Monday, February 13, 2012

ਪੰਜਾਬੀਆਂ ਨੇ ਨੀਤੀਆਂ ਨਾਲ ਸਹਿਮਤ ਹੋਕੇ ਦਿੱਤਾ ਪੀਪੀਪੀ ਨੂੰ ਸਹਿਯੋਗ

ਕੇਵਲ ਇੱਕ ਸਾਲ ਪਹਿਲਾਂ ਬਣੀ ਪੀਪੀਪੀ ਵੱਲੋਂ ਸਰਗਰਮੀਆ  ਜਾਰੀ
ਚੰਡੀਗੜ੍ਹ : ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਜਿਸ ਤਰਾਂ ਨਾਲ ਸੂਬੇ ਦੇ ਲੋਕਾਂ ਤੋਂ ਹੁੰਗਾਰਾ ਮਿਲਿਆ ਹੈ ਉਹ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਮੌਜੂਦਾ ਨਿਜ਼ਾਮ ਤੋਂ ਅੱਕ ਥੱਕ ਚੁੱਕੇ ਹਨ ਉਹ ਸੂਬੇ ਨੂੰ ਬੇਹਤਰ ਵੇਖਣ ਲਈ ਉਤਾਵਲੇ ਹਨ। ਅੱਜ ਮੁੱਖ ਦਫ਼ਤਰ ਵਿਖੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੀਪੀਪੀ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੀਆਂ ਨੀਤੀਆਂ ਨਾਲ ਸਹਿਮਤ ਹੋਕੇ ਸਹਿਯੋਗ ਦਿੱਤਾ ਹੈ ਉਸ ਤੋਂ ਸਪਸ਼ੱਟ ਹੈ ਕਿ ਉਨ੍ਹਾਂ ਦੀ ਪਾਰਟੀ ਲਈ 6 ਮਾਰਚ ਨੂੰ ਸੁੱਭ ਨਤੀਜੇ ਸਾਹਮਣੇ ਆਉਣਗੇ।
        ਸ. ਮਨਪ੍ਰੀਤ ਨੇ ਕਿਹਾ ਕਿ ਪੀਪੀਪੀ ਕੇਵਲ ਇੱਕ ਸਾਲ ਪਹਿਲਾ ਬਣੀ ਲੋਕਾਂ ਦੀ ਪਾਰਟੀ ਸੀ ਜਿਸ ਨੇ 50-50 ਸਾਲ ਪਹਿਲਾਂ ਬਣੀਆਂ ਪਾਰਟੀਆਂ ਨੂੰ ਮੁਕਾਬਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦੀ ਨੀਂਹ ਸਿਆਸਤ ਕਰਨ ਲਈ ਨਹੀਂ ਸੀ ਰੱਖੀ ਬਲਕਿ ਇਸ ਲਈ ਰੱਖੀ ਸੀ ਕਿ ਪੰਜਾਬ ਨੂੰ ਨਰਕ ਚੌ ਬਾਹਰ ਕੱਢਣਾ ਹੈ। ਪੀਪੀਪੀ ਨਾਲ ਵੀ ਉਹੀ ਲੋਕ ਜੁੜੇ ਜੋ ਆਪਣੀ ਮਾਤ ਭੂਮੀ ਨੂੰ ਬਚਾਉਣਾ ਚਾਹੁੰਦੇ ਹਨ ਤੇ ਆਪਣੇ ਬੱਚਿਆਂ ਦਾ ਭਵਿੱਖ ਸੁਰਖਿਅਤ ਰੱਖਣਾ ਚਾਹੁੰਦੇ ਹਨ। ਉਨ੍ਹਾਂ ਪੀਪੀਪੀ ਦੇ ਸਮੂਹ ਉਮੀਦਵਾਰਾਂ ਤੇ ਪਾਰਟੀ ਦੇ ਅਹੁਦੇਦਾਰਾ ਦਾ ਵਿਧਾਨ ਸਭਾ ਚੋਣਾਂ 'ਚ ਨਿਭਾਈ ਭੂਮਿਕਾ ਤੇ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਅਜਿਹੀ ਵਫਾਦਾਰ ਸਿਪਾਹੀਆਂ ਦੀ ਟੀਮ ਦੀ ਮਹਿਨਤ ਸਦਕਾ ਹੀ ਅੱਜ ਪਾਰਟੀ ਮਜ਼ਬੂਤ ਧਿਰ ਬਣੀ ਹੈ ਇਥੇ ਜ਼ਿਕਰਯੋਗ ਹੈ ਕਿ ਅੱਜ ਪਾਰਟੀ ਦੇ ਦਫ਼ਤਰ 'ਚ ਪੀਪੀਪੀ ਦੇ ਉਮੀਦਵਾਰਾਂ ਤੇ ਜਨਰਲ ਕੌਂਸਲ ਮੈਂਬਰਾਂ ਦੀ ਮੀਟਿੰਗ ਸੱਦੀ ਗਈ ਸੀ ਜਿਸ 'ਚ ਉਨ੍ਹਾਂ ਨੂੰ ਇੱਕ 12 ਸਵਾਲਾਂ ਦੀ ਕਿਤਾਬ ਵੰਡੀ ਗਈ ਜਿਸ 'ਚ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀਆਂ ਕਮੀਆਂ ਤੇ ਪ੍ਰਾਪਤੀਆਂ ਸੰਬਧੀ ਰਾਇ ਮੰਗੀ ਗਈ। ਵਿਧਾਨ ਸਭਾ ਹਲਕਿਆਂ 'ਚ ਜਿਹੜੇ ਪਾਰਟੀ ਅਹੁਦੇਦਾਰਾਂ ਜਾਂ ਜਨਰਲ ਕੌਂਸਲ ਮੈਂਬਰਾਂ ਨੇ ਪਾਰਟੀ ਉਮੀਦਵਾਰਾਂ ਨੂੰ ਸਹਿਯੋਗ ਨਹੀਂ ਦਿੱਤਾ ਉਨ੍ਹਾਂ ਦੇ ਨਾਵਾਂ ਦੀ ਗੁਪਤ ਸੂਚੀ ਵੀ ਪ੍ਰਾਪਤ ਕੀਤੀ ਗਈ। ਇਸ ਸੰਬਧੀ ਸ. ਮਨਪ੍ਰੀਤ ਨੇ ਕਿਹਾ ਕਿ ਜਿਨ੍ਹਾਂ ਨੇ ਪਾਰਟੀ ਲਈ ਕੰਮ ਨਹੀਂ ਕੀਤਾ ਜਾ ਅਨੁਸਾਸ਼ਨ 'ਚ ਰਹਿ ਕੇ ਬਹਿਤਰੀ ਲਈ ਕੰਮ ਨਹੀਂ ਕੀਤਾ ਉਨ੍ਹਾਂ ਵਿਰੁੱਧ 6 ਮਾਰਚ ਤੋਂ ਬਾਅਦ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸ. ਮਨਪ੍ਰੀਤ ਬਾਦਲ ਦੇ ਨਾਲ ਪਾਰਟੀ ਦੇ ਸ੍ਰਪਰਸਤ ਸਰਦਾਰਾ ਸਿੰਘ ਜੌਹਲ ਤੋਂ ਇਲਾਵਾ ਅਭੈ ਸਿੰਘ ਸੰਧੂ, ਭਾਰਤ ਭੂਸ਼ਨ ਥਾਪਰ, ਗੁਰਪ੍ਰੀਤ ਸਿੰਘ ਭੱਟੀ, ਭਗਵੰਤ ਮਾਨ, ਦਰਸ਼ਨ ਸਿੰਘ ਮਧੀਰ, ਕੁਲਦੀਪ ਸਿੰਘ ਢੋਂਸ, ਸਰਬਜੀਤ ਸਿੰਘ ਮੱਖਣ, ਦੀਦਾਰ ਸਿੰਘ ਭੱਟੀ, ਰਾਮਸ਼ਰਨ ਪਾਲ ਸ਼ਰਮਾ, ਵੀਰ ਦਵਿੰਦਰ ਸਿੰਘ, ਹਰਨੇਕ ਸਿੰਘ ਘੜੂੰਆਂ, ਅਮਰਦੀਪ ਸਿੰਘ ਬਰਾੜ ਆਦਿ ਵੀ ਸ਼ਾਮਲ ਸਨ।  
       ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅੱਜ ਸ. ਮਨਪ੍ਰੀਤ ਨੇ ਪਾਰਟੀ ਅਹੁਦੇਦਾਰਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਆਏ ਪਰਵਾਸੀ ਪੰਜਾਬੀਆਂ ਨਾਲ ਵੀ ਵਿਸ਼ੇਸ ਮੁਲਾਕਾਤ ਕੀਤੀ ਅਤੇ ਚੋਣਾਂ ਦੌਰਾਨ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ।

**********

No comments: