Thursday, February 09, 2012

ਅਰਜਨਟੀਨਾਂ ਬਣਿਆਂ ਮਹਿਲਾ ਹਾਕੀ ਚੈਂਪੀਅਨਜ਼ ਟਰਾਫ਼ੀ ਚੈਂਪੀਅਨ

21ਵਾਂ ਮੁਕਾਬਲਾ 2014 ਨੁੰ ਭਾਰਤ ਵਿੱਚ 
ਰਣਜੀਤ ਸਿੰਘ ਪ੍ਰੀਤ
ਅਰਜਨਟੀਨਾ ਦੇ ਸ਼ਹਿਰ ਰੋਸਾਰੀਓ ਵਿੱਚ 20ਵੀਂ ਮਹਿਲਾ ਚੈਂਪੀਅਨਜ਼ ਟਰਾਫ਼ੀ 28 ਜਨਵਰੀ ਤੋਂ 5 ਫਰਵਰੀ ਤੱਕ ਖੇਡੀ ਗਈ । ਜਿਸ ਵਿੱਚ ਸ਼ਾਮਲ ਹੋਈਆਂ 8 ਟੀਮਾਂ ਨੂੰ ਪੂਲ ਏ:ਹਾਲੈਂਡ,ਇੰਗਲੈਂਡ,ਚੀਨ ,ਜਪਾਨ,ਅਤੇ ਪੂਲ ਬੀ ਜਰਮਨੀ,ਦੱਖਣੀ ਕੋਰੀਆ,ਨਿਊਜ਼ੀਲੈਂਡ,ਅਰਜਨਟੀਨਾ ਅਨੁਸਾਰ ਵੰਡਿਆ ਗਿਆ ਸੀ । ਇਸ ਵਰਗ ਦਾ ਪਹਿਲਾ ਮੁਕਾਬਲਾ 1987 ਵਿੱਚ ਹਾਲੈਂਡ ਨੇ ਐਮਸਤਲਵੀਨ ਵਿੱਚ ਆਸਟਰੇਲੀਆ ਨੂੰ ਹਰਾਕੇ ਜਿੱਤਿਆ ਸੀ । ਸਨ 2011 ਦਾ 19ਵਾਂ ਮੁਕਾਬਲਾ ਵੀ ਹਾਲੈਂਡ ਨੇ ਆਪਣੀ ਹੀ ਮੇਜ਼ਬਾਨੀ ਅਧੀਨ ਐਮਸਟਰਡਮ ਵਿੱਚ ਅਰਜਨਟੀਨਾ ਨੂੰ 3-3 ਨਾਲ ਬਰਾਬਰ ਰਹਿਣ ਮਗਰੋਂ, ਪਨੈਲਟੀ ਸਟਰੌਕ ਜ਼ਰੀਏ 3-2 ਨਾਲ ਹਰਾਕੇ ਜਿੱਤਿਆ । ਅਗਲਾ 21ਵਾਂ ਮੁਕਾਬਲਾ 2014 ਨੁੰ ਭਾਰਤ ਵਿੱਚ ਹੋਣਾ ਹੈ । ਹੁਣ ਤੱਕ 7 ਮੁਲਕ ਹੀ ਫਾਈਨਲ ਖੇਡੇ ਹਨ । ਹਾਲੈਂਡ-ਆਸਟਰੇਲੀਆ ਨੇ 10-10 ਫਾਈਨਲ ਖੇਡ ਕੇ 6-6 ਜਿੱਤਾਂ ਹਾਸਲ ਕੀਤੀਆਂ ਹਨ,ਪਰ 8 ਵਾਰੀ ਤੀਜਾ ਸਥਾਨ ਲੈਣ ਕਰਕੇ ਹਾਲੈਂਡ ਸਿਖ਼ਰ’ਤੇ ਹੈ । ਆਸਟਰੇਲੀਆ ਨੇ 2 ਵਾਰ ਤੀਜਾ ਅਤੇ 3 ਵਾਰ ਚੌਥਾ ਸਥਾਨ ਲਿਆ ਹੈ । ਅਰਜਨਟੀਨਾਂ ਨੇ 8 ਫਾਈਨਲ ਖੇਡੇ ਹਨ,5 ਵਾਰੀ ਖ਼ਿਤਾਬ ਜੇਤੂ ਬਣਿਆਂ ਹੈ । ਤਿੰਨ ਵਾਰੀ ਦੂਜੀ ਅਤੇ ਇੱਕ ਵਾਰੀ ਤੀਜੀ ਪੁਜ਼ੀਸ਼ਨ ਮੱਲੀ ਹੈ । ਜਰਮਨੀ ਨੇ 6,ਚੀਨ ਨੇ 3 ਅਤੇ ਦੱਖਣੀ ਕੋਰੀਆ ਨੇ 2, ਫਾਈਨਲ ਖੇਡ ਕੇ ਇੱਕ-ਇੱਕ ਹੀ ਜਿੱਤਿਆ ਹੈ । ਇੰਗਲੈਂਡ ਨੇ 5 ਫਰਵਰੀ ਨੂੰ  ਇੱਕ ਫਾਈਨਲ ਖੇਡ ਕੇ ,ਉਹੀ ਅਰਜਨਟੀਨਾ ਤੋਂ 1-0 ਨਾਲ ਹਾਰਿਆ ਹੈ । ਪਰ ਫਾਈਨਲ ਖੇਡਣ ਵਾਲੇ 7 ਵੇਂ ਮੁਲਕ ਵਜੋਂ ਆਪਣਾ ਨਾਂ ਦਰਜ ਕਰਵਾਉਣ ਵਿੱਚ ਸਫ਼ਲ ਰਿਹਾ ਹੈ ।
                     ਲੰਡਨ ਓਲੰਪਿਕ ਤੋਂ ਪਹਿਲਾਂ ਦਾ ਇਹ ਅਹਿਮ ਮੁਕਾਬਲਾ ਸੀ,ਜਿਸ ਦਾ ਮੁਢਲਾ ਰਾਊਂਡ ਰੌਬਿਨ ਗੇਡ਼ 28 ਜਨਵਰੀ ਤੋਂ 31 ਜਨਵਰੀ ਤੱਕ ਚੱਲਿਆ । ਜਦੋਂ ਕਿ 2 ਫਰਵਰੀ ਤੋਂ 5 ਫਰਵਰੀ ਤੱਕ ਨਾਕ-ਆਊਟ ਗੇਡ਼ ਖੇਡਿਆ ਗਿਆ । ਕੁੱਲ ਮਿਲਾਕੇ ਖੇਡੇ ਗਏ 24 ਮੈਚਾਂ ਵਿੱਚ 110 ਗੋਲ ਹੋਏ । ਦੋਹਾਂ ਗਰੁੱਪਾਂ ਵਿੱਚੋਂ 2-2 ਦੇ ਹਿਸਾਬ ਨਾਲ ਰੋਜ਼ਾਨਾ 4-4 ਮੈਚ ਖੇਡੇ ਗਏ । ਜਨਵਰੀ 30,ਪਹਿਲੀ ਫਰਵਰੀ ਅਤੇ 4 ਨੂੰ ਅਰਾਮ ਦੇ ਦਿਨ ਸਨ ।  ਉਦਘਾਟਨੀ ਮੈਚ ਹਾਲੈਂਡ ਅਤੇ ਚੀਨ ਦਰਮਿਆਂਨ ਹੋਇਆ ,ਜੋ 3-1 ਨਾਲ ਹਾਲੈਂਡ ਦੇ ਹਿੱਸੇ ਰਿਹਾ । ਪੂਲ ਏ ਵਿੱਚ ਹਾਲੈਂਡ ਦੀ ਟੀਮ 2 ਜਿੱਤਾਂ, ਇੱਕ ਬਰਾਬਰੀ ਸਦਕਾ 9 ਗੋਲ ਕਰਕੇ ,4 ਕਰਵਾਕੇ +5 ਦੇ ਗਣਿਤ ਅਨੁਸਾਰ 7 ਅੰਕਾਂ ਨਾਲ ਸ਼ਿਖਰ’ਤੇ ਰਹੀ । ਏਸੇ ਹੀ ਜਿੱਤਾਂ – ਹਾਰਾਂ ਦੇ ਹਿਸਾਬ ਨਾਲ 7 ਅੰਕ ਲੈ ਕੇ ਇੰਗਲੈਂਡ ਟੀਮ ਦੂਜੇ ਸਥਾਨ ’ਤੇ ਰਹੀ । ਫ਼ਰਕ ਸਿਰਫ਼ ਇਹ ਰਿਹਾ ਕਿ ਇਸ ਨੇ 8 ਗੋਲ ਕੀਤੇ ਅਤੇ 3 ਗੋਲ ਕਰਵਾਏ । ਚੀਨਣਾਂ ਨੇ ਇੱਕ ਮੈਚ ਜਿੱਤ ਕੇ 3 ਅੰਕ ਲਏ,ਜਦੋਂ ਕਿ ਜਪਾਨ ਦੀ ਟੀਮ ਕੋਈ ਵੀ ਮੈਚ ਨਾ ਜਿੱਤ ਸਕੀ,ਅਤੇ ਨਾ ਹੀ ਉਸਦੀ ਝੋਲੀ ਕੋਈ ਅੰਕ ਪਿਆ ।
                      ਪੂਲ ਬੀ ਵਿੱਚ ਪਹਿਲਾ ਮੈਚ ਜਰਮਨੀ ਨੇ ਕੋਰੀਆ ਨੂੰ 4-2 ਨਾਲ ਹਰਾ ਕੇ ਜਿੱਤਿਆ । ਪਰ ਏਸੇ ਹੀ ਗੋਲ ਅੰਤਰ ਨਾਲ ਅਰਜਨਟੀਨਾਂ ਤੋਂ ਹਾਰ ਦਾ ਦੁੱਖ ਝੱਲਿਆ । ਪਰ ਫਿਰ ਵੀ 2 ਜਿੱਤਾਂ ਇੱਕ ਹਾਰ ਸਦਕਾ ਜਰਮਨੀ 9 ਗੋਲ ਕਰਕੇ,7 ਕਰਵਾਕੇ ,+2 ਅਨੁਸਾਰ 6 ਅੰਕਾਂ ਨਾਲ ਪੂਲ ਵਿੱਚੋਂ ਟਾਪਰ ਬਣਿਆਂ । ਅਰਜਨਟੀਨਾਂ ਇੱਕ ਮੈਚ ਜਿੱਤ ਕੇ,2 ਬਰਾਬਰ ਖੇਡਕੇ,8 ਗੋਲ ਕਰਕੇ 6 ਕਰਵਾਕੇ ,+2 ਮੁਤਾਬਕ 5 ਅੰਕਾਂ ਨਾਲ ਪੂਲ ਵਿੱਚੋਂ ਦੋਮ ਰਿਹਾ । ਕੋਰੀਆ,ਨਿਊਜ਼ੀਲੈਂਡ ਨੇ 2-2 ਬਰਾਬਰੀਆਂ ,1-1 ਹਾਰ ਨਾਲ ,-2,-2 ਗੋਲ ਅੰਤਰ ਤਹਿਤ 2-2 ਅੰਕ ਹੀ ਹਾਸਲ ਕੀਤੇ । ਪਰ ਕੋਰੀਆ ਦਾ 6 ਗੋਲ ਕਰਨ , 8 ਕਰਵਾਉਂਣ ਨਾਲ ਪੂਲ ਵਿੱਚ ਤੀਜਾ ਸਥਾਨ ਰਿਹਾ । ਜਦੋਂ ਕਿ ਨਿਊਜ਼ੀਲੈਂਡ ਦੇ ਗੋਲਾਂ ਦਾ ਹਿਸਾਬ-ਕਿਤਾਬ 5,7 ਰਿਹਾ ।
             ਪਹਿਲੇ ਰਾਊਂਡ ਰੌਬਿਨ ਦੌਰ ਦੇ ਮੈਚਾਂ ਮਗਰੋਂ 2 ਫਰਵਰੀ ਤੋਂ ਨਾਕ ਆਊਟ ਗੇਡ਼ (ਕੁਆਰਟਰ ਫਾਈਨਲ) ਸ਼ੁਰੂ ਹੋਇਆ ਅਤੇ 4 ਮੈਚ ਖੇਡੇ ਗਏ । ਹਾਲੈਂਡ ਨੇ ਨਿਊਜ਼ੀਲੈਂਡ ਨੂੰ 3-0 ਨਾਲ,ਜਰਮਨੀ ਨੇ ਜਪਾਨ ਨੂੰ 3-2 ਨਾਲ,ਇੰਗਲੈਂਡ ਨੇ ਕੋਰੀਆ ਨੂੰ 4-1 ਨਾਲ,ਅਤੇ ਮੇਜ਼ਬਾਨ ਅਰਜਨਟੀਨਾ ਨੇ ਚੀਨ ਨੂੰ 3-2 ਨਾਲ ਸ਼ਿਕੱਸ਼ਤ ਦਿੰਦਿਆ ,ਕਦਮ ਅੱਗੇ ਵਧਾਏ । ਇਸ ਗੇਡ਼ ਵਿੱਚੋਂ ਹਾਰੀਆਂ 4 ਟੀਮਾਂ ਨੇ 3 ਫਰਵਰੀ ਨੂੰ ਦੋ ਕਰਾਸਓਵਰ ਮੈਚ ਖੇਡੇ,ਜਿਨ੍ਹਾਂ ਵਿੱਚ ਜਪਾਨ ਨੇ ਕੋਰੀਆ ਨੂੰ 4-3 ਨਾਲ,ਅਤੇ ਨਿਊਜ਼ੀਲੈਂਡ ਨੇ ਚੀਨ ਨੂੰ 3-2 ਨਾਲ ਮਾਤ ਦਿੱਤੀ । ਇਹਨਾਂ ਦੋਹਾਂ ਮੈਚਾਂ ਦਾ ਫ਼ੈਸਲਾ ਗੋਲਡਨ ਗੋਲ ਜ਼ਰੀਏ ਹੋਇਆ । ਕੁਆਰਟਰ ਫਾਈਨਲ ਦੀਆਂ ਜੇਤੂ ਟੀਮਾਂ ਨੇ 4 ਫਰਵਰੀ ਨੂੰ ਸੈਮੀਫਾਈਨਲ ਮੈਚ ਖੇਡੇ । ਜਿਨ੍ਹਾਂ ਵਿੱਚ ਇੰਗਲੈਂਡ ਨੇ ਜਰਮਨੀ ਨੂੰ 2-0 ਨਾਲ,ਅਰਜਨਟੀਨਾਂ ਨੇ ਹਾਲੈਂਡ ਨੂੰ 2-2 ‘ਤੇ ਬਰਾਬਰ ਰਹਿਣ ਮਗਰੋਂ ,ਪਨੈਲਟੀ ਸ਼ੂਟ ਆਊਟ ਰਾਹੀਂ 2-0 ਨਾਲ ਹਰਾ ਕੇ ਫਾਈਨਲ ਪ੍ਰਵੇਸ਼ ਪਾਇਆ ।
                               ਵੀਹਵੀਂ ਚੈਂਪੀਅਨਜ਼ ਟਰਾਫ਼ੀ ਦੇ ਅਖ਼ੀਰਲੇ ਦਿਨ 5 ਫਰਵਰੀ ਨੂੰ ਵੀ 4 ਮੈਚ ਹੀ ਖੇਡੇ ਗਏ । ਸੱਤਵੇਂ ਅੱਠਵੇਂ ਸਥਾਨ ਲਈ ਚੀਨ ਅਤੇ ਕੋਰੀਆ ਦਾ ਮੈਚ 3-3 ਨਾਲ ਬਰਾਬਰ ਰਹਿਣ’ਤੇ ਪਨੈਲਟੀ ਸ਼ੂਟ ਆਊਟ ਰਾਹੀਂ 3-2 ਨਾਲ ਕੋਰੀਆ ਦੇ ਹਿੱਸੇ ਰਿਹਾ । ਪੰਜਵੇਂ ਸਥਾਨ ਲਈ ਜਪਾਨ ਨੇ ਨਿਊਜ਼ੀਲੈਂਡ ਨੂੰ 4-3 ਨਾਲ ਮਾਤ ਦਿੱਤੀ । ਤੀਜੀ ਪੁਜ਼ੀਸ਼ਨ ਹਾਲੈਂਡ ਨੇ ਜਰਮਨੀ ਨੂੰ 5-4 ਨਾਲ ਹਰਾਕੇ ਹਾਸਲ ਕੀਤੀ । ਟਰਾਫ਼ੀ ਦਾ ਇਹੀ ਉੱਚ ਮੈਚ ਸਕੋਰ ਰਿਹਾ । ਫਾਈਨਲ ਵਿੱਚ ਅਰਜਨਟੀਨਾਂ ਨੇ ਪਹਿਲੀ ਵਾਰੀ ਫਾਈਨਲ ਤੱਕ ਅਪਡ਼ੇ ਇੰਗਲੈਂਡ ਨੂੰ 1-0 ਨਾਲ ਸ਼ਿਕੱਸ਼ਤ ਦਿੰਦਿਆਂ ਪੰਜਵੀ ਵਾਰ ਖ਼ਿਤਾਬ ਉੱਤੇ ਕਬਜ਼ਾ ਕਰਕੇ ਜਿੱਤ ਦਾ ਜਸ਼ਨ ਮਨਾਇਆ । ਟਰਾਫ਼ੀ ਦੀ ਵਧੀਆ ਖਿਡਾਰਨ ਅਰਜਨਟੀਨਾਂ ਦੀ ਲੂਸੀਆਨਾ ਆਇਮਰ,ਏਸੇ ਮੁਲਕ ਦੀ ਵਧੀਆ ਗੋਲ ਕੀਪਰ ਬਿਲਿਨ ਸੂਕੀ ਅਖਵਾਈ । ਫ਼ੇਅਰ ਪਲੇਅ ਟਰਾਫ਼ੀ ਜਰਮਨੀ ਨੇ ਜਿੱਤੀ । ਜਦੋਂ ਕਿ ਇੰਗਲੈਂਡ ਦੀ ਕਰਿਸਟਾ ਕੁਲਿਨ,ਜਪਾਨ ਦੀ ਰਿਕਾ ਕੋਮਾਜ਼ਾਵਾ,ਅਤੇ ਕੋਰੀਆ ਦੀ ਲੀ ਸਿਓਨ ਓਕ 5-5 ਗੋਲ ਕਰਕੇ ਟਾਪ ਸਕੋਰਰ ਰਹੀਆਂ । ਪਰ ਹੁਣ ਤੱਕ ਦੇ ਚੈਂਪੀਅਨਜ਼ ਟਰਾਫ਼ੀ ਇਤਿਹਾਸ ਵਿੱਚ ਕੋਰੀਆ ਦੀ ਲਿਮ ਕਿਏ ਸੂਕ ਨੇ 8 ਗੋਲ,ਅਤੇ ਆਸਟਰੇਲੀਆ ਦੀ ਜੈਕੀ ਪਰੀਰਿਆ 7 ਗੋਲ ਕਰਨ ਕਰਕੇ ਸ਼ਿਖ਼ਰਲੀ ਪਾਇਦਾਨ ਉੱਤੇ ਕਾਇਮ ਹਨ ।                   
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੋਬਾਈਲ ਸੰਪਰਕ:98157-07232

No comments: