Wednesday, December 14, 2011

ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਉਪਰਾਲਾ

ਅਨਾਜ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਵੱਡੀ ਰਾਹਤ
ਫਸਲਾਂ ਦੀ ਸਫਾਈ ਲਈ ਖਪਤ ਹੁੰਦੇ ਡੀਜ਼ਲ ਅਤੇ ਬਿਜਲੀ ਦੇ ਖਰਚੇ ਤੋਂ ਮੁਕਤੀ 
ਹੁਣ ਪੰਜਾਬ ਮੰਡੀ ਬੋਰਡ ਅਤੇ ਆੜ੍ਹਤੀਆਂ ਕੋਲੋਂ ਲਿਆ ਜਾਵੇਗਾ ਖਰਚਾ
ਅੰਮ੍ਰਿਤਸਰ//13 ਦਸੰਬਰ//ਗਜਿੰਦਰ ਸਿੰਘ ਕਿੰਗ

ਪੰਜਾਬ ਸਰਕਾਰ ਨੇ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਅਹਿਮ ਫੈਸਲਾ ਲੈਂਦਿਆਂ ਫਸਲਾਂ ਦੇ ਖਰੀਦ ਸੀਜ਼ਨ ਦੌਰਾਨ ਫਸਲਾਂ ਦੀ ਸਫਾਈ ਲਈ ਖਪਤ ਹੁੰਦੀ ਬਿਜਲੀ ਅਤੇ ਡੀਜ਼ਲ ਦਾ ਖਰਚਾ ਮਜ਼ਦੂਰਾਂ ਤੋਂ ਲੈਣ ਦੀ ਬਜਾਏ ਹੁਣ ਪੰਜਾਬ ਰਾਜ ਮੰਡੀ ਬੋਰਡ ਅਤੇ ਆੜ੍ਹਤੀਆਂ ਵੱਲੋਂ ਸਾਂਝੇ ਰੂਪ ਵਿੱਚ ਸਹਿਣ ਕੀਤਾ ਜਾਵੇਗਾ।
     ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਸਰਕਟ ਹਾਊਸ ਵਿੱਚ ਅਨਾਜ ਮੰਡੀ ਮਜ਼ਦੂਰ ਸੰਘ, ਪੰਜਾਬ ਦੇ ਪ੍ਰਧਾਨ ਸ੍ਰੀ ਧਰਮਪਾਲ ਡਾਬਲਾ ਦੀ ਅਗਵਾਈ ਵਿੱਚ ਮਿਲੇ ਇਕ ਵਫ਼ਦ ਵੱਲੋਂ ਉਠਾਈ ਮੰਗ ਮਗਰੋਂ ਲਿਆ।
     ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਉਪ ਚੇਅਰਮੈਨ ਰਵਿੰਦਰ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਇਸ ਰਕਮ ਦੀ ਵਸੂਲੀ ਮਜ਼ਦੂਰ ਕੋਲੋਂ ਕਰਨ ਕਾਰਨ ਇਸ ਵਰਗ ਨੂੰ ਆਪਣੇ ਰੋਜ਼ਮੱਰਾ ਦੇ ਖਰਚਿਆਂ ਨੂੰ ਚਲਾਉਣ ਵਿੱਚ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਫ਼ਦ ਨੇ ਮੁੱਖ ਮੰਤਰੀ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਇਸ ਸਮੱਸਿਆ ਦਾ ਤੁਰੰਤ ਨਿਪਟਾਰਾ ਕਰਨ ਤਾਂ ਜੋ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਕੁਝ ਰਾਹਤ ਦਿੱਤੀ ਜਾ ਸਕੇ।
     ਮਜ਼ਦੂਰਾਂ ਵੱਲੋਂ ਉਠਾਈ ਇਸ ਮੰਗ 'ਤੇ ਹੁੰਗਾਰਾ ਭਰਦਿਆਂ, ਸ. ਬਾਦਲ ਨੇ ਕਿਹਾ ਕਿ ਭਵਿੱਖ ਵਿੱਚ ਉਕਤ ਖਰਚ ਦਾ 33 ਫੀਸਦੀ ਹਿੱਸਾ ਪੰਜਾਬ ਰਾਜ ਮੰਡੀ ਬੋਰਡ ਵੱਲੋਂ ਅਤੇ ਬਾਕੀ ਰਹਿੰਦਾ 67 ਫੀਸਦੀ ਸਬੰਧਤ ਮੰਡੀਆਂ ਦੇ ਆੜ੍ਹਤੀਆਂ ਵੱਲੋਂ ਅਦਾ ਕੀਤਾ ਜਾਵੇਗਾ। ਇਸੇ ਤਰ੍ਹਾਂ ਵਫ਼ਦ ਦੀ ਇਕ ਹੋਰ ਮੰਗ ਨੂੰ ਮੰਨਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਭਰ ਦੇ ਮੁੱਖ ਯਾਰਡਾਂ ਵਿੱਚ ਇਨ੍ਹਾਂ ਮਜ਼ਦੂਰਾਂ ਲਈ ਆਰਾਮ ਘਰ ਬਣਾਏ ਜਾਣਗੇ ਤਾਂ ਜੋ ਸਖ਼ਤ ਮੁਸ਼ੱਕਤ ਤੋਂ ਬਾਅਦ ਮਜ਼ਦੂਰ ਇਨ੍ਹਾਂ ਵਿੱਚ ਆਰਾਮ ਕਰ ਸਕਣ।
     ਸ. ਬਾਦਲ ਨੇ ਪੰਜਾਬ ਰਾਜ ਮੰਡੀ ਬੋਰਡ ਦੇ ਸਕੱਤਰ ਡਾ. ਕਰਮਜੀਤ ਸਿੰਘ ਸਰਾਂ ਨੂੰ ਹਦਾਇਤ ਦਿੱਤੀ ਕਿ ਇਨ੍ਹਾਂ ਉਕਤ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ।
     ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕਾਹਨ ਸਿੰਘ ਪਨੂੰ ਅਤੇ ਪੇਡਾ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਵੀ ਹਾਜ਼ਰ ਸਨ।

No comments: