Tuesday, January 17, 2012

ਪੰਜਾਬੀਏ ਜ਼ਬਾਨੇ ਨੀਂ ਰਕਾਨੇ ਮੇਰੇ ਦੇਸ ਦੀਏ

ਕੀਹਨੇ ਤੇਰਾ ਲਾਹ ਲਿਆ ਸ਼ੰਗਾਰ!              -ਗੁਰਦਿਆਲ ਸਿੰਘ
ਮੋਬਾਈਲ: 93570-30434
ਕਾਲਜ ਵਿਚ ਪਡ਼੍ਹਦੇ ਇਕ ਵਿਦਿਆਰਥੀ ਨੇ ਸਵਾਲ ਪੁੱਛਿਆ, ‘ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਸਮਰਿਧ ਬਣਾਉਣ ਲਈ ‘ਅਸੀਂ’ ਕੀ ਕਰ ਸਕਦੇ ਹਾਂ?’ ‘ਅਸੀਂ’ ਸ਼ਬਦ ਤੋਂ ਉਸ ਦਾ ਭਾਵ ਸੀ ‘ਵਿਦਿਆਰਥੀ’। ਪਰ ਇਹ ਸਵਾਲ ਵਿਦਿਆਰਥੀਆਂ ਤਕ ਹੀ ਸੀਮਤ ਨਹੀਂ, ਅਧਿਆਪਕ, ਪਡ਼੍ਹੇ-ਲਿਖੇ ਤੇ ਆਮ ਲੋਕਾਂ ਬਾਰੇ ਵੀ ਹੈ। (ਉਸ ਨੇ ਇਹ ਵੀ ਕਿਹਾ ਕਿ, ‘ਤੁਸੀਂ ਲੇਖਕ ਇਹਦੇ ਲਈ ਕੀ ਕਰ ਸਕਦੇ ਹੋ? ਜੇ ਕਰ ਸਕਦੇ ਹੋ ਤਾਂ ਕੀ ਕਰਦੇ ਹੋ?’)
ਮੁੱਖ ਸਵਾਲ ਇਹੋ ਹੈ ਕਿ ਭਾਰਤ ਦੀਆਂ ਹੋਰ ਭਾਸ਼ਾਵਾਂ (ਖਾਸ ਕਰਕੇ ਮਲਿਆਲਮ, ਬੰਗਾਲੀ) ਵਾਂਗ ਪੰਜਾਬੀ ਸਾਹਿਤ ਦੇ ਪਾਠਕ ਵਧੇਰੇ ਕਿਉਂ ਨਹੀਂ, ਜਿਸ ਕਾਰਨ ਸਾਹਿਤ ਦਾ ਮਹੱਤਵ ਵੱਧ ਸਕੇ?
ਇਸ ਦਾ ਮੁੱਖ ਕਾਰਨ ਇਤਿਹਾਸ ਵਿਚੋਂ ਲੱਭਿਆ ਜਾ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਹਿੰਦੂਆਂ ਦੇ ਧਾਰਮਿਕ ਗ੍ਰੰਥ (ਵਿਸ਼ੇਸ਼ ਕਰਕੇ ਵੇਦ, ਬ੍ਰਾਹਮਣ, ਉਪਨਿਸ਼ਦ) ਪੰਜਾਬ ਵਿਚ ਹੀ ਰਚੇ ਗਏ। ਸਮੁੱਚੇ ਤੌਰ ‘ਤੇ ਇਨ੍ਹਾਂ ਨੂੰ ‘ਸ਼ਰੁਤੀਆਂ’ ਵੀ ਕਿਹਾ ਜਾਂਦਾ ਹੈ ਜਿਸ ਦੇ ਅਰਥ, ‘ਸੁਣਿਆ ਹੋਇਆ’ (ਜਾਂ ਜ਼ਬਾਨੀ ਕੰਠ ਕੀਤਾ) ਹਨ। ਵਰਣ-ਆਸ਼ਰਮ ਅਨੁਸਾਰ ਪਡ਼੍ਹਨ-ਪਡ਼੍ਹਾਉਣ ਦਾ ਮੁੱਖ ਕਾਰਜ ਸਦੀਆਂ ਤੱਕ ਬ੍ਰਾਹਮਣਾਂ ਦਾ ਹੀ ਰਿਹਾ। ਇਹ ਲੋਕ, ਵਿੱਦਿਆ ਦੇ ‘ਪਾਤਰਾਂ’ (ਯੋਗ) ਵਿਦਿਆਰਥੀਆਂ ਨੂੰ ਹੀ ਪਡ਼੍ਹਾਉਂਦੇ ਸਨ: ਜੋ ਕਸ਼ਤ੍ਰੀ ਜਾਂ ਵੈਸ਼ ਜਾਤੀਆਂ ਦੇ ਹੀ ਹੁੰਦੇ ਸਨ ਤੇ ਉਹ ਵੀ ਇਕ ਦੋ ਫੀਸਦੀ। ਉੱਤਰ ਪ੍ਰਦੇਸ਼ ਵਿਚ ਵਿਸ਼ੇਸ਼ ਤੌਰ ‘ਤੇ ਬ੍ਰਾਹਮਣਾਂ ਦੀਆਂ ਅੱਜ ਵੀ ਚਾਰ ਸ਼੍ਰੇਣੀਆਂ ਹਨ। ਦੱਸਿਆ ਜਾਂਦਾ ਹੈ ਕਿ ਜਿਹਡ਼ੇ ਬ੍ਰਾਹਮਣ ਇਕ ਵੇਦ ਜ਼ਬਾਨੀ ਯਾਦ ਕਰਦੇ ਤੇ ਉਹਦੇ ਅਰਥ ਸਮਝਦੇ (ਤੇ ਸਮਝਾ ਸਕਦੇ) ਸਨ, ਉਨ੍ਹਾਂ ਦੀਆਂ ਆਉਣ ਵਾਲੀਆਂ ਪੀਡ਼੍ਹੀਆਂ ਨੂੰ ‘ਵੇਦੀ’ ਤੇ ਇਸੇ ਤਰ੍ਹਾਂ ਦੋ, ਤਿੰਨ ਜਾਂ ਚਾਰ ਵੇਦ ਕੰਠ ਕਰਨ ਵਾਲੇ (ਤੇ ਅਰਥ ਕਰਨ ਵਾਲੇ) ਬ੍ਰਾਹਮਣਾਂ ਦੀਆਂ ਹੁਣ ਤੱਕ ਦੀਆਂ ਪੀਡ਼੍ਹੀਆਂ ਨੂੰ ਦਵੇਦੀ, ਤ੍ਰਵੇਦੀ ਤੇ ਚਤੁਰਵੇਦੀ ਕਿਹਾ ਜਾਂਦਾ ਹੈ। ਅਜਿਹੇ ਹੋਰ ਵੀ ਪ੍ਰਮਾਣ ਮਿਲਦੇ ਹਨ ਕਿ ਆਰੀਏ ਲੰਮਾ ਸਮਾਂ ਪੰਜਾਬ (ਜਿਸ ਨੂੰ ਸਪਤਸਿੰਧੂ ਕਿਹਾ ਜਾਂਦਾ ਸੀ) ਵਿਚ ਹੀ ਰਹੇ, ਮਗਰੋਂ ਉਹ ਗੰਗਾ ਦੇ ਮੈਦਾਨਾਂ ਵੱਲ ਅੱਗੇ ਵਧੇ।
ਉਪਰਲੇ ਹਵਾਲੇ ਕਿੰਨੇ ਕੁ ਸਹੀ ਹਨ ਜਾਂ ਨਹੀਂ, ਪਰ ਇਹ ਸੱਚਾਈ ਅੱਜ ਵੀ ਪ੍ਰਮਾਣਤ ਹੈ ਕਿ ਪੰਜਾਬੀ ਲੋਕ ‘ਪਡ਼੍ਹਾਕੂ’ ਘੱਟ ਤੇ ਸਰੋਤੇ (ਸ਼੍ਰੋਤੇ) ਵਧੇਰੇ ਹਨ। 1940 ਦੇ ਆਸ-ਪਾਸ ਆਪਣੇ ਬਚਪਨ ਵਿਚ ਮੈਂ ਖੁਦ ਕਵੀਸ਼ਰਾਂ ਦੇ ਅਖਾਡ਼ੇ ਲਗਦੇ ਵੇਖੇ ਸਨ। ਕਵੀਸ਼ਰ ਛੰਦਬੱਧ ਕਵਿਤਾ ਵਿਚ, ਪੁਰਾਤਨ ਧਾਰਮਿਕ ਜਾਂ ਸਮਾਜਿਕ ਕਹਾਣੀਆਂ ਬਾਰੇ ਲਿਖੇ ਛੰਦ, ਜ਼ਬਾਨੀ, ਘੰਟਿਆਂਬੱਧੀ ਗਾ ਕੇ ਸੁਣਾਉਂਦੇ ਸਨ। ਸੈਂਕਡ਼ਿਆਂ ਦੀ ਗਿਣਤੀ ਵਿਚ ਲੋਕ ਬੈਠ ਕੇ ਸੁਣਦੇ ਤੇ ਆਨੰਦ ਮਾਣਦੇ ਸਨ। ਇਹ ਅਖਾਡ਼ੇ ਅਕਸਰ, ਆਮ ਮੇਲਿਆਂ ਵਿਚ ਲੱਗਦੇ ਸਨ। ਸਾਡੀ ਛੋਟੀ ਮੰਡੀ ਵਿਚ ਸਾਲ ਵਿਚ ਦੋ ਪਸ਼ੂ-ਮੇਲੇ ਲਗਦੇ ਸਨ (ਜਿਨ੍ਹਾਂ ਨੂੰ ਉਰਦੂ ਵਿਚ ‘ਮੇਲਾ-ਮਵੇਸ਼ੀਆਂ’ ਕਿਹਾ ਜਾਂਦਾ ਸੀ)। ਇਕ ਅੱਸੂ ਮਹੀਨੇ ਤੇ ਦੂਜਾ ਫੱਗਣ ਵਿਚ। ਇਨ੍ਹਾਂ ਵਿਚ ਸੈਂਕਡ਼ੇ ਲੋਕ ਹਰ ਤਰ੍ਹਾਂ ਦੇ ਪਸ਼ੂ ਵੇਚਣ ਤੇ ਖਰੀਦਣ ਆਉਂਦੇ ਸਨ। ਪੂਰਾ ਹਫਤਾ, ਸ਼ਾਮ ਵੇਲੇ, ਕਵੀਸ਼ਰਾਂ ਤੇ ਨਚਾਰਾਂ ਦੇ ਅਖਾਡ਼ੇ ਲੱਗਦੇ ਸਨ। (ਨਚਾਰ ਸੁੰਦਰ ਮਰਦ ਹੁੰਦੇ ਸਨ ਜਿਹਡ਼ੇ ਜ਼ਨਾਨੇ ਕੱਪਡ਼ੇ ਪਾ ਕੇ ਨੱਚਦੇ ਤੇ ਗਾਉਂਦੇ ਸਨ, ਪਰ ਇਨ੍ਹਾਂ ਦੇ ਗੀਤ ਆਦਿ ਆਮ ਤੌਰ ‘ਤੇ ਰੋਮਾਂਚਿਕ (ਅਸ਼ਲੀਲ) ਹੁੰਦੇ ਸਨ। ਲੋਕ ਘੰਟਿਆਂਬੱਧੀ ਗੋਲ ਘੇਰਿਆਂ ਵਿਚ ਮੂਹਰੇ ਬੈਠੇ ਤੇ ਮਗਰ ਖਡ਼੍ਹੇ ਰਹਿੰਦੇ ਤੇ ਖਡ਼ੋਤਿਆਂ ਤੋਂ ਪਿੱਛੇ, ਊਠਾਂ ‘ਤੇ ਚਡ਼੍ਹੇ ਦਰਜਨਾਂ ਸਰੋਤੇ ਵੀ ਹੁੰਦੇ ਸਨ। ਪਰ ਕਵੀਸ਼ਰੀ ਵਿਚ ਕੁਝ ਧਾਰਮਿਕ, ਨੈਤਿਕ ਤੇ ਸੰਸਾਰਕ ਵਰਤਾਰਿਆਂ ਵਿਚ ਦਿਲਚਸਪੀ ਰੱਖਣ ਵਾਲੇ ਲੋਕ ਵਧੇਰੇ ਹੁੰਦੇ। ਇਨ੍ਹਾਂ ਵਿਚ ਮਾਹੌਲ ਸ਼ਾਂਤ ਤੇ ਗੰਭੀਰ ਹੁੰਦਾ ਸੀ। ਪੂਰਨ ਭਗਤ, ਰੂਪ-ਬਸੰਤ ਤੇ ਨਲ-ਦਮਿਅੰਤੀ ਵਰਗੇ ਅਰਧ-ਧਾਰਮਿਕ ਤੇ ਨੈਤਿਕ ਕਿੱਸੇ ਗਾਏ ਜਾਂਦੇ ਸਨ।
ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਪੰਜਾਬੀਆਂ ਵਿਚ ਸਰੋਤੇ ਹੋਣ ਦੀ ਰੁਚੀ ਵਧੇਰੇ ਹੈ। ਗੁਰਦਾਸ ਮਾਨ ਵਰਗੇ ਗਾਇਕਾਂ ਨੂੰ ਸੁਣਨ ਲਈ ਹਜ਼ਾਰਾਂ ਦਾ ਇਕੱਠ ਹੋ ਜਾਂਦਾ ਹੈ। ਅਨੇਕਾਂ ਗਾਇਕ ਰੁਮਾਂਚਿਕ ਅਰਧ-ਅਸ਼ਲੀਲ ਤੇ ਕੁਝ ਗੰਭੀਰ ਗੀਤ ਵੀ ਗਾਉਂਦੇ ਹਨ। ਪੰਜਾਬੀਆਂ ਦਾ ਅਜਿਹਾ ਰੁਝਾਨ ਹੁਣ ‘ਪੁਸਤਕ ਮੇਲਿਆਂ’ ਵਿਚ ਵੀ ਕਿਸੇ ਹੱਦ ਤਕ ਦੇਖਿਆ ਜਾ ਸਕਦਾ ਹੈ। ‘ਪੁਸਤਕ ਬਾਜ਼ਾਰ’ ਨਾਂ ਕਦੇ ਨਹੀਂ ਵਰਤਿਆ ਜਾਂਦਾ, ਸ਼ਬਦ ‘ਮੇਲਾ’ ਹੀ ਵਰਤਿਆ ਜਾਂਦਾ ਹੈ (ਪਿਛਲੇ ਦਿਨੀਂ ਇਕ ਪੁਸਤਕ ਮੇਲੇ ਵਿਚ ਇਕੱਠ ਕਰਨ ਲਈ ਹੀ ਗਾਇਕ ਸੱਦੇ ਗਏ ਸਨ।) ਜੇ ਕਿਸੇ ਵੱਡੇ ਸ਼ਹਿਰ ਵਿਚ ਪਡ਼੍ਹਨ-ਲਿਖਣ ਦੀ ਸਮੱਗਰੀ (ਸਟੇਸ਼ਨਰੀ) ਤੇ ਸਕੂਲ ਤੋਂ ਯੂਨੀਵਰਸਿਟੀ ਤਕ ਦੇ ਪਾਠ´ਮ ਦੀਆਂ ਪੁਸਤਕਾਂ ਦੀਆਂ ਸੌ ਦੁਕਾਨਾਂ ਹਨ ਤਾਂ ਨਿਰੋਲ ਸਾਹਿਤਕ ਪੁਸਤਕਾਂ ਦੀਆਂ ਦਸ ਤੋਂ ਵੱਧ ਦੁਕਾਨਾਂ ਕਿਧਰੇ ਨਹੀਂ ਹੁੰਦੀਆਂ।
ਇਹ ਸਭ ਪ੍ਰਮਾਣ, ਪੰਜਾਬੀਆਂ ਦੇ ਇਤਿਹਾਸਿਕ, ਸਮਾਜਿਕ, ਰਾਜਨੀਤਿਕ ਮਾਹੌਲ ਦੀ ਸੰਖੇਪ ਵਿਆਖਿਆ ਹੈ। ਪੰਜਾਬ ਦੇ ਸਕੂਲਾਂ, ਕਾਲਜਾਂ ਦੇ ਅਧਿਆਪਕਾਂ ਦੀ ਗਿਣਤੀ ਲੱਖਾਂ ਵਿਚ ਹੈ। ਸਕੂਲਾਂ ਤੇ ਅਕਸਰ ਕਾਲਜਾਂ ਦੀ ਪਡ਼੍ਹਾਈ ਦਾ ਮਾਧਿਅਮ ਪੰਜਾਬੀ ਹੈ। ਇਸੇ ਕਾਰਨ ਹਰ ਅਧਿਆਪਕ ਨੇ ਦਸਵੀਂ ਜਾਂ ਬਾਰ੍ਹਵੀਂ ਤੱਕ ਪੰਜਾਬੀ ਪਡ਼੍ਹੀ ਹੋਈ ਹੈ। ਜਿਸ ਕਮੇਟੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ, ਪੰਜਾਬੀ ਦਾ ਪਾਠ´ਮ ਤਿਆਰ ਕੀਤਾ ਸੀ (1971-74 ਵਿਚ) ਉਸ ਦੇ ਮੁਖੀ ਮਰਹੂਮ ਪ੍ਰੋ. ਪ੍ਰੀਤਮ ਸਿੰਘ ਸਨ (ਮੈਂ ਮੈਂਬਰ ਸਾਂ)। ਪ੍ਰੋ. ਪ੍ਰੀਤਮ ਸਿੰਘ ਦਾ ਮਤ ਸੀ ਕਿ ਦਸ ਸਾਲ ਤਕ ਪੰਜਾਬੀ ਪਡ਼੍ਹਨ ਵਾਲੇ ਵਿਦਿਆਰਥੀ ਨੂੰ ਛੇਵੀਂ ਸ਼੍ਰੇਣੀ ਤਕ ਪੰਜਾਬੀ ਭਾਸ਼ਾ ਲਿਖਣ/ਪਡ਼੍ਹਨ ਦੀ ਮੁਹਾਰਤ ਹੋ ਜਾਣੀ ਚਾਹੀਦੀ ਹੈ। ਉਸ ਤੋਂ ਚਾਰ ਸਾਲ ਬਾਅਦ ਉਹਨੂੰ ਪੰਜਾਬੀ ਸਾਹਿਤ ਦੀ ਹਰ ਵਿਧਾ (ਕਵਿਤਾ, ਨਾਟਕ, ਕਹਾਣੀ, ਨਾਵਲ ਆਦਿ) ਦਾ ਗਿਆਨ ਹੋਣਾ ਲਾਜ਼ਮੀ ਹੈ। ਇਹ ਉਨ੍ਹਾਂ ਦਾ ਹੀ ਸੁਝਾਅ ਸੀ ਕਿ ਨੌਵੀਂ-ਦਸਵੀਂ ਵਿਚ ਨਾਵਲ ਵੀ ਸ਼ਾਮਲ ਹੋਣਾ ਚਾਹੀਦਾ ਹੈ। ਇਸੇ ਕਾਰਨ ਪਹਿਲਾਂ ਲੰਮਾ ਸਮਾਂ ਸੋਹਣ ਸਿੰਘ ਸੀਤਲ ਦੇ ਨਾਵਲ ‘ਤੂਤਾਂ ਵਾਲਾ ਖੂਹ’ ਨੂੰ ਸੰਖੇਪ ਕਰਕੇ ਪਡ਼੍ਹਾਇਆ ਜਾਂਦਾ ਰਿਹਾ, ਹੁਣ ਪੰਦਰਾਂ ਸਾਲ ਤੋਂ ਨਾਵਲ, ‘ਪਹੁ-ਫੁਟਾਲੇ ਤੋਂ ਪਹਿਲਾਂ’ ਪਡ਼੍ਹਾਇਆ ਜਾ ਰਿਹਾ ਹੈ (ਜੋ ਪ੍ਰੋ. ਪ੍ਰੀਤਮ ਸਿੰਘ ਹੋਰਾਂ ਵਿਸ਼ੇਸ਼ ਤੌਰ ‘ਤੇ ਮੈਥੋਂ ਨੌਵੀਂ-ਦਸਵੀਂ ਦੇ ਪਾਠ´ਮ ਲਈ ਲਿਖਵਾਇਆ ਸੀ)।
ਪਰ ਸਵਾਲ ਇਹ ਹੈ ਕਿ ਕੀ ਸਕੂਲ/ਕਾਲਜ ਅਧਿਆਪਕ ਖੁਦ ਪੰਜਾਬੀ ਸਾਹਿਤ ਪਡ਼੍ਹਦੇ ਹਨ? ਕੀ ਵਿਦਿਆਰਥੀਆਂ ਨੂੰ ਦਸ ਸਾਲ ਤਕ ਸਭ ਸਾਹਿਤ-ਵਿਧਾਵਾਂ ਦਾ ਗਿਆਨ ਹੋ ਜਾਂਦਾ ਹੈ ਤੇ ਉਨ੍ਹਾਂ ਨੂੰ ਉੱਤਮ (ਜਾਂ ਸਾਧਾਰਨ) ਸਾਹਿਤ ਪਡ਼੍ਹਨ ਦੀ ‘ਚੇਟਕ’ ਲੱਗ ਜਾਂਦੀ ਹੈ?
ਇਹਦਾ ਉੱਤਰ ਉਸ ਵਿਦਿਆਰਥੀ ਦੀ ਜ਼ਬਾਨੀ ਹੀ ਸੁਣ ਲਓ ਜਿਸ ਨੇ ਇਹ ਲੇਖ ਲਿਖਣ ਲਈ ਮਜਬੂਰ ਕੀਤਾ। ਉਹਦਾ ਇਕ ਸਵਾਲ ਇਹ ਵੀ ਸੀ ਕਿ, ‘ਪਹੁ-ਫੁਟਾਲੇ ਤੋਂ ਪਹਿਲਾਂ’ ਦੇ ਅਰਥ ਕੀ ਹਨ?’ ਮੈਂ ਪੁੱਛਿਆ, ‘ਤੇਰੇ ਅਧਿਆਪਕ ਨੇ ਨੌਵੀਂ-ਦਸਵੀਂ ਵਿਚ ਨਹੀਂ ਸੀ ਸਮਝਾਏ?’ ਉੱਤਰ ਸੀ, ‘ਜੀ ਅਸੀਂ ਕਈ ਵਾਰ ਪੁੱਛਦੇ ਸੀ, ਪਰ ਉਹ ਹਮੇਸ਼ਾ ਗੱਲ ਟਾਲ ਜਾਂਦੇ ਸਨ।’ (ਇਸ ਨਾਵਲ ਦਾ ਨਾਂ ਚਿੰਨ੍ਹਾਤਮਿਕ ਹੋਣ ਕਾਰਨ, ਬਹੁਗਿਣਤੀ ਸਕੂਲ-ਅਧਿਆਪਕਾਂ ਨੂੰ ਇਹਦੇ ਅਰਥ ਵੀ ਨਹੀਂ ਆਉਂਦੇ।)
ਇਹ ਵੀ ਤੱਥ ਮਹੱਤਵਪੂਰਨ ਹੈ ਕਿ ਉਸ ਨਾਵਲ ਦਾ ਪਹਿਲਾ ਸੰਸਕਰਣ ਤਿੰਨ ਲੱਖ ਛਪਿਆ। ਅਗਲੇ ਸਾਲ ਦੋ ਜਾਂ ਢਾਈ ਲੱਖ। ਤੇ ਦਸਾਂ ਕੁ ਸਾਲਾਂ ਅੰਦਰ, ਜੋ ਸੰਸਕਰਣ 2009 ਵਿਚ ਛਪਿਆ, ਉਹ ਸਿਰਫ ਪੰਜਾਹ ਹਜ਼ਾਰ ਹੈ (2010-11 ਵਿਚ ਤਾਂ ਸ਼ਾਇਦ ਛਪਿਆ ਵੀ ਨਹੀਂ, ਕਿਉਂਕਿ ਦੁਕਾਨਦਾਰਾਂ ਕੋਲ 2009 ਦਾ ਛਪਿਆ ਸੰਸਕਰਣ ਹੀ ਮਿਲਦਾ  ਹੈ) ਨੌਵੀਂ-ਦਸਵੀਂ ਦੇ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲਾਂ ਵਿਚ ਜੇ ਬਹੁਤ ਵਧੀ ਨਹੀਂ ਤਾਂ ਤਿੰਨ ਲੱਖ ਤੋਂ ਘਟੀ ਵੀ ਨਹੀਂ। ਫੇਰ ਤਿੰਨ ਲੱਖ ਦੀ ਗਿਣਤੀ ਵਿਚ ਛਪਣ ਵਾਲਾ ਨਾਵਲ 50 ਹਜ਼ਾਰ ਤੱਕ ਕਿਉਂ ਪਹੁੰਚ ਗਿਆ?
ਕਾਰਨ ਬਹੁਤ ਸਪੱਸ਼ਟ ਹੈ। ਕੁਝ ਵਿਦਿਆਰਥੀ ਪਾਠ´ਮ ਦੀਆਂ ਪੁਰਾਣੀਆਂ ਕਿਤਾਬਾਂ ਖਰੀਦ ਲੈਂਦੇ ਹਨ। ਪਰ ਬਹੁਤਿਆਂ ਨੂੰ ਅਧਿਆਪਕ ਗਾਈਡਾਂ (ਕੁੰਜੀਆਂ) ਖਰੀਦਣ ਲਈ ਕਹਿ ਦਿੰਦੇ ਹਨ। ਗਾਈਡਾਂ ਵਿਚੋਂ ਇਮਤਿਹਾਨ ਦੀ ਤਿਆਰੀ ਸੌਖ ਨਾਲ ਹੋ ਜਾਂਦੀ ਹੈ। ਅਧਿਆਪਕਾਂ ਨੂੰ ਵੀ ਨਾਵਲ ਪਡ਼੍ਹਨ ਦੀ ਲੋਡ਼ ਨਹੀਂ ਪੈਂਦੀ (ਨਾ ਹੀ ਉਨ੍ਹਾਂ ਵਿਚੋਂ ਬਹੁਗਿਣਤੀ ਨੂੰ ਸਾਹਿਤ ਪਡ਼੍ਹਨ ਵਿਚ ਕੋਈ ਦਿਲਚਸਪੀ ਹੈ)। ਵਿਦਿਆਰਥੀਆਂ ਤੇ ਅਧਿਆਪਕਾਂ ਦਾ ਟੀਚਾ ਇਕੋ ਹੁੰਦਾ ਹੈ ਕਿ ਕਿਸੇ ਵਿਸ਼ੇ ਵਿਚ ਵੱਧ ਤੋਂ ਵੱਧ ਅੰਕ ਕਿਵੇਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਮਤਿਹਾਨ ਦੇ ਪਰਚੇ ਬਣਾਉਣ ਵਾਲਿਆਂ ਨੇ ਵੀ ਅਕਸਰ ਪਾਠ´ਮ ਦੀਆਂ ਪੁਸਤਕਾਂ ਸ਼ਾਇਦ ਨਹੀਂ ਪਡ਼੍ਹੀਆਂ ਹੁੰਦੀਆਂ। (ਅਜਿਹੇ ਅਧਿਆਪਕ ਵੀ ਹੋ ਸਕਦੇ ਹਨ ਜਿਹਡ਼ੇ ਪੁਸਤਕ ਪਡ਼੍ਹੇ ਬਿਨਾਂ, ਪਿਛਲੇ ਕੁਝ ਸਾਲਾਂ ਵਿਚ, ਇਮਤਿਹਾਨਾਂ ਵਿਚ ਆਏ ਸਵਾਲਾਂ ਵਿਚ ਕੁਝ ਫੇਰਬਦਲ ਕਰਕੇ ਪਰਚੇ ਬਣਾਉਂਦੇ ਹੋਣ।) ਜੇ ਕਿਸੇ ਬੂਟੇ, ਰੁੱਖ ਦੀ ਜਡ਼੍ਹ ਹੀ ਨਹੀਂ ਤਾਂ ਉਹ ਕਦੋਂ ਕੁ ਤਕ ਫਲ-ਫੁਲ ਸਕੇਗਾ!
ਵੱਡਾ ਕਾਰਨ ਇਹ ਵੀ ਹੈ ਕਿ 90 ਫੀਸਦੀ ਅਧਿਆਪਕਾਂ ਦੇ ਘਰ, ਨਿੱਜੀ ਲਾਇਬਰੇਰੀ ਹੀ ਦੇਖਣ ਨੂੰ ਨਹੀਂ ਮਿਲਦੀ (ਪਾਠ´ਮ ਦੀਆਂ ਪੁਰਾਣੀਆਂ ਪੁਸਤਕਾਂ ਜ਼ਰੂਰ ਹੁੰਦੀਆਂ ਹਨ)। ਜੇ ਅਧਿਆਪਕ ਨੂੰ ਸਾਹਿਤ ਪਡ਼੍ਹਨ ਵਿਚ ਰੁਚੀ ਨਹੀਂ ਤਾਂ ਵਿਦਿਆਰਥੀਆਂ ਵਿਚ ਕਿੰਜ ਪੈਦਾ ਹੋ ਸਕਦੀ ਹੈ? ਅੱਜ ਵੀ ਪੰਜਾਬੀ ਪਡ਼੍ਹਨ ਦੀ ਰੁਚੀ ਬਹੁਤੀ ਅਖਬਾਰਾਂ ਤਕ ਸੀਮਤ ਹੈ। 1950 ਦੇ ਨੇਡ਼ੇ ਦੋ-ਚਾਰ ਪੰਜਾਬੀ ਅਖਬਾਰ, ਕੁੱਲ ਮਿਲਾ ਕੇ 50-60 ਹਜ਼ਾਰ ਵੀ ਨਹੀਂ ਸੀ ਛਪਦੇ। ਹੁਣ ਇਕ ਅੰਦਾਜ਼ੇ ਅਨੁਸਾਰ ਦਸ-ਬਾਰਾਂ ਲੱਖ ਛਪ ਰਹੇ ਹਨ। ਇਨ੍ਹਾਂ ਨੂੰ ਵੱਧ ਤੋਂ ਵੱਧ ਚਾਲੀ ਲੱਖ ਪਾਠਕ ਪਡ਼੍ਹਦੇ ਹੋਣਗੇ, ਪਰ ਪੰਜਾਬੀਆਂ ਦੀ ਆਬਾਦੀ ਤਿੰਨ ਕਰੋਡ਼ ਹੋਣ ਵਾਲੀ ਹੈ। ਅੰਗਰੇਜ਼ੀ, ਹਿੰਦੀ ਅਖਬਾਰ ਮਿਲਾ ਕੇ 12-13 ਲੱਖ ਹੋ ਸਕਦੇ ਹਨ। (ਇਹ ਰੁਚੀ ਵੀ ਰਾਜਨੀਤੀ ਦੇ ਮਾਹੌਲ ਨੇ ਪੈਦਾ ਕੀਤੀ ਹੈ- ਪਾਠਕਾਂ ਦੀ ਨਿੱਜੀ ਰੁਚੀ ਨੇ ਨਹੀਂ, ਕਿਉਂਕਿ ਰਾਜਨੀਤੀ ਆਮ ਲੋਕਾਂ ਦੇ ਜੀਵਨ ਨੂੰ ਸਭ ਤੋਂ ਵਧ ਪ੍ਰਭਾਵਿਤ ਕਰਦੀ ਹੈ ਜਿਸ ਕਾਰਨ ਲੋਕ ਖਬਰਾਂ ਰਾਹੀਂ ਉਹਨੂੰ ਸਮਝਣਾ ਚਾਹੁੰਦੇ ਹਨ)।
ਹਰ ਪਾਸੇ ਪੰਜਾਬੀ ਦਾ ਇਹੋ ਹਾਲ ਹੈ। 1968 ਵਿਚ ਮੁੱਖ ਮੰਤਰੀ ਸ. ਲਛਮਣ ਸਿੰਘ ਗਿੱਲ ਨੇ ਬਿਲ ਪਾਸ ਕਰਵਾ ਕੇ ਸਰਕਾਰੀ ਦਫਤਰਾਂ ਵਿਚ ਪੰਜਾਬੀ ਸਖਤੀ ਨਾਲ ਲਾਗੂ ਕਰਵਾਈ ਸੀ। 2008 ਵਿਚ (ਚਾਲੀ ਸਾਲ ਬਾਅਦ) ਉਹ ਬਿਲ ਕੁਝ ਸੋਧਾਂ ਨਾਲ ਪਾਸ ਕੀਤਾ ਗਿਆ ਹੈ। ਇਹਦੇ ਅਧੀਨ ਕੇਂਦਰੀ ਕਮੇਟੀ ਤੇ ਜ਼ਿਲ੍ਹਾ ਕਮੇਟੀਆਂ ਵੀ ਬਣਾਈਆਂ ਗਈਆਂ ਹਨ। ਪਰ ਨਤੀਜਾ ਇਹ ਹੈ ਕਿ ਤਿੰਨ ਸਾਲ ਤਕ ਜੇ ਬਿਲ ‘ਤੇ ਕੁਝ ਅਮਲ ਹੋਇਆ ਵੀ ਹੈ ਤਾਂ ਉਹ ਨਿਗੂਣਾ ਹੈ। ਅੰਗਰੇਜ਼ੀ ਪਡ਼੍ਹੇ-ਲਿਖੇ ਅੱਜ ਵੀ ਮਾਣ-ਇੱਜ਼ਤ ਦੇ ਅਧਿਕਾਰੀ ਤੇ ‘ਪਡ਼੍ਹੇ-ਲਿਖੇ’ ‘ਵਿਦਵਾਨ’ ਮੰਨੇ ਜਾਂਦੇ ਹਨ, ਪਰ ਪੰਜਾਬੀ ਦੇ ਪੀਐਚ.ਡੀ. ਵੀ ‘ਅਨਪਡ਼੍ਹਾਂ’ ਵਰਗੇ ਸਮਝੇ ਜਾਂਦੇ ਹਨ।
ਸ਼ੁਰੂ ਵਿਚ ਸਵਾਲ ਕਰਨ ਵਾਲੇ ਵਿਦਿਆਰਥੀ ਦੇ ਸਵਾਲਾਂ ਦੇ ਜਵਾਬ, ਸ਼ਾਇਦ ਕਿਸੇ ਕੋਲ ਨਹੀਂ। ਜੇ ਪੰਜਾਬੀ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ 170 ਸਾਲ ਬਾਅਦ ਤਕ ਵੀ ਪੰਜਾਬੀ ਸਾਹਿਤ ਪਡ਼੍ਹਨ ਵੱਲ ਰੁਚਿਤ ਨਹੀਂ ਹੋ ਸਕੇ ਤਾਂ ਕਾਰਨ ਸਾਡੀ ਮਾਨਸਿਕਤਾ, ਸਮਾਜਿਕ, ਰਾਜਸੀ ਹਾਲਾਤ ਤੇ ਮੂਲ ਰੂਪ ਵਿਚ ਸਾਡੀਆਂ ਵਿਦਿਅਕ ਨੀਤੀਆਂ ਹਨ। ਇਨ੍ਹਾਂ ਨੂੰ ਕੌਣ, ਕਿਵੇਂ ਬਦਲੇਗਾ? ਕੁਝ ਪਤਾ ਨਹੀਂ।
ਗੁਰਦਾਸ ਮਾਨ ਨੇ ਬਾਰਾਂ ਤੇਰਾਂ ਸਾਲ ਪਹਿਲਾਂ ਜਲੰਧਰ ਦੂਰਦਰਸ਼ਨ ਦੇ ਵੱਡੇ ਇਕੱਠ ਵਿਚ ਇਕ ਗੀਤ ਗਾਇਆ ਸੀ। ਉਸ ਇਕੱਠ ਵਿਚ ਤਤਕਾਲੀਨ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਅਰੁਣ ਜੇਤਲੀ (ਜੋ ਪੰਜਾਬੀ ਹਨ ਤੇ ਬਡ਼ੀ ਵਧੀਆ ਪੰਜਾਬੀ ਬੋਲਦੇ ਹਨ) ਤੇ ਸ਼ਾਇਦ ਸ੍ਰੀਮਤੀ ਸੁਸ਼ਮਾ ਸਵਰਾਜ ਵੀ ਹਾਜ਼ਰ ਸਨ। ਮਾਨ ਦਾ ਉਹੋ ਗੀਤ ਬਹੁਤ ਵਾਰੀ ਯਾਦ ਆਉਂਦਾ ਹੈ।
ਪੰਜਾਬੀਏ ਜ਼ਬਾਨੇ ਨੀਂ ਰਕਾਨੇ ਮੇਰੇ ਦੇਸ ਦੀਏ
ਕੀਹਨੇ ਤੇਰਾ ਲਾਹ ਲਿਆ ਸ਼ੰਗਾਰ!

ਇਹ ਉਹ ਵੀ ਨਹੀਂ ਸੀ ਦੱਸ ਸਕਿਆ ਕਿ ਪੰਜਾਬੀਆਂ ਨੇ ਬਹੁਤਾ ਆਪ ਹੀ ਇਹਦਾ ਸ਼ਿੰਗਾਰ ਲਾਹਿਆ ਹੈ, ਬਿਗਾਨਿਆਂ ਨੇ ਘਟ ਲਾਹਿਆ ਹੈ। ਇਹਦੀ ਦਸ਼ਾ ਜੇ ਸਿਧੇ ਸ਼ਬਦਾਂ ਵਿਚ ਬਿਆਨ ਕੀਤੀ ਤਾਂ ਪਿਛਲੇ ਦਿਨੀਂ, ਪਟਿਆਲੇ ਤੋਂ ਛਪਦੇ ਰਸਾਲੇ ਵਿਚ ਛਪੇ ਇਕ ਲੇਖ ਵਿਚ, ਡਾ. ਹਰਕੇਸ਼ ਸਿੱਧੂ ਨੇ ਇਹ ਟੋਟਕਾ ਲਿਖ ਕੇ ਕੀਤੀ ਹੈ:
ਗਹਿਣਾ-ਗੱਟਾ ਮਾਪਿਆਂ ਲਾਹ ਲਿਆ
ਰੂਪ ਹੰਢਾ ਲਿਆ ਯਾਰਾਂ ਨੇ
ਕੁਝ ਮੈਂ ਲੁੱਟ ਲਈ ਪਿੰਡ ਦਿਆਂ ਲੋਕਾਂ
ਕੁਝ ਲੁੱਟ ਲਈ ਸਰਕਾਰਾਂ ਨੇ।

ਇਹ ਸ਼ਾਇਦ ਉਸ ਵਿਧਵਾ ਜਾਂ ਛੁਟਡ਼ ਔਰਤ ਦੀ ਵਿਥਿਆ ਹੈ ਜਿਸ ਨੂੰ ਮਜਬੂਰਨ ਸਹੁਰਾ-ਘਰ ਛੱਡ ਕੇ, ਪੇਕੀਂ ਜੂਨ-ਗੁਜ਼ਾਰਾ ਕਰਨਾ ਪਿਆ ਹੋਵੇ। ਪਰ ਪੰਜਾਬੀ ਭਾਸ਼ਾ ਦੇ ਤਾਂ ‘ਸਹੁਰੇ’ ਵੀ ਕਿਧਰੇ ਨਜ਼ਰ ਨਹੀਂ ਆਉਂਦੇ ‘ਪੇਕੀਂ’ ਹੀ ਬੈਠੀ ਬੁੱਢੀ ਹੋ ਕੇ ਸਭ ਦੀ ‘ਭੂਆ’ ਬਣੀ ਹੋਈ ਹੈ ਜੋ ‘ਵਿਚਾਰੀ’ ਹੀ ਸਮਝੀ ਜਾਂਦੀ ਹੈ।
ਬਾਬਾ ਫਰੀਦ ਤੋਂ ਅੱਜ ਤੱਕ ਪੰਜਾਬੀ ਸਾਹਿਤ, ਸੰਸਾਰ ਤੇ ਦੇਸ਼ ਦੀਆਂ ਖੇਤਰੀ ਭਾਸ਼ਾਵਾਂ ਤੋਂ ਜੇ ਬਹੁਤ ਸਮਰਿਧ ਨਹੀਂ ਤਾਂ ਬਹੁਤਾ ਊਣਾਂ ਵੀ ਨਹੀਂ। ਜੇ ਫੇਰ ਵੀ ਕੋਈ ਚੰਗੀ ਪੁਸਤਕ ਸਾਲ ਵਿਚ ਦੋ ਸੌ ਨਹੀਂ ਵਿਕਦੀ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ? ਸ਼ਾਇਦ, ਇਤਿਹਾਸ, ਪੰਜਾਬੀ ਸਮਾਜ, ਪੁਰਾਣੀਆਂ ਕਦਰਾਂ-ਕੀਮਤਾਂ ਤੋਂ ਪਹਿਡ਼ਾ ਨਾ ਛੁਡਾ ਸਕਣ ਵਾਲੇ ਲੋਕ ਤੇ ਅਸੀਂ ਲੇਖਕ ਵੀ ਕਿਸੇ ਹੱਦ ਤੱਕ ਜ਼ਿੰਮੇਵਾਰ ਹਾਂ। ਕਿਉਂ ਹਾਂ- ਇਹ ਵਾਦ-ਵਿਵਾਦ ਦਾ ਵਿਸ਼ਾ ਹੈ ਜਿਸ ਲਈ ਏਥੇ ਕੁਝ ਕਹਿਣਾ ਯੋਗ ਨਹੀਂ (ਨਾ ਅਜਿਹੇ ਅਖਬਾਰੀ ਲੇਖਾਂ ਵਿਚ ਸੰਭਵ ਹੈ) ਪਰ ਨਿਸ਼ਚਿਤ ਤੌਰ ‘ਤੇ ਸਾਡੀਆਂ ਯੂਨੀਵਰਸਿਟੀਆਂ, ਭਾਸ਼ਾ ਵਿਭਾਗ ਤੇ ਅਕਾਦਮੀਆਂ ਨੂੰ ਇਸ ਸਮੱਸਿਆ ਬਾਰੇ ਗੰਭੀਰ ਵਿਚਾਰ-ਵਟਾਂਦਰੇ ਕਰਕੇ ਅਜਿਹਾ ਮਾਹੌਲ ਪੈਦਾ ਕਰਨਾ ਪਏਗਾ ਕਿ ਪੰਜਾਬੀ ਦਾ ਉੱਤਮ ਸਾਹਿਤ ਪਡ਼੍ਹਿਆ ਜਾਏ ਤੇ ਸਿਆਣੇ ਤੇ ਚੇਤਨ ਪਾਠਕਾਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਸਕੇ।
ਸਾਹਿਤ ਕਿਸੇ ਵੀ ਸਮਾਜ ਦੀ ਸਿਰਜਣਾ ਵਿਚ, ਅਚੇਤ, ਸੁਚੇਤ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਮਾਧਿਅਮ ਰਿਹਾ ਹੈ (ਤੇ ਹੈ)। ਵਿਦਵਾਨਾਂ ਦੇ ਸ਼ਬਦਾਂ ਵਿਚ ਜਦੋਂ ਤਕ    ‘ਸ਼ਬਦ ਹੈ ਉਦੋਂ ਤਕ ਸਾਹਿਤ ਦੀ ਹੋਂਦ ਤੇ ਸਮਰੱਥਾ ਵੀ ਕਾਇਮ ਰਹੇਗੀ।’ (ਤੇ  ਸ਼ਬਦ ਉਦੋਂ ਤਕ ਕਾਇਮ ਰਹੇਗਾ ਜਦੋਂ ਤੱਕ ਮਨੁੱਖੀ ਨਸਲ ਕਾਇਮ ਹੈ।) 
ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ  ਧੰਨਵਾਦ ਸਹਿਤ 

No comments: