Tuesday, February 28, 2012

ਪੰਜਾਬ ਦੀਆਂ ਖਬਰਾਂ ਪੰਜਾਬੀ ਮੀਡੀਆ ਦੀ ਨਜ਼ਰ ਵਿੱਚ

ਅਧਿਆਪਕਾ ’ਤੇ ਅੰਨ੍ਹੇਵਾਹ ਫਾਇਰਿੰਗ,ਗੰਭੀਰ ਜ਼ਖ਼ਮੀ
ਮੋਗਾ ਦੇ ਐਸ.ਐਸ.ਪੀ. ਇੰਦਰਬੀਰ ਸਿੰਘ ਸਿਵਲ ਹਸਪਤਾਲ ਵਿਖੇ ਅਧਿਆਪਕਾ ਨੂੰ ਗੋਲੀ ਮਾਰਨ ਸਬੰਧੀ ਜਾਣਕਾਰੀ ਦਿੰਦੇ ਹੋਏ (ਫੋਟੋ: ਰੱਤੀਆ) 
ਜਗਸੀਰ
ਨਿਹਾਲ ਸਿੰਘ ਵਾਲਾ , 27 ਫਰਵਰੀ
ਸਥਾਨਕ ਥਾਣੇ ਤਹਿਤ ਪੈਂਦੇ ਪਿੰਡ ਰੌਂਤਾ ਵਿਖੇ ਸਰਕਾਰੀ ਸਕੂਲ ਦੀ ਅਧਿਆਪਕਾ ਨੂੰ ਮੋਟਰਸਾਈਕਲ ਸਵਾਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਪੁਲੀਸ ਅਨੁਸਾਰ ਅਧਿਆਪਕਾ ਹਰਪ੍ਰੀਤ ਕੌਰ ਵਾਸੀ ਭਰਥਲਾ ਮਡੇਰ (ਸੰਗਰੂਰ) ਸਰਕਾਰੀ ਹਾਈ ਸਕੂਲ ਰੌਂਤਾ ’ਚ ਤਾਇਨਾਤ ਹੈ। ਅੱਜ ਜਦ ਸਕੂਲ ਵਿੱਚੋਂ ਛੁੱਟੀ ਹੋਣ ਪਿੱਛੋਂ ਅਧਿਆਪਕਾ ਆਪਣੀ ਇਨੋਵਾ ਗੱਡੀ ’ਤੇ ਜਾ ਰਹੀ ਸੀ ਤਾਂ ਮਾਣੂਕੇ ਸੂਏ ਕੋਲ ਖਡ਼੍ਹੇ ਦੋ ਮੋਟਰਸਾਈਕਲ ਸਵਾਰਾਂ ਨੇ ਗੱਡੀ ਦੇ ਅੱਗੇ ਹੋ ਕੇ ਹਥਿਆਰ ਦਿਖਾਏ। ਘਬਰਾ ਕੇ ਡਰਾਈਵਰ ਤੋਂ ਗੱਡੀ  ਬੇਕਾਬੂ ਹੋ ਗਈ ਤੇ ਖਤਾਨਾਂ ਵਿੱਚ ਜਾ ਡਿੱਗੀ ਤੇ ਗੱਡੀ ਦੇ ਸ਼ੀਸ਼ੇ ਟੁੱਟ ਗਏ। ਬਾਅਦ ’ਚ ਉਕਤ ਹਮਲਾਵਰਾਂ ਨੇ ਅਧਿਆਪਕਾ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਉਸ ਦੇ ਮੱਥੇ ’ਚ ਤੇ ਦੂਸਰੀ ਲੱਤ ’ਤੇ ਜਾ ਲੱਗੀ।  ਜ਼ਖ਼ਮੀ ਹਾਲਤ ਵਿੱਚ ਅਧਿਆਪਕਾ ਨੂੰ ਮੋਗਾ ਵਿਖੇ ਇਲਾਜ ਲਈ ਲਿਜਾਇਆ ਗਿਆ ਜਿਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ  ਲੁਧਿਆਣਾ ਰੈਫਰ ਕਰ ਦਿੱਤਾ। ਘਟਨਾ ਦਾ ਪਤਾ ਲੱਗਦਿਆਂ ਹੀ ਐਸ.ਐਸ.ਪੀ. ਇੰਦਰਵੀਰ ਸਿੰਘ, ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਚੀਮਾ, ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਕੇ.ਡੀ. ਸ਼ਰਮਾ, ਐਸ.ਪੀ.(ਡੀ) ਨਰਿੰਦਰ ਸਿੰਘ ਘਟਨਾ ਸਥਾਨ ਤੇ ਪਹੰੁਚ ਗਏ। ਉਨ੍ਹਾਂ ਕਿਹਾ ਕਿ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। (ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ
 
ਸਕੂਲੀ ਬੱਚਿਆਂ ਦੀ ਡੇਰਾ ਫੇਰੀ ਬਾਰੇ ਪੁਲੀਸ ਵੱਲੋਂ ਜਾਂਚ ਸ਼ੁਰੂ
ਪੱਤਰ ਪ੍ਰੇਰਕ
ਮਾਨਸਾ, 27 ਫਰਵਰੀ
ਮਾਨਸਾ ਜ਼ਿਲ੍ਹੇ ਦੇ ਪਿੰਡ ਸਾਹਨੇਵਾਲੀ ਦੇ ਗੌਰਮਿੰਟ ਗੁਰੂ ਗੋਬਿੰਦ ਆਦਰਸ਼ ਸਕੂਲ ਦੀ ਪ੍ਰਿੰਸੀਪਲ ਵੱਲੋਂ ਟੂਰ ’ਤੇ ਗਏ ਬੱਚਿਆਂ ਨੂੰ ਡੇਰੇ ਲਿਜਾ ਕੇ ਜਾਮ-ਏ-ਇੰਸਾਂ ਪਿਲਾਉਣ ਦੇ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਵਿਭਾਗ ਨੇ ਸਿੱਖ ਜਥੇਬੰਦੀਆਂ ਦੀ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਸਿੱਖ ਜਥੇਬੰਦੀਆਂ ਨੇ ਸਕੂਲ ਪ੍ਰਿੰਸੀਪਲ ਖ਼ਿਲਾਫ਼ ਦੋ ਦਿਨਾਂ ਦੇ ਅੰਦਰ ਕਾਰਵਾਈ ਨਾ ਕਰਨ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਅੱਜ ਸਿੱਖ ਜਥੇਬੰਦੀਆਂ ਦੇ ਪਹੁੰਚਣ ’ਤੇ ਸਕੂਲ ਦੇ ਆਲੇ-ਦੁਆਲੇ ਪੁਲੀਸ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਅਣਸੁਖਾਵੀਂ ਘਟਨਾਵਾਂ ਨੂੰ ਰੋਕਣ ਲਈ ਲੋਡ਼ੀਂਦੇ ਸੁਰੱਖਿਆ ਪ੍ਰਬੰਧ ਵੀ ਕਰ ਦਿੱਤੇ ਹਨ।
ਸਕੂਲੀ ਬੱਚਿਆਂ ਨੂੰ ਡੇਰੇ ਲਿਜਾ ਕੇ ਜਾਮ-ਏ-ਇੰਸਾਂ ਪਿਲਾਉਣ ਦੇ ਮਾਮਲੇ ਦੇ ਵਿਰੋਧ ਵਿੱਚ ਅੱਜ ਪੰਥਕ ਸੇਵਾ ਲਹਿਰ ਦਾਦੂਵਾਲ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਆਪਣੇ ਜਥੇ ਨਾਲ ਝੁਨੀਰ ਪਹੁੰਚੇ ਅਤੇ ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਕਰਨ ਤੋਂ ਬਾਅਦ ਇਸ ਮਾਮਲੇ ਸਬੰਧੀ ਸ਼ਿਕਾਇਤ ਥਾਣਾ ਮੁਖੀ ਨੂੰ ਦਿੰਦਿਆਂ ਬਣਦੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਇਸ ਘਟਨਾ ਨਾਲ ਠੇਸ ਪਹੁੰਚੀ ਹੈ। ਉਨ੍ਹਾਂ ਮੰਗ ਕੀਤੀ ਕਿ ਸਕੂਲ ਪ੍ਰਿੰਸੀਪਲ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਸਕੂਲ ਵਿੱਚੋਂ ਕੱਢਿਆ ਜਾਵੇ।
ਇਸ ਦੇ ਨਾਲ ਸਕੂਲ ਮੁਖੀ ਨੂੰ ਬਦਲਣ ਦੀ ਚਰਚਾ ਵੀ ਰਹੀ ਪਰ ਕਿਸੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਮਾਮਲੇ ’ਤੇ ਹਾਲੇ ਤੱਕ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਵੀ ਕੁਝ ਬੋਲਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।
ਥਾਣਾ ਝੁਨੀਰ ਦੇ ਮੁਖੀ ਗੁਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਜਥੇਬੰਦੀ ਦਾ ਲਿਖਤੀ ਪੱਤਰ ਪਹੁੰਚਿਆ ਹੈ। ਇਸ ਬਾਰੇ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਪ੍ਰਦੀਪ ਕੁਮਾਰ ਯਾਦਵ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਕਿ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਨੂੰ ਬਿਨਾਂ ਕਿਸੇ ਦੇਰੀ ਸਬੰਧਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇ ਧਰਮ ਨੂੰ ਤਬਦੀਲ ਕਰਨਾ ਵੱਡਾ ਗੁਨਾਹ ਹੈ। (ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ

No comments: