Wednesday, December 07, 2011

ਮੁੱਖ-ਮੰਤਰੀ 'ਚ ਜੇ ਗ਼ੈਰਤ ਹੈ ਤਾਂ ਉਹ ਤੁਰੰਤ ਅਸਤੀਫ਼ਾ ਦੇਣ - ਮਨਪ੍ਰੀਤ ਬਾਦਲ

ਇੱਕ ਜਨਤਕ ਲਹਿਰ ਸੱਤਾਧਾਰੀ ਆਗੂਆਂ ਦਾ ਤਖਤਾ ਪਲਟ ਦੇਵੇਗੀ
ਚੰਡੀਗੜ੍ਹ// 7 ਦਸੰਬਰ// ਬਿਊਰੋ ਰਿਪੋਰਟ
ਫਾਈਲ ਫੋਟੋ 
ਪੀਪਲਜ਼ ਪਾਰਟੀ ਆਫ਼ ਪੰਜਾਬ ਨੇ ਇੱਕ ਮਹਿਲਾ ਟੀਚਰ ਨੂੰ ਥੱਪੜ ਮਾਰੇ ਜਾਣ ਦੇ ਮਾਮਲੇ 'ਤੇ ਆਪਣੇ ਤੇਵਰ ਹੋਰ ਤਿੱਖੇ ਕਰ ਲੈ ਹਨ.ਅੱਜ ਜਾਰੀ ਕੀਤੇ ਇੱਕ ਬਿਆਨ ਵਿੱਚ ਪਾਰਟੀ ਦੇ ਪ੍ਰਧਾਨ ਨੇ ਮੰਗ ਕੀਤੀ ਹੈ ਕੀ ਮੁੱਖ ਮੰਤਰੀ ਤੁਰੰਤ ਅਸਤੀਫਾ ਦੇਣ. ਇਸ ਬਿਆਨ ਵਿੱਚ ਕਿਹਾ ਗਿਆ ਹੈ,"ਆਪਣੀਆਂ ਹੀ ਧੀਆਂ ਨੂੰ ਰਾਜਸੀ ਆਗੂਆਂ ਤੇ ਪੁਲਿਸ ਪ੍ਰਸ਼ਾਸਨ ਹੱਥੋਂ ਬੇ-ਇੱਜ਼ਤ ਕਰਵਾਕੇ ਮੁੱਖ ਮੰਤਰੀ ਨੇ ਪੂਰੀ ਦੁਨੀਆਂ 'ਚ ਪੰਜਾਬੀਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ।" ਉਨ੍ਹਾਂ ਨੂੰ ਬੇਹੱਦ ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਅਮੀਰ ਵਿਰਸੇ ਵਾਲੇ ਪੰਜਾਬੀ ਜਿਨ੍ਹਾਂ ਦੇ ਧਰਮ ਵੀ ਔਰਤ ਨੂੰ ਰੱਬ ਦਾ ਰੂਪ ਮੰਨਦੇ ਹਨ, ਪ੍ਰੰਤੂ ਉਨ੍ਹਾਂ ਦੇ ਹੁਕਮਰਾਨਾ ਨੇ ਇਹ ਸੁਨੇਹਾ ਦਿੱਤਾ ਹੈ ਕਿ ਉਹ ਸੱਤਾ ਦੇ ਨਸ਼ੇ 'ਚ ਆਪਣੀਆਂ ਧੀਆਂ ਨੂੰ ਵੀ ਜਨਤਕ ਤੌਰ ਤੇ ਬੇ-ਇੱਜ਼ਤ ਕਰ ਸਕਦੇ ਹਨ।  ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ 'ਚ ਜੇਕਰ ਥੋੜ੍ਹੀ ਵੀ ਗੈਰਤ ਹੈ ਤਾਂ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣ।
       ਸ. ਮਨਪ੍ਰੀਤ ਬਾਦਲ ਨੇ ਆਪਣੇ ਇਸ ਪ੍ਰੈਸ ਬਿਆਨ ਵਿੱਚ ਅੱਗੇ ਚੱਲ ਕੇ ਕਿਹਾ ਕਿ ਬੀਤੇ ਦਿਨੀਂ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਦੌਲਾ 'ਚ ਉਸ ਮੈਂਬਰ ਪਾਰਲੀਮੈਂਟ ਦੀ ਹਾਜ਼ਰੀ 'ਚ ਇਕ ਮਹਿਲਾ ਅਧਿਆਪਕ ਨੂੰ ਸੱਤਾਧਾਰੀ ਪਾਰਟੀ ਦੇ ਸਰਪੰਚ ਨੇ ਚਪੇੜਾ ਮਾਰੀਆਂ ਜਿਹੜੀ ਮੈਂਬਰ ਪਾਰਲੀਮੈਂਟ ਨੰਨ੍ਹੀਂ-ਛਾਂ ਦੇ ਡਰਾਮੇ ਹੇਠ ਧੀਆਂ ਨੂੰ ਸਤਿਕਾਰ ਦੇਣ ਦਾ ਪਾਠ ਪੜ੍ਹਾਉਂਦੀ ਹੈ ਅਤੇ ਅੱਜ ਫਿਰ ਗਿੱਦੜਬਾਹਾ ਹਲਕੇ ਦੇ ਪਿੰਡ ਸੁਖਣਾ 'ਚ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਦੌਰਾਨ ਆਪਣੀਆਂ ਮੰਗਾਂ ਲੈ ਕੇ ਆਈਆਂ ਮਹਿਲਾ ਅਧਿਆਪਕਾਵਾਂ ਨੂੰ ਪੁਲਿਸ ਨੇ ਡਾਂਗਾ ਨਾਲ ਕੁਟਿੱਆ ਅਤੇ ਇਨ੍ਹਾਂ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੇ ਪੂਰੀ ਦੁਨੀਆਂ 'ਚ ਪੰਜਾਬੀਆਂ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਦੇ ਲੋਕਾਂ ਨੇ ਉਨ੍ਹਾਂ ਨੂੰ ਲਗਾਤਾਰ ਚਾਰ ਵਾਰ ਵਿਧਾਇਕ ਬਣਾਇਆ ਹੈ ਅਤੇ ਪਿਛਲੇ ਦੋ ਦਹਾਕਿਆਂ 'ਚ ਕਦੇ ਵੀ ਹਲਕੇ 'ਚ ਕੋਈ ਮੰਦਭਾਗੀ ਘਟਨਾ ਨਹੀਂ ਵਾਪਰੀ, ਪ੍ਰੰਤੂ ਮੁੱਖ ਮੰਤਰੀ ਦੇ ਹਲਕੇ 'ਚ ਜ਼ਬਰੀ ਦਖਲ ਨੇ ਹਲਕੇ ਦਾ ਭਾਈਚਾਰਕ ਮਾਹੌਲ ਖ਼ਰਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਉਪ ਮੁੱਖ ਮੰਤਰੀ ਨੇ ਬੀਤੇ ਇੱਕ ਸਾਲ ਤੋਂ ਗਿੱਦੜਬਾਹਾ 'ਚ ਡੇਰਾ ਲਾਇਆ ਹੈ, ਪ੍ਰੰਤੂ ਕਿਸੇ ਵੀ ਸੰਗਤ ਦਰਸ਼ਨ 'ਚ ਲੋਕ ਇੱਕਤਰ ਨਹੀਂ ਹੋਏ ਬਲਕਿ ਲੋਕਾਂ ਨੂੰ ਜ਼ਬਰੀ ਇੱਕਠਾ ਕਰਕੇ ਇੱਕਠ ਵਿਖਾਉਣ ਦੀ ਕੋਸ਼ਿਸ ਕੀਤੀ ਗਈ। ਸ. ਮਨਪ੍ਰੀਤ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਲੋਕ ਸੱਤਾਧਾਰੀ ਪਾਰਟੀ ਦੇ ਹੱਥਾਂ 'ਚ ਆਪਣਾ ਭਵਿੱਖ ਸੁਰਖਿਅਤ ਨਹੀਂ ਸਮਝਦੇ ਅਤੇ ਲੋਕ ਜਾਣ ਚੁੱਕੇ ਹਨ ਕਿ ਉਨ੍ਹਾਂ ਨੇ ਆਪਣੇ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਪੰਜਾਬ ਨੂੰ ਆਰਥਿਕ ਅਤੇ ਸਮਾਜਿਕ ਰੂਪ 'ਚ ਬਰਬਾਦ ਕਰਕੇ ਰੱਖ ਦਿੱਤਾ ਹੈ।
       ਸ. ਮਨਪ੍ਰੀਤ ਨੇ ਕਿਹਾ ਕਿ ਅੱਜ ਜੋ ਪੰਜਾਬ ਦੇ ਹਾਲਾਤ ਬਣਦੇ ਜਾ ਰਹੇ ਹਨ ਉਹ ਸੂਬੇ ਦੀ ਆਉਣ ਵਾਲੀ ਬਿਹਤਰੀ ਦੀ ਨਿਸ਼ਾਨੀ ਹੈ ਕਿਉਂਕਿ ਲੋਕ ਹੁਣ ਜੁਲਮ ਖਿਲਾਫ਼ ਜੰਗ ਲੜਣ ਲਈ ਉੱਠਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਹੀ ਦਿਨਾਂ 'ਚ ਇੱਕ ਜਨਤਕ ਲਹਿਰ ਖੜ੍ਹੀ ਹੋ ਜਾਵੇਗੀ ਜੋ ਸੱਤਾਧਾਰੀ ਆਗੂਆਂ ਦਾ ਤਖਤਾ ਪਲਟ ਦੇਵੇਗੀ।      

No comments: