Thursday, February 09, 2012

ਅਮਰੀਕਾ ਖ਼ਾਸ ਕਰਕੇ ਯੂਰਪ ਵਿਚ ਜਮਾਤੀ ਚੇਤਨਾ ਕਮਜ਼ੋਰ ਹੋਈ

ਲੋਕ ਚੇਤਨਾ ਪੈਦਾ ਕਰਨ 'ਚ ਸਿਆਸੀ ਜਥੇਬੰਦੀਆਂ ਦੀ ਭੂਮਿਕਾ ਅਹਿਮ-ਜਾਨ ਮਿਰਡਲ
''ਅਮਰੀਕਾ ਖ਼ਾਸ ਕਰਕੇ ਯੂਰਪ ਵਿਚ ਜਮਾਤੀ ਚੇਤਨਾ ਕਮਜ਼ੋਰ ਹੋਈ ਹੈ ਜਿਸ ਕਾਰਨ ਉੱਥੇ ਬੁਰਜ਼ੂਆ ਵਿਚਾਰਧਾਰਾ ਦਾ ਗ਼ਲਬਾ ਸਥਾਪਤ ਹੋਣ ਅਤੇ ਸਾਮਰਾਜੀ ਨਹੱਕੀਆਂ ਜੰਗਾਂ ਦੇ ਹੱਕ 'ਚ ਲੋਕ ਰਾਇ ਬਨਣ 'ਚ ਮਦਦ ਮਿਲੀ ਹੈ। ਇਸ ਕਾਰਨ ਉੱਥੇ ਸਾਮਰਾਜੀ ਜੰਗਾਂ ਅਤੇ ਹਮਲਿਆਂ ਦਾ ਕੋਈ ਅਸਰਦਾਰ ਵਿਰੋਧ ਨਹੀਂ ਹੋ ਰਿਹਾ।''  
ਇਹ ਵਿਚਾਰ ਬੁਧਵਾਰ 8 ਫਰਵਰੀ 2012 ਨੂੰ ਇਥੇ ਪੰਜਾਬੀ ਭਵਨ ਲੁਧਿਆਣਾ ਵਿਖੇ ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿਚ ''ਮਜ਼ਦੂਰ ਜਮਾਤ ਅਤੇ ਸਾਮਰਾਜੀ ਜੰਗ ਵਿਸ਼ੇ ਬਾਰੇ  ਪ੍ਰੋ. ਏ ਕੇ. ਮਲੇਰੀ, ਪ੍ਰੋਫੈਸਰ ਜਗਮੋਹਣ ਸਿੰਘ, ਸਤਨਾਮ, ਪ੍ਰੋਫੈਸਰ ਅਜਮੇਰ ਸਿੰਘ ਔਲੱਖ, ਗੌਤਮ ਨਵਲੱਖਾ ਦੀ ਪ੍ਰਧਾਨਗੀ ਹੇਠ ਕਰਵਾਈ ਗੋਸ਼ਟੀ ਵਿਚ ਦੁਨੀਆਂ ਦੇ ਪ੍ਰਸਿੱਧ ਮਾਰਕਸੀ ਚਿੰਤਕ ਅਤੇ ਸਾਹਿਤਕ ਅਥਾਰਟੀ ਸ੍ਰੀ ਜਾਨ ਮਿਰਡਲ ਨੇ ਪੇਸ਼ ਕੀਤੇ। ਸਭ ਤੋਂ ਪਹਿਲਾਂ ਪ੍ਰੋਫੈਸਰ ਜਗਮੋਹਣ ਸਿੰਘ ਵਲੋਂ ਜਾਨ ਮਿਰਡਲ ਦੀ ਸ਼ਖਸੀਅਤ ਅਤੇ ਉਨ੍ਹਾਂ ਦੇ ਸਾਮਰਾਜ ਵਿਰੋਧੀ ਤੇ ਸਾਹਿਤਕ ਯੋਗਦਾਨ ਬਾਰੇ ਜਾਣ-ਪਛਾਣ ਕਰਾਈ ਗਈ। ਇਸ ਉਪਰੰਤ ਸ੍ਰੀ ਮਿਰਡਲ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਇਸ ਪੱਖ ਨੂੰ ਸਮਝਣ 'ਤੇ ਜ਼ੋਰ ਦਿੱਤਾ ਕਿ ਕੁਲ ਦੁਨੀਆਂ 'ਚ ਮਜ਼ਦੂਰ ਜਮਾਤ ਲਹਿਰ ਦੇ ਕਮਜ਼ੋਰ ਹੋ ਜਾਣ ਨਾਲ ਸਾਮਰਾਜੀ ਜੰਗਾਂ ਨੇ ਅਹਿਮ ਭੂਮਿਕਾ ਅਖ਼ਤਿਆਰ ਕਰ ਲਈ ਹੈ। ਮਜ਼ਦੂਰ ਜਮਾਤ ਦੀ ਜਥੇਬੰਦੀ ਦੀ ਆਗੂ ਭੂਮਿਕਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਜਨਤਾ 'ਚ ਜਮਾਤੀ ਚੇਤਨਾ ਖ਼ੁਦ-ਬ-ਖ਼ੁਦ ਪੈਦਾ ਨਹੀਂ ਹੁੰਦੀ ਸਗੋਂ ਇਸ ਲਈ ਸਿਆਸੀ ਜਥੇਬੰਦੀ ਦੀ ਸੁਚੇਤ ਭੂਮਿਕਾ ਫ਼ੈਸਲਾਕੁੰਨ ਹੁੰਦੀ ਹੈ। ਇਸੇ ਵਜਾ੍ਹ ਕਾਰਨ ਨਾਜ਼ੀਵਾਦੀ ਹੁਕਮਰਾਨ ਆਪਣੀ ਜਨਤਾ ਦੇ ਅਹਿਮ ਹਿੱਸੇ ਨੂੰ ਯੂਰਪ ਦੀ ਲੁੱਟ ਦੀ ਬੁਰਕੀ ਪਾਕੇ ਭ੍ਰਿਸ਼ਟ ਬਣਾਉਣ ਅਤੇ ਚੋਣਾਂ 'ਚ ਸਫ਼ਲਤਾ ਹਾਸਲ ਕਰਨ 'ਚ ਕਾਮਯਾਬ ਹੋਏ ਸਨ। ਅਮਰੀਕੀ ਸਾਮਰਾਜ ਦੀ ਨਸਲਘਾਤ ਦੀ ਮਾਨਸਿਕਤਾ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੋਈ ਅਜੋਕੀ ਅਤੇ ਨਵੀਂ ਗੱਲ ਨਹੀਂ ਹੈ ਬਲਕਿ ਇਹ ਸੰਯੁਕਤ ਰਾਜ ਦੀ ਸਥਾਪਨਾ ਦੇ ਸਮੇਂ ਤੋਂ ਹੀ ਰੈੱਡ ਇੰਡੀਅਨਾਂ ਦੇ ਘਾਣ ਦੀ ਸ਼ਕਲ 'ਚ ਲਗਾਤਾਰ ਚਲੀ ਆ ਰਹੀ ਹੈ। ਇਹ ਦੂਜੇ ਦੇਸ਼ਾਂ 'ਤੇ ਹਮਲਾ ਕਰਕੇ ਉੱਥੇ ਤੇਲ ਦੀ ਹਿਫਾਜ਼ਤ ਲਈ ਤਾਂ ਸੁਰੱਖਿਆ ਤਾਕਤਾਂ ਲਾਉਾਂਦੀþ ਪਰ ਦੁਨੀਆਂ ਦੀ ਸਭ ਤੋਂ ਪੁਰਾਣੀ ਸੱਭਿਅਤਾ ਨੂੰ ਤਬਾਹ ਕਰਨ ਅਤੇ ਉਜਾੜਨ ਦੀ ਖੁੱਲ੍ਹ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮਾਓ ਦੇ ਕਥਨ ਅਨੁਸਾਰ ਅਮਰੀਕੀ ਸਾਮਰਾਜ ਕਾਗਜ਼ੀ ਸ਼ੇਰ ਜ਼ਰੂਰ ਹੈ ਪਰ ਇਹ ਦੁਨੀਆਂ ਉੱਪਰ ਆਪਣੀ ਧਾੜਵੀ ਸਾਮਰਾਜੀ ਜਕੜ ਬਣਾਈ ਰੱਖਣ ਅਤੇ ਇਸ ਅਮਲ 'ਚ ਮਨੁੱਖਤਾ ਦੀ ਭਾਰੀ ਤਬਾਹੀ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਸੰਸਾਰ ਪ੍ਰਬੰਧ 'ਚ ਅਹਿਮ ਤਬਦੀਲੀਆਂ ਦੇ ਬਾਵਜੂਦ ਜਿਸਮਾਨੀ ਕਿਰਤ ਦੀ ਲੁੱਟ ਦਾ ਪਹਿਲੂ ਹਾਲੇ ਤੱਕ ਵੀ ਅਹਿਮ ਬਣਿਆ ਹੋਇਆ ਹੈ ਹਾਲਾਂਕਿ ਮਾਨਸਿਕ ਕਿਰਤ ਦੀ ਮਹੱਤਤਾ ਪਹਿਲਾਂ ਦੇ ਮੁਕਾਬਲੇ ਵਧੀ ਹੈ। ਅਤੇ ਜੰਗੀ ਮਸ਼ੀਨ ਦਾ ਵਿਕਾਸ ਸਾਮਰਾਜ ਦੀ ਜਮਾਂਦਰੂ ਵਿਸ਼ੇਸ਼ਤਾ ਰਹੀ ਹੈ। ਉੁਨ੍ਹਾਂ ਕਿਹਾ ਦੁਨੀਆਂ ਦੇ ਵੱਖ-ਵੱਖ ਹਿੱਸਿਆਂ 'ਚ ਜੋ 'ਵਾਲ ਸਟਰੀਟ 'ਤੇ ਕਬਜ਼ਾ ਕਰੋ' ਸੰਘਰਸ਼ ਚੱਲ ਰਹੇ ਹਨ ਉਹ ਬਹੁਤ ਅਹਿਮ ਹਨ ਪਰ ਸਿਆਸੀ ਦਿਸ਼ਾ ਦੀ ਘਾਟ ਕਾਰਨ ਉਹ ਅੱਗੇ ਨਹੀਂ ਵਧ ਰਹੇ ਕਿਉਂਕਿ ਇਸ ਨੂੰ ਜਥੇਬੰਦ ਰੂਪ ਦੇਕੇ ਕਿਸੇ ਮੁਕਾਮ 'ਤੇ ਪਹੁੰਚਾਉਣ ਵਾਲੀ ਆਗੂ ਤਾਕਤ ਦੀ ਅਣਹੋਂਦ ਹੈ। ਉਨ੍ਹਾਂ ਕਿਹਾ ਸਾਮਰਾਜੀ ਤਾਕਤਾਂ ਸੀਰੀਆ, ਇਰਾਕ ਤੇ ਹੋਰ ਖਾੜੀ ਦੇਸ਼ਾਂ ਵਿਚ ਲੋਕ ਵਿਰੋਧ ਨੂੰ ਸਥਾਨਕ ਮਜ਼੍ਹਬੀ ਤੇ ਫਿਰਕੂ ਟਕਰਾਵਾਂ 'ਚ ਬਦਲਕੇ ਇਨ੍ਹਾਂ ਨੂੰ ਲੀਹੋਂ ਲਾਹੁਣ 'ਚ ਕਾਮਯਾਬ ਹੋ ਰਹੀਆਂ ਹਨ। ਸਰੋਤਿਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਸਮਾਜਿਕ ਤਬਦੀਲੀ ਵੱਖ-ਵੱਖ ਦੇਸ਼ਾਂ ਦੇ ਵਿਸ਼ੇਸ਼ ਹਾਲਾਤਾਂ 'ਚੋਂ ਉੱਭਰਨ ਵਾਲੀ ਸਿਧਾਂਤਕ  ਸੂਝ ਅਤੇ ਹਾਲਾਤਾਂ ਦੀ ਪਕੜ 'ਤੇ ਮੁਨੱਸਰ ਕਰਦੀ ਹੈ ਅਤੇ ਦੁਨੀਆ ਦਾ ਕੋਈ ਇਕ ਕੇਂਦਰ ਇਸ ਨੂੰ ਅਗਵਾਈ ਨਹੀਂ ਦੇ ਸਕਦਾ। ਮਾਓ ਜ਼ੇ ਤੁੰਗ ਨਾਲ ਆਪਣੀਆਂ ਮੁਲਾਕਾਤਾਂ ਦੇ ਅਨੁਭਵਾਂ ਦਾ ਨਿਚੋੜ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਮਾਓ ਦੀ ਖ਼ੂਬੀ ਇਹ ਸੀ ਕਿ ਉਨ੍ਹਾਂ ਨੇ ਮਾਰਕਸਵਾਦ ਨੂੰ ਸਥਾਨਕ ਸਮਾਜ ਤੇ ਇਤਿਹਾਸ ਨਾਲ ਰਚਨਾਤਮਕ ਰੂਪ 'ਚ ਜੋੜਿਆ। ਉਨ੍ਹਾਂ ਦੇ ਭਾਸ਼ਣ ਦਾ ਅਨੁਵਾਦ ਅਤੇ ਸਰੋਤਿਆਂ ਦੇ ਸਵਾਲਾਂ ਦੇ ਜਵਾਬਾਂ ਦੀ ਵਿਆਖਿਆ ਪ੍ਰਸਿੱਧ ਮਨੁੱਖੀ ਅਧਿਕਾਰ ਘੁਲਾਟੀਏ ਗੌਤਮ ਨਵਲੱਖਾ ਨੇ ਕੀਤੀ। ਨਾਲ ਹੀ ਉਨ੍ਹਾਂ ਨੇ ਭਾਰਤੀ ਹਾਕਮਾਂ ਵਲੋਂ ਛੇ ਦਹਾਕਿਆਂ ਤੋਂ ਆਪਣੇ ਹੀ ਲੋਕਾਂ ਵਿਰੁੱਧ ਚਲਾਈ ਜਾ ਰਹੀ ਅੰਦਰੂਨੀ ਜੰਗ, ਖ਼ਾਸ ਕਰਕੇ ਇਸ ਦੇ ਮੌਜੂਦਾ ਰੂਪ ਓਪਰੇਸ਼ਨ ਗ੍ਰੀਨ ਹੰਟ ਦੇ ਲੁਕਵੇਂ ਉਦੇਸ਼ ਨੂੰ ਸਮਝਣ ਤੇ ਇਸਦਾ ਵਿਰੋਧ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਜੰਗ ਦੇਸ਼ ਦੇ ਅਮੀਰ ਵਸੀਲੇ ਕਾਰਪੋਰੇਟ ਤਾਕਤਾਂ ਨੂੰ ਸੌਂਪਣ ਦੀ ਜੰਗ ਹੈ ਨਾਕਿ ਅਖੌਤੀ ਮਾਓਵਾਦੀ ਹਿੰਸਾ ਵਿਰੁੱਧ ਸ਼ਾਂਤੀ ਕਾਇਮ ਕਰਨ ਦਾ ਯਤਨ ਜਿਵੇਂ ਕਿ ਭਾਰਤ ਦੇ ਹੁਕਮਰਾਨ ਪੇਸ਼ ਕਰ ਰਹੇ ਹਨ। ਇਸੇ ਕਾਰਨ ਰਾਜਧ੍ਰੋਹ ਤੇ ਹੋਰ ਕਾਲੇ ਕਾਨੂੰਨਾਂ ਰਾਹੀਂ ਆਮ ਲੋਕਾਂ ਨੂੰ ਵੱਡੇ ਪੈਮਾਨੇ 'ਤੇ ਕੁਚਲਿਆ ਜਾ ਰਿਹਾ ਹੈ।
ਇਸ ਮੌਕੇ ਭਾਰਤ ਦੀ ਮਾਓਵਾਦੀ ਲਹਿਰ ਬਾਰੇ ਲਿਖੀ ਸ੍ਰੀ ਮਿਰਡਲ ਦੀ ਨਵੀਂ ਕਿਤਾਬ 'ਰੈੱਡ ਸਟਾਰ ਓਵਰ ਇੰਡੀਆ' ਲੋਕ ਅਰਪਣ ਕੀਤੀ ਗਈ। ਇਸ ਮੌਕੇ ਡਾ. ਸੁਖਪਾਲ ਸਿੰਘ, ਸੀ ਪੀ ਆਈ ਐੱਮ ਐੱਲ ਦੇ ਸੂਬਾ ਸਕੱਤਰ ਕਾ. ਦਰਸ਼ਨ ਖਟਕੜ, ਸੀਨੀਅਰ ਆਗੂ ਸਰਦਾਰਾ ਸਿੰਘ ਮਾਹਲ, ਕਰਮ ਬਰਸਟ, ਬਲਵੀਰ ਪ੍ਰਵਾਨਾ ਅਤੇ ਹੋਰ ਸੀਨੀਅਰ ਪੱਤਰਕਾਰ, ਡਾ. ਦਰਸ਼ਨ ਪਾਲ, ਕਰਨਲ ਏ ਐੱਸ ਬਰਾੜ, ਨਰਭਿੰਦਰ, ਅਮੋਲਕ ਸਿੰਘ, ਕਮਲਜੀਤ ਖੰਨਾ, ਬਲਵੰਤ ਮਖੂ, ਸੁਖਦਰਸ਼ਨ ਨੱਤ, ਬਾਰੂ ਸਤਵਰਗ, ਬੂਟਾ ਸਿੰਘ ਸਮੇਤ ਵੱਡੀ ਗਿਣਤੀ ਇਨਕਲਾਬੀ ਆਗੂ ਅਤੇ ਮਜ਼ਦੂਰ, ਕਿਸਾਨ, ਵਿਦਿਆਰਥੀ ਅਤੇ ਮੁਲਾਜ਼ਮ ਆਗੂ ਤੇ ਸੀਨੀਅਰ ਕਾਰਕੁੰਨ ਅਤੇ ਸੱਭਿਆਚਾਰਕ ਕਾਮੇ ਤੇ ਲੇਖਕ ਹਾਜ਼ਰ ਸਨ। ਇਸ ਸਮਾਗਮ 'ਚ ਮਤੇ ਪਾਸ ਕਰਕੇ ਰਾਜਧ੍ਰੋਹ ਬਾਰੇ ਅਤੇ ਹੋਰ ਕਾਲੇ ਕਾਨੂੰਨ ਵਾਪਸ ਲੈਣ ਕੀਤੀ ਗਈ, ਸੋਨੀ ਸੋਰੀ ਤੇ ਹੋਰ ਆਦਿਵਾਸੀਆਂ ਨੂੰ ਭਿਆਨਕ ਤਸੀਹੇ ਦੇਣ ਅਤੇ ਜੰਮੂ ਕਸ਼ਮੀਰ ਵਿਚ ਨਿਰਦੋਸ਼ ਨੌਜਵਾਨਾਂ ਨੂੰ ਪੁਲਿਸ ਮੁਕਾਬਲਿਆਂ 'ਚ ਮਾਰਨ ਲਈ ਬਦਨਾਮ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਮੈਡਲਾਂ ਨਾਲ ਸਨਮਾਨਿਤ ਕਰਨ ਦੀ ਨਿਖੇਧੀ ਕੀਤੀ ਗਈ। ਪੁਣੇ ਵਿਚ ਸੰਜੇ ਕਾਕ ਦੀ ਫਿਲਮ ''ਜਸ਼ਨੇ-ਆਜ਼ਾਦੀ'' ਦਿਖਾਏ ਜਾਣ ਤੋਂ ਰੋਕਣ ਲਈ ਸਮਾਗਮ ਰੱਦ ਕਰ ਦੇਣ ਅਤੇ ਪੰਜਾਬ ਵਿਚ ਰਾਜਸੀ ਗੁੰਡਿਆਂ ਵਲੋਂ ਪੱਤਰਕਾਰਾਂ 'ਤੇ ਫਾਸ਼ੀ ਹਮਲੇ ਕਰਨ ਦੀ ਨਿਖੇਧੀ ਕੀਤੀ ਗਈ। 
ਇਸ ਮੌਕੇ ਗੁਰਮੀਤ ਜੱਜ ਅਤੇ ਸਾਥੀਆਂ ਵਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ ਅਤੇ ਸਟੇਜ ਦਾ ਸੰਚਾਲਨ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਜਨਰਲ ਸਕੱਤਰ ਸਾਥੀ ਜਸਵੰਤ ਜੀਰਖ ਨੇ ਕੀਤਾ

No comments: