Saturday, February 11, 2012

ਇਸ ਸਾਲ ਭਾਰਤੀ ਕ੍ਰਿਕਟ ਟੀਮ ਦਾ ਰੁਝੇਵਾਂ

ਮਹਿਲਾਵਾਂ ਦਾ ਟੀ-20 ਵਿਸ਼ਵ ਕੱਪ 26 ਸਤੰਬਰ ਤੋਂ 7 ਅਕਤੂਬਰ ਤੱਕ
ਬੀਤਿਆ ਵਰ੍ਹਾ -2011 ਭਾਰਤ ਲਈ ਆਈ ਸੀ ਸੀ ਵਿਸ਼ਵ ਕੱਪ ਦੇ ਵਿਜੇਤਾ ਬਣਨ ਕਰਕੇ ਅਹਿਮ ਰਿਹਾ । ਇਸ ਸਾਲ ਸ਼੍ਰੀਲੰਕਾ ਵਿੱਚ ਹੋਣ ਵਾਲਾ ਟੀ-20 ਵਿਸ਼ਵ ਕੱਪ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗਾ । ਸ਼੍ਰੀਲੰਕਾ ਵਿੱਚ ਇਹ ਕ੍ਰਿਕਟ ਮੁਕਾਬਲਾ 12 ਟੀਮਾਂ ਨੇ 18 ਸਤੰਬਰ ਤੋਂ 12 ਅਕਤੂਬਰ 2012 ਤੱਕ ਖੇਡਣਾ ਹੈ । ਇਸ ਦੌਰਾਂਨ ਖੇਡੇ ਜਾਣ ਵਾਲੇ 26 ਮੈਚਾਂ ਦੀਆਂ 12 ਟੀਮਾਂ ਨੂੰ ਤਿੰਨ ਤਿੰਨ ਟੀਮਾਂ ਦੇ ਚਾਰ ਗਰੁੱਪਾਂ ਅਨੁਸਾਰ ਵੰਡਿਆ ਗਿਆ ਹੈ । ਬਾਕੀ ਦੋ ਟੀਮਾਂ ਐਸੋਸੀਏਟ ਜਾਂ ਅਫ਼ੀਲੀਏਟ ਟੀਮਾਂ ਨੇ ਦਾਖ਼ਲਾ ਪਾਉਂਣਾ ਹੈ ।  ਭਾਰਤ ਦੀ ਟੀਮ ਮੌਜੂਦਾ ਟੀ-20 ਚੈਂਪੀਅਨ ਇੰਗਲੈਡ ਨਾਲ ਪੂਲ ਏ ਵਿੱਚ ਹੈ ,ਤੀਜੀ ਟੀਮ ਦਾ ਫ਼ੈਸਲਾ ਕੁਆਲੀਫ਼ਾਈ ਗੇਡ਼ ਰਾਹੀਂ ਹੋਵੇਗਾ । ਸ਼੍ਰੀ ਲੰਕਾ ਵਿੱਚ ਹੀ ਮਹਿਲਾਵਾਂ ਦਾ ਟੀ-20 ਵਿਸ਼ਵ ਕੱਪ 26 ਸਤੰਬਰ ਤੋਂ 7 ਅਕਤੂਬਰ ਤੱਕ ਕਰਵਾਇਆ ਜਾਣਾ ਮਿਥਿਆ ਗਿਆ ਹੈ । ਜਿਸ ਵਿੱਚ 8 ਟੀਮਾਂ ਸ਼ਿਰਕਤ ਕਰਨਗੀਆਂ ।
 ਰਣਜੀਤ ਸਿੰਘ ਪ੍ਰੀਤ
ਭਾਵੇਂ ਭਾਰਤ ਨੇ ਇਹ ਅਹਿਮ ਮੁਕਾਬਲੇ ਖੇਡਣੇ ਹਨ,ਪਰ ਸਾਲ ਦੇ ਪਹਿਲੇ 8 ਮਹੀਨਿਆਂ ਵਿੱਚ ਭਾਰਤੀ ਕ੍ਰਿਕਟ ਪ੍ਰੇਮੀਆਂ ਨੂੰ ਕੋਈ ਵੱਡਾ ਕੌਮਾਂਤਰੀ ਮੁਕਾਬਲਾ ਭਾਰਤ ਵਿੱਚ ਵੇਖਣ ਨੂੰ  ਨਹੀਂ ਮਿਲੇਗਾ । ਉਂਝ ਹਾਰਾਂ ਨਾਲ ਭਾਰਤੀ ਟੀਮ ਨੇ ਆਸਟਰੇਲੀਆ ਵਿੱਚ ਸਾਲ ਦੀ ਸ਼ੁਰੂਆਤ ਕਰ ਲਈ ਹੈ । ਹੁਣ ਤੱਕ ਇੱਕੋ ਇੱਕ ਟੀ-20 ਭਾਰਤ ਨੇ 3 ਫਰਵਰੀ ਨੂੰ ਆਸਟਰੇਲੀਆ ਤੋਂ 8 ਵਿਕਟਾਂ ਨਾਲ ਜਿੱਤਿਆ ਹੈ । ਸਨ 2012 ਦੀ ਇਹ ਪਹਿਲੀ ਜਿੱਤ ਬਣੀ ਹੈ । ਆਸਟਰੇਲੀਆ ਵਿੱਚ ਹੀ 5 ਫਰਵਰੀ ਤੋਂ 8 ਮਾਰਚ ਤੱਕ ਮੇਜ਼ਬਾਨ ਆਸਟਰੇਲੀਆ ਭਾਰਤ,ਅਤੇ ਸ਼੍ਰੀ ਲੰਕਾ ਦੀਆਂ ਟੀਮਾਂ ਨੇ ਕਾਮਨਵੈਲਥ ਬੈਂਕ ਸੀਰੀਜ਼ (ਸੀ ਬੀ ਐਸ) ਵਿੱਚ ਜੇਤੂ ਬਣਨ ਲਈ ਜ਼ੋਰ ਅਜਮਾਈ ਸ਼ੁਰੂ ਕਰ ਦਿੱਤੀ ਹੈ । ਇਸ ਉਪਰੰਤ ਵਿਸ਼ੇਸ ਕ੍ਰਿਕਟ ਮੁਕਾਬਲਾ ਏਸ਼ੀਆ ਕੱਪ 12 ਤੋਂ 22 ਮਾਰਚ ਤੱਕ ਬੰਗਲਾ ਦੇਸ਼ ਵਿੱਚ ਖੇਡਣਾ ਹੈ । ਜਿਸ ਵਿੱਚ ਫਾਈਨਲ ਸਮੇਤ ਕੁੱਲ 7 ਮੈਚ ਖੇਡੇ ਜਾਣੇ ਹਨ।ਇੱਥੇ ਹੀ ਇਸ ਮੁਕਾਬਲੇ ਦੌਰਾਂਨ 18 ਮਾਰਚ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਦੀ ਸਖ਼ਤ ਟੱਕਰ ਦਾ ਦਰਸ਼ਕ ਨਜ਼ਾਰਾ ਮਾਣ ਸਕਣਗੇ । ਪਹਿਲਾਂ ਦੋਹਾਂ ਮੁਲਕਾਂ ਦਰਮਿਆਂਨ ਭਾਰਤ ਦੀ ਮੇਜ਼ਬਾਨੀ ਅਧੀਨ 3 ਟੈਸਟ ਮੈਚ ਅਤੇ 5 ਵੰਨ ਡੇਅ ਖੇਡਣਾ ਤੈਅ ਕੀਤਾ ਜਾ ਰਿਹਾ ਸੀ ,ਪਰ ਇਹ ਗੱਲ ਸਿਰੇ ਨਹੀਂ ਲੱਗ ਸਕੀ ।
                     ਏਸ਼ੀਆ ਕੱਪ ਤੋਂ ਬਾਅਦ ਵੀ ਭਾਰਤੀ ਟੀਮ ਕੋਲ ਜ਼ਿਆਦਾ ਫ਼ੁਰਸਤ ਦੇ ਪਲ ਨਹੀਂ ਹਨ,ਕਿਓਂਕਿ 4 ਅਪ੍ਰੈਲ ਤੋਂ 27 ਮਈ ਤੱਕ 74 ਮੈਚਾਂ ਵਾਲਾ ਆਈ ਪੀ ਐਲ ਮੁਕਾਬਲਾ ਹੋਣਾ ਹੈ । ਇਸ ਤੋਂ ਬਾਅਦ ਕਰੀਬ ਇੱਕ ਮਹੀਨਾ ਅਰਾਮ ਲਈ ਮਿਲ ਸਕਦਾ ਹੈ । ਇਹ ਵੀ ਤਾਂ ਹੀ ਸੰਭਵ ਹੋਵੇਗਾ ,ਜੇ ਕਰ ਬੀ ਸੀ ਸੀ ਆਈ ਕੋਈ ਨਵਾਂ ਪ੍ਰੋਗਰਾਮ ਨਹੀਂ ਉਲੀਕਦੀ । ਜੁਲਾਈ - ਅਗਸਤ ਵਿੱਚ ਭਾਰਤੀ ਟੀਮ ਨੇ ਸ਼੍ਰੀਲੰਕਾ ਵਿੱਚ 3 ਟੈਸਟ ਮੈਚ ਖੇਡਣ ਜਾਣਾ ਹੈ । ਭਾਰਤ ਦੀ ਸਰਜ਼ਮੀਨ ‘ਤੇ ਕ੍ਰਿਕਟ ਸੀਜ਼ਨ ਦੀ ਸ਼ੁਰੂਆਤ  ਅਗਸਤ-ਸਤੰਬਰ ਮਹੀਨੇ ਵਿੱਚ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੇ 3 ਟੈਸਟ ਮੈਚਾਂ ਨਾਲ ਹੋਣੀ ਹੈ । ਜੋ ਟੀ-20 ਵਿਸ਼ਵ ਕੱਪ ਤੱਕ ਚਲੇਗੀ । ਫਿਰ ਚੈਂਪੀਅਨਜ਼ ਲੀਗ ਟੀ-20 ਦੇ 23 ਮੈਚ ਅਤੇ ਨਵੰਬਰ -2012 ਤੋਂ ਜਨਵਰੀ 2013 ਤੱਕ  ਇੰਗਲੈਂਡ ਟੀਮ ਭਾਰਤ ਵਿੱਚ 4 ਟੈਸਟ ਮੈਚ, ਇੱਕ ਟੀ-20 ਅਤੇ 7 ਇੱਕ ਰੋਜ਼ਾ ਮੈਚ ਖੇਡੇਗੀ । ਇਸ ਤਰ੍ਹਾਂ ਜਿਵੇਂ 2011 ਦੀ ਸ਼ੁਰੂਆਤ ਭਾਰਤ ਨੇ ਆਪਣੀ ਹੀ ਧਰਤੀ ‘ਤੇ ਦੱਖਣੀ ਅਫਰੀਕਾ ਵਿਰੁੱਧ ਟੈਸਟ ਲਡ਼ੀ 1-1 ਨਾਲ ਬਰਾਬਰੀ ਉੱਤੇ ਖੇਡਣ ਨਾਲ ਕੀਤੀ ਸੀ,ਅਤੇ 2012 ਦੀ ਸ਼ੁਰੂਆਤ ਆਸਟਰੇਲੀਆ ਵਿੱਚ ਟੈਸਟ ਮੈਚ ਹਾਰਨ ਨਾਲ ਹੋਈ ਹੈ  । ਅਗਾਮੀ ਵਰ੍ਹਾ 2013 ਇਗਲੈਂਡ ਵਿਰੁੱਧ ਭਾਰਤ ਵਿੱਚ ਹੀ ਸ਼ੁਰੂ ਹੋਣਾਂ ਹੈ,ਇਹ ਕਿਵੇਂ ਅਤੇ ਕਿਸ ਤਰ੍ਹਾਂ ਹੋਵੇਗਾ ਬਾਰੇ ਅਜੇ ਲੰਮੀ ਉਡੀਕ ਕਰਨੀ ਪੈਣੀ ਹੈ,ਤਾਂ ਫਿਰ ਆਓ ਇਸ ਉਡੀਕ ਵਿੱਚ ਮਸਤ ਹੋ ਜਾਈਏ ,ਅਤੇ ਇਸ ਵਰ੍ਹੇ ਕੀ ਕੀ, ਕਿਹੋ ਜਿਹਾ ਵਾਪਰਦਾ ਹੈ,ਇਸ ਨੂੰ ਵੇਖੀਏ ?
                                            
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੋਬਾਈਲ ਸੰਪਰਕ:98157-07232

No comments: