱਕ ਚੀਜ਼ ਲਏ ਬਿਨਾ ਉਹ ਦੂਜੀ ਚੀਜ਼ ਨਹੀਂ ਦੇਂਦਾ. ਫਿਰ ਉਹ ਚੀਜ਼ ਭਾਵੇਂ ਮਨ ਦੀ ਹੋਵੇ ਜਾਂ ਤਨ ਦੀ. ਹੁਣ ਇੱਕ ਵਾਰ ਫੇਰ ਮੈਨੂੰ ਇੱਕ ਪਾਕਿਸਤਾਨੀ ਸ਼ਾਇਰ ਦਾ ਉਹ ਸ਼ਿਅਰ ਕਿਸੇ ਨਵੇਂ ਅੰਦਾਜ਼ ਨਾਲ ਸਮਝ ਆਉਣ ਲੱਗਿਆ...
ਲੜਕਪਨ ਵੀ, ਜਵਾਨੀ ਵੀ, ਬੁਢਾਪਾ ਵੀ ਮਿਰੇ ਰੱਬਾ !.
ਮੈਂ ਇੱਕ ਇੱਕ ਕਰਕੇ ਤੈਨੂੰ ਮੋੜਦਾ ਜਾਨਾਂ ਆਂ ਸੌਗਾਤਾਂ !
ਬਾਰ ਬਾਰ ਇਸ ਗੱਲ ਦਾ ਅਹਿਸਾਸ ਹੋਣ ਲੱਗਿਆ ਕਿ ਸੰਸਾਰ ਨਾਸ਼ਵਾਨ ਹੈ ਪਰ ਇਸ  ਨਾਸ਼ਵਾਨ ਸੰਸਾਰ ਵਿੱਚ ਕਾਫੀ ਕੁਝ ਸ਼ਾਸ਼ਵਤ ਕਿਸਮ ਦਾ ਵੀ ਹੈ...ਬਹੁਤ ਕੁਝ ਹੈ ਜਿਸਦੀ ਉਮਰ ਘਟੋਘੱਟ ਸਾਡੇ ਨਾਲੋਂ ਲੰਮੀ ਲਮੇਰੀ ਹੁੰਦੀ ਹੈ  ਇਸ ਬਹੁਤ ਕੁਝ ਵਿਚ ਲਿਖਤਾਂ ਵੀ ਹਨ ਅਤੇ ਲਿਖਤਾਂ ਵਿੱਚ ਸ਼ਾਇਰੀ ਦਾ ਦਰਜਾ ਸ਼ਾਇਦ ਸਭ ਤੋਂ ਉੱਪਰ ਹੈ. ਇਹ ਸਭਕੁਝ ਯਾਦ ਆਇਆ ਜਗਰਾਓਂ ਦੇ ਸ਼ਾਇਰ ਕੁਲਦੀਪ ਸਿੰਘ ਢਿੱਲੋਂ ਦੀ ਇੱਕ ਰਚਨਾ ਪੜ੍ਹਕੇ. ਇਹ ਰਚਨਾ ਸੰਨ 1974  ਵਿੱਚ ਲਿਖੀ ਗਈ ਸੀ. ਇਸ ਵਿੱਚ ਸੰਕਲਪ ਸ਼ਕਤੀ ਦਾ ਅਹਿਸਾਸ ਬੜੀ ਸ਼ਿੱਦਤ ਨਾਲ ਹੁੰਦਾ ਹੈ. ਇਹ ਕਵਿਤਾ ਮੇਰੇ ਤੱਕ ਕਿਵੇਂ ਪੁੱਜੀ ਇਹ ਇੱਕ ਵੱਖਰੀ ਕਹਾਣੀ ਹੈ. ਛੇਤੀ ਹੀ ਉਸਦਾ ਜ਼ਿਕਰ ਵੀ ਕੀਤਾ ਜਾਏਗਾ ਪਰ ਪਹਿਲਾਂ ਤੁਸੀਂ ਇਹ ਰਚਨਾ ਪੜ੍ਹੋਜਿਸ ਦਾ ਸਿਰਲੇਖ ਵੀ ਪ੍ਰਤਿੱਗਿਆ ਹੈ ਅਤੇ ਇਸ ਵਿੱਚ ਬਾਰ ਬਾਰ ਇਹ ਸਾਹਮਣੇ ਵੀ ਆਉਂਦੀ ਹੈ:    
"ਪ੍ਰਤਿੱਗਿਆ"
ਕੁਲਦੀਪ ਸਿੰਘ ਢਿੱਲੋਂ (1974)
ਜਦੋਂ ਵੀ ਕਰਾਂਗਾ,
ਸੱਚ ਦੀ ਗੱਲ ਕਰਾਂਗਾ
ਇਨਸਾਫ਼ ਦੀ ਗੱਲ ਕਰਾਂਗਾ
ਮੌਤ ਦੀ ਨਹੀਂ,
ਜੀਵਨ ਦੀ ਗੱਲ ਕਰਾਂਗਾ
ਸਰਦ ਹੋਏ ਦਿਲਾਂ ਅੰਦਰ
ਸੱਧਰਾਂ ਦੀ ਅੱਗ ਬਲਾਂਗਾ
ਕਿਸੇ ਦੇ ਡੂੰਘੇ ਜ਼ਖਮਾਂ 'ਤੇ
ਸਾਹਸਾਂ ਦੀ ਟਾਕੀ ਰੱਖ ਕੇ
ਆਸਾਂ ਦੇ ਤੋਪੇ ਭਰਾਂਗਾ
ਮੈਂ ਕੋਈ ਅਰਜਣ ਨਹੀਂ
ਜੋ ਇਹ ਪ੍ਰਤਿਗਿਆ ਕਰਾਂਗਾ
ਜੇ ਸੂਰਜ ਛੁਪਣ ਤੱਕ 
ਜੰਗ ਨਾ ਜਿੱਤ ਸਕਿਆ
ਤਾਂ ਸਡ਼ ਕੇ ਮਰਾਂਗਾ
ਮੈਂ ਤਾਂ ਯਾਰੋ
ਇਹ ਪ੍ਰਤਿਗਿਆ ਕਰਾਂਗਾ
ਜਿਨਾਂ ਚਿਰ ਜ਼ੁਲਮ ਨੂੰ ਨਹੀਂ ਫੂਕਦਾ
ਮੈਂ ਜੀਂਦਾ ਹੀ ਰਹਾਂਗਾ
ਤੇ ਜ਼ੁਲਮ ਦੇ ਹਨ੍ਹੇਰੇ ਵਿੱਚ
ਇਮਾਨ ਨੂੰ ਸੱਜਦਾ ਕਰਾਂਗਾ
ਇਨਸਾਫ਼ ਨੂੰ ਸੱਜਦਾ ਕਰਾਂਗਾ
ਮੈਂ ਕੋਈ ਸੁਕਰਾਤ ਨਹੀਂ
ਜੋ ਜ਼ਹਿਰ ਦੀ ਘੁੱਟ
ਹੱਸ-ਹੱਸ ਕੇ ਭਰਾਂਗਾ
ਯਾਰੋ, ਮੈਂ ਤਾਂ ਹਾਂ ਦੀਪ ਸਿੰਘ
ਜੋ ਜੂਝ ਕੇ ਮਰਾਂਗਾ
ਬੇਸ਼ੱਕ ਕੱਟਿਆ ਜਾਵੇ ਲੱਖ ਵਾਰ ਸੀਸ
ਮੈਂ ਤਾਂ ਮੁਡ਼ ਸੀਸ ਤਲੀ 'ਤੇ ਧਰਾਂਗਾ
ਜ਼ਿੰਦਗੀ ਤੇ ਮੌਤ ਦਾ 
ਇਨਸਾਫ਼ ਫ਼ਿਰ ਕਰਾਂਗਾ
ਮੈਂ ਕੋਈ ਮਸੀਹ ਨਹੀਂ
ਜੋ ਸੂਲ਼ੀ ਦੀ ਸੇਜ 'ਤੇ
ਖ਼ਾਮੋਸ਼ ਹੀ ਸੌਂ ਜਾਵਾਂਗਾ
ਮੈਂ ਤਾਂ ਯਾਰੋ ਸੂਲ਼ੀ ਦੀ
ਤੰਦ-ਤੰਦ ਤੋਡ਼ਾਂਗਾ
ਮੈਂ ਕੋਈ ਗੌਤਮ ਨਹੀਂ
ਜੋ ਦੁੱਖਾਂ ਤੋਂ ਤੰਗ ਆ ਕੇ
ਜੰਗਲ ਵੱਲ ਤੁਰਾਂਗਾ
ਮੈਂ ਤਾਂ ਦੁਨੀਆਂ ਵਿੱਚ ਰਹਿ ਕੇ
ਦੁੱਖਾਂ ਨੂੰ ਛਾਣਾਂਗਾ ਤੇ
ਗਮਾਂ ਦੇ ਸਾਗਰ ਤਰਾਂਗਾ
ਭਾਵੇਂ ਲੱਖ ਵਾਰ ਜਿੱਤਾਂਗਾ
ਭਾਵੇਂ ਲੱਖ ਵਾਰ ਹਰਾਂਗਾ
ਪਰ ਫੇਰ ਵੀ
ਮੈਂ ਜਦੋਂ ਵੀ ਕਰਾਂਗਾ
ਸੱਚ ਦੀ ਗੱਲ
ਮਿਹਨਤ ਦੀ ਗੱਲ
ਇਨਸਾਫ਼ ਦੀ ਗੱਲ ਹੀ ਕਰਾਂਗਾ
ਕਿਸੇ ਗੌਤਮ ਦੀ ਨਹੀਂ
ਕਿਸੇ ਸੁਕਰਾਤ ਦੀ ਨਹੀਂ
ਕਿਸੇ ਮਸੀਹ ਦੀ ਨਹੀਂ
ਮੈਂ ਆਪਣੇ- ਆਪ ਦੀ ਗੱਲ ਕਰਾਂਗਾ
ਤੇ ਇਨਕਲਾਬ ਦੀ ਕਰਾਂਗਾ !
-----ਕੁਲਦੀਪ ਸਿੰਘ ਢਿੱਲੋਂ
   (ਪਿੰਡ ਗਗਡ਼ਾ-ਜਗਰਾਓਂ
ਮੈਂ ਅਜੇ ਵੀ ਨਹੀਂ ਜਾਣਦਾ ਕਿ ਇਸ ਸ਼ਾਇਰ ਨਾਲ ਅਜਿਹਾ ਕੀ ਵਾਪਰਿਆ ਕਿ ਮਿਹਨਤ, ਹੱਕ-ਸਚ ਅਤੇ ਇਨਸਾਫ਼ ਦੀ ਗੱਲ ਕਰਨ ਵਾਲੇ ਇਸ ਸ਼ਾਇਰ ਨੇ ਅਚਾਨਕ ਹੀ ਲਿਖਣਾ ਕਿਓਂ ਬੰਦ ਕਰ ਦਿੱਤਾ. ਇੱਕ ਜਿਊਂਦੇ ਜਾਗਦੇ ਇਨਸਾਨ ਅੰਦਰਲਾ ਸ਼ਾਇਰ ਮਾਰ ਗਿਆ / ਸੋਂ ਗਿਆ ਜਾਂ ਫੇਰ ਕੁਝ ਹੋਰ ???? 
ਸ਼ਾਇਰ ਦੀ ਇਸ ਖਾਮੋਸ਼ੀ ਨੇ ਇੱਕ ਸ਼ਾਇਰਾ ਦੇ ਦਿਲ ਨੂੰ ਬਹੁਤ ਹਲੂਣਿਆ. ਸ਼ਾਇਰਾ ਰਿਸ਼ਤੇ ਵਿੱਚ ਇਸ ਸ਼ਾਇਰ ਦੀ ਭੈਣ ਲੱਗਦੀ ਹੈ. ਆਪਣੇ ਭਰਾ ਦੀ ਇਹ ਖਾਮੋਸ਼ੀ ਉਸ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ. ਕਾਰਣ ਭਾਵੇਂ ਕੁਝ ਵੀ ਰਹੇ ਹੋਣ ਪਰ ਭੈਣ ਨੂੰ ਮਹਿਸੂਸ ਹੁੰਦਾ ਕਿ ਸ਼ਾਇਦ ਉਸਦੇ ਭਰਾ ਦੀ ਕਲਮ ਹਾਰ ਗਈ ਹੈ ਜਾਂ ਫੇਰ ਉਸ ਦੇ ਜਜ਼ਬਿਆਂ ਨੇ ਹਾਰ ਮੰਨ ਲਈ ਹੈ. ਆਖਿਰ ਉਸ ਭੈਣ ਨੇ ਵੀ ਫੈਸਲਾ ਕੀਤਾ ਕਿ ਉਹ ਇਸ ਇਨਸਾਨ ਅੰਦਰਲੇ ਸ਼ਾਇਰ ਨੂੰ ਮਰਨ ਨਹੀਂ ਦੇਵੇਗੀ. ਉਸਨੇ ਵੀ ਸੰਕਲਪ ਕੀਤਾ ਕਿ ਉਹ ਸ਼ਾਇਰੀ ਦਾ ਇਹ ਸਿਲਸਿਲਾ ਫਿਰ ਸੁਰਜੀਤ ਕਰੇਗੀ. ਉਸ ਸ਼ਾਇਰਾ ਬਾਰੇ ਅਤੇ ਉਸਦੇ ਸੰਕਲਪ ਬਾਰੇ ਕੁਝ ਵੇਰਵਾ ਕਿਸੇ ਅਗਲੀ ਪੋਸਟ ਵਿੱਚ ਜਲਦੀ ਹੀ. ਫਿਲਹਾਲ ਇਹ ਦੱਸੋ ਤੁਹਾਨੂੰ ਇਹ ਕਵਿਤਾ ਕਿਵੇਂ ਲੱਗੀ...ਇਸ ਬਾਰੇ ਆਪਣੇ ਵਿਚਾਰ ਜ਼ਰੂਰ ਭੇਜੋ. ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ.--ਰੈਕਟਰ ਕਥੂਰੀਆ

8 comments:

Anonymous said...

Respected mamaji (kuldeep Singh dhillon)
I really liked this poem. I remember hearing it the first time when I was at your house and when reading it again I realized the deep meanings and examples through which you have expressed yourself. Truly marvelous. I request u to write about 'Aj de Punjab', as you will bring a different Light on that topic through your great poetic views. I would also like to thank Rector Kathuria, editor of Punjab screen for the great introduction of a great poet, my mamaji.
Regards
Sumeet, sydney

Gursewak Singh Dhaula said...

ਬਹੁਤ ਭਾਵਪੂਰਕ ਰਚਨਾਵਾਂ ਦੋਨੋ ਹੀ

ਗੁਰਸੇਵਕ ਸਿੰਘ ਧੌਲਾ said...

ਬਹੁਤ ਭਾਵਪੂਰਕ ਰਚਨਾਵਾਂ ਦੋਨੋ ਹੀ

prof. devinder kaur sidhu said...

shayar di chetanta jadon usdi shayeri vich suraj vang maghdi hai, tan usdi pukaar ate nigah seik samuchi insaaniyat de dil tak pahunchda hai. kuch vareh pehla di gal hai ke main apni kavita rahin pardesi veer nu suneha dita si....

"veera tu tan shayar si
kyu bhul baitha
shabdan vaakan arthan di kadhai
ehna guvache arthan nu labh ke
shayeri ch dhalaan di koshish jaroor karin"
....te ajj jadon meri bhehan hardeep ne kuldeep dhilon nu kalam chuka diti hai, tan umeed kardi haan ke oh apni kala kaushalta nu kala de piyareyan tak jaroor pahunchaunda rahega.

simbath said...

Poets are not born to be silent. They are born to care and are provided with heightened arrays of instinct and instruments to shape far and away landscapes dying for mercy and magic and all the beauty poems expressing compassionate dignity can ignite. I believe poets can move mountains, move them with the power of stubborn faith and action inherent in all true artistic talent. "," - Soul Cadence and the Social Poet, Mark Antony Rossi

Mamaji,
We grew up reading your poetry, your poetry was and still is an inspiration for us, when we were little we use to call you 'kavi Mamaji'. we had two or three of your poems and we have read those poems so many times...millions of times, we always waited for a new poem, we always wonder what will come next, if two of your poems can shape our thoughts and give us life long wisdom and inspiration, guess what will a lot of poems do, this world needs your poetry, we need your poetry. we want our 'Kavi mamaji' back.
Waiting for a brand new poem from you!
Simrat Bath.

सहज साहित्य said...

कुलदीप सिंह जी आपके ख्याल बडे नेक हैं । आपने अपने डूंघे विचार सामने रके । आपकी इतनी पुरानी कविता पूरी ताज़गी लिये हुए है। आपके ये ख्यालात आज की ज़रूरत है-
जदों वी करांगा,
सच्च दी गल्ल करांगा
इनसाफ़ दी गल्ल करांगा
मौत दी नहीं,
जीवन दी गल्ल करांगा

Rector Kathuria said...

A c0mment from Mrs Hardeep Sandhu via email:

ਸਭ ਤੋਂ ਪਹਿਲਾਂ ਮੈਂ ਰੈਕਟਰ ਕਥੂਰੀਆ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਨ , ਜਿਹਨਾਂ ਨੇ ਇੱਕ ਉੱਚ -ਕੋਟੀ ਦੇ ਸ਼ਾਇਰ ਨੂੰ ਐਨੀ ਚੰਗੀ ਤਰਾਂ ਸਮਝਿਆ ਤੇ ਜਾਣਿਆ । ਓਸ ਨੂੰ ਪੰਜਾਬ ਸਕਰੀਨ ਦੇ ਪੰਨਿਆ 'ਤੇ ਸਨਮਾਨਯੋਗ ਸਥਾਨ ਦਿੱਤਾ ।ਰੈਕਟਰ ਜੀ , ਤੁਸਾਂ ਬਿਲਕੁਲ ਠੀਕ ਕਿਹਾ ਹੈ ਕਿ ਸ਼ਾਇਰੀ ਸਦਾ ਜਿਉਂਦੀ ਰਹਿੰਦੀ ਹੈ ਤੇ ਏਸ ਦਾ ਪੰਜਾਬੀ ਸਾਹਿਤ 'ਚ ਸਭ ਤੋਂ ਉੱਚਾ ਸਥਾਨ ਹੈ ।
ਆਪਦੀ ਵਿਲੱਖਣ ਜਿਹੇ ਢੰਗ ਨਾਲ ਲਿਖੀ ਭੂਮਿਕਾ ਸ਼ਲਾਘਾਯੋਗ ਹੈ | ਮੈਨੂੰ ਬਹੁਤ ਖੁਸ਼ੀ ਹੋਈ ਇਹ ਪੜ੍ਹਕੇ ਕਿ ਕੁਲਦੀਪ ਸਿੰਘ ਢਿੱਲੋਂ ਦੀ ਲੇਖਣੀ ਨੇ ਆਪਨੂੰ ਐਨਾ ਪ੍ਰਭਾਵਿਤ ਕੀਤਾ ਹੈ | ਮੇਰਾ ਵਿਸ਼ਵਾਸ਼ (ਕਿ ਕੁਲਦੀਪ ਬਾਈ ਦੀ ਲੇਖਣੀ ਦਮਦਾਰ ਹੈ, ਮੈਂ ਇਹ ਗੱਲ ਕਿ ਓਹ ਮੇਰਾ ਵੱਡਾ ਵੀਰ ਹੈ , ਹੋਣ ਕਰਕੇ ਹੀ ਨਹੀਂ ਕਹਿੰਦੀ ) ਯਕੀਨ 'ਚ ਬਦਲ ਗਿਆ ਕਿ ਓਸਦੀ ਲੇਖਣੀ ਹਰ ਪੜ੍ਹਨ ਵਾਲੇ ਨੂੰ ਟੁੰਬੇ ਬਿਨਾ ਨਹੀਂ ਰਹਿ ਸਕਦੀ |
ਅੱਜ ਆਪਦੀ ਸਹਾਇਤਾ ਨਾਲ ਮੈਂ ਕੁਲਦੀਪ ਢਿੱਲੋਂ ਨੂੰ ਪੰਜਾਬੀ ਪਾਠਕਾਂ ਦੇ ਰੂਬਰੂ ਕੀਤਾ ਹੈ ......ਸ਼ਾਇਦ ਉਹਨਾਂ ਦੀ ਰੂਹ ਨੂੰ ਹਲੂਣਾ ਦੇਣ 'ਚ ਵੀ ਕਾਮਯਾਬ ਹੋ ਜਾਵਾਂ | ਮੇਰੇ ਬਾਈ ਜੀ ਦੇ ਅੰਦਰਲੇ ਸ਼ਾਇਰ ਨੂੰ ਮੁੜ ਤੋਂ ਜਗਾਉਣ ਲਈ ਤੇ ਗੁਆਚੀ ਕਲਮ ਮੁੜ ਲੱਭਣ ਲਈ ਮੇਰੀ ਕੋਸ਼ਿਸ਼ ਨੂੰ ਕਾਮਯਾਬੀ ਦੀ ਰਾਹ 'ਤੇ ਪਾਉਣ ਲਈ ਇੱਕ ਵਾਰ ਫੇਰ ਸ਼ੁਕਰੀਆ |
ਕੁਲਦੀਪ ਬਾਈ ਜੀ ,
ਛੋਟੀ ਹੁੰਦੀ ਸੁਣਦੀ ਆਈ ਸੀ ਕਿ ਬਾਈ ਜੀ ਬਹੁਤ ਵਧੀਆ ਲਿਖਾਰੀ ਨੇ, ਪਰ ਪੜ੍ਹਿਆ ਬਹੁਤ ਘੱਟ ਸੀ ਤੁਹਾਨੂੰ....... ਕਾਰਣ....ਇੱਕ ਤਾਂ ਮੈਂ ਤੁਹਾਡੇ ਤੋਂ ਤਕਰੀਬਨ 14 -15 ਸਾਲ ਛੋਟੀ ਹਾਂ ....ਜਦੋਂ ਤੁਸੀਂ ਲਿਖਿਆ....ਓਦੋਂ ਮੈਂ ਸ਼ਾਇਦ ਅਜੇ ਸਕੂਲ ਜਾਣਾ ਹੀ ਸ਼ੁਰੂ ਕੀਤਾ ਹੋਵੇ | ਓਦੋਂ ਮੈਂ ਅਜੇ ਪੰਜਾਬੀ ਪੜ੍ਹਨੀ ਵੀ ਨਹੀਂ ਸਿੱਖੀ ਸੀ ਤੇ ਪੰਜਾਬੀ ਸਾਹਿਤ ਕੀ ਹੁੰਦਾ ਹੈ ਇਹ ਜਾਨਣਾ ਤਾਂ ਬਹੁਤ ਦੂਰ ਦੀ ਗੱਲ ਸੀ | ਮੈਂ ਵੱਡੀ ਹੋਈ .....ਤੁਸੀਂ ਪ੍ਰਦੇਸੀ ਹੋ ਗਏ ......ਤੇ ਲੇਖਣੀ ਜਿੰਦਗੀ ਦੇ ਦਰਪਣ 'ਚੋਂ ਪਰਾਂ ਕੱਢ ਮਾਰਿਆ | ਮੈਨੂੰ ਓਦੋਂ ਇਹਨਾਂ ਗੱਲਾਂ ਦਾ ਕੋਈ ਅਹਿਸਾਸ ਨਹੀਂ ਸੀ | ਪਰ ਓਸ ਸਮੇਂ ਦੌਰਾਨ ਪ੍ਰੋਫੈਸਰ ਦਵਿੰਦਰ ਕੌਰ ਸਿੱਧੂ ( ਆਪਣੀ ਮਾਮੇ ਜਾਈ ) ਨੇ ਪਰਦੇਸ ਬੈਠੇ ਵੀਰ ਨੂੰ ਕਲਮ ਫੇਰ ਤੋਂ ਫੜਨ ਲਈ 'ਹਾਕਾਂ ਮਾਰੀਆਂ ਸਨ | ਦਵਿੰਦਰ ਭੈਣ ਦੀ ਕਾਵਿ-ਪੁਸਤਕ ' ਬੇਰਹਿਮ ਪਲਾਂ ਦੀ ਦਾਸਤਾਨ ' ਦੇ ਪੰਨਾ ਨੰਬਰ 38 'ਤੇ ਇੱਕ ਕਵਿਤਾ ' ਪ੍ਰਦੇਸੀ ਵੀਰ ਦੇ ਨਾਂ ' ਵਿੱਚ ਉਸਨੇ ਆਪਣੇ ਵੀਰ ਨੂੰ ਕੁਝ ਏਸ ਤਰਾਂ ਕਿਹਾ ਸੀ ......
ਵੀਰਾ ! ਤੂੰ ਤਾਂ ਸ਼ਾਇਰ ਸੀ
ਕਿਉਂ ਭੁੱਲ ਬੈਠਾ
ਸ਼ਬਦਾਂ, ਵਾਕਾਂ ਅਰਥਾਂ ਦੀ ਘੜਾਈ
ਇਹਨਾਂ ਗੁਆਚੇ ਅਰਥਾਂ ਨੂੰ ਲੱਭ ਦੇ
ਆਪਣੀ ਸ਼ਾਇਰੀ 'ਚ ਢਾਲਣ ਦੀ
ਕੋਸ਼ਿਸ਼ ਜ਼ਰੂਰ ਕਰੀਂ !
ਸ਼ਾਇਦ ਇਸ ਜੰਗਲੀ ਮਾਹੌਲ 'ਚ
ਤਰਾਨਾ ਹੋ ਨਿਬੜਨ ਤੇਰੇ ਗੀਤ
ਮੇਰੇ ਫਰਿਸ਼ਤਿਆਂ ਵਰਗਿਆ ਵੀਰਾ
ਕੋਈ ਆਇਤਾਂ ਵਰਗਾ ਸੰਦੇਸ਼ ਤੂੰ ਦੇ ਸਕੇਂ !
.........ਪਤਾ ਨਹੀਂ ਇਹ ਆਵਾਜ਼ ਤੁਹਾਡੇ ਤੱਕ ਅੱਪੜਨ ਤੋਂ ਪਹਿਲਾਂ ਹੀ ਕਿਤੇ ਖਲਾ 'ਚ ਗੁਆਚ ਕੇ ਰਹਿ ਗਈ ਜਾਂ ਫੇਰ ਇਸ ਦਿਲੀ ਹੂਕ ਨੂੰ ਤੁਸਾਂ ਨੇ ਅਣਗੌਲਿਆਂ ਹੀ ਕਰ ਦਿੱਤਾ ......ਇਹ ਤਾਂ ਤੁਸੀਂ ਜਾਣਦੇ ਹੋ ਜਾਂ ਤੁਹਾਡਾ ਰੱਬ |
ਜਦੋਂ -ਜਦੋਂ ਮੈਨੂੰ ਸਾਹਿਤਕ ਗੱਲਾਂ ਦੀ ਸਮਝ ਆਉਣ ਲੱਗੀ ਤਾਂ ਮੇਰਾ ਆਪਣਾ ਆਪ ਝੰਜੋੜਿਆ ਗਿਆ .....ਇਹ ਸੋਚ-ਸੋਚ ਕਿ ਮੇਰਾ ਵੀਰ ਲਿਖਾਰੀ ਪਤਾ ਨਹੀਂ ਏਸ ਕਲਬੂਤ 'ਚ ਕਿਵੇਂ ਜਿਓਂ ਰਿਹਾ ਹੈ ....ਜਦੋਂ ਕਿ ਓਸਦੀ ਰੂਹ ( ਲੇਖਣੀ ਵਾਲੀ ) ਤਾਂ ਕਦੋਂ ਦੀ ਕਿਧਰੇ ਉੱਡਾਰੀ ਮਾਰ ਗਈ ਹੈ | ਪਿੱਛੇ ਜਿਹੇ ਜਦੋਂ ਮੈਂ ਭਰਪੂਰ ਮਾਮਾ ਜੀ ( ਜੋ ਖੁਦ ਇੱਕ ਬਹੁਤ ਵਧੀਆ ਲਿਖਾਰੀ ਨੇ ) ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਕੁਲਦੀਪ ਜਦੋਂ ਲਿਖਦਾ ਸੀ ਤਾਂ ਉਹ ਓਹ ਪਾਤਰ ਖੁਦ ਜਿਓਂਦਾ ਸੀ , ਜਿਸ ਬਾਰੇ ਓਹ ਲਿਖ ਰਿਹਾ ਹੋਵੇ | ਫੇਰ ਮੈਂ ਘਰ ਦੇ ਹੋਰ ਜੀਆਂ ਨਾਲ ਗੱਲ ਕੀਤੀ ਤੇ ਸਭ ਨੇ ਕਿਹਾ ਕਿ ਕੁਲਦੀਪ ਹੁਣ ਬਦਲ ਗਿਆ ਹੈ .....ਹੁਣ ਨਹੀਂ ਉਹ ਲਿਖਦਾ-ਲੁਖਦਾ | ਮੇਰਾ ਆਪਾ ਵਲੂੰਧਰਿਆ ਗਿਆ ਤੇ ਮੈਂ ਤੁਹਾਡੀਆਂ ਲਿਖਤਾਂ ਨੂੰ ਇੱਕਠਾ ਕਰਕੇ ਪੰਜਾਬੀ ਪਾਠਕਾਂ ਤੱਕ ਅੱਪੜਦੀਆਂ ਕਰਨ ਦਾ ਮਨ ਬਣਾਇਆ | ਇਸੇ ਇੱਕ ਕੋਸ਼ਿਸ਼ ਦੀ ਇਹ ਪਹਿਲੀ ਕੜੀ ਹੈ , ਜਿਸ ਰਾਹੀਂ ਸ਼ਾਇਦ ਮੈਂ ਆਪਣਾ ਹੀ ਨਹੀਂ , ਸਗੋਂ ਆਪਣੇ ਸਾਰੇ ਪਰਿਵਾਰ ਦਾ ਸਾਂਝਾ ਸੁਨੇਹਾ ਆਪ ਤੱਕ ਪਹੁੰਚਾਉਣ 'ਚ ਸਫਲ ਹੋ ਜਾਵਾਂ !
ਰੱਬ ਅੱਗੇ ਏਸੇ ਦੁਆ ਨਾਲ ਕਿ .......
ਤੇਰੇ ਅੰਦਰ ਅਜੇ ਵੀ
ਵਿਚਾਰਾਂ ਦੀ ਧੁੱਕ-ਧੁੱਕੀ ਹੈ
ਤੇਰੀ ਕਲਮ ਦੀ ਸਿਆਹੀ
ਅਜੇ ਕਿੱਥੇ ਸੁੱਕੀ ਹੈ..................
ਰੱਬੀ ਦਾਤ ( ਲੇਖਣੀ ) ਦਾ ਇਹ ਖਜ਼ਾਨਾ ਜੋ ਪ੍ਰਮਾਤਮਾ ਨੇ ਜੋ ਤੁਹਾਨੂੰ ਬਖਸ਼ਿਆ ਹੈ ਓਸਨੂੰ ਸੰਭਾਲਣਾ ਆਪਣਾ ਫਰਜ਼ ਸਮਝ ਕੇ , ਮੁੜ ਤੋਂ ਆਪਣੀ ਲੇਖਣੀ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਦੀ ਝੋਲੀ ਪਾਉਂਦੇ ਰਹੋ !
ਹਰਦੀਪ ( ਦੀਪੀ)

Yadwinder Sidhu said...

Kumbkari ati sohni,
Aam jahi mitti ton honi,
Ati sundar kaav rachna,
Aam jahe shabdan di sirjana.

Payare Mamaji,
Thodi kavita da har ik shabad tuhadi rooh wichon niklaya hoyeaa ehsaas si, hun jadon sochdaan ke tusi kavita likhni shad ti tan inj lagda ke tusi aapni rooh naal naraz hoge, teh aapne dil to chup karata, ik kavi hon de natte menu eh ehsaas aa ke kavita kade chup ni kardi, jive jogiyaan nu 24 ghante anhad nad sunda oven ik kavi de man wich kavita ghunjdi aa, Mamaji main request karda ke us anhad nad nu, us kavita nu kagaz te zroor uttaro.
Yadwinder Sidhu.