Saturday, January 21, 2012

ਮੇਰੀ ਮਨਪਸੰਦ ਪੁਸਤਕ: ਮੇਰਾ ਦਾਗ਼ਿਸਤਾਨ // ਪ੍ਰੇਮ ਗੋਰਖੀ

ਜੋ ਪ੍ਰਭਾਵ ‘ਮੇਰਾ ਦਾਗ਼ਿਸਤਾਨ’ ਨੇ ਮੇਰੇ ਉੱਪਰ ਪਾਇਆ ਉਹ ਤਾਂ ਬਸ ਕਮਾਲ ਸੀ                                                                                                              
ਮੈਂ ਗਿਆਨੀ ਪਾਸ ਕਰ ਲਈ ਤਾਂ ਮੇਰਾ ਗਿਆਨੀ ਟੀਚਰ ਤਰਲੋਕ ਕਾਲਡ਼ਾ ਮੈਨੂੰ ਕਦੀ ਕਦੀ ਕੌਫੀ ਹਾਊਸ ਲੈ ਜਾਂਦਾ। ਗਿਆਨੀ ਕਰਦਿਆਂ ਹੀ ਮੇਰੀ ਪਹਿਲੀ ਕਹਾਣੀ ‘ਨਾਗਮਣੀ’ ਵਿੱਚ ਛਪ ਗਈ ਸੀ। ਕੌਫੀ ਹਾਊਸ ਜਲੰਧਰ ਦੇ ਬਹੁਤੇ ਲੇਖਕ ਜੁਡ਼ਦੇ ਜਿਨ੍ਹਾਂ ਨਾਲ ਕਾਲਡ਼ਾ ਜੀ ਮੈਨੂੰ ਮਿਲਾਉਂਦੇ। ਇੱਥੇ ਹੀ ਮੈਨੂੰ ਜਸਵੰਤ ਸਿੰਘ ਵਿਰਦੀ ਮਿਲੇ। ਵਿਰਦੀ ਜੀ ਇਕ ਦਿਨ ਮੈਨੂੰ ਕੰਪਨੀ ਬਾਗ਼ ਵਿੱਚ ਲੈ ਗਏ ਤੇ ਮੇਰੇ ਨਾਲ ਕਿਤਾਬਾਂ ਦੀਆਂ, ਕਹਾਣੀਆਂ ਦੀਆਂ ਗੱਲਾਂ ਕਰਨ ਲੱਗੇ। ਉਨ੍ਹਾਂ ਹੀ ਨਵੀਂ ਆਈ ਕਿਤਾਬ ‘ਮੇਰਾ ਦਾਗ਼ਿਸਤਾਨ’ ਬਾਰੇ ਮੈਨੂੰ ਦੱਸਿਆ ਤੇ ਕਚਹਿਰੀਆਂ ਦੇ ਕੋਲ ਕਿਤਾਬਾਂ ਦੀ ਦੁਕਾਨ ‘ਤੇ ਲੈ ਕੇ ਗਏ ਤੇ ਹਿੰਦੀ ‘ਚ ਛਪੀ ਰਸੂਲ ਹਮਜ਼ਾਤੋਵ ਦੀ ਕਿਤਾਬ ‘ਮੇਰਾ ਦਾਗ਼ਿਸਤਾਨ’ ਲੈ ਕੇ ਦਿੱਤੀ ਸਿਰਫ਼ ਚਾਰ ਰੁਪਏ ਵਿੱਚ।
‘ਮੇਰਾ ਦਾਗ਼ਿਸਤਾਨ’ ਮੈਂ ਰੋਜ਼ ਪਡ਼੍ਹਦਾ, ਪਾਠ ਕਰਨ ਵਾਂਗ। 320 ਸਫ਼ਿਆਂ ਦੀ ਉਹ ਕਿਤਾਬ ਮਹੀਨੇ ਵਿੱਚ ਮੈਂ ਛੇ ਵਾਰ ਪਡ਼੍ਹੀ। ਜਦੋਂ ਵੀ ਮੈਂ ਕਿਤਾਬ ਖੋਲ੍ਹਦਾ ਰਸੂਲ ਹਮਜ਼ਾਤੋਵ ਮੇਰੇ ਕੋਲ ਆ ਬੈਠਾ, ਮੇਰੇ ਸਾਹਵੇਂ ਤੇ ਉਹ ਹਮੇਸ਼ਾ ਮੈਨੂੰ ਫੁੱਫਡ਼ ਪੂਰਨ ਜਾਪਦਾ। ਰਸੂਲ ਦੀਆਂ ਆਖੀਆਂ ਗੱਲਾਂ ਮੈਂ ਇਕ ਕਾਪੀ ਵਿੱਚ ਲਿਖ ਲੈਂਦਾ ਤੇ ਫਿਰ ਜਦੋਂ ਵੀ ਪਡ਼੍ਹਦਾ ਉਨ੍ਹਾਂ ਵਿੱਚੋਂ ਫੁੱਫਡ਼ ਪੂਰਨ ਦੀ ਆਵਾਜ਼ ਸੁਣਾਈ ਦੇਣ ਲੱਗਦੀ। ਫੁੱਫਡ਼ ਪੂਰਨ ਨਹੀਂ, ਹਮਜ਼ਾਤੋਵ ਨੇ ਕਿਹਾ—
”ਉਕਾਬ! ਤੂੰ ਕਿੱਥੇ ਜੰਮਿਆ ਸੈਂ?”
”ਤੰਗ ਗੁਫ਼ਾ ਵਿੱਚ।”
”ਉਕਾਬ! ਤੂੰ ਕਿਧਰ ਨੂੰ ਉੱਡਦਾ ਜਾ ਰਿਹੈਂ?”
”ਵਿਸ਼ਾਲ ਆਕਾਸ਼ ਵੱਲ!”
ਇਸੇ ਤਰ੍ਹਾਂ ਹਮਜ਼ਾਤੋਵ ਗੱਲ ਕਰਦਿਆਂ ਅੱਗੇ ਚੱਲ ਕੇ ਕਹਿੰਦਾ, ”ਨੀਂਦ ਖੁੱਲ੍ਹੇ ਤਾਂ ਇਕਦਮ ਨਾ ਬਿਸਤਰੇ ਵਿੱਚ ਕੁੱਦ ਪਵੋ, ਜਿਵੇਂ ਤੁਹਾਨੂੰ ਕਿਸੇ ਨੇ ਡੰਗਿਆ ਹੋਵੇ। ਪਹਿਲਾਂ, ਜੋ ਕੁਝ ਤੁਸੀਂ ਸੁਪਨੇ ਵਿੱਚ ਦੇਖਿਆ ਸੀ, ਉਸ ਬਾਰੇ ਵਿਚਾਰੋ।”
ਗੱਲ ਕਰਦਿਆਂ ਹਮਜ਼ਾਤੋਵ ਆਪਣੇ ਸਮੇਂ ਦੇ ਲੇਖਕ ਜਾਂ ਕਹਿ ਲਓ ਇਕ ਸਿਆਣੇ ਬੰਦੇ ਅਬੂਤਾਲਿਬ ਬਾਰੇ ਦੱਸਦਾ ਹੋਇਆ ਕਹਿੰਦਾ; ਅਬੂਤਾਲਿਬ ਦਾ ਕਹਿਣਾ ਸੀ: ਕਿਤਾਬ ਦਾ ਮੁੱਖਬੰਦ ਵਹਿਮਣ ਔਰਤ ਵੱਲੋਂ ਦੰਦਾਂ ਵਿਚਕਾਰ ਫਡ਼ੇ ਤਿਨਕੇ ਵਾਂਗ ਹੁੰਦਾ ਹੈ, ਜਦ ਉਹ ਆਪਣੇ ਪਤੀ ਦਾ ਭੇਡ ਦੀ ਖੱਲ ਵਾਲਾ ਕੋਟ ਮੁਰੰਮਤ ਕਰ ਰਹੀ ਹੁੰਦੀ ਹੈ। ਆਮ ਵਿਸ਼ਵਾਸ ਇਹ ਹੈ ਕਿ ਇਹੋ ਜਿਹਾ ਕੰਮ ਕਰਦਿਆਂ ਜੇ ਉਹ ਦੰਦਾਂ ਵਿੱਚ ਤਿਨਕਾ ਨਹੀਂ ਫਡ਼ੇਗੀ, ਤਾਂ ਭੇਡ ਦੀ ਖੱਲ ਵਾਲਾ ਕੋਟ ਉਸ ਦੇ ਕਫ਼ਨ ਵਿੱਚ ਬਦਲ ਸਕਦਾ ਹੈ।

ਰਸੂਲ ਹਮਜ਼ਾਤੋਵ ਆਪਣੀ ਨੋਟ ਬੁੱਕ ਵਿੱਚ ਲਿਖਦਾ: ‘ਕਈ ਵਾਰੀ ਆਸਾਨੀ ਨਾਲ ਲਿਖੀ ਕਵਿਤਾ ਪਡ਼੍ਹਨੀ ਬਡ਼ੀ ਮੁਹਾਲ ਹੋ ਜਾਂਦੀ ਹੈ। ਬਡ਼ੇ ਔਖੇ ਹੋ ਕੇ ਲਿਖੀ ਗਈ ਕਵਿਤਾ ਕਈ ਵਾਰੀ ਪਡ਼੍ਹਨੀ ਸਹਿਲ ਲੱਗਦੀ ਹੈ। ਰੂਪ ਤੇ ਵਸਤੂ ਕੱਪਡ਼ਿਆਂ ‘ਤੇ ਕੱਪਡ਼ੇ ਪਾਉਣ ਵਾਂਗ ਹੁੰਦੇ ਹਨ। ਜੇ ਆਦਮੀ ਚੰਗਾ, ਚੁਸਤ ਤੇ ਉੱਚੇ ਆਚਰਣ ਵਾਲਾ ਹੋਵੇ ਤਾਂ ਉਸ ਦੇ ਕੱਪਡ਼ੇ ਕਿਉਂ ਨਾ ਉਸ ਦੇ ਗੁਣਾਂ ਨਾਲ ਮੇਲ ਖਾਂਦੇ ਹੋਣ। ਜੇ ਆਦਮੀ ਖ਼ੂਬਸੂਰਤ ਹੋਵੇ ਤਾਂ ਉਸ ਦੇ ਵਿਚਾਰ ਕਿਉਂ ਨਾ ਉਸੇ ਤਰ੍ਹਾਂ ਦੇ ਹੋਣ।
ਪ੍ਰੇਮ ਗੋਰਖੀ
ਬਹੁਤ ਵਾਰੀ ਹੁੰਦਾ ਇਹ ਹੈ ਕਿ ਕੋਈ ਔਰਤ ਦੇਖਣ ਵਿੱਚ ਬਡ਼ੀ ਸੁੰਦਰ ਹੁੰਦੀ ਹੈ, ਪਰ ਅਕਲੋਂ ਖ਼ਾਲੀ। ਜੇ ਉਹ ਬਡ਼ੀ ਤੀਖ਼ਣ-ਬੁੱਧ ਹੁੰਦੀ ਹੈ ਤਾਂ ਦੇਖਣ ਵਿੱਚ ਕੁਝ ਨਹੀਂ ਹੁੰਦੀ। ਕਲਾ ਕਿਰਤਾਂ ਨਾਲ ਵੀ ਇਸੇ ਤਰ੍ਹਾਂ ਵਾਪਰ ਸਕਦਾ ਹੈ। ਪਰ ਕੁਝ ਖੁਸ਼ਕਿਸਮਤ ਔਰਤਾਂ ਵੀ ਹੁੰਦੀਆਂ ਹਨ, ਜਿਨ੍ਹਾਂ ਵਿੱਚ ਚਮਕ-ਦਮਕ ਵੀ ਹੁੰਦੀ ਹੈ, ਸੁੰਦਰਤਾ ਵੀ ਤੇ ਅਕਲ ਵੀ। ਅਸਲੀ ਕਲਾ-ਕੁਸ਼ਲਤਾ ਵਾਲੇ ਕਵੀਆਂ ਦੀਆਂ ਕਿਰਤਾਂ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ।’
ਰਸੂਲ ਹਮਜ਼ਾਤੋਵ ਰੂਸ ਦੇ ਪਹਾਡ਼ੀ ਇਲਾਕੇ ਦਾਗ਼ਿਸਤਾਨ ਵਿੱਚ ਵਸਦਾ ਬਹੁਤ ਸਾਰੀਆਂ ਕਿਤਾਬਾਂ ਦਾ ਰਚੇਤਾ ਕਵੀ ਸੀ। ਉਹ ਹਿੰਦੁਸਤਾਨ ਵੀ ਆਇਆ ਤੇ ਇੱਥੋਂ ਦੇ ਕਈ ਸ਼ਹਿਰਾਂ ਵਿੱਚ ਘੁੰਮਿਆ-ਖ਼ਾਸ ਤੌਰ ਕਲਕੱਤਾ ਗਿਆ ਤੇ ਰਵਿੰਦਰ ਨਾਥ ਟੈਗੋਰ ਦੀਆਂ ਯਾਦਗਾਰੀ ਚੀਜ਼ਾਂ ਦੇਖੀਆਂ।
‘ਮੇਰਾ ਦਾਗ਼ਿਸਤਾਨ’ ਵਿੱਚ ਰਸੂਲ ਹਮਜ਼ਾਤੋਵ ਜ਼ਿੰਦਗੀ ਦੇ ਅਨੇਕਾਂ ਰੰਗਾਂ ਬਾਰੇ, ਬਹੁਤ ਸਾਰੇ ਦੁੱਖ-ਸੁੱਖ ਬਾਰੇ, ਬਹੁਤ ਸਾਰੀਆਂ ਕਹਾਵਤਾਂ, ਟੋਟਕੇ ਤੇ ਲਕੋਕਤੀਆਂ ਬਾਰੇ ਵਾਰ-ਵਾਰ ਜ਼ਿਕਰ ਕਰਦਾ ਹੈ।
ਇਸ ਕਿਤਾਬ ਵਿੱਚ ਵਾਰ-ਵਾਰ ਸਾਨੂੰ ਰਸੂਲ ਹਮਜ਼ਾਤੋਵ ਦੀ ਕਵਿਤਾ ਦੇ ਬੰਦ ਪਡ਼੍ਹਨ ਨੂੰ ਮਿਲਦੇ ਹਨ। ਇਹ ਕਿਤਾਬ ਨਾ ਨਾਵਲ ਹੈ, ਨਾ ਕਹਾਣੀ ਹੈ ਤੇ ਨਾ ਸਿਰਫ਼ ਕਵਿਤਾ ਹੈ ਤੇ ਨਾ ਹੀ ਸਵੈ-ਜੀਵਨੀ ਇਹੀ ਤਾਂ ਵੱਡਾ ਕਾਰਨ ਹੈ ਕਿ ਇਹ ਕਿਤਾਬ ਵਰ੍ਹਿਆਂ ਤੋਂ ਲਗਾਤਾਰ ਪਡ਼੍ਹੀ ਜਾ ਰਹੀ ਹੈ ਤੇ ਜਦੋਂ ਮੈਂ ਅੱਜ ਵੀ ਇਸ ਨੂੰ ਹੱਥ ਲਾਉਂਦਾ ਹਾਂ ਤਾਂ ਇਹ ਕਿਤਾਬ ਇਕਦਮ ਮੈਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਇਸ ਕਿਤਾਬ ਵਿਚਲੀਆਂ ਬਹੁਤ ਸਾਰੀਆਂ ਗੱਲਾਂ ਮੇਰੇ ਉੱਪਰ ਇਸ ਤਰ੍ਹਾਂ ਅਸਰ ਕਰਦੀਆਂ ਹਨ, ਜਿਵੇਂ ਕਿਸੇ ਸਮੇਂ ਫੁੱਫਡ਼ ਪੂਰਨ ਦੀਆਂ ਗੱਲਾਂ ਮੈਨੂੰ ਖਿੱਚ ਲਿਆ ਕਰਦੀਆਂ ਸਨ ਤੇ ਦਿਮਾਗ ਨੂੰ ਝੰਜੋਡ਼ ਦਿਆ ਕਰਦੀਆਂ ਸਨ ਤੇ ਉਹ ਗੱਲਾਂ ਮੈਂ ਬਹੁਤ ਵਾਰ ਆਪਣੀਆਂ ਕਹਾਣੀਆਂ ਵਿਚਲੇ ਪਾਤਰਾਂ ਦੇ ਮੂੰਹਾਂ ਵਿੱਚ ਪਾਈਆਂ।
ਲਓ ਰਸੂਲ ਹਮਜ਼ਾਤੋਵ ਸਾਨੂੰ ਇਕ ਕਹਾਣੀ ਸੁਣਾਉਂਦਾ ਹੈ: ਇਕ ਪਰਬੱਤ ਵਾਸੀ ਕਿਸੇ ਖ਼ਾਸ ਕੰਮ ਮਾਖਾਚ-ਕਲਾ (ਸ਼ਹਿਰ ਦੀ ਇਕ ਥਾਂ) ਆਇਆ। ਉਸ ਦੇ ਕੋਲ ਬਡ਼ੇ ਪੈਸੇ ਸਨ, ਜਿਹਡ਼ੇ, ਬੇਸ਼ੱਕ ਉਸ ਦੇ ਆਪਣੇ ਨਹੀਂ ਸਨ, ਸਗੋਂ ਸਰਕਾਰੀ ਖਰਚ ਲਈ ਸਨ। ਉਹ ਰੇਸਤਰਾਂ ਵਿੱਚ ਖਾਂਦਾ ਤੇ ਪੀਂਦਾ। ਸ਼ਹਿਰ ਵਿੱਚ ਆ ਕੇ ਪਹਿਲੇ ਦਿਨ ਉਸ ਨੇ ਰੇਸਤਰਾਂ ਵਿੱਚ ਐਨੀ ਉੱਚੀ ਆਵਾਜ਼ ਦਿੱਤੀ ਕਿ ਸਾਰੇ ਸੁਣ ਸਕਦੇ ਸਨ:
”ਬਹਿਰਾ, ਕੁਝ ਹੋਰ ਬਰਾਂਡੀ ਲਿਆ!”
ਲੋਕ ਮੁਡ਼-ਮੁਡ਼ ਕੇ ਉਸ ਆਦਮੀ ਵੱਲ ਦੇਖਣ ਲੱਗੇ, ਜਿਹਡ਼ਾ ਐਨੀ ਮਹਿੰਗੀ ਬਰਾਂਡੀ ਪੀ ਰਿਹਾ ਸੀ ‘ਤੇ ਹੈਰਾਨ ਹੋਣ ਲੱਗੇ ਕਿ ਉਹ ਕੌਣ ਹੋ ਸਕਦਾ ਹੈ।
ਸ਼ਹਿਰ ਵਿੱਚ ਆਪਣੇ ਆਖਰੀ ਦਿਨ ਉਸ ਨੇ ਉਸੇ ਬਹਿਰੇ ਨੂੰ ਕੰਨ ਵਿੱਚ ਪੁੱਛਿਆ: ”ਤੁਹਾਡੇ ਰੇਸਤਰਾਂ ਵਿੱਚ ਸੇਵੀਆਂ ਦੀ ਇਕ ਪਲੇਟ ਕਿਸ ਤਰ੍ਹਾਂ ਮਿਲਦੀ ਹੈ?”

ਚੋਂ ਧੰਨਵਾਦ ਸਹਿਤ
ਸਾਨ੍ਹ ਦੀ ਤਾਕਤ ਦਾ ਅੰਦਾਜ਼ਾ ਹਲ਼ ਵਾਹੁਣ ਤੋਂ ਪਹਿਲਾਂ ਨਹੀਂ, ਸਗੋਂ ਪਿੱਛੋਂ ਲਾਉਣਾ ਚਾਹੀਦਾ ਹੈ, ਉਸ ਦੇ ਚਰਾਗਾਹ ਵਿੱਚ ਛਡ਼ਾਂ ਮਾਰਨ ਤੋਂ ਨਹੀਂ, ਸਗੋਂ ਉਸ ਦੇ ਹਲ਼ ਖਿੱਚਣ ਤੋਂ ਲਾਉਣਾ ਚਾਹੀਦਾ ਹੈ। ਘੋਡ਼ੇ ਨੂੰ ਉਦੋਂ ਸਲਾਹੁਣਾ ਚਾਹੀਦਾ ਹੈ, ਜਦੋਂ ਤੁਸੀਂ ਕਾਠੀ ਤੋਂ ਉਤਰਦੇ ਹੋ, ਨਾ ਕਿ ਉਦੋਂ ਜਦੋਂ ਕਾਠੀ ਉੱਤੇ ਬੈਠਦੇ ਹੋ।  
ਕੀ ਮੈਂ ਆਪਣੀ ਕਿਤਾਬ ਨੂੰ ਉਸੇ ਤਰ੍ਹਾਂ ਫੂਕਾਂ ਮਾਰ ਰਿਹਾ ਹਾਂ, ਜਿਸ ਤਰ੍ਹਾਂ ਅਨਸਾਲਤਾਨੀ ਆਪਣੀ ਪਾਈਪ ਨੂੰੂ ਮਾਰਦੇ ਹਨ?—ਸਫ਼ਰ ਦੇ ਆਰੰਭ ਵਿੱਚ ਟੀਚਾ ਬਡ਼ੀ ਦੂਰ ਲੱਗਦਾ ਹੈ। ਕੀ ਮੇਰੇ ਵਿੱਚ ਇਸ ਤੱਕ ਪਹੁੰਚਣ ਜੋਗੀ ਹਿੰਮਤ, ਪ੍ਰੇਮ ਤੇ ਸਬਰ ਹੈ? ਜਾਂ ਕਿ ਮੇਰਾ ਅੰਤ ਸੇਵੀਆਂ ਦੀ ਇਕ ਪਲੇਟ ਦੀ ਕੀਮਤ ਪੁੱਛਣ ਨਾਲ ਹੀ ਹੋਵੇਗਾ?
ਮੈਂ ਰੂਸੀ ਸਾਹਿਤ ਬਹੁਤ ਪਡ਼੍ਹਿਆ। ਉਦੋਂ ਇਕ ਲਹਿਰ ਵੀ ਸੀ ਸਾਹਿਤ ਪਡ਼੍ਹਨ ਦੀ। ਲੇਖਕ ਇਕ ਦੂਜੇ ਨੂੰ ਪੁੱਛਦੇ ਤੂੰ ਚੈਖ਼ਵ, ਟਾਲਸਟਾਏ, ਗੋਰਕੀ, ਦਾਸਤੋਵਸਕੀ ਦੀ ਆਹ ਕਿਤਾਬ ਪਡ਼੍ਹੀ? ਲੈ ਆਹ ਪਡ਼੍ਹ। ਇਹ ਕਿਤਾਬਾਂ ਸਨ ਨਾਵਲ, ਕਹਾਣੀਆਂ, ਸਵੈਜੀਵਨੀਆਂ। ਬਹੁਤ ਉੱਚ ਪਾਏ ਦਾ ਸਾਹਿਤ। ਮੈਨੂੰ ਸਾਰਾ ਕੁਝ ਹੀ ਯਾਦ ਹੈ, ਕਦੇ ਵੀ ਨਹੀਂ ਭੁੱਲ ਸਕਦਾ, ਪਰ ਜੋ ਕੁਝ ਹੀ ਯਾਦ ਹੈ, ਕਦੇ ਵੀ ਨਹੀਂ ਭੁੱਲ ਸਕਦਾ, ਪਰ ਜੋ ਪ੍ਰਭਾਵ ਤਾਜ਼ਾ-ਤਾਜ਼ਾ ਆਈ ਕਿਤਾਬ ‘ਮੇਰਾ ਦਾਗ਼ਿਸਤਾਨ’ ਨੇ ਮੇਰੇ ਉੱਪਰ ਪਾਇਆ ਉਹ ਤਾਂ ਬਸ ਕਮਾਲ ਸੀ। ਪਹਿਲਾਂ ਇਹ ਕਿਤਾਬ ਮੈਂ ਹਿੰਦੀ ਵਿੱਚ ਪਡ਼੍ਹੀ। ਮੈਂ ਝੱਟ ‘ਪ੍ਰਗਤੀ ਪ੍ਰਕਾਸ਼ਨ, 21, ਜ਼ੂਬੋਵਸਕੀ ਬੂਲੇਵਾਰ, ਮਾਸਕੋ, ਸੋਵੀਅਤ ਯੂਨੀਅਨ’ ਨੂੰ ਚਿੱਠੀ ਲਿਖੀ ਕਿ ਇਹ ਕਿਤਾਬ ਛੇਤੀ ਤੋਂ ਛੇਤੀ ਪੰਜਾਬੀ ਵਿੱਚ ਵੀ ਛਪਣੀ ਚਾਹੀਦੀ ਹੈ। ਠੀਕ ਡੇਢ ਸਾਲ ਬਾਅਦ ਜਲੰਧਰ ਦੇ ਪੰਜਾਬ ਬੁੱਕ ਸੈਂਟਰ ਤੋਂ ਇਹ ਕਿਤਾਬ ਵਿਕਣ ਲੱਗੀ ਤੇ ਮੁੱਲ ਸੀ ਚਾਰ ਰੁਪਏ। ਭਾਵੇਂ ਮੇਰਾ ਆਮਦਨ ਦਾ ਕੋਈ ਚੰਗਾ ਵਸੀਲਾ ਨਹੀਂ ਸੀ ਤੇ ਮੈਂ ਰਾਤ ਨੂੰ ਪੈਟਰੋਲ ਪੰਪ ‘ਤੇ ਜਾਂਦਾ ਸੀ, ਪਰ ਫਿਰ ਵੀ ਇਹ ਕਿਤਾਬ ਖਰੀਦ ਕੇ ਕਈ ਮਿੱਤਰ ਪਿਆਰਿਆਂ ਨੂੰ  ਦਿੱਤੀ।
*ਮੋਬਾਈਲ: 98555-91762

No comments: