Sunday, December 04, 2011

ਆਰਟ ਗੈਲਰੀ ਚਿੱਤਰਕਾਰ ਸੋਭਾ ਸਿੰਘ//ਡਾ. ਹਿਰਦੇਪਾਲ ਸਿੰਘ

ਕਈ ਬੇਨਤੀਆਂ ਦੇ ਬਾਵਜੂਦ ਨਹੀਂ ਬਹਾਲ ਕੀਤਾ ਗਿਆ  
ਇੱਕ ਲੱਖ ਰੁਪਏ ਵਾਲਾ--"ਸ.ਸੋਭਾ ਸਿੰਘ ਪੁਰਸਕਾਰ" 
ਫਿਰਕੂ ਅਧਾਰ ‘ਤੇ ਹੋਈ ਦੇਸ਼-ਵੰਡ ਦੇ ਕਾਲੇ ਦਿਨਾਂ ਦੌਰਾਨ ਚਿੱਤਰਕਾਰ ਸੋਭਾ ਸਿੰਘ ਲਾਹੌਰ ਤੋਂ ਅੰਦਰੇਟਾ ਜ਼ਿਲ੍ਹਾ ਕਾਂਗਡ਼ਾ, ਜੋ ਉਸ ਸਮੇਂ ਪੰਜਾਬ ਦਾ ਹੀ ਇੱਕ ਹਿੱਸਾ ਸੀ, ਵਿਖੇ ਆਏ। ਇਹ ਖ਼ੂਬਸੂਰਤ ਇਲਾਕਾ ਉਨ੍ਹਾਂ ਨੇ 1942 ਵਿੱਚ ਇੱਕ ਵਾਰੀ ਪ੍ਰੀਤ ਨਗਰ ਤੋਂ ਆ ਕੇ  ਦੇਖਿਆ ਸੀ ਅਤੇ ਕਾਦਰ ਦੀ ਕੁਦਰਤ ਦੇ ਸੁੱਹਪਣ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਸਨ। ਦੇਸ਼ ਵੰਡ ਵੇਲੇ ਉਹ ਮਜਬੂਰ ਹੋਕੇ ਆਪਣਾ ਆਰਟ ਸਟੂਡੀਓ ਤੇ 300 ਦੇ ਕਰੀਬ ਚਿੱਤਰ, ਜਿਨ੍ਹਾਂ ਵਿੱਚ 60 ਦੇ ਕਰੀਬ ਆਇਲ ਪੇਂਟਿੰਗ ਸਨ, ਲਾਹੌਰ ਛੱਡ ਕੇ ਇੱਥੇ ਆਏ ਸਨ। ਬੇਸ਼ੱਕ ਹਾਲਾਤ ਸੁਖਾਵੇਂ ਨਹੀਂ ਸਨ ਪਰ ਉਨ੍ਹਾਂ ਅੰਦਰੇਟਾ ਵਿਖੇ ਆਪਣੀ ਸਾਦਗੀ, ਸਨਿਮਰ ਤੇ ਮਿਲਾਪਡ਼ੇ ਸੁਭਾਅ ਅਤੇ ਮਿਹਨਤ ਨਾਲ ਆਪਣਾ ਸਥਾਨ ਬਣਾਇਆ। ਸਭ ਤੋਂ ਪਹਿਲਾਂ ਇੱਥੇ ਥੋਡ਼੍ਹੀ ਜਿਹੀ ਜ਼ਮੀਨ ਖਰੀਦ ਕੇ ਆਪਣਾ ਕੱਚਾ ਘਰ ਤੇ ਆਰਟ ਸਟੂਡੀਓ ਬਣਾਇਆ। ਸਮੇਂ ਦੇ ਨਾਲ-ਨਾਲ ਉਹ ਆਪਣੀ ਕਮਾਈ ‘ਚੋਂ ਬੱਚਤ ਨਾਲ ਹੋਰ ਤਸਵੀਰਾਂ ਲਗਾਉਣ ਲਈ ਇਸ ਵਿੱਚ ਵਾਧਾ ਤੇ ਇਸ ਨੂੰ ਪੱਕਾ ਕਰਦੇ ਗਏ। ਹੌਲੀ-ਹੌਲੀ ਕਲਾ ਪ੍ਰੇਮੀ ਤੇ ਹੋਰ ਦਰਸ਼ਕ ਆਰਟ ਗੈਲਰੀ ਵੇਖਣ ਤੇ ਚਿੱਤਰਕਾਰ ਨੂੰ ਮਿਲਣ ਲਈ ਆਉਣ ਲੱਗੇ। ਡਾ. ਮਹਿੰਦਰ ਸਿੰਘ ਰੰਧਾਵਾ, ਜੋ ਲਾਹੌਰ ਵਿਖੇ ਆਪਣੀ ਪਡ਼੍ਹਾਈ ਦੇ ਸਮੇਂ ਤੋਂ ਇਸ ਚਿੱਤਰਕਾਰ ਦੇ ਦੋਸਤ, ਪ੍ਰਸ਼ੰਸਕ ਅਤੇ ਜ਼ਿਲ੍ਹਾ ਅੰਬਾਲਾ ਦੇ ਡਿਪਟੀ ਕਮਿਸ਼ਨਰ ਸਨ, ਨੇ ਉਨ੍ਹਾਂ ਦੇ ਚਿੱਤਰਾਂ ਦੀਆਂ ਕਈ ਨੁਮਾਇਸ਼ਾਂ ਦਾ ਪ੍ਰਬੰਧ ਕੀਤਾ। ਇਨ੍ਹਾਂ ਵਿੱਚ ਕਈ ਚਿੱਤਰ ਵਿਕੇ ਅਤੇ ਪੈਸੇ ਹੱਥ ਆਏ। ਫਿਰ ਜਦੋਂ ਡਾ. ਰੰਧਾਵਾ ਡਿਵੈਲਪਮੈਂਟ ਕਮਿਸ਼ਨਰ ਬਣੇ ਤਾਂ ਉਨ੍ਹਾਂ ਅੰਦਰੇਟਾ ਵਿਖੇ ਬੀ.ਡੀ.ਓ. ਦਾ ਦਫ਼ਤਰ ਖੋਲ੍ਹ ਦਿੱਤਾ ਜਿਸ ਨਾਲ ਪਿੰਡ ਵਿੱਚ ਰੌਣਕ ਵਧਣ ਲੱਗੀ। ਇਹ ਦਫ਼ਤਰ ਹੁਣ ਲਾਗਲੇ ਪਿੰਡ ਪੰਚਰੁਖੀ ਸ਼ਿਫਟ ਹੋ ਗਿਆ ਹੈ। ਉਸ ਸਮੇਂ ਪਾਲਮਪੁਰ ਤੋਂ ਅੰਦਰੇਟੇ ਜਾਣ ਲਈ ਕੱਚੀ ਸਡ਼ਕ ਹੁੰਦੀ ਸੀ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ 1962 ਵਿੱਚ ਸੋਭਾ ਸਿੰਘ ਨੂੰ ਮਿਲਣ ਆਏ ਤਾਂ ਆਰਟ ਗੈਲਰੀ ਦੇ ਸਾਹਮਣੇ ਤਕਰੀਬਨ 200 ਗਜ਼ ਦਾ ਟੋਟਾ ਪੱਕਾ ਕਰਵਾ ਦਿੱਤਾ ਤਾਂ ਜੋ ਧੂਡ਼ ਉੱਡ ਕੇ ਤਸਵੀਰਾਂ ਉਤੇ ਨਾ ਪਵੇ। ਇਸੇ ਤਰ੍ਹਾਂ ਰੇਲਵੇ ਬੋਰਡ ਦੇ ਤਤਕਾਲੀ ਚੇਅਰਮੈਨ ਕਰਨੈਲ ਸਿੰਘ ਵੱਲੋਂ ਪਠਾਨਕੋਟ-ਬੈਜਨਾਥ ਰੇਲਵੇ ਲਾਈਨ ਉਤੇ ਪੰਚਰੁਖੀ ਸਟੇਸ਼ਨ ਬਣਾਏ ਜਾਣ ਮਗਰੋਂ ਲਾਗਲੇ ਪਿੰਡ ਅੰਦਰੇਟੇ ਆਉਣਾ ਜਾਣਾ ਸੌਖਾ ਹੋ ਗਿਆ।
ਦੇਸ਼-ਵੰਡ ਤੋਂ ਪਹਿਲਾਂ ਉਨ੍ਹਾਂ ਵੱਲੋਂ ਬਣਾਏ ਚਿੱਤਰ ਤੇ ਡਿਜ਼ਾਈਨ ਸ. ਗੁਰਬਖ਼ਸ਼ ਸਿੰਘ ਦੇ ਮਾਸਿਕ ਪੱਤਰ ਪ੍ਰੀਤਲਡ਼ੀ ਅਤੇ ਨਾਵਲਕਾਰ ਨਾਨਕ ਸਿੰਘ ਦੇ ਮਾਸਿਕ ਪੱਤਰ ‘ਲੋਕ ਸਾਹਿਤ’ ਦੇ ਟਾਈਟਲ ਪੇਜ ਉਤੇ ਛਪਦੇ ਰਹੇ ਸਨ। ਇਸ ਕਾਰਨ ਉਨ੍ਹਾਂ ਦੀ ਪੰਜਾਬੀਆਂ ਕਲਾ ਪ੍ਰੇਮੀਆਂ ਵਿੱਚ ਇੱਕ ਖ਼ਾਸ ਪਛਾਣ ਬਣ ਚੁੱਕੀ ਸੀ। ਜੰਮੂ ਕਸ਼ਮੀਰ ਦੇ ਮਹਾਰਾਜਾ ਡਾ. ਕਰਨ ਸਿੰਘ ਨੇ 1952 ਵਿੱਚ ਸੋਹਣੀ ਮਹੀਵਾਲ ਦਾ ਚਿੱਤਰ ਖਰੀਦਿਆ। ਇਸ ਦੇ ਪ੍ਰਿੰਟ ਛਪ ਕੇ ਫ਼ੌਜੀ ਮੈਸਾਂ ਤੇ ਪੰਜਾਬੀਆਂ ਦੇ ਘਰਾਂ ਵਿੱਚ ਲੱਗਣ ਲੱਗੇ ਤਾਂ ਚਿੱਤਰਕਾਰ ਸੋਭਾ ਸਿੰਘ ਦੀ ਸੋਭਾ ਬਹੁਤ ਵਧ ਗਈ। ਡਾ. ਕਰਨ ਸਿੰਘ ਅਕਸਰ ਅੰਦਰੇਟੇ ਆਉਂਦੇ ਰਹਿੰਦੇ ਸਨ। ਉਹ ਅਕਸਰ ਕਲਾਕਾਰ ਨਾਲ ਧਰਮ ਤੇ ਫਿਲਾਸਫੀ ਬਾਰੇ ਵਿਚਾਰ ਵਿਟਾਂਦਰਾ ਕਰਦੇ। ਡਾ. ਸਿੰਘ ਨੇ ਆਪਣੇ ਸ਼ਾਹੀ ਖਾਨਦਾਨ ਦੇ ਕਈ ਮੈਂਬਰਾ ਦੇ ਚਿੱਤਰ ਵੀ ਬਣਵਾਏ ਜੋ ਇਸ ਸਮੇਂ ਅਮਰ ਮਹਿਲ ਮਿਊਜ਼ੀਅਮ ਜੰਮੂ ਵਿੱਚ ਲੱਗੇ ਹੋਏ ਹਨ।
ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਜੀ ਦਾ ਜੋ ਚਿੱਤਰ (ਸੱਜੇ ਹੱਥ ਨਾਲ ਅਸ਼ੀਰਵਾਦ ਦਿੰਦੇ ਹੋਏ) ਛਪਵਾਇਆ ਉਹ ਬਹੁਤ ਹੀ ਮਕਬੂਲ ਹੋਇਆ ਤੇ ਹੁਣ ਵੀ ਆਮ ਘਰਾਂ ਵਿੱਚ ਦੇਖਿਆ ਜਾ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1974 ਵਿੱਚ ਉਨ੍ਹਾਂ ਨੂੰ ਫੈਲੋਸ਼ਿਪ ਦਿੱਤੀ।  ਉਨ੍ਹਾਂ ਨੇ ਯੂਨੀਵਰਸਿਟੀ ਨੂੰ ਆਪਣੇ ਸਮਕਾਲੀ ਪੰਜਾਬੀ ਲੇਖਕਾਂ ਦੇ ਪੋਰਟਰੇਟ ਬਣਾ ਕੇ ਦਿੱਤੇ। ਇਸ ਤੋਂ ਬਿਨਾਂ ਕਈ ਫ਼ੌਜੀ ਰੈਜਮੈਂਟਾਂ ਤੇ ਜਨਰਲ ਕਰਿਆਂਪਾ ਸਮੇਤ ਕਈ ਫ਼ੌਜੀ ਜਰਨੈਲ਼ਾਂ ਦੇ ਚਿੱਤਰ ਵੀ ਬਣਾਏ।
ਉਨ੍ਹਾਂ ਨੂੰ 1972 ਵਿੱਚ  ਅਧਰੰਗ ਦਾ ਹਲਕਾ ਝਟਕਾ ਲੱਗਣ ਕਾਰਨ ਇਲਾਜ ਚੱਲ ਰਿਹਾ ਸੀ। ਉਸ ਸਮੇਂ ਪੰਜਾਬ ਦੇ ਗਵਰਨਰ ਡਾ.ਡੀ.ਸੀ. ਪਾਵਟੇ ਤੇ ਫਿਰ ਐਮ.ਐਮ. ਚੌਧਰੀ ਅੰਦਰੇਟਾ ਉਨ੍ਹਾਂ ਨੂੰ ਮਿਲਣ ਆਏ। ਉਨ੍ਹਾਂ ਸਲਾਹ ਦਿੱਤੀ ਕਿ ਪੰਜਾਬ ਆ ਜਾਓ, ਸਰਕਾਰ ਸਿਹਤ ਸਮੇਤ ਸਭ ਸਹੂਲਤਾਂ ਪ੍ਰਦਾਨ ਕਰੇਗੀ। ਇਸ ਮੰਤਵ ਲਈ ਚੰਡੀਗਡ਼੍ਹ ਤੇ ਛੱਤਬੀਡ਼ ਦੇ ਵਿਚਕਾਰ ਇੱਕ ਰਮਣੀਕ ਥਾਂ ਪਸੰਦ ਕੀਤੀ ਗਈ ਪਰ ਸਰਕਾਰ ਦੀਆਂ ਕਈ ਸ਼ਰਤਾਂ ਕਾਰਨ ਗੱਲਬਾਤ ਸਿਰੇ ਨਾ ਚਡ਼੍ਹ ਸਕੀ।

ਸ਼ਹਿਰੀ ਜ਼ਿੰਦਗੀ ਤੇ ਮੀਡੀਆ ਤੋਂ ਦੂਰ ਇੱਕ ਛੋਟੇ ਜਿਹੇ ਪਹਾਡ਼ੀ ਪਿੰਡ ਵਿੱਚ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ ਬਹੁਤ ਸ਼ੁਹਰਤ, ਮਾਣ ਸਤਿਕਾਰ ਤੇ ਸਨਮਾਨ ਮਿਲੇ। ਗਿਆਨੀ ਜ਼ੈਲ ਸਿੰਘ ਦੀ ਪੰਜਾਬ ਸਰਕਾਰ ਨੇ ‘ਸਟੇਟ ਆਰਟਿਸਟ’ ਦੀ ਉਪਾਧੀ ਤੇ ਭਾਰਤ ਸਰਕਾਰ ਨੇ ਪਦਮ ਸ਼੍ਰੀ ਦੇ ਖਿਤਾਬ ਨਾਲ ਸਨਮਾਨਿਤ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਨੂੰ ਡੀ.ਲਿਟ. ਦੀ ਆਨਰੇਰੀ ਡਿਗਰੀ ਦਿੱਤੀ। ਭਾਰਤ ਸਰਕਾਰ ਦੇ ਫਿਲਮ ਡਿਵੀਜ਼ਨ, ਬੀ.ਬੀ.ਸੀ. (ਲੰਡਨ) ਅਤੇ ਦੂਰਦਰਸ਼ਨ ਜਲੰਧਰ ਨੇ ਉਨ੍ਹਾਂ ਦੇ ਜੀਵਨ ਤੇ ਕਲਾ ਬਾਰੇ ਦਸਤਾਵੇਜ਼ੀ ਫਿਲਮਾਂ ਵੀ ਬਣਾਈਆਂ।
ਅਗਸਤ 1986 ਵਿੱਚ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਲੇਖਕ ਦੇ ਪਰਿਵਾਰ ਨੇ ਗੈਲਰੀ ਦਾ ਨਾਂ ”ਸ. ਸੋਭਾ ਸਿੰਘ ਆਰਟ ਗੈਲਰੀ” ਰੱਖ ਦਿੱਤਾ। ਉਨ੍ਹਾਂ ਦੇ ਬਣਾਏ ਚਿੱਤਰਾਂ ਦੇ ਛਪੇ ਹੋਏ ਪ੍ਰਿੰਟਾਂ (ਕਾਪੀਆਂ) ਦੀ ਵਿਕਰੀ ਨਾਲ ਇਸ ਗੈਲਰੀ ਦੀ ਦੇਖ ਭਾਲ ਕੀਤੀ ਜਾ ਰਹੀ ਸੀ ਪਰ ਹੁਣ ਪਾਇਰੇਸੀ ਕਾਰਨ ਡੁਪਲੀਕੇਟ ਤਸਵੀਰਾਂ ਵਿਕਣ ਲੱਗੀਆਂ ਹਨ, ਇਹ ਆਮਦਨ ਵੀ ਬੰਦ ਹੋ ਚੱਲੀ ਹੈ।
ਗੈਲਰੀ ਉਪਰਲੇ ਰਿਹਾਇਸ਼ੀ ਕਮਰੇ ਖਾਲੀ ਕਰਕੇ ਚਿੱਤਰਕਾਰ ਦੇ ਜੀਵਨ ਨਾਲ ਸਬੰਧਿਤ ਲਗਭਗ 100 ਫੋਟੋਆਂ, ਉਨ੍ਹਾਂ ਵੱਲੋਂ ਤਰਾਸ਼ੇ ਕਈ ਬੁੱਤ, ਉਨ੍ਹਾਂ ਦੀਆਂ 200 ਦੇ ਕਰੀਬ ਪੁਸਤਕਾਂ, ਰੰਗ ਬੁਰਸ਼, ਉਨ੍ਹਾਂ ਦੇ ਬਸਤਰ ਤੇ ਐਨਕਾਂ ਆਦਿ ਅਤੇ ਹੋਰ ਵਸਤੂਆਂ ਪ੍ਰਦਰਸ਼ਤ ਕਰਕੇ ”ਸ.ਸੋਭਾ ਸਿੰਘ ਮਿਊਜ਼ੀਅਮ” ਸਥਾਪਤ ਕੀਤਾ ਹੈ, ਜਿਸ ਦਾ ਉਦਘਾਟਨ ਹਿਮਾਚਲ ਦੇ ਮੁਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੁਮਲ ਨੇ ਇਸ ਸਾਲ 21 ਮਾਰਚ ਨੂੰ ਕੀਤਾ। ਪਰਿਵਾਰ ਵੱਲੋਂ ਗੈਲਰੀ ਦਾ ਵਿਸਤਾਰ ਕਰਨ ਦੀ ਯੋਜਨਾ ਹੈ, ਜਿਸ ‘ਤੇ ਲਗਭਗ 30 ਲੱਖ ਰੁਪਏ ਦੀ ਲਾਗਤ ਆਏਗੀ। ਹਿਮਾਚਲ ਸਰਕਾਰ ਨੇ ਗੈਲਰੀ ਦੇ ਵਿਸਤਾਰ ਲਈ ਕੋਈ ਗਰਾਂਟ ਦੇਣ ਤੋਂ ਅਸਮਰੱਥਾ ਪ੍ਰਗਟਾਈ ਹੈ ਤੇ ਸਲਾਹ ਦਿੱਤੀ ਹੈ ਕਿ ਭਾਰਤ ਸਰਕਾਰ ਪਾਸ ਪਹੁੰਚ ਕੀਤੀ ਜਾਏ। ਉਨ੍ਹਾਂ ਦੇ ਬੁਰਸ਼ ਤੋਂ ਬਣੇ ਚਿੱਤਰ ਸਾਡੇ ਦੇਸ਼ ਤੇ ਕੌਮ ਦਾ ਅਨਮੋਲ ਸਰਮਾਇਆ ਹਨ।
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਸ. ਤਰਲੋਚਨ ਸਿੰਘ ਦੇ ਯਤਨਾਂ ਸਦਕਾ ਹਿਮਾਚਲ ਸਰਕਾਰ ਨੇ ਸਾਲ 2001 ਵਿੱਚ ਉਨ੍ਹਾਂ ਦੀ ਜਨਮ ਸ਼ਤਾਬਦੀ ਸਰਕਾਰੀ ਪੱਧਰ ‘ਤੇ ਮਨਾਈ ਸੀ, ਪਠਾਨਕੋਟ-ਮੰਡੀ ਮੁੱਖ ਸਡ਼ਕ ਦੇ ਮੋਡ਼ ‘ਕਾਲੂ ਦੀ ਹੱਟੀ’ (ਪਾਲਮਪੁਰ) ਤੋਂ ਅੰਦਰੇਟਾ ਤਕ ਵਾਲੀ ਸਡ਼ਕ ਦਾ ਨਾਂ ”ਸ.ਸੋਭਾ ਸਿੰਘ ਮਾਰਗ” ਰੱਖਿਆ ਅਤੇ ਅੰਦਰੇਟਾ ਵਿਖੇ ਸਰਕਾਰੀ ਹਾਈ ਸਕੂਲ ਦਾ ਨਾਂ ਵੀ ਉਨ੍ਹਾਂ ਦੇ ਨਾਂ ‘ਤੇ ਰਖਿਆ ਗਿਆ ਹੈ। ਹਿਮਾਚਲ ਸਰਕਾਰ ਨੇ ਉਸ ਸਮੇਂ ਕਿਸੇ ਪ੍ਰਮੁੱਖ ਚਿੱਤਰਕਾਰ ਨੂੰ ਹਰ ਸਾਲ ਦੇਣ ਵਾਸਤੇ ”ਸ.ਸੋਭਾ ਸਿੰਘ ਪੁਰਸਕਾਰ” ਸਥਾਪਤ ਕੀਤਾ ਸੀ, ਜੋ ਅਗਲੇ ਹੀ ਵਰ੍ਹੇ ਸੱਤਾ ਵਿੱਚ ਆਈ ਸਰਕਾਰ ਨੇ ਬੰਦ ਕਰ ਦਿੱਤਾ ਸੀ। ਪ੍ਰੋ. ਧੂਮਲ ਨੇ ਦੁਬਾਰਾ ਸੱਤਾ ਵਿੱਚ ਆਕੇ ਸਾਲ 2009 ਵਿੱਚ ਫਿਰ ਇਹ ਸਨਮਾਨ ਬਹਾਲ ਕਰ ਦਿੱਤਾ ਪਰ ਕੁਝ ਕਾਰਨਾਂ ਕਰਕੇ ਅਗਲੇ ਹੀ ਸਾਲ ਇਹ ਪੁਰਸਕਾਰ ਫਿਰ ਬੰਦ ਕਰ ਦਿੱਤਾ ਗਿਆ। ਗੈਲਰੀ ਹਰ ਰੋਜ਼ ਸਵੇਰੇ 10 ਵਜੇ ਤੋਂ ਸ਼ਾਮ ਪੰਜ ਵਜੇ ਤਕ ਖੁੱਲ੍ਹੀ ਰਹਿੰਦੀ ਹੈ, ਦੁਪਹਿਰ ਦੇ ਖਾਣੇ ਲਈ ਇੱਕ ਤੋਂ ਦੋ ਵਜੇ ਤਕ ਬੰਦ ਰੱਖੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਵੀ 2001 ਵਿੱਚ ਜਨਮ ਸ਼ਤਾਬਦੀ ਸਰਕਾਰੀ ਪੱਧਰ ‘ਤੇ ਮਨਾਈ ਸੀ ਅਤੇ ਇੱਕ ਲੱਖ ਰੁਪਏ ਵਾਲਾ ”ਸ.ਸੋਭਾ ਸਿੰਘ ਪੁਰਸਕਾਰ” ਸਥਾਪਤ ਕੀਤਾ ਸੀ, ਜੋ ਅਗਲੇ ਵਰ੍ਹੇ ਹੋਂਦ ਵਿੱਚ ਆਈ ਸਰਕਾਰ ਨੇ ਬੰਦ ਕਰ ਦਿੱਤਾ ਸੀ। ਬਾਦਲ ਸਰਕਾਰ ਨੇ 2007 ਵਿੱਚ ਮੁਡ਼ ਸੱਤਾ ਵਿੱਚ ਆਉਣ ‘ਤੇ ਕਈ ਬੇਨਤੀਆਂ ਦੇ ਬਾਵਜੂਦ ਇਹ ਪੁਰਸਕਾਰ ਬਹਾਲ ਨਹੀਂ ਕੀਤਾ।(ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ}  

* ਮੋਬਾਈਲ: 094180-97070

No comments: