Thursday, February 23, 2012

ਪੰਜਾਬ 'ਚੌਂ ਖ਼ਤਮ ਹੋ ਜਾਵੇਗਾ ਲਾਲ ਬੱਤੀਆਂ ਤੇ ਗੰਨਮੈਨਾਂ ਦਾ ਰਿਵਾਜ਼

ਸਾਂਝਾ ਮੋਰਚਾ 35 ਤੋਂ 40 ਸੀਟਾਂ ਤੇ ਜਿੱਤ ਦਰਜ ਕਰੇਗਾ-ਪੀਪੀਪੀ ਵੱਲੋਂ ਦਾਅਵਾ
ਚੰਡੀਗੜ੍ਹ : 6 ਮਾਰਚ ਤੋਂ ਬਾਅਦ ਪੰਜਾਬ 'ਚ ਲਾਲ-ਬੱਤੀਆਂ ਲਾਉਣ ਤੇ ਸੁੱਰਖਿਆ ਮੁਲਾਜ਼ਮ ਰੱਖਣ ਦਾ ਰਿਵਾਜ਼ ਖ਼ਤਮ ਹੋ ਜਾਵੇਗਾ। ਖਾਸਕਰ ਪੰਜਾਬ ਦਾ ਪੜ੍ਹਿਆ ਲਿਖਿਆ ਵਰਗ ਤੇ ਨੌਜਵਾਨ ਵਰਗ ਸੂਬੇ 'ਚ ਵਿਗੜ ਚੁੱਕਿਆ ਨਿਜ਼ਾਮ ਬਦਲਣ ਦੀ ਸੋਚ ਰੱਖਦਾ ਹੈ ਤੇ ਇਹੀ ਕਾਰਣ ਹੈ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਇਸ ਵਾਰ ਵੋਟਾਂ ਵੱਧ ਪੋਲ ਹੋਈਆਂ ਹਨ। ਪੀਪੀਪੀ ਦੇ ਬੁਲਾਰੇ ਸ. ਅਰੁਨਜੋਤ ਸਿੰਘ ਸੋਢੀ ਨੇ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਸ. ਮਨਪ੍ਰੀਤ ਸਿੰਘ ਬਾਦਲ ਦੀ ਸਾਫ਼ – ਸੁਥਰੀ ਸ਼ਖਸੀਅਤ ਤੇ ਉੱਚੀ ਸੋਚ ਨੇ ਪੰਜਾਬ 'ਚ ਬਦਲਾਅ ਦਾ ਮਾਹੌਲ ਸਿਰਜ ਦਿੱਤਾ ਹੈ ਤੇ ਸਾਂਝਾ ਮੋਰਚਾ ਵਿਧਾਨ ਸਭਾ ਚੋਣਾਂ 'ਚ 35 ਤੋਂ 40 ਸੀਟਾਂ ਦਰਮਿਆਣ ਜਿੱਤ ਦਰਜ਼ ਕਰੇਗਾ। 
              ਉਨ੍ਹਾਂ ਦੱਸਿਆ ਕਿ ਚੋਣ ਨਤੀਜਿਆਂ ਤੋਂ ਬਾਅਦ ਸੂਬੇ 'ਚੌਂ ਭੈੜੀਆਂ ਅਲਾਮਤਾਂ ਜਿਵੇਂ ਨਸ਼ਾਖੋਰੀ, ਅਨਪੜ੍ਹਤਾ, ਰਿਸ਼ਵਤਖੋਰੀ ਆਦਿ ਦੇ ਖਾਤਮੇ ਲਈ ਵਿਸ਼ੇਸ ਜਾਗਰੂਕਤਾ ਮੁਹਿੰਮ ਅਰੰਭੀ ਜਾਵੇਗੀ ਤਾਂ ਜੋ ਲੋਕਾਂ ਮਾਤ-ਭੂਮੀ ਨੂੰ ਬਚਾਉਣ ਲਈ ਜ਼ਜਬਾ ਪੈਦਾ ਹੁੰਦਾ ਰਹੇ। ਉਨ੍ਹਾਂ ਕਿਹਾ ਕਿ ਇੰਨ੍ਹਾਂ ਚੋਣਾਂ ਦੌਰਾਨ ਜਿਸ ਤਰਾਂ ਪੰਜਾਬੀਆਂ ਨੇ ਬਦਲਾਅ ਲਿਆਉਣ ਲਈ ਵੋਟਾਂ ਪਈਆਂ ਹਨ ਉਹ ਹਿੰਦੁਸਤਾਨ ਲਈ ਮੀਲ ਪੱਥਰ ਸਾਬਿਤ ਹੋਣਗੀਆਂ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਪੂਰੇ ਭਾਰਤ 'ਚ ਵੱਡਾ ਸਿਆਸੀ ਬਦਲਾਵ ਆਵੇਗਾ ਤੇ ਲੋਕ ਗੰਧਲ ਚੁੱਕੇ ਨਿਜ਼ਾਮ ਨੂੰ ਬਦਲਣ ਲਈ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਪੜ੍ਹੇ ਲਿਖੇ ਤੇ ਇਮਾਨਦਾਰ ਆਗੂਆਂ ਨੂੰ ਵੋਟ ਪਾਕੇ ਲੋਕ ਸਭਾ 'ਚ ਭੇਜਣਗੇ।
               ਉਨ੍ਹਾਂ ਦੱਸਿਆਂ ਕਿ ਸ. ਮਨਪ੍ਰੀਤ ਸਿੰਘ ਬਾਦਲ ਦੀ ਸਿਹਤ 'ਚ ਪੂਰੀ ਤਰਾਂ ਨਾਲ ਸੁਧਾਰ ਹੋਇਆ ਹੈ ਅਤੇ ਡਾਕਟਰਾਂ ਦੀ ਤਾਜ਼ਾ ਜਾਣਕਾਰੀ ਅਨੁਸਾਰ ਹੁਣ ਗਲ ਦੇ ਅਪ੍ਰੇਸ਼ਨ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਦੱਸਿਆ ਕਿ ਇੰਨ੍ਹਾ ਦਿਨਾਂ 'ਚ ਮੋੜ ਅਤੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦਾ ਧੰਨਵਾਦੀ ਦੋਰਾ ਚੱਲ ਰਿਹਾ ਹੈ ਅਤੇ 6 ਮਾਰਚ ਤੋਂ ਬਾਅਦ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦਾ ਦੌਰਾ ਉਲੀਕਿਆ ਜਾਵੇਗਾ।  ਉਨ੍ਹਾਂ ਦੱਸਿਆ ਕਿ 6 ਮਾਰਚ ਤੋਂ ਬਾਅਦ ਪਾਰਟੀ ਦੇ ਜੱਥੇਬੰਧਕ ਢਾਂਚੇ ਦਾ ਬਦਲਾਅ ਹੋਵੇਗਾ ਕਿਉਂਕਿ ਕਈ ਜਨਰਲ ਕੌਂਸਲ ਮੈਂਬਰਾਂ ਤੇ ਅਹੁਦੇਦਾਰਾਂ ਨੇ ਪੀਪੀਪੀ ਦੀਆਂ ਨੀਤੀਆਂ ਅਨੁਸਾਰ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੋ ਲੋਕ ਮੌਕਾਪ੍ਰਸਤੀ ਤੇ ਨਿੱਜੀ ਲਾਲਚ ਲਈ ਰਾਜਨੀਤੀ ਕਰਦੇ ਹਨ ਉਨ੍ਹਾਂ ਲੋਕਾਂ ਲਈ ਪੀਪੀਪੀ 'ਚ ਕੋਈ ਜਗ੍ਹਾਂ ਨਹੀਂ। ਸ੍ਰੀ ਸੋਢੀ ਨੇ ਦੱਸਿਆਂ ਕਿ ਪੰਜਾਬ ਭਰ ਤੋਂ ਅਹੁਦੇਦਾਰਾਂ ਤੇ ਵਰਕਰਾਂ ਦੀ ਕਾਰਗੁਜ਼ਾਰੀ ਸੰਬੰਧੀ ਗੁਪਤ ਰਿਪੋਰਟਾਂ ਪਾਰਟੀ ਦਫ਼ਤਰ ਪਹੁੰਚ ਰਹੀਆਂ ਹਨ ਜਿੰਨ੍ਹਾਂ ਸਬੰਧੀ ਫੈਸਲਾ ਸ. ਮਨਪ੍ਰੀਤ ਸਿੰਘ ਬਾਦਲ ਦੀ ਸੈਂਟਰਲ ਕਮੇਟੀ ਨਾਲ ਰਾਇ ਉਪਰੰਤ ਕਰਨਗੇ।     ********

No comments: