Tuesday, February 07, 2012

ਡੇਰਾ ਮੁਖੀ ਖ਼ਿਲਾਫ਼ ਕੇਸਾਂ ਤੋਂ ਸ਼੍ਰੋਮਣੀ ਕਮੇਟੀ ਨੇ ਪਾਸਾ ਵੱਟਿਆ

ਮੁਦਈ ਪਲਿਓਂ ਪੈਸੇ ਖਰਚ ਕੇ ਲਡ਼ ਰਿਹਾ ਹੈ ਕੇਸ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ,6 ਫਰਵਰੀ

ਡੇਰਾ ਮੁਖੀ ਖਿਲਾਫ ਕੇਸ ਲਡ਼ਨ ਵਾਲਾ ਮੁਦਈ ਰਜਿੰਦਰ ਸਿੰਘ ਸਿੱਧੂ
ਸ਼੍ਰੋਮਣੀ ਕਮੇਟੀ ਨੇ ਡੇਰਾ ਮੁਖੀ ਖਿਲਾਫ ਚੱਲਦੇ ਕੇਸਾਂ ’ਚ ਚੁੱਪ ਵੱਟ ਲਈ ਹੈ ਜਦੋਂ ਕਿ ਅਹਿਮ ਕੇਸ ਦਾ ਮੁਦਈ ਇਕੱਲਾ ਹੀ ਲਡ਼ਾਈ ਲਡ਼ ਰਿਹਾ ਹੈ। ਲੋਕ ਸਭਾ ਚੋਣਾਂ ਤੋਂ ਮਗਰੋਂ ਸ਼੍ਰੋਮਣੀ ਕਮੇਟੀ ਨੇ ਮੁਦਈ ਦੀ ਮੱਦਦ ਕਰਨ ਦੀ ਥਾਂ ਉਸ ਦੀ ਕਦੇ ਸਾਰ ਵੀ ਨਹੀਂ ਲਈ। ਮੁਦਈ ਰਜਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਕੀਤੇ ਵਾਅਦੇ ਤੋਂ ਭੱਜ ਗਈ ਹੈ ਜਿਸ ਕਰਕੇ ਉਸ ਨੂੰ ਸਾਰਾ ਖਰਚਾ ਪੱਲਿਓਂ ਕਰਨਾ ਪਿਆ ਹੈ। ਦੱਸਣਯੋਗ ਹੈ ਕਿ ਜਦੋਂ ਡੇਰਾ ਵਿਵਾਦ ਉਠਿਆ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਡੇਰਾ ਮੁਖੀ ਖਿਲਾਫ ਹਰ ਤਰ੍ਹਾਂ ਦੀ ਕਾਨੂੰਨੀ ਲਡ਼ਾਈ ਲਡ਼ੇਗੀ। ਸੂਚਨਾ ਦੇ ਅਧਿਕਾਰ ਤਹਿਤ ਸ਼੍ਰੋਮਣੀ ਕਮੇਟੀ ਨੇ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਡੇਰਾ ਮੁਖੀ ਦੇ ਕੇਸ ਦੀ ਪੈਰਵਾਈ ਅਤੇ ਵਕੀਲਾਂ ਦੀ ਫੀਸ ’ਤੇ 1.32 ਲੱਖ ਰੁਪਏ ਖਰਚ ਕੀਤੇ ਹਨ। ਦੂਸਰੀ ਤਰਫ ਮੁਦਈ ਰਜਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਉਸ ਨੂੰ ਸ਼੍ਰੋਮਣੀ ਕਮੇਟੀ ਨੇ ਵਕੀਲਾਂ ਨੂੰ ਫੀਸ ਦੇਣ ਵਾਸਤੇ ਹੁਣ ਤੱਕ ਸਿਰਫ 35 ਹਜ਼ਾਰ ਰੁਪਏ ਦਿੱਤੇ ਹਨ ਜਦਕਿ ਉਸ ਨੇ  75 ਹਜ਼ਾਰ ਰੁਪਏ ਦਾ ਬਿੱਲ ਦਿੱਤਾ ਸੀ। ਮੁਦਈ ਆਖਦਾ ਹੈ ਕਿ ਜਦੋਂ ਹਾਈ ਕੋਰਟ ਵਿੱਚ ਮਾਮਲਾ ਸੀ ਤਾਂ ਉਦੋਂ ਦੋ ਤਿੰਨ ਪੇਸ਼ੀਆਂ ’ਤੇ ਹੀ ਸ਼੍ਰੋਮਣੀ ਕਮੇਟੀ ਦਾ ਵਕੀਲ ਪੇਸ਼ ਹੋਇਆ ਸੀ। ਬਾਕੀ ਲਡ਼ਾਈ ਉਸ ਨੇ ਪ੍ਰਾਈਵੇਟ ਵਕੀਲਾਂ ਦੀ ਮਦਦ ਨਾਲ ਲਡ਼ੀ ਹੈ।
ਦੱਸਣਯੋਗ ਹੈ ਕਿ ਡੇਰਾ ਮੁਖੀ ਖਿਲਾਫ ਬਠਿੰਡਾ ਦੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਅਤੇ ਨਗਰ ਕੌਂਸਲਰ ਰਜਿੰਦਰ ਸਿੰਘ ਸਿੱਧੂ ਵੱਲੋਂ ਧਾਰਾ 295 ਏ ਦਾ ਬਠਿੰਡਾ ਕੋਤਵਾਲੀ ਵਿੱਚ ਪੁਲੀਸ ਕੇਸ ਦਰਜ ਕਰਾਇਆ ਗਿਆ ਸੀ। ਉਦੋਂ ਉਸ ਨੂੰ ਪੁਲੀਸ ਸੁਰੱਖਿਆ ਵੀ ਦਿੱਤੀ ਗਈ ਸੀ ਜੋ ਉਸ ਨੇ ਵਾਪਸ ਕਰਕੇ ਸਿਰਫ ਇੱਕ ਸਿਪਾਹੀ ਰੱਖ ਲਿਆ ਸੀ। ਇਹ ਮਾਮਲਾ ਕਾਫੀ ਦੇਰ ਹਾਈ ਕੋਰਟ ਵਿੱਚ ਚੱਲਦਾ ਰਿਹਾ ਹੈ। ਮੁਦਈ ਰਜਿੰਦਰ ਸਿੱਧੂ ਦਾ ਕਹਿਣਾ ਸੀ ਕਿ ਉਹ ਖੁਦ ਬਠਿੰਡਾ ਤੋਂ ਕੋਤਵਾਲੀ ਪੁਲੀਸ ਨੂੰ ਨਾਲ ਲੈ ਕੇ ਚੰਡੀਗਡ਼੍ਹ ਤਰੀਕਾਂ ’ਤੇ ਜਾਂਦਾ ਰਿਹਾ। ਪੱਲਿਓਂ ਤੇਲ ਫੂਕਦਾ ਰਿਹਾ ਹੈ ਅਤੇ ਪੱਲਿਓਂ ਹੀ ਪੁਲੀਸ ਟੀਮ ਨੂੰ ਰੋਟੀ ਖਵਾਉਂਦਾ ਸੀ। ਉਸ ਨੇ ਦੱਸਿਆ ਕਿ ਉਸ ਨੂੰ ਸ਼੍ਰੋਮਣੀ ਕਮੇਟੀ ਨੇ ਸਿਰਫ 35 ਹਜ਼ਾਰ ਰੁਪਏ ਦਿੱਤੇ ਸਨ ਜੋ ਕਿ ਉਸ ਨੇ ਹਾਈ ਕੋਰਟ ਅਤੇ ਬਠਿੰਡਾ ਦੇ ਵਕੀਲਾਂ ਨੂੰ ਫੀਸ ਦੇ ਦਿੱਤੀ ਸੀ। ਉਸ ਨੇ ਦੱਸਿਆ ਉਸ ਨੇ ਸਿੱਖ ਪੰਥ ਦੀ ਤਰਫੋਂ ਇਹ ਕੇਸ ਲਡ਼ਿਆ ਹੈ ਅਤੇ ਇੱਕ ਦਫਾ ਉਸ ਨੇ ਸ਼੍ਰੋਮਣੀ ਕਮੇਟੀ ਤੋਂ ਕੇਸ ਦੀ ਪੈਰਵਾਈ ਲਈ ਗੱਡੀ ਦੀ ਮੰਗ ਕੀਤੀ ਸੀ ਜੋ ਕਿ ਦਿੱਤੀ ਨਹੀਂ ਗਈ। ਉਸ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਮਗਰੋਂ ਤਾਂ ਸ਼੍ਰੋਮਣੀ ਕਮੇਟੀ ਨੇ ਕਦੇ ਉਸ ਨਾਲ ਇਸ ਕੇਸ ਸਬੰਧੀ ਕੋਈ ਗੱਲਬਾਤ ਵੀ ਨਹੀਂ ਕੀਤੀ। ਉਸ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਏਨੀ ਰਾਸ਼ੀ ਕਿਥੇ ਖਰਚ ਕੀਤੀ ਹੈ, ਸਮਝੋ ਬਾਹਰ ਹੈ।
ਮੁਦਈ ਰਜਿੰਦਰ ਸਿੱਧੂ ਦਾ ਕਹਿਣਾ ਸੀ ਕਿ ਉਸ ਨੇ ਇਹ ਫੈਸਲਾ ਕਰ ਲਿਆ ਹੈ ਕਿ ਉਹ ਸ਼੍ਰੋਮਣੀ ਕਮੇਟੀ ਤੋਂ ਭੀਖ ਨਹੀਂ ਮੰਗੇਗਾ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਖੁਦ ਚਾਹੀਦਾ ਸੀ ਕਿ ਉਹ ਡੇਰਾ ਮੁਖੀ ਖਿਲਾਫ਼ ਦਰਜ ਕੇਸ ਦੀ ਪੈਰਵਾਈ ਕਰਦੀ ਪ੍ਰੰਤੂ  ਕਮੇਟੀ ਨੇ ਇਸ ਕੇਸ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਹੋਰ ਕਿਸੇ ਧਾਰਮਿਕ ਜਥੇਬੰਦੀ ਨੇ ਡੇਰਾ ਮੁਖੀ ਵਾਲੇ ਕੇਸ ਵਿੱਚ ਉਸ ਦਾ ਸਹਿਯੋਗ ਨਹੀਂ ਕੀਤਾ ਅਤੇ ਕਿਸੇ ਨੇ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ। ਦੱਸਣਯੋਗ ਹੈ ਡੇਰਾ ਮੁਖੀ  ਦੇ ਕੇਸ ਦਾ ਮੁਦਈ ਰਜਿੰਦਰ ਸਿੰਘ ਸਿੱੱਧੂੁ ਅੱਜ ਕੱਲ ਇਸ ਕਰਕੇ ਚਰਚਾ ਹੈ ਕਿ ਉਸ ਨੇ ਪਹਿਲਾਂ ਤਾਂ ਡੇਰਾ ਮੁਖੀ ਖਿਲਾਫ ਦਰਜ ਕੇਸ ਨੂੰ ਕੈਂਸਲ ਕਰਨ ਵਾਸਤੇ ਪੁਲੀਸ ਨੂੰ ਹਲਫੀਆ ਬਿਆਨ ਦੇ ਦਿੱਤਾ ਅਤੇ ਮਗਰੋਂ ਹੁਣ ਉਹ ਹਲਫੀਆ ਬਿਆਨ ਤੋਂ ਹੀ ਮੁਕਰ ਗਿਆ ਹੈ।
ਮਾਮਲਾ ਇਕੱਲੇ ਮੁਦਈ ਦਾ ਨਹੀਂ ਬਲਕਿ ਸਿੱਖ ਕੌਮ ਦਾ:ਨੰਦਗਡ਼੍ਹ
ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗਡ਼੍ਹ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਮੁਦਈ ਰਜਿੰਦਰ ਸਿੰਘ ਸਿੱਧੂ ਦੀ ਡੇਰਾ ਮੁਖੀ ਖਿਲਾਫ ਚੱਲ ਰਹੇ ਕੇਸ ਦੇ ਸਬੰਧ ਵਿੱਚ ਹਰ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਸੀ ਕਿਉਂਕਿ ਇਹ ਮਾਮਲਾ ਇਕੱਲੇ ਮੁਦਈ ਦਾ ਨਹੀਂ ਬਲਕਿ ਸਿੱਖ ਕੌਮ ਦਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਲੋਡ਼ ਪੈਣ ’ਤੇ ਆਪਣੀ ਟਾਸਕ ਫੋਰਸ ਵੀ ਮੁਦਈ ਨਾਲ ਭੇਜਣੀ ਚਾਹੀਦੀ ਸੀ। ਉਨ੍ਹਾਂ ਆਖਿਆ ਕਿ ਅਸਲ ਵਿੱਚ ਇਹ ਕੇਸ ਸ਼੍ਰੋਮਣੀ ਕਮੇਟੀ ਸਾਰਾ ਖਰਚ ਕਰਕੇ ਖੁਦ ਲਡ਼ਦੀ। 
ਰੋਜ਼ਾਨਾ ਪੰਜਾਬੀ ਟ੍ਰਿਬਿਊਨ 'ਚ ਪ੍ਰਕਾਸ਼ਿਤ ਇਸ ਖਬਰ ਦੇ ਨਾਲ ਹੀ ਇੱਕ ਹੋਰ ਖਬਰ ਦਾ ਜ਼ਿਕਰ ਵੀ ਜ਼ਰੂਰੀ ਹੈ ਜਿਸਨੂੰ 6  ਹਿੰਦੀ ਦੀ ਪ੍ਰਸਿਧ ਅਖਬਾਰ ਪੰਜਾਬ ਕੇਸਰੀ ਜਲੰਧਰ ਨੇ 6 ਫਰਵਰੀ ਵਾਲੇ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਹੈ ਇਸ ਖਬਰ ਮੁਤਾਬਿਕ ਜਥੇਦਾਰ ਬਲਵਤ ਸਿੰਘ ਨੰਦਗੜ੍ਹ ਨੇ ਕਿਹਾ ਹੈ ਕਿ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਾਂ ਕਿਸੇ ਵੀ ਹੋਰ ਸਿੱਖ ਦਾ ਡੇਰੇ ਵਿੱਚ ਜਾਣਾ  ਸਾਬਿਤ ਹੋਇਆ ਤਾਂ ਉਹਨਾਂ ਨੂੰ ਵੀ ਤਖ਼ਤ ਸਾਹਿਬ  ਵਿਖੇ ਪਹੁੰਚਣ ਟ੍ਰ ਕਦੇ ਕੋਈ ਸਿਰੋਪਾ ਨਹੀਂ ਦਿੱਤਾ ਜਾਏਗਾ। ਜਥੇਦਾਰ ਨੰਦਗੜ੍ਹ ਨੇ ਇਹ ਵੀ ਸਪਸ਼ਟ ਕੀਤਾ ਕਿ ਰਾਜਿੰਦਰ ਸਿੰਘ ਸਿਧੂ ਵੱਲੋਂ ਇਸ ਮਾਮਲੇ ਤੇ ਲਿਆ ਗਿਆ ਸਟੈਂਡ ਸ਼ਲਾਘਾਯੋਗ ਹੈ ਅਤੇ ਸਿੱਖ ਕੌਮ ਪੂਰੀ ਤਰ੍ਹਾਂ ਰਾਜਿੰਦਰ ਸਿੰਘ ਸਿਧੂ ਦੇ ਨਾਲ ਹੈ। ਉਹਨਾਂ ਨੇ ਸਿਆਸੀ ਪਾਰਟੀਆਂ ਵਿੱਚ ਡੇਰਿਆਂ ਦੇ ਲਗਾਤਾਰ ਵਧ ਰਹੇ  ਦਬਦਬੇ ਨੂੰ ਖਤਮ ਕਰਨ ਲਈ ਮੁਹਿੰਮ ਚਲਾਉਣ ਦੀ ਗੱਲ ਵੀ ਕਹੀ ਹੈ ਕਿ ਏਕ ਨੂਰ ਖਾਲਸਾ ਫੌਜ ਪੰਜਾਬ ਵੱਲੋਂ ਸਿੱਖ ਵੋਟਰਾਂ ਨੂੰ ਇੱਕ ਜੁੱਟ ਕਰਨ ਲਈ ਚਲਾਈ ਜਾਏਗੀ। ਚੇਤੇ ਰਹੇ ਕਿ ਪਿਛਲੇ ਦਿਨੀਂ ਸ਼੍ਰੋਮਣੀ ਖਾਲਸਾ ਪੰਚਾਇਤ ਅਤੇ ਕੁਝ ਹੋਰ ਜਥੇਬੰਦੀਆਂ ਨੇ ਵੀ ਉਹਨਾਂ ਲੀਡਰਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਸੀ ਜਿਹੜੇ ਚੋਣਾਂ ਦੇ ਮੌਸਮ ਦੌਰਾਨ ਵੋਟਾਂ ਮੰਗਣ ਲਈ ਡੇਰੇ ਦੇ ਦਰਬਾਰ ਵਿੱਚ ਹਾਜਰ ਹੋਏ ਸਨ ਇਸ ਮਾਮਲੇ ਤੇ ਜਥੇਦਾਰ ਨੇ ਇੱਕ ਵਾਰ ਫੇਰ ਸਪਸ਼ਟ ਕੀਤਾ ਹੈ ਕਿ ਵੋਟਾਂ ਮੰਗਣ ਲਈ ਡੇਰਾ ਸਿਰਸਾ ਵਿਖੇ ਗਏ ਅਕਾਲੀ ਲੀਡਰਾਂ ਵਿਰੁਧ ਕਾਰਵਾਈ ਕਰਨ ਦੇ ਮਾਮਲੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੀ ਸੁਪਰੀਮ  ਪਾਵਰ ਹਨ ਇਸ ਖਬਰ ਦੀ ਤਸਵੀਰ ਵੀ ਨਾਲ ਹੀ ਪ੍ਰਕਾਸ਼ਿਤ ਕੀਤੀ ਗਈ ਹੈ ਜਿਸਤੇ ਕਲਿੱਕ ਕਰਕੇ ਤੁਸੀਂ ਇਸ ਨੂੰ ਵੱਡਿਆਂ ਕਰਕੇ ਵੀ ਪੜ੍ਹ ਸਕਦੇ ਹੋ ਇਹਨਾਂ ਬਿਆਨ ਬਾਜੀਆਂ ਦੇ ਵਿੱਚ ਇਹ ਮਸਲਾ ਅਜੇ ਵੀ ਕਾਇਮ ਹੈ ਕਿ  ਇਨਾ ਕਿਸੇ ਠੋਸ ਮਦਦ ਦੇ ਅਜਿਹੇ ਕੇਸ ਇੱਕਲਿਆਂ ਕਿੰਨੀ ਕੁ ਦੇਰ ਲੜੇ ਜਾ ਸਕਦੇ ਹਨ ? ਅਜਿਹਾ ਅਕਸਰ ਹੁੰਦਾ ਰਿਹਾ ਹੈ ਕਿ ਲੀਡਰ ਤਾਂ ਭੜਕਾਊ ਤਕਰੀਰਾਂ ਮਗਰੋਂ ਕੁਰਸੀਆਂ ਤੇ ਪੁੱਜ ਜਾਂਦੇ ਹਨ ਤੇ ਆਮ ਲੋਕ ਸੰਘਰਸ਼ਾਂ ਦੇ ਰਾਹ ਪੈ ਆਪਣੀ ਪੂਰੀ ਜਿੰਦਗੀ ਰੋਲ ਬੈਠਦੇ ਹਨ  

No comments: