Sunday, December 25, 2011

ਚੋਣ ਜਾਬਤਾ ਲੱਗਣ ਦੇ ਨਾਲ ਹੀ ਪੰਜਾਬ 'ਚ ਤਾਨਾਸ਼ਾਹੀ ਰਾਜ ਦਾ ਅੰਤ

ਮਨਪ੍ਰੀਤ ਬਾਦਲ ਨੇ ਫਿਰ ਲਾਇਆ ਅਕਾਲੀ ਲੀਡਰਸ਼ਿਪ 'ਤੇ ਨਿਸ਼ਾਨਾ 
ਅਖਬਾਰੀ ਪੇਜ ਦੀ ਇਹ ਫੋਟੋ: ਧੰਨਵਾਦ ਸਹਿਤ ਰੋਜ਼ਾਨਾ ਜਗ ਬਾਣੀ ਦੇ  ਪਹਿਲੇ ਸਫੇ 'ਤੇ ਪ੍ਰਕਾਸ਼ਿਤ ਮੁੱਖ ਖਬਰ 
ਚੰਡੀਗੜ੍ਹ : ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਚੋਣਾਂ ਦੇ ਐਲਾਨ ਤੋਂ ਬਾਅਦ ਆਪਣਾ ਪ੍ਰਤੀਕਰਮ ਜਾਹਰ ਕਰਦਿਆਂ ਕਿਹਾ ਕਿ ਅੱਜ ਚੋਣ ਜਾਬਤਾ ਲੱਗਣ ਦੇ ਨਾਲ ਹੀ ਪੰਜਾਬ 'ਚ ਸਰਕਾਰੀ ਜ਼ੁਲਮ 'ਤੇ ਵੀ ਜਾਬਤਾ ਲੱਗ ਗਿਆ ਹੈ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੇ ਪੁੱਤਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਤਾਨਾਸ਼ਾਹੀ ਰਾਜ ਦਾ ਵੀ ਅੰਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਦੀ ਆਰਥਿਕਤਾ ਤਬਾਹ ਹੋਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਵਰਗੀਆਂ ਅਲਾਮਤਾਂ ਦਾ ਵਾਧਾ ਹੋਇਆ ਉਥੇ ਹੀ ਆਮ ਆਦਮੀ ਦੀ ਲੁੱਟ ਹੋਈ, ਔਰਤਾਂ 'ਤੇ ਬੱਚਿਆ ਤੇ ਸਰਕਾਰੀ ਮਸ਼ੀਨਰੀ ਨਾਲ ਜ਼ੁਲਮ ਕਰਵਾਏ, ਧੀਆ ਨੂੰ ਬੇਇੱਜ਼ਤ ਕੀਤਾ ਪ੍ਰੰਤੂ ਇਤਿਹਾਸ ਗਵਾਹ ਹੈ ਕਿ ਬੁਰਾਈ ਦਾ ਇੱਕ ਦਿਨ ਅੰਤ ਹੋ ਜਾਂਦਾ ਹੈ ਤੇ ਅੱਜ ਪਿਓ ਪੁੱਤਰ ਦੀ ਜੋੜੀ ਵੱਲੋਂ ਕੀਤੇ ਇਸ ਅਤਿਆਚਾਰ ਦਾ ਆਖਿਰ ਅੰਤ ਹੋ ਹੀ ਗਿਆ। ਸ. ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਦੇ ਲੋਕ ਆਪਣੀ ਮਾਤ ਭੂਮੀ ਲਈ ਜਾਗਰੂਕ ਹੋ ਗਏ ਹਨ ਅਤੇ ਉਹ ਪੰਜਾਬ ਨੂੰ ਖੁਸ਼ਹਾਲ ਵੇਖਣ ਦਾ ਸੁਪਨਾ ਸੱਚ ਕਰ ਵਿਖਾਉਣਗੇ।

       ਸ. ਮਨਪ੍ਰੀਤ ਨੇ ਕਿਹਾ ਕਿ ਉਹ ਸਾਂਝੇ ਮੋਰਚੇ ਵੱਲੋਂ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਪੂਰੇ ਪੰਜਾਬ 'ਚ ਚੋਣ ਜਾਬਤੇ ਦੀ ਉਲੰਘਨਾ 'ਤੇ ਨਜ਼ਰ ਰੱਖਣ, ਕਿਉਂਕਿ ਦੂਜੀਆਂ ਦੋਵੇਂ ਪਾਰਟੀਆਂ ਨੂੰ ਝੂਠ ਬੋਲਣ ਅਤੇ ਗੁੰਮਰਾਹ ਕਰਨ ਦੀ ਆਦਤ ਹੈ ਜੋ ਕੁਰਸੀ ਜਾਂਦੀ ਵੇਖ ਕੇ ਕਈ ਤਰਾਂ ਦੇ ਹੱਥਕੰਡੇ ਵਰਤਨਗੀਆ। ਉਨ੍ਹਾਂ ਦੱਸਿਆ ਕਿ ਸਾਂਝੇ ਮੋਰਚੇ ਵੱਲੋਂ ਚੋਣ ਜਾਬਤੇ ਦੀ ਉਲੰਘਨਾ 'ਤੇ ਨਜ਼ਰ ਰੱਖਣ ਲਈ ਇੱਕ ਵਿਸ਼ੇਸ ਟੀਮ ਗਠਿਤ ਕੀਤੀ ਜਾਵੇਗੀ ਜੋ ਸਬੂਤ ਇੱਕਤਰ ਕਰਕੇ ਮੁੱਖ ਚੋਣ ਕਮਿਸ਼ਨਰ ਨੂੰ ਸੂਚਿਤ ਕਰਦੀ ਰਹੇਗੀ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਸ ਤਰ੍ਹਾਂ ਅਸੀਂ ਨਵਾਂ ਘਰ ਬਣਾਉਨ ਲਈ ਸੋ ਵਾਰ ਸਲਾਹ ਮਸ਼ਵਰੇ ਕਰਕੇ ਫੈਸਲਾ ਲੈਂਦੇ ਹਾਂ ਉਸੇ ਤਰ੍ਹਾਂ ਸੂਬੇ ਨੂੰ ਖੁਸ਼ਹਾਲ ਬਨਾਉਣ ਲਈ ਵੀ ਗੰਭੀਰ ਹੋਈਏ ਅਤੇ ਉਨ੍ਹਾਂ ਆਗੂਆਂ ਨੂੰ ਚੁਣ ਕੇ ਵਿਧਾਨ ਸਭਾ 'ਚ ਭੇਜੀਏ ਜੋ ਆਪਣਾ ਨਿੱਜੀ ਫਾਇਦਾ ਤਿਆਗ ਕੇ ਸੂਬੇ ਦੀ ਤਰੱਕੀ ਲਈ ਹਰ ਕੁਰਬਾਨੀ ਦੇਣ ਦੀ ਭਾਵਨਾ ਰੱਖਦੇ ਹੋਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪੰਜਾਬੀ ਆਪਣੀ ਗੈਰਤ ਨੂੰ ਬਚਾਉਣ ਲਈ ਅਕਾਲੀ-ਭਾਜਪਾ ਤੇ ਕਾਂਗਰਸ ਨੂੰ ਨਕਾਰ ਦੇਣਗੇ ਅਤੇ ਸਾਂਝੇ ਮੋਰਚੇ ਦੀ ਸਰਕਾਰ ਬਣਾਕੇ ਇੱਥੇ ਕਾਨੂੰਨ ਦਾ ਰਾਜ ਸਥਾਪਿਤ ਕਰਨਗੇ।        ********

No comments: