Friday, January 06, 2012

ਸਿੱਲੀਆਂ ਤਹਿਰੀਰਾਂ ਦੇ ਸ਼ਬਦ//ਡਾ. ਕ੍ਰਿਸ਼ਨ ਕੁਮਾਰ ਰੱਤੂ

ਆਉ! ਇਨ੍ਹਾਂ ਮੌਸਮਾਂ ਵਿੱਚ ਆਰ-ਪਾਰ ਵੇਖੀਏ 
ਆਓ, ਬਦਲਦੇ ਮੌਸਮ ਤੋਂ ਸਿੱਖੀਏ ਕਿ ਕਿਵੇਂ ਬਦਲਣਾ ਹੈ।  ਮੌਸਮ ਦਾ ਮਿਜ਼ਾਜ ਇਨ੍ਹੀਂ ਦਿਨੀਂ ਸਮਝ ਤੋਂ ਪਰ੍ਹੇ ਹੈ-’’
ਇਹ ਸੱਚ ਹੈ ਕਿ ਮੌਸਮ ਦੇ ਮਿਜ਼ਾਜ ਬਦਲਦੇ ਰਹਿੰਦੇ ਹਨ। ਜੇ ਇਹ ਜਡ਼੍ਹਤਾ ਨਾ ਟੁੱਟੇ ਤਾਂ ਫਿਰ ਮੌਸਮ ਕਿਹੋ ਜਿਹਾ ਹੋਵੇ ਤੇ ਜ਼ਿੰਦਗੀ ਦੇ ਰੰਗਾਂ ਦੀ ਗੱਲ ਕਿਹੋ ਜਿਹੀ ਹੋਵੇ, ਇਸ ਦੀ ਕਲਪਨਾ ਭੈਅ-ਭੀਤ ਕਰ ਦਿੰਦੀ ਹੈ।
ਅਜਿਹੇ ਮੌਸਮਾਂ ਵਿੱਚ ਕਵੀ ਮੁਨੱਵਰ ਰਾਣਾ ਦਾ ਸ਼ਿਅਰ ਯਾਦ ਆ ਰਿਹਾ ਹੈ:
‘‘ਕਲਮ ਸੋਨੇ ਕਾ ਰਖਨੇ ਮੇਂ ਬੁਰਾਈ ਕੁਛ ਨਹੀਂ ਲੇਕਿਨ
ਕੋਈ ਤਹਿਰੀਰ ਭੀ ਨਿਕਲੇ ਤੋ ਦਰਬਾਰੀ ਨਿਕਲਤੀ ਹੈ।’’

ਡਾ. ਕ੍ਰਿਸ਼ਨ ਕੁਮਾਰ ਰੱਤੂ 
ਤਹਿਰੀਰਾਂ ਦੇ ਇਨ੍ਹਾਂ ਬਦਲਦੇ ਮੌਸਮਾਂ ਵਿੱਚ ਜ਼ਿੰਦਗੀ ਦੇ ਕਈ ਚਿਹਰੇ ਬਦਲ ਗਏ ਹਨ। ਇਸ ਵਕਤ ਨੂੰ ਕੀ ਕਹੀਏ ਜੋ ਮਰਹਮ ਬਣਦਾ ਹੈ ਪਰ ਇਸ ਦੀ ਪ੍ਰੀਭਾਸ਼ਾ ਕਈ ਵਾਰੀ ਐਨੀ ਡਰਾਉਣੀ ਹੋ ਜਾਂਦੀ ਹੈ ਕਿ ਇਸ ਤੋਂ ਮੌਸਮ ਤੇ ਵਕਤ ਵੀ ਡਰ ਜਾਂਦੇ ਹਨ। ਆਉ ਇਸ ਧੁੰਦ ’ਚ ਲਿਪਟੇ ਵਕਤ ਤੇ ਮੌਸਮ ਤੋਂ ਬਾਹਰ ਵੇਖੀਏ-ਜਿੱਥੇ ਸੂਰਜ ਦੀ ਇੰਤਜ਼ਾਰ ਹੈ ਤੇ ਜ਼ਿੰਦਗੀ ਦੀ ਰਵਾਨੀ ਦੀ ਆਪਣੀ ਯਥਾਰਥ ’ਚ ਭਿੱਜੀ ਦਾਸਤਾਨ ਦੇ ਕਈ ਚਿਹਰੇ ਤੁਹਾਡੀ ਸਿਮਰਤੀਆਂ ਦਾ ਸੱਚ ਨੇ।
ਇਸ ਧੁੰਦ ਕੋਹਰੇ ਵਿੱਚ ਕਈਆਂ ਦਾ ਸਾਥ ਛੁੱਟ ਗਿਆ ਹੈ। ਹਰਮਨਮੌਲਾ ਦਿੱਗਜ ਮਿੱਤਰਾਂ ’ਚੋਂ ਭੁਪੇਨ ਹਜ਼ਾਰਿਕਾ ਵਿਦਾ ਹੋ ਗਏ। ਗੁਹਾਟੀ ਵਿੱਚ ਜਿਸ ਤਰ੍ਹਾਂ ਉਸ ਧਰਤੀ ਪੁੱਤਰ ਤੇ ਉਸ ਦੀ ਕਲਾ ਨੂੰ ਪ੍ਰਣਾਮ ਤੇ ਵਿਦਾਇਗੀ ਦਿੱਤੀ ਗਈ ਉਸ ਤੋਂ ਸਿੱਖਿਆ ਜਾ ਸਕਦਾ ਹੈ ਕਿ ਕਲਾ ਤੇ ਕਲਾਕਾਰ ਨੂੰ ਆਪਣੀ ਧਰਤੀ ਦਾ ਸਨਮਾਨ ਕਿਵੇਂ ਦਿੱਤਾ ਜਾ ਸਕਦਾ ਹੈ। ਭੂਪੇਨ ਹਜ਼ਾਰਿਕਾ ਦਾ ਸੰਗੀਤ ਪੂਰੇ ਪੂਰਬ-ਉੱਤਰ ਦੀ ਪਛਾਣ ਦਾ ਆਈਨਾ ਸੀ। ਇਸ ਧੁੰਦ ਦੇ ਮੌਸਮ ਵਿੱਚ ਇਨ੍ਹੀਂ ਦਿਨੀਂ ਇੱਕ ਹੋਰ ਬਜ਼ੁਰਗ ਮਿੱਤਰ ਵਿਦਾ ਹੋਏ ਜੋ ਅਸਲ ਵਿੱਚ ਜ਼ਮੀਨ ਦੇ ਬੰਦੇ ਸਨ। ਹਿੰਦੀ ਸਾਹਿਤ ਤੇ ਯੂ.ਪੀ. ਵਾਲੇ ਜਾਣਦੇ ਸਨ ਕਿ ਠੇਠ ਦਿਹਾਤੀ ਅੰਦਾਜ਼ ’ਚ ਸਿੱਧੀ-ਸਿੱਧੀ ਗੱਲ ਕਰਕੇ ਮੌਸਮਾਂ ਤੇ ਸਮੇਂ ਨੂੰ ਚੁਣੌਤੀ ਦੇਣ ਦੇ ਅਰਥ ਕੀ ਹੁੰਦੇ ਹਨ। ਇਹ ਸਨ ਬਜ਼ੁਰਗ ਹਿੰਦੀ ਤੇ ਅਵਧੀ ਭਾਸ਼ਾ ਦੇ ਕਵੀ- ਸ੍ਰੀ ਰਾਮਨਾਥ ਸਿੰਘ ‘ਅਦਮ ਗੋਂਡਵੀ’। ਇੱਕ ਵਾਰੀ ਅਯੁੱਧਿਆ ’ਚ ਇੱਕ ਮੁਲਾਕਾਤ ਦੌਰਾਨ ਅਦਮ ਜੀ ਨੇ ਦੱਸਿਆ: ‘ਲਿਖਣਾ ਮੇਰੇ ਲਈ ਉਦੋਂ ਜ਼ਰੂਰੀ ਹੋ ਜਾਂਦਾ ਹੈ ਜਦੋਂ ਮੈਂ ਘਰੋਂ ਬਾਹਰ ਨਿਕਲ ਕੇ ਸਡ਼ਕ ’ਤੇ ਵੇਖਦਾ ਹਾਂ ਕਿ ਦਿਲ ਦਿਮਾਗ਼ ਤੇ ਦੇਸ਼ ਦੀ ਤਸਵੀਰ ਤਾਂ ਇੱਥੇ ਹੈ।’ ਤੇ ਫਿਰ ਸ਼ੁਰੂ ਹੁੰਦੀ ਹੈ ਇਸ ਮਿਜ਼ਾਜ ਦੀ ਕਲਮਕਾਰੀ। ਅਦਮ ਜੀ ਦੀ ਵਿਦਾਈ ਸਿੱਧੇ-ਸਾਦੇ ਲਫ਼ਜ਼ਾਂ ਦੇ ਜਾਦੂਗਰ ਦੀ ਵਿਦਾਈ ਹੈ।
ਉਨ੍ਹਾਂ ਦਾ ਮੱਰਮ ਤੇ ਜੁਰੱਅਤ ਉਨ੍ਹਾਂ ਦੀ ਭਾਸ਼ਾ ਜੇ ਅਸੀਂ ਇਸ ਬਦਲਦੇ ਮੌਸਮ ਵਿੱਚ ਜਦੋਂ ਸਾਹਿਤ ਹਾਸ਼ੀਏ ’ਤੇ ਜਾ ਰਿਹਾ ਹੈ- ਜੇ ਸੰਭਾਲ ਸਕੀਏ। ਇਨ੍ਹਾਂ ਸ਼ਬਦਾਂ ਦਾ ਰੰਗ ਵੇਖੋ:
‘ਘਰ ਮੇਂ ਠੰਢੇ  ਚੂਲੇ ਪਰ ਅਗਰ ਖਾਲੀ ਪਤੀਲੀ ਹੈ
ਬਤਾਓ ਕੈਸੇ ਲਿਖ ਦੂੰ ਧੂਪ ਕੀ ਫਾਗੁਨ ਨਸ਼ੀਲੀ ਹੈ।


ਤੁਮਹਾਰੀ ਫਾਈਲੋਂ ਮੇਂ ਗਾਂਵ ਕਾ ਮੌਸਮ ਗੁਲਾਬੀ ਹੈ
ਮਗਰ ਯੇ ਅੰਕਡ਼ੇ ਝੂਠੇ ਹੈਂ ਜੇ ਦਾਵਾ ਕਿਤਾਬੀ ਹੈ।’’

ਕੀ ਅਜਿਹੇ ਸ਼ਬਦਾਂ ਦੇ ਸਿਰਜਕ ਕਦੀ ਵਿਦਾ ਹੋ ਸਕਦੇ ਹਨ? ਸ਼ਾਇਦ ਨਹੀਂ ਤੇ ਇਸੇ ਲਈ ਇਸ ਤਰ੍ਹਾਂ ਦਾ ਸਾਹਿਤ ਜ਼ਿੰਦਾ ਰਹਿੰਦਾ ਹੈ।
ਝੂਠ ਦੀਆਂ ਕਾਗਜ਼ੀ ਪੱਤਲਾਂ ’ਚ ਪਰੋਸਿਆ ਹੋਇਆ ਖਾਣਾ ਜੇ ਆਪਣੀ ਰੋਟੀ ਹੋ ਸਕਦਾ ਤਾਂ ਦਿਨ-ਰਾਤ ਤੇ ਸੱਚ ਤੇ ਝੂਠ ਦੀ ਪਛਾਣ ਸ਼ਾਇਦ ਹੋਰ ਹੀ ਹੁੰਦੀ।
ਉਨੀਂਦਰੀਆਂ ਅੱਖਾਂ ’ਚ ਖੁਆਬਾਂ ਦੀਆਂ ਸਿਮਰਤੀਆਂ
‘‘ਉਨੀਂਦਰੀਆਂ ਅੱਖਾਂ ਦੇ ਸੁਪਨੇ ਜੇ ਸੱਚ ਹੁੰਦੇ ਤਾਂ ਘਰ ਸ਼ਾਇਦ ਵੀਰਾਨ ਨਾ ਹੁੰਦੇ। ਖੁਆਬਾਂ ਦੀਆਂ ਸਿਮਰਤੀਆਂ ਜ਼ਿੰਦਗੀ ਦੀ ਰਵਾਨੀ ਦਾ ਹਾਸਲ ਹੁੰਦੀਆਂ ਹਨ। ਖੁਆਬਾਂ ਦੀ ਤਾਬੀਰ ਉਮਰਾਂ ਦਾ ਜ਼ੋਖਮ ਹੈ। ਇਹ ਜ਼ੋਖ਼ਮ ਤੁਹਾਡੀਆਂ ਸਫ਼ਲਤਾਵਾਂ ਤੇ ਅਸਫ਼ਲਤਾਵਾਂ ਦੀ ਇਬਾਰਤ ਵੀ ਲਿਖਦਾ ਹੈ ਤੇ ਤੁਹਾਡੇ ਨਵੇਂ ਇਤਿਹਾਸ ਤੇ ਸ਼ਖ਼ਸੀਅਤ ਦਾ ਸਿਰਜਕ ਵੀ ਹੋ ਨਿਬਡ਼ਦਾ ਹੈ।
ਇਨ੍ਹਾਂ ਦਿਨਾਂ ਵਿੱਚ ਜਦੋਂ ਮੌਸਮ ਬਦਲ ਰਿਹਾ ਹੈ। ਜਦੋਂ ਦੁਨੀਆਂ ਅਜੀਬ ਬਦਲਾਅ ਦੇ ਕੰਢੇ ’ਤੇ ਹੈ। ਜਦੋਂ ਮਾਨਵੀ ਰਿਸ਼ਤਿਆਂ ਦੀ ਫਿਲਾਸਫੀ ਬਦਲ ਰਹੀ ਹੈ, ਜਦੋਂ ਕੁੱਖਾਂ ਕਿਰਾਏ ਦੇ ਬੱਚਿਆਂ ਨੂੰ ਜਨਮ ਦੇਣ ਦਾ ਧੰਦਾ ਕਰਨ ਲੱਗੀਆਂ ਹੋਣ ਤਾਂ ਯਾਦ ਆਉਂਦਾ ਹੈ ਕਿ ਇਨ੍ਹਾਂ ਰਿਸ਼ਤਿਆਂ ਦੀ ਇਬਾਰਤ ਤੇ ਪਹਿਚਾਣ ਦਾ ਨਾਂ ਕੀ ਰੱਖਿਆ ਜਾਵੇਗਾ। ਸ਼ਾਇਦ ਇਹ ਹੀ ਸਾਡੇ ਆਉਣ ਵਾਲੇ ਸਮੇਂ ਦੇ ਸੱਚ ਦੀ ਸਾਡੀ ਕੰਪਿਊਟਰ ਸਕਰੀਨ ’ਤੇ ਲਿਖੀ ਇਬਾਰਤ ਹੈ ਤੇ ਇਹੀ ਪਹਿਚਾਣ ਦੀ ਘਡ਼ੀ ਹੈ। ਜਦੋਂ ਅਸੀਂ ਆਪਣੇ ਆਪ ਤੋਂ ਵੀ ਮੁਨਕਰ ਹੋ ਕੇ ਆਪਣੀ ਪਹਿਚਾਣ ਦੇ ਗਹਿਰੇ ਅਰਥਾਂ ਵਿੱਚ ਆਪਣੇ ਆਪ ਨੂੰ ਵੇਖ ਸਕਦੇ ਹਾਂ। ਇਹ ਸੰਘਰਸ਼ ਦੀ ਮਿਕਨਾਤੀਸੀ ਹੀ ਤੁਹਾਡੀ ਪਹਿਚਾਣ ਦਾ ਅਕਸ ਹੈ।
ਇਸ ਇਬਾਰਤ ਦੀ ਪਹਿਚਾਣ ਤੇ ਖੁਆਬਾਂ ਦੀਆਂ ਸਿਮਰਤੀਆਂ ਦਾ ਵਲਵਲਾ ਉਰਦੂ ਸ਼ਾਇਰਾ ਸ਼ਾਇਸ਼ਤਾ ਹਬੀਬ ਦੀਆਂ ਇਨ੍ਹਾਂ ਪੰਕਤੀਆਂ ਵਿੱਚ ਵੇਖਿਆ ਜਾ ਸਕਦਾ ਹੈ: 
‘‘ਮੇਰੇ ਲੋਗੋ
ਦੁਖ ਕੇ ਦਿਨੋਂ ਮੇਂ ਸੂਰਜ ਕੇ ਰਸਤੇ ਪਰ ਚਲਨਾ
ਉਸਕੇ ਡੂਬਨੇ-ਉਭਰਨੇ ਕੇ ਮੰਜ਼ਰ ਪਰ ਗੌਰ ਕਰਨਾ।
ਮੇਰੇ ਲੋਗੋ,
ਝੀਲ ਕੀ ਮਾਨਿੰਦ ਚੁੱਪ ਨ ਰਹਿਨਾ
ਬਾਤੇਂ ਕਰਨਾ, ਚਲਤੇ ਰਹਨਾ, ਦਰਿਆ ਕੀ ਰਵਾਨੀ ਬਨਨਾ।


ਨਦੀਆਂ ਵਰਗੀ ਰਵਾਨੀ ਤੁਹਾਡੀ ਚਾਲ-ਢਾਲ ਤੇ ਤੁਹਾਡੀ ਅਵਾਰਗੀ ਦੀ ਤਲਿਸਮੀ ਪਹਿਚਾਣ ਹੋ ਜਾਂਦੀ ਹੈ ਜਦੋਂ ਸੂਰਜ ਤੁਹਾਡੀਆਂ ਮੁੱਠੀਆਂ ’ਚ ਜੁਗੂਨੂੰਆਂ ਵਾਂਗੂ ਹੁੰਦਾ ਹੈ। ਇਸ ਮੌਕੇ ’ਤੇ ਜਦੋਂ ਇੰਦਰਧਨੁਸ਼ੀ ਕਿਰਚਾਂ ਤੁਹਾਡੇ ਮਨ ਤੇ ਅੱਖਾਂ ਵਿੱਚ ਟੁੱਟਦੀਆਂ ਤੇ ਰਡ਼ਕਦੀਆਂ ਹਨ ਤੇ ਇਹ ਬੀਆਬਾਨ ਕਦੀ ਰੋਹੀਆਂ ਦਾ ਪੈਂਡਾ ਤੇ ਕਦੇ-ਕਦੇ ਨਰਮੇ ਦੇ ਖੇਤਾਂ ਦੀ ਮਟਮੈਲੀ ਰੰਗਤ ਦਿੰਦਾ ਹੈ। ਸ਼ਾਇਦ ਇਹ ਜ਼ਿੰਦਗੀ ਦਾ ਉਹ ਰੰਗ ਹੁੰਦਾ ਹੈ-ਜਦੋਂ ਰੁੱਤਾਂ ਰਾਂਗਲੀਆਂ ਤੇ ਮਨ ਕਾਸ਼ਨੀ ਹੋ ਜਾਂਦਾ ਹੈ ਤੇ ਫਿਰ ਯਾਦ ਆਉਂਦਾ ਹੈ:
ਚੁਪਕੇ-ਚੁਪਕੇ ਰਾਤ ਦਿਨ ਆਂਸੂ ਬਹਾਨਾ ਯਾਦ ਹੈ।
ਹਮ ਕੋ ਅਬ ਤਕ ਆਸ਼ਿਕੀ ਕਾ ਵੋ ਜ਼ਮਾਨਾ ਯਾਦ ਹੈ।
 
ਇਹ ਉਦੋਂ ਹੁੰਦਾ ਹੈ ਜਦੋਂ ਚੇਤਿਆਂ ਦੀ ਚੰਗੇਰ ’ਚ ਅੱਖਰ ਵਿਸਰ ਜਾਣ ਲਗਦੇ ਨੇ ਪਰ ਇਹ ਵੀ ਸੱਚ ਹੈ ਕਿ ਇਹ ਅੱਖਰਾਂ ਦੀ ਮਾਨਿੰਦ ਹੈ ਜਦੋਂ ਤੁਸੀਂ ਆਪਣੇ-ਆਪ ਨਾਲ ਮੁਖਾਤਿਬ ਹੁੰਦੇ ਹੋ। ਅੱਖਰਾਂ ਦੀ ਖੁਆਬਾਂ ਦੀ ਯਾਤਰਾ ’ਚ ਚੇਤੰਨ ਕਵੀ ਮਿੱਤਰ ਪ੍ਰਮਿੰਦਰਜੀਤ ਜਦੋਂ ਅੱਖਰਾਂ ਬਹਾਨੇ ਅਕਾਸ਼ ਦੀ ਵਿਸ਼ਾਲਤਾ ਦੀ ਗੱਲ ਕਰਦਾ ਹੈ ਤਾਂ ਲਗਦਾ ਹੈ, ਬਹੁਤ ਕੁਝ ਨੇਡ਼ੇ ਹੀ ਹੈ। ਇੱਥੇ ਸਾਹਮਣੇ ਸੰਵਾਦ ਰਚਾਉਣਾ ਖੁਆਬਾਂ ਤੇ ਸਿਮਰਤੀਆਂ ਦਾ ਵਰਤਮਾਨ ਹੋ ਸਕਦਾ ਹੈ। ਪ੍ਰਮਿੰਦਰਜੀਤ ਦੀ ਕਾਵਿ-ਕਿਰਤੀਆਂ ਵਿੱਚ ਖੁਆਬਾਂ ਦੀ ਅਲਾਮਤ ਇਸ ਤਰ੍ਹਾਂ ਵੀ ਹੋ ਸਕਦੀ ਹੈ ਜਿਵੇਂ ਉਰਦੂ ਦੀ ਮਕਬੂਲ ਸ਼ਾਇਰਾ ਪਰਵੀਨ ਸ਼ਾਕਿਰ ਕਹਿੰਦੀ ਹੈ: 
ਧੂਪ ਕੇ ਮੌਸਮ ਮੇਂ
ਰੰਗ ਕੋ ਦੇਖਤੀ ਥੀ,
ਖੁਸ਼ਬੂ ਮੇਂ ਸੋਚਤੀ ਥੀ।
ਮੁਝੇ ਗੁਮਾਂ ਥਾ
ਕਿ ਜ਼ਿੰਦਗੀ ਉਜਲੀ ਖਾਹਿਸ਼ੋਂ ਕੇ ਚਿਰਾਗ਼ ਲੇਕਰ
ਮੇਰੇ ਕਰੀਚੋਂ ਮੇਂ
ਰੋਸ਼ਨੀ ਕੀ ਨਵੇਦ ਬਨਕਰ ਉਭਰ ਰਹੀ ਹੈ।’

ਦੋਸਤੋ, ਉਮਰ ਦੇ ਇਸ ਮੋਡ਼ ’ਤੇ ਜਦੋਂ ਚਿਹਰੇ ਬਦਲਣ ਲਗਦੇ ਹਨ ਤਾਂ ਰਿਸ਼ਤਿਆਂ ਦੀ ਪਾਕੀਜ਼ਗੀ ਵਿੱਚ ਕੁਝ-ਕੁਝ ਮੌਸਮ ਦੇ ਬਦਲਣ ਵਾਂਗ ਹੋਣ ਲਗਦਾ ਹੈ ਤਾਂ ਫਿਰ ਨਵੀਆਂ ਇਬਾਰਤਾਂ ਤੇ ਮੁਹਾਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਹੀ ਤਾਂ ਸਮੇਂ ਦੀ ਰਵਾਨੀ ਤੇ ਸਮੇਂ ਦਾ ਸੱਚ ਹੈ।
ਜ਼ਿੰਦਗੀ ਦੀ ਯਾਤਰਾ ਤੇ ਤੁਹਾਡੇ ਖੁਆਬਾਂ ਦੀਆਂ ਸਿਮਰਤੀਆਂ ਦਾ ਚਿਹਰਾ ਕਦੋਂ ਤੇ ਕਿਵੇਂ ਬਦਲ ਜਾਂਦਾ ਹੈ। ਤੁਹਾਨੂੰ ਪਤਾ ਹੀ ਨਹੀਂ ਲਗਦਾ ਤੇ ਇਸ ਤਰ੍ਹਾਂ ਹੀ ਮੌਸਮ ਬਦਲ ਜਾਂਦੇ ਨੇ:
‘ਉਸ ਨੂੰ ਚਿਤਵਦਿਆਂ
ਮੈਂ ਅੰਬਰ ਨੂੰ ਮੁੱਠੀ ’ਚ ਘੁੱਟ ਰਿਹਾ ਸਾਂ
ਸਾਗਰ ਨੂੰ ਅੱਖਾਂ ’ਚ ਭਰ ਰਿਹਾ ਸਾਂ
ਮੈਂ ਉਹਦੇ ਅੰਬਰ ’ਚ ਸਾਂ
ਕਾਇਨਾਤ ਮੇਰੇ ਕੋਲ ਸਿਮਟੀ ਖਡ਼੍ਹੀ ਸੀ
ਮੈਂ ਛੋਹ ਤੇ ਅਛੋਹ ਦੇ ਸਫ਼ਰ ’ਤੇ ਸਾਂ।’

(ਪ੍ਰਮਿੰਦਰਜੀਤ)
ਇਹ ਸ਼ਬਦ ਹੱਸਾਸ ਮਨਾਂ ਦੇ ਜਜ਼ਬਾਤ ਹੋ ਸਕਦੇ ਹਨ ਪਰ ਮੌਸਮ ਤੇ ਵਕਤ ਦੇ ਨਾਲ ਮਾਨਵੀ ਮਨ ਦੀ ਗਹਿਰਾਈਆਂ ਦਾ ਅਕਸ ਵੀ ਹੋ ਸਕਦੈ। ਅਜਿਹੇ ਸ਼ਬਦਾਂ ਦੇ ਸਿਰਜਕਾਂ ਨੂੰ ਸਲਾਮ। ਇੱਥੇ ਹਿੰਦੀ ਕਵੀ ਲੀਲਾਧਰ ਮੰਡਲੋਈ ਦੀਆਂ ਇਨ੍ਹਾਂ ਸਤਰਾਂ ਦਾ ਸੱਚ ਤੁਹਾਡੇ ਰੂ-ਬ-ਰੂ ਕਰਨਾ ਚਾਹਵਾਂਗਾ ਜੋ ਕਵਿਤਾ ਤੇ ਸਾਹਿਤ ਦੇ ਇਨ੍ਹਾਂ ਸ਼ਬਦਾਂ ਨੂੰ ਇਸ ਤਰ੍ਹਾਂ ਕਹਿੰਦੇ ਨੇ:
‘ਇਹ ਆਦਮੀ ਮੈਂ ਹਾਂ
ਸਹਿਮਿਆ ਹੋਇਆ
ਦੌਡ਼ ਰਿਹਾ ਹਾਂ
ਆਪਣੇ ਖਿਆਲਾਂ ਵਿੱਚ ਗਾਫ਼ਿਲ
ਹਾਰਾਂ ਦੀ ਸਿਆਹ ਚਾਦਰ ਨੂੰ
ਜਾਣਦਾ ਹੈਂ-ਕੋਈ
ਦਰਦ ਨਾਲ ਪਸਤ, ਥੱਕ ਗਿਆ ਹੈ।’’

ਇਨ੍ਹਾਂ ਸ਼ਬਦਾਂ ਦੇ ਮੌਸਮ ਵਿੱਚ ਜ਼ਿੰਦਗੀ ਦੀ ਰਫ਼ਤਾਰ ਦਾ ਜਾਦੂ ਬਰਕਰਾਰ ਰਹਿੰਦਾ ਹੈ। ਸ਼ਬਦਾਂ ਦੀ ਮਰਹਮ ਇਨਸਾਨ ਨੂੰ ਹਜ਼ਾਰਾਂ ਨੁਸਖਿਆਂ ਤੋਂ ਉਪਰ ਰੱਖਦੀ ਹੈ। ਇਹ ਹੀ ਇਨ੍ਹਾਂ ਦੀ ਤਾਕਤ ਹੈ।
ਧੁੰਦ ਦੇ ਇਸ ਸਿੱਲੇ-ਸਿੱਲੇ ਮੌਸਮ ਦੀਆਂ ਸਰਦ ਪੌਣਾਂ ਕਈ ਮਰਹੱਲਿਆਂ ਦੀਆਂ ਸਿਮਰਤੀਆਂ ਦੇ ਕੋਲਾਜ ਬਣਾਉਂਦੀਆਂ ਹਨ ਤੇ ਇਹ ਧੁੱਪ ਦੀ ਚਮਕ ਦੀ ਆਮਦ ਵੀ ਹੈ ਤੇ ਕੋਸੀ-ਕੋਸੀ ਧੁੱਪ ਦਾ ਫਲਸਫਾ ਵੀ ਜੋ ਨਿੱਘ ਦੇ ਨਾਲ ਜੀਊਣ ਦੀ ਗਰਮੀ ਵੀ ਦਿੰਦਾ ਹੈ।
ਆਉ! ਇਨ੍ਹਾਂ ਮੌਸਮਾਂ ਵਿੱਚ ਆਰ-ਪਾਰ ਵੇਖੀਏ ਤੇ ਕਹਿ ਸਕੀਏ:
‘‘ਹਿੰਦੂ ਯਾ ਮੁਸਲਿਮ ਕੇ ਅਹਿਸਾਸਾਤ ਕੋ ਮਤ ਛੇਡ਼ੀਏ
ਅਪਨੀ ਕੁਰਸੀ ਕੇ ਲੀਏ ਜਜ਼ਬਾਤ ਕੋ ਮਤ ਛੇਡ਼ੀਏ
ਗਰ ਗਲਤੀਆਂ ਬਾਬਰ ਕੀ ਥੀ ਜੁੰਮਨ ਕਾ ਘਰ ਫਿਰ ਕਿਉਂ ਜਲੇ
ਐਸੇ ਨਾਜ਼ੁਕ ਵਕਤ ਮੇਂ ਹਾਲਾਤ ਕੋ ਮਤ ਛੇਡ਼ੀਏ।’

-ਆਉ ਇਸ ਮੋਡ਼ ’ਤੇ ਇਨ੍ਹੀਂ ਦਿਨੀਂ  ਹਾਲਾਤ ਦੀ ਇਸ ਧੁੰਦ ’ਚੋਂ ਬਾਹਰ ਵੇਖੀਏ:
ਸ਼ਾਇਦ ਧੁੰਦ ਛੱਟ ਰਹੀ ਹੈ
ਤੇ ਸੂਰਜ ਦੀ ਆਮਦ ਹੈ- ਬਾਹਰ ਤੇ ਅੰਦਰ ਦੇ ਝਰੋਖਿਆਂ ’ਤੇ ਵੀ- ਕਿਉਂਕਿ-    
ਖੁਸ਼ਬੂ ਕੋ ਤੋਂ ਧੂਪ ਮੇਂ ਮਹਿਕਨਾ ਹੀ ਹੈ।


ਮੋਬਾਈਲ:94635-98456ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ 

No comments: