Thursday, February 16, 2012

ਇੱਕ ਸ਼ਹਾਦਤ ਹੋਰ/ਦੇਵਿੰਦਰ ਜੌਹਲ

ਪੀਂਘ ਹਵਾ ਦੀ ਕਿੱਡੀ ਉੱਚੀ
ਫਿਰ ਧਰਤੀ ਕੰਨਾਂ ਤੋ ਬੁੱਚੀ
ਕੌਣ ਆਵਾਜ਼ਾਂ
ਕਿਹਨੂੰ ਮਾਰੇ
ਭਰ ਭਰ ਫ਼ਟਦੇ ਰੋਜ਼ ਗ਼ੁਬਾਰੇ
ਸਡ਼ਕਾਂ ਨੂੰ ਖ਼ੁਦ ਆਪ ਪੁਕਾਰੇ
ਗੁੰਬਦ ਜਿੱਤੇ ਗੁੰਬਦ ਹਾਰੇ
ਕੰਧ ਵਿਹੂਣੇ ਛੱਤ ਚੁਬਾਰੇ
ਮਸਨੂਈ ਲਿਸ਼ਕੋਰ


ਤੇਜ਼ ਹਵਾ ਦਾ ਬੁੱਲਾ ਲੈ ਕੇ
ਇਸ ਧਰਤੀ ਤੇ
ਡੋਰ ਵਿਹੂਣੀ ਗੁੱਡੀ ਵਰਗਾ
ਵਧ ਵਧ ਉੱਡੇ
ਲਾਲ ਗ਼ੁਲਾਬੀ ਰੰਗ ਬਿਰੰਗਾ
ਬਹੁਰੰਗਾ ਵੀ ਭਰਿਆ ਪੂਰਾ
ਇੱਕ ਗ਼ੁਬਾਰਾ ਡੁੱਬਣਹਾਰਾ
ਚਡ਼੍ਹਿਆ ਹਰਿਆ
ਖਾਲੀ ਹੋ ਹੋ ਭਰ ਭਰ ਪੁੱਗੇ
ਮਿੱਟੀ ਦੇ ਵਿਚ ਬੀ ਨਾ ਫੁੱਟੇ
ਮੌਣਾ ਵਿਚ ਬਰੋਟੇ ਉੱਗੇ
ਪਾਰਸ਼ਿਆਂ ਚੋ ਪਾਣੀ ਲਭਦੇ
ਮੂਧੇ ਮੂੰਹ ਨੇ ਮੋਰ


ਉੱਚੇ ਪੱਥਰ ਛੋਟੀਆਂ ਛਾਵਾਂ
ਪਿੱਪਲ ਥੱਲੇ ਬੈਠ ਬਲਾਵਾਂ
ਢਾਸਣ ਲਾਏ ਮਤੇ ਪਕਾਏ
ਪਲਕਾਂ ਖੋਲੀ ਧੁੱਪ ਅਚਾਨਕ ਨੀਝ ਲਗਾਏ
ਦਿਲ ਨੂੰ ਹੋਰ ਮਰੋਡ਼ੀ ਆਏ
ਇਕ ਹੱਥ ਛੱਡੇ ਦੂਜਾ ਫਡ਼ਕੇ
ਦੋ ਅੱਖਾਂ ਦੇ ਚਾਰ ਫਡ਼ਾਕੇ
ਇੱਕ ਦੂਜੇ ਦੀ ਅੱਖ ’ਚ ਰਡ਼ਕੇ
ਅੱਗ ਬਿਨਾ ਚਿੰਗਾਰੀ ਭਡ਼ਕੇ
ਇਸਤੇ ਕਿਹਦਾ ਜ਼ੋਰ


ਹੱਥਾਂ ਵਿਚ ਸੁੱਤੇ ਇਕਲਾਪੇ
ਆਪਣਿਆਂ ਨੇ ਲੁੱਟੇ ਮਾਪੇ
ਦਿਸੱਹਦੇ ਤੇ ਜਾਗੋ-ਮੀਟੀ
ਅੱਖਾਂ ਨੂੰ ਸੰਤਾਪ ਵਿਆਪੇ
ਆਪੇ ਆਪਣਾ ਚੋਰ
ਬੰਨ੍ਹੇ ਡੋਰਾਂ ਹੱਥ ਨਿਆਣੇ
ਫਿਰ ਗੁੱਡੀ ਦਾ ਜ਼ੋਰ ਧਿਗਾਣੇ
ਆਪ ਹਵਾ ਦੇ ਹੱਥ ਨਿਮਾਣੇ
ਆਪੇ ਅਪਣੇ ਸੰਤ ਸਿਆਣੇ
ਵੇਲਾ ਏ ਮੂੰਹਜ਼ੋਰ


ਉੱਡਣ ਨੂੰ ਲਲਚਾਉਂਦਾ ਥੋਡ਼ਾ
ਸੋਹਣੇ ਕੋਣ ਬਣਾਉਂਦਾ ਬਹੁਤਾ
ਜਜ਼ਬੇ ਨੂੰ ਲਿਸ਼ਕਾਉਂਦਾ ਹੱਸੇ
ਲੋਕਾਚਾਰ ਨਿਭਾਉਂਦਾ ਦੱਸੇ
ਕਿੰਨੇ ਪਹਿਰੇਦਾਰ ਸਜਾਏ
ਫ਼ੱਗਣ ਜਿਹੀ ਸੁਹਾਣੀ ਰੁੱਤੇ
ਪਹਿਆਂ ਤੇ ਪਰਛਾਵੇਂ ਸੁੱਤੇ
ਕੀ ਕੋਈ ਸੱਜਣ ਚੇਤੇ ਆਏ
ਚੇਤਾ ਫੇਰ ਕੁਰੇਦੀ ਜਾਵੇ
ਸਾਏ ਹੋਰ-ਓ-ਹੋਰ

ਆਪਣੇ ਜੀ ਨੂੰ ਜਾਂਦੀਆਂ ਸਡ਼ਕਾਂ ਸੁੰਨ ਮਸਾਣ
ਸੰਤ ਮਹਾਤਮ ਸਜਿਉ ਕਿੰਨੇ ਬੁੱਤ ਮਹਾਨ
ਦੁੱਲੇ ਭੱਟੀ ਭੁੱਲ ਭੁਲਾਏ
ਇਟਲੀ ਦਾ ਕੋਈ ਚੇਤੇ ਆਏ
ਇੱਕ ਲਡ਼ਾਈ ਆਪ ਭੁਲਾਈ
ਹੋਰ ਸ਼ਹਾਦਤ ਚੇਤੇ ਆਈ
ਦਿਲ ਸੁੱਚੇ ਦੀ ਫ਼ਟੀ ਪੁਰਾਣੀ ਸਹਿਜ ਕਿਤਾਬਤ
ਅਣਖ ਜਿਹੀ ਦੀ ਭੇਟਾ ਚਡ਼੍ਹਦੀ ਚੁੱਪ ਇਬਾਰਤ
ਸ਼ਾਹ ਵੇਲਾ ਘਨਘੋਰ
ਇੱਕ ਸ਼ਹਾਦਤ ਹੋਰ

--------------------------------------
ਆਕਾਸ਼ਵਾਣੀ ਜਲੰਧਰ 13 ਫ਼ਰਵਰੀ 2012
-------------------------------------

No comments: