Monday, February 20, 2012

ਮਿੰਨੀ ਕਹਾਣੀ//ਫਿਕਰ//ਲਾਲ ਸਿੰਘ ਦਸੂਹਾ

ਕਾਰ ਰੈਲੀ  
ਤਸਵੀਰ ਧੰਨਵਾਦ ਸਹਿਤ Scribble 
ਸਾਰਾ ਦਿਨ ਮੀਂਹ ਵਰਦਾ ਰਿਹਾ । ਸਾਰੀ ਰਾਤ ਵੀ । ਜਰਨੈਲੀ ਸਡ਼ਕ ‘ਤੇ ਪੈਂਦੀ ਬਜਰੀ ਦੀ ਮੋਟੀ ਤਹਿ ਦੇ ਨਾਲ ਨਾਲ ਤੁਰਦੇ ਲੇਬਰ ਦੇ ਤੰਬੂ , ਖੇਤਾਂ-ਖਤਾਨਾਂ ਵਿੱਚ ਭਰੇ ਪਾਣੀ ਅੰਦਰ ਡੁਬਣੋ ਡਰਦੇ , ਬਣਦੀ ਪੱਕੀ ਵਲ ਨੂੰ ਸਰਕ ਆਏ – ਅਗਲਾ ਦਿਨ ਚਡ਼੍ਹਦਿਆਂ ਸਾਰ ਹੀ ਠੇਕੇਦਾਰ ਦੀਆਂ ਗੰਦੀਆਂ ਜਾਲ੍ਹਾਂ ਨਾਲ ਲਿਬਡ਼ੇ ਤੰਬੂ ਤਾਂ ਖਤਾਨਾਂ ਦੀਆਂ ਢਲਾਨਾਂ ਵਲ ਤਿਲਕ ਗਏ ,ਉਨ੍ਹਾਂ ਅੰਦਰ ਠੁਰ ਠੁਰ ਕਰਦੇ ਭਿੱਜੇ ਚੁਲ੍ਹੇ ‘ਦਿਹਾਡ਼ੀਦਾਰਾਂ ’ ਲਈ ਬੁਰਕੀ ਰੋਟੀ ਵੀ ਨਾ ਪਕਾ ਸਕੇ ।
ਦੂਰ ਹਟਵੇਂ ਛੱਪਡ਼ ‘ਚ ਪਾਣੀ ਢੋਂਦੀ ਟੈਂਕੀ ਦੀ ਲੇਬਰ ਬਚਾਉਣ ਲਈ ਠੇਕੇਦਾਰ ਨੇ ਵਰ੍ਹਦੀ ਮੀਂਹ ਵਿਚ ਪਰਲੂ ਚਲਾਉਣ ਦਾ ਹੁਕਮ ਦੇ ਕੇ , ਭੁੱਖੇ-ਭਾਣੇ ਮਰਦਾਂ-ਇਸਤ੍ਰੀਆਂ ਨੂੰ ਟੋਕਰੀਆਂ ਹੇਠ ਜੋਡ਼ ਦਿੱਤਾ । ਰਾਧੀ ਦੀ ਪੰਜ ਕੁ ਸਾਲ ਦੀ ਪਿੰਨੋ ਨੇ ਮਾਂ ਦੀ ਪਾਟੀ ਸਾਡ਼ੀ ‘ਚੋਂ ਟੋਟੋ ਵਿਚ ਇਕ ਸਾਲ ਦੇ ਨਿੱਕੇ ਤੇਜੂ ਨੂੰ ਲਪੇਟ ਲਿਆ , ਅਤੇ ‘ ਸਡ਼ਕ ਬੰਦ ਹੈ ‘ ਲਿਖੇ ਦੋ ਡਰਮਾਂ ‘ਤੇ ਟਿਕਾਏ ਫੱਟੇ ਹੇਠ ਖਲੋ ਕੇ ਆਉਂਦੀਆਂ ਮੋਟਰਾਂ ਗੱਡੀਆਂ ਨੂੰ ਰੋਕ ਕੇ ਲੰਘਾਉਣ ਲਈ ਮੈਲੀ ਜਿਹੀ ਲਾਲ ਝੰਡੀ ਫਡ਼ ਲਈ । 
ਦੁਪਹਿਰ ਪਿਛੋਂ ਇਸ ਸਡ਼ਕੇ ਅੰਤਰ-ਰਾਸ਼ਟਰੀ ਕਾਰ ਰੈਲੀ ਲੰਘਣ ਤੋਂ ਪਹਿਲਾਂ ਪਹਿਲਾਂ ਬਹੁਤੇ ਖ਼ਰਾਬ ਟੋਟੋ ਨੂੰ ਸੁਆਰਨ ਦੇ ਉਪਰੋਂ ਚਡ਼੍ਹੇ ਹੁਕਮ ਦੀ ਪਾਲਣਾ ਕਰਦੇ ਠੇਕੇਦਾਰ ਨੇ ਰਾਧੀ ਨੂੰ ਦੁੱਧ ਚੁੰਘਾਉਣ ਲਈ ਵਿਲਕਦੇ ਬਾਲ ਕੋਲ ਜਾਣੋ ਉਨ੍ਹਾਂ ਚਿਰ ਰੋਕੀ ਰੱਖਿਆ ਜਿੰਨਾ ਚਿਰ ਮਹਿਕਮੇ ਦੇ ਵੱਡੇ ਅਫ਼ਸਰ ਦੀ ਜੀਪ ਨੱਪੀ ਰੋਡ਼ੀ ਉਪਰੋਂ ਲੰਘ ਕੇ ’ ਓ.ਕੇ. ‘ ਨਾਂ ਆਖ ਗਈ ।ਠੰਡ ਨਾਲ ਠਰੇ ਸੁੰਨ ਹੋਏ ਬਾਲਾਂ ਨੂੰ ਭਿੱਜੇ ਤੰਬੂ ਅੰਦਰ ਸੁਲਘਦੀ ਅੱਗ ਦਾ ਧੂਆਂ ਸਿਕਾਉਂਦੀ ਰਾਧੀ ਨੂੰ ਨੇਰ੍ਹੀ ਵਾਂਗ ਲੰਘਦੀਆਂ ਸੁਦੇਸ਼ੀ-ਵਿਦੇਸ਼ੀ ਕਾਰਾਂ ਨਾਲ ਉਭਰ ਕੇ ਗੋਲੀ ਵਾਂਗ ਤੰਬੂ ਵਿਚ ਵਜਦੇ ਚਿੱਕਡ਼ ਦੇ ਛਿਟਿਆਂ ਦਾ ਓਨਾ ਫਿਕਰ ਨਹੀਂ ਸੀ ਜਿਨਾ ਤਿੰਨ ਕੁ ਮੀਲਾਂ ਦੀ ਵਿੱਥ ‘ਤੇ ਵੱਸੇ ਕਰਬੇ ਤੋਂ ਠੇਕੇਦਾਰ ਦੇ ਘਰੋਂ ‘ਤਨਖਾਹ ‘ ਲੈ ਕੇ ਆਟਾ-ਦਾਲ ਲੈਣ ਗਏ ਭਈਆਂ ਦਾ ,ਜਿਹਡ਼ੇ ਉਦ੍ਹੇ ਬੰਦੇ ਸਮੇਤ ਏਨੀ ਰਾਤ ਗਿਆਂ ਵੀ ਹਾਲੀ ਸ਼ਹਿਰੋਂ ਨਹੀਂ ਸਨ ਪਰਤੇ ।
ਲਾਲ ਸਿੰਘ ਦਸੂਹਾ
ਨੇਡ਼ੇ ਐਸ.ਡੀ.ਐਮ. ਕੋਰਟ,  
ਜੀ.ਟੀ.ਰੋਡ ਦਸੂਹਾ(ਹੁਸ਼ਿਆਰਪੁਰ)  
Mobile No : 094655-74866

No comments: