Thursday, March 01, 2012

ਪੰਥ ਅਤੇ ਵਿਵਾਦ: ਮੀਡੀਆ ਦੀ ਨਜ਼ਰ ਵਿੱਚ

ਪਸ਼ਚਾਤਾਪ ਸਮਾਗਮ ਵਿੱਚ ਨੰਦਗਡ਼੍ਹ ਅਤੇ ਦਾਦੂਵਾਲ ਆਹਮੋ-ਸਾਹਮਣੇ
ਧਾਰਮਿਕ ਇਸ਼ਤਿਹਾਰ ਵਿੱ‘ਦਾਦੂ ਸਾਹਿਬ’ ਲਿਖਣ ਤੋਂ ਵਿਵਾਦ
ਸਮਾਗਮ ਦੌਰਾਨ ਸੰਤ ਬਲਜੀਤ ਸਿੰਘ ਦਾਦੂਵਾਲ ਆਪਣੀ ਭਡ਼ਾਸ ਕੱਢਦੇ ਹੋਏ, ਇਸ਼ਤਿਹਾਰ ਦੀ ਸ਼ਬਦਾਵਲੀ ਦਾ ਵਿਰੋਧ ਕਰਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗਡ਼੍ਹ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 29 ਫਰਵਰੀ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਸਬੰਧੀ ਇਥੇ ਸਿੱਖਾਂ ਵਾਲੀ ਢਾਣੀ ਵਿੱਚ ਕਰਵਾਇਆ ਪਸ਼ਚਾਤਾਪ ਸਮਾਗਮ ਧਾਰਮਿਕ ਆਗੂਆਂ ਦੇ ਆਪਸੀ ਖਹਿਬਾਜ਼ੀ ਦੀ ਭੇਟ ਚਡ਼੍ਹ ਗਿਆ।
ਸਮਾਗਮ ਵਿੱਚ ਮਾਹੌਲ ਉਸ ਸਮੇਂ ਤਲਖ ਹੋ ਗਿਆ, ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗਡ਼੍ਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਮੌਜੂਦਗੀ ਵਿੱਚ ਸੰਤ ਬਲਜੀਤ ਸਿੰਘ ਦਾਦੂਵਾਲ ਵੱਲੋਂ ਇਕ ਧਾਰਮਿਕ ਸਮਾਗਮ ਦੇ ਇਸ਼ਤਿਹਾਰ ਵਿੱਚ ਤਖ਼ਤ ਦਮਦਮਾ ਸਾਹਿਬ ਲਿਖਣ ਦੀ ਬਜਾਏ ਮਹਿਜ ਤਲਵੰਡੀ ਸਾਬੋ ਲਿਖਣ ਅਤੇ ਆਪਣੇ ਗੁਰਦੁਆਰੇ ਨਾਲ ਸਬੰਧਤ ਪਿੰਡ ਦਾਦੂ ਨੂੰ ਦਾਦੂ ਸਾਹਿਬ ਲਿਖਣ ਦਾ ਵਿਰੋਧ ਕੀਤਾ। ਉਨ੍ਹਾਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਸੰਤ ਦਾਦੂਵਾਲ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਦੀ ਮੰਗ ਕੀਤੀ। ਸਮਾਰੋਹ ਵਿੱਚ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਸੰਬੋਧਨ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ, ਜਿਸ ਤੋਂ ਰੋਹ ਵਿੱਚ ਆਏ ਸੰਤ ਦਾਦੂਵਾਲ ਆਪਣੇ ਸਮਰਥਕਾਂ ਸਮੇਤ ਸਟੇਜ ਤੋਂ ਚਲੇ ਗਏ।
ਸਮਾਗਮ ਵਿੱਚ ਜਥੇਦਾਰ ਨੰਦਗਡ਼੍ਹ ਨੇ ਇਸ਼ਤਿਹਾਰ ਵਿਖਾਉਂਦਿਆਂ ਕਿਹਾ ਕਿ ਬਲਜੀਤ ਸਿੰਘ ਦਾਦੂ ਵੱਲੋਂ ਜਾਰੀ ਇਸ਼ਤਿਹਾਰ ਵਿੱਚ ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਮਹਿਜ਼ ਤਲਵੰਡੀ ਸਾਬੋ ਲਿਖਿਆ ਹੈ, ਜਦੋਂ ਕਿ ਆਪਣੇ ਸਰਪ੍ਰਸਤੀ ਵਾਲੇ ਗੁਰਦੁਆਰੇ ਦੇ ਪਿੰਡ ਨੂੰ ਦਾਦੂ ਸਾਹਿਬ ਲਿਖਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਧਾਰਮਿਕ ਸਥਾਨ ਬਰਾਬਰ ਹਨ ਪਰ ਤਖ਼ਤ ਸ੍ਰੀ ਦਮਦਮਾ ਸਾਹਿਬ ਉਹ ਪਵਿੱਤਰ ਸਥਾਨ ਹੈ, ਜਿਥੇ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਦਾ ਮਹੱਤਵਪੂਰਨ ਸਮਾਂ ਬਿਤਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਵੀ ਇਸ ਸਥਾਨ ’ਤੇ ਹੋਈ। ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਸਥਾਨ ਦਾ ਰੁਤਬਾ ਘੱਟ ਕਰਕੇ ਦਾਦੂਵਾਲ ਨੇ ਆਪਣੇ ਆਪ ਨੂੰ ਵੱਡਾ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਸਮਾਗਮ ਤੋਂ ਪਹਿਲਾਂ ਜਾ ਚੁੱਕੇ ਸੰਤ ਦਾਦੂਵਾਲ ਮੁਡ਼ ਆਪਣੇ ਸਮਰਥਕਾਂ ਸਮੇਤ ਪੰਡਾਲ ਵਿੱਚ ਪਹੰੁਚ ਗਏ ਅਤੇ ਉਨ੍ਹਾਂ ਜਥੇਦਾਰ ਨੰਦਗਡ਼੍ਹ ’ਤੇ ਨਿੱਜੀ ਰੰਜ਼ਿਸ਼ ਰੱਖਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਨਾਂ ਦੇ ਪਿੱਛੇ ਨਹੀਂ, ਸਗੋਂ ਗੁਰਦੁਆਰੇ ਦੇ ਪਿੱਛੇ ਸਾਹਿਬ ਲਾਇਆ ਹੈ ਅਤੇ ਦੇਸ਼ ਭਰ ਵਿੱਚ ਹੋਰ ਗੁਰਦੁਆਰਿਆਂ ਦੇ ਪਿੱਛੇ ਵੀ ਸਾਹਿਬ ਲੱਗਿਆ ਹੋਇਆ ਹੈ। ਜੇ ਕੋਈ ਸ਼ਿਕਾਇਤ ਸੀ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ’ਤੇ ਤਲਬ ਕਰਕੇ ਜਵਾਬ ਮੰਗਣਾ ਚਾਹੀਦਾ ਸੀ, ਨਾ ਕਿ ਸਟੇਜ ਤੋਂ ਇਸ ਤਰ੍ਹਾਂ ਬਿਆਨਬਾਜ਼ੀ ਹੋਣੀ ਚਾਹੀਦੀ ਸੀ।
ਦੋਵਾਂ ਧਿਰਾਂ ਦੇ ਤਲਖ ਵਤੀਰੇ ਕਾਰਨ ਧਾਰਮਿਕ ਸਮਾਗਮ ਦੌਰਾਨ ਵਿਵਾਦ ਕਾਫੀ ਭਖ ਗਿਆ। ਮਾਮਲੇ ਨੂੰ ਵਧਦਾ ਦੇਖ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਖੁੱਲ੍ਹੀ ਸਟੇਜ ’ਤੇ ਲਿਆਉਣ ਦੀ ਬਜਾਏ ਬੰਦ ਕਮਰੇ ਵਿੱਚ ਬੈਠ ਕੇ ਨਿਬੇਡ਼ਨੇ ਚਾਹੀਦੇ ਹਨ। ਸੰਤ ਦਾਦੂਵਾਲ ਨੂੰ ਅਕਾਲ ਤਖ਼ਤ ’ਤੇ ਬੁਲਾਉਣ ਦੀ ਮੰਗ ’ਤੇ ਉਨ੍ਹਾਂ ਕਿਹਾ ਕਿ ਇਹ ਸਮਾਂ ਆਪਸੀ ਲਡ਼ਾਈ ਦਾ ਨਹੀਂ, ਸਗੋਂ ਸਮਾਜ ਅਤੇ ਪੰਥ ਦੀ ਚਡ਼੍ਹਦੀ ਕਲਾ ਨੂੰ ਕਾਇਮ ਰੱਖਣ ਦਾ ਹੈ। ਉਨ੍ਹਾਂ ਸੰਤ ਬਲਜੀਤ ਸਿੰਘ ਨੂੰ ਮਰਿਆਦਾ ਦਾ ਧਿਆਨ ਰੱਖਣ ਲਈ ਕਿਹਾ। ਇਸ ਦੌਰਾਨ ਪ੍ਰਬੰਧਕਾਂ ਨੇ ਸ੍ਰੀ ਆਨੰਦ ਸਾਹਿਬ ਦਾ ਪਾਠ ਕਰਕੇ ਸਮਾਰੋਹ ਨੂੰ ਸੰਪੂਰਨ ਕਰਨ ਦਾ ਯਤਨ ਕੀਤਾ ਅਤੇ ਮਾਈਕ ਹਟਾ ਦਿੱਤਾ ਪਰ ਸਟੇਜ ਖਾਲੀ ਹੋਣ ਤੋਂ ਬਾਅਦ ਵੀ ਦਾਦੂਵਾਲ ਪੰਡਾਲ ਵਿੱਚ ਬੈਠੇ ਰਹੇ ਅਤੇ ਆਪਣੀ ਗੱਡੀ ’ਤੇ ਲੱਗੇ ਸਪੀਕਰ ਨਾਲ ਮੌਕੇ ’ਤੇ ਜਮ੍ਹਾਂ ਸੰਗਤ ਨੂੰ ਆਪਣੀ ਪੰਥਕ ਲਹਿਰ ਦੀ ਜਾਣਕਾਰੀ ਦਿੱਤੀ ਅਤੇ ਡੇਰਾ ਵਿਵਾਦ ਵਿੱਚ ਉਨ੍ਹਾਂ ਵੱਲੋਂ ਨਿਭਾਈ ਭੂਮਿਕਾ ਕਾਰਨ ਦਰਜ ਹੋਏ ਮਾਮਲਿਆਂ ਦਾ ਵੇਰਵਾ ਦਿੱਤਾ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਇਸ ਘਟਨਾ ਨੂੰ ਪੰਥਕ ਮਰਿਆਦਾ ਲਈ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਵਰਤਾਰੇ ਨੂੰ ਰੋਕਣ ਲਈ ਕਦਮ ਚੁੱਕੇ ਜਾਣਗੇ। (ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ

No comments: