Monday, December 12, 2011

ਆਸਟਰੇਲੀਆ ਬਣਿਆਂ ਚੈਂਪੀਅਨਜ਼ ਟਰਾਫ਼ੀ ਚੈਂਪੀਅਨ

                                                      ਖੇਡ ਦੇ ਮੈਦਾਨ ਤੋਂ ਰਣਜੀਤ ਸਿੰਘ ਪ੍ਰੀਤ
                   ਪਾਕਿਸਤਾਨ ਦੇ,ਖ਼ਾਸ਼ ਕਰ ਏਅਰ ਮਾਰਸ਼ਲ ਨੂਰ ਖਾਂਨ ਦੇ ਯਤਨਾਂ ਨਾਲ 1978 ਲਾਹੌਰ ਦੇ ਕੌਮੀ ਸਟੇਡੀਅਮ ਤੋਂ ਸ਼ੁਰੂ ਹੋਇਆ ਹਾਕੀ ਦਾ ਇਹ ਮੁਕਾਬਲਾ ਜਿਸ ਨੂੰ ਵਿਸ਼ਵ ਕੱਪ ਤੋਂ ਰਤਾ ਕੁ ਪਿੱਛੇ ਹਟਵਾਂ ਮੁਕਾਬਲਾ ਹੀ ਕਹਿ ਸਕਦੇ ਹਾਂ 33 ਵੇਂ ਮੁਕਾਬਲੇ ਵਜੋਂ 3 ਦਸੰਬਰ ਤੋਂ 11 ਦਸੰਬਰ ਤੱਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚਲੇ ਨਾਰਥ ਹਾਰਬਰ ਹਾਕੀ ਸਟੇਡੀਅਮ ਵਿੱਚ ਖੇਡਿਆ ਗਿਆ । ਪਹਿਲਾਂ ਇਹ ਮੁਕਾਬਲਾ 4 ਫਰਵਰੀ 2011 ਨੂੰ ਭਾਰਤ ਵਿੱਚ ਕਰਵਾਉਣਾ ਮਿਥਿਆ ਗਿਆ ਸੀ। ਪਰ 6 ਸਤੰਬਰ 2011 ਨੂੰ ਇਸ ਬਾਰੇ ਕੌਮਾਂਤਰੀ ਹਾਕੀ ਫ਼ੈਡਰੇਸ਼ਨ ਨੇ ਨਿਰੀਖਣ ਕੀਤਾ ਅਤੇ ਭਾਰਤੀ ਹਾਕੀ ਸੰਸਥਾਵਾਂ ਦੀ ਖਿੱਚੋਤਾਣ ਦਰਮਿਆਂਨ 13 ਸਤੰਬਰ ਨੂੰ ਇਹ ਮੁਕਾਬਲਾ ਭਾਰਤ ਦੀ ਬਜਾਇ ਨਿਊਜ਼ੀਲੈਂਡ ਨੂੰ ਸੌਂਪਿਆ ਗਿਆ । ਹਰ ਸਾਲ ਹੋਣ ਵਾਲੇ ਇਸ ਹਾਕੀ ਟੂਰਨਾਮੈਂਟ ਦੀ ਪਾਕਿਸਤਾਨ ਨੇ 11 ਵਾਰੀ, ਹਾਲੈਂਡ ਨੇ 6 ਵਾਰੀ,ਆਸਟਰੇਲੀਆ – ਜਰਮਨੀ ਨੇ 5-5 ਵਾਰੀ,ਮਲੇਸ਼ੀਆ ਭਾਰਤ ਨੇ 2-2 ਵਾਰੀ ਅਤੇ ਸਪੇਨ,ਨਿਊਜ਼ੀਲੈਡ  ਨੇ ਇੱਕ ਇੱਕ ਵਾਰੀ ਮੇਜ਼ਬਾਨੀ ਕੀਤੀ ਹੈ। ਸਨ 2012 ਦਾ ਮੁਕਾਬਲਾ ਆਸਟਰੇਲੀਆ ਵਿੱਚ ਅਤੇ 2014 ਦਾ ਅਰਜਨਟੀਨਾਂ ਵਿੱਚ ਹੋਣਾ ਹੈ । 
       ਆਸਟਰੇਲੀਆ ਹੁਣ ਤੱਕ 29 ਵਾਰ ਸੈਮੀਫ਼ਾਈਨਲ ਖੇਡਕੇ 12 ਵਾਰੀ ਅਰਥਾਤ ਸੱਭ ਤੋਂ ਵੱਧ ਵਾਰੀ ਖਿਤਾਬ ਜੇਤੂ ਬਣਿਆਂ ਹੈ । ਜਰਮਨੀ ਨੇ 24 ਸੈਮੀਫ਼ਾਈਨਲ ਖੇਡਦਿਆਂ,16 ਵਾਰੀ ਦੇ ਫਾਈਨਲ ਵਿੱਚੋਂ 9 ਜਿੱਤਾਂ ਦਰਜ ਕੀਤੀਆਂ ਹਨ । ਹਾਲੈਂਡ ਨੇ 28 ਸੈਮੀਫ਼ਾਈਨਲ ਖੇਡੇ ਹਨ,ਜਿਨ੍ਹਾਂ ਵਿੱਚੋਂ 13 ਵਾਰੀ ਫਾਈਨਲ ਟੱਕਰ ਲੈਦਿਆਂ 8 ਵਾਰ ਫਾਈਨਲ ਜਿੱਤੇ ਹਨ। ਪਾਕਿਸਤਾਨ ਨੇ 22 ਸੈਮੀਫ਼ਾਈਨਲ ਖੇਡਦਿਆਂ 9 ਫਾਈਨਲ ਖੇਡਕੇ ਤਿੰਨਾਂ ਵਿੱਚ ਜਿੱਤ ਹਾਸਲ ਕੀਤੀ ਹੈ। ਸਪੇਨ ਖੇਡੇ 8 ਸੈਮੀਫਾਈਨਲਾਂ ਵਿੱਚੋਂ 3 ਵਾਰ ਫ਼ਾਈਨਲ ਖੇਡ ਕਿ ਇੱਕ ਵਾਰ ਹੀ ਜਿੱਤਿਆ ਹੈ। ਹੋਰਨਾਂ ਟੀਮਾਂ ਦੱਖਣੀ ਕੋਰੀਆ ਨੇ 5,ਇੰਗਲੈਂਡ ਨੇ 6 ਸੈਮੀਫ਼ਾਈਨਲ ਤਾਂ ਖੇਡੇ ਹਨ,ਪਰ ਕੋਰੀਆ ਇੱਕ ਵਾਰ ਅਤੇ ਇੰਗਲੈਂਡ 2 ਵਾਰ ਫ਼ਾਈਨਲ ਵਿੱਚ ਪਹੁੰਚ ਕੇ ਹਾਰਿਆ ਹੈ । ਭਾਰਤ 6 ਵਾਰ ਸੈਮੀਫ਼ਾਈਨਲ ਖੇਡਕੇ ਸਿਰਫ਼ ਇੱਕ ਵਾਰ ਤੀਜੀ ਪੁਜ਼ੀਸ਼ਨ’ਤੇ ਰਿਹਾ ਹੈ । ਅਰਜਨਟੀਨਾਂ,ਨਿਊਜ਼ੀਲੈਂਡ,ਸੋਵੀਅਤ ਸੰਘ ,ਨੇ ਇੱਕ ਇੱਕ ਸੈਮੀਫ਼ਾਈਨਲ ਹੀ ਖੇਡਿਆ ਹੈ,ਅਰਜਨਟੀਨਾ ਨੇ ਵੀ ਇੱਕ ਵਾਰ ਹੀ ਤੀਜਾ ਸਥਾਨ ਲਿਆ ਹੈ। ਕੁੱਲ ਮਿਲਾਕੇ ਹੁਣ ਤੱਕ 7 ਮੁਲਕ ਹੀ ਫ਼ਾਈਨਲ ਖੇਡੇ ਹਨ। 

                   ਇਸ ਵਾਰੀ 8 ਟੀਮਾਂ ਨੇ ਭਾਗ ਲਿਆ । ਨਵੇਂ ਤੌਰ ਤਰੀਕੇ ਅਨੁਸਾਰ ਪਹਿਲੀ ਵਾਰ ਟੀਮਾਂ ਦੀ ਗਰੁਪ ਬੰਦੀ ਕੀਤੀ ਗਈ । ਗਰੁੱਪ ਏ ਵਿੱਚ ਆਸਟਰੇਲੀਆ,ਇੰਗਲੈਂਡ ਸਪੇਨ,ਇਨਵੀਟੇਸ਼ਨ ਮੁਤਾਬਕ ਪਾਕਿਸਤਾਨ ਸ਼ਾਮਲ ਹੋਇਆ,ਜਦੋਂ ਕਿ ਗਰੁੱਪ ਬੀ ਵਿੱਚ ਜਰਮਨੀ, ਹਾਲੈਂਡ, ਨਿਊਜ਼ੀਲੈਂਡ,ਅਤੇ ਇਨਵੀਟੇਸ਼ਨ ਟੀਮ ਵਜੋਂ ਦੱਖਣੀ ਕੋਰੀਆ ਨੂੰ ਲਿਆ ਗਿਆ । ਦੋਹਾਂ ਪੂਲਾਂ ਵਿੱਚ 6-6 ਮੈਚ 3 ਦਸੰਬਰ ਤੋਂ 6 ਦਸੰਬਰ ਤਕ ਹੋਏ ।  ਫਿਰ ਦੋਹਾਂ ਪੂਲਾਂ ਦੀਆਂ ਦੋ ਦੋ ਸਿਖ਼ਰਲੀਆਂ ਟੀਮਾਂ ਦਾ ਨਵਾਂ ਪੂਲ ਸੀ,ਅਤੇ ਦੋਹਾਂ ਪੂਲਾਂ ਦੀਆਂ ਹੇਠਲੀਆਂ ਦੋ ਦੋ ਟੀਮਾਂ ਦਾ ਪੂਲ ਡੀ ਬਣਾਇਆ ਗਿਆ । ਪੂਲ ਸੀ ਵਿੱਚ ਸ਼ਾਮਲ ਆਸਟਰੇਲੀਆ, ਸਪੇਨ, ਨਿਊਜ਼ੀਲੈਂਡ,ਅਤੇ ਹਾਲੈਂਡ ਨੂੰ ਦਾਖ਼ਲਾ ਮਿਲਿਆ । ਇਸ ਤੋਂ ਇਲਾਵਾ ਨਵੇਂ ਨਿਯਮ ਅਨੁਸਾਰ ਹੀ ਆਸਟਰੇਲੀਆ ਨੂੰ ਸਪੇਨ ਵਿਰੁੱਧ ਖੇਡੇ ਅਤੇ 3-2 ਨਾਲ ਜਿੱਤੇ ਪੂਲ ਏ ਦੇ ਪਹਿਲੇ ਮੈਚ ਦਾ ਲਾਭ ਮਿਲਿਆ । ਸਪੇਨ ਨੂੰ ਹਾਰ ਵਿੱਚ ਗਿਣਿਆਂ ਗਿਆ । ਦੋ ਦੂਜੀਆਂ ਟੀਮਾਂ ਨਿਊਜ਼ੀਲੈਂਡ ਅਤੇ ਹਾਲੈਂਡ ਵੱਲੋਂ ਪੂਲ ਬੀ ਵਿੱਚ 3-3 ਨਾਲ  ਬਰਾਬਰ ਖੇਡੇ ਆਖ਼ਰੀ ਮੈਚ ਦਾ ਲਾਭ ਦਿੱਤਾ ਗਿਆ । ਇਸ ਤਰ੍ਹਾਂ ਪੂਲ ਸੀ ਵਿੱਚ 8 ਅਤੇ 10 ਦਸੰਬਰ ਨੂੰ 6 ਦੀ ਬਜਾਏ 4 ਮੈਚ ਹੀ ਖੇਡੇ ਗਏ । ਸੈਮੀਫ਼ਾਈਨਲਾਂ ਦੀ ਬਜਾਏ ਇਸ ਵਾਰ ਇਹ ਤਰੀਕਾ ਲਾਗੂ ਕੀਤਾ ਗਿਆ ਸੀ । ਦੋਹਾਂ ਪੂਲਾਂ ਦੀਆਂ ਹੇਠਲੀਆਂ ਦੋ-ਦੋ ਟੀਮਾਂ ਜਰਮਨੀ,ਇੰਗਲੈਂਡ,ਪਾਕਿਸਤਾਨ,ਅਤੇ ਦੱਖਣੀ ਕੋਰੀਆ ਨੂੰ ਸ਼ਾਮਲ ਕਰਦਿਆਂ ਪੂਲ ਡੀ ਬਣਾਇਆ ਗਿਆ । ਇੱਥੇ ਵੀ ਪੂਲ ਸੀ ਵਾਂਗ ਇੱਕ ਇੱਕ ਮੈਚ ਦਾ ਲਾਭ ਮੁੱਢਲੇ ਪੂਲ ਮੈਚਾਂ ਵਿੱਚੋਂ ਹੀ ਦਿੱਤਾ ਗਿਆ । ਜਰਮਨੀ–ਕੋਰੀਆਂ ਨੂੰ ਪੂਲ ਬੀ ਦੇ ਆਪਸੀ ਆਖ਼ਰੀ ਮੈਚ 3-3 ਨਾਲ ਬਰਾਬਰ ਦਾ ,ਅਤੇ ਪੂਲ ਏ ਵਿੱਚਲੇ ਦੂਜੇ ਮੈਚ ਇੰਗਲੈਡ ਵੱਲੋਂ ਪਾਕਿਸਤਾਨ ਨੂੰ 2-1 ਨਾਲ ਹਰਾਉਣ ਦਾ ਲਾਹਾ ਮਿਲਿਆ । ਇਸ ਪੂਲ ਵਿੱਚ ਵੀ 8 ਅਤੇ 10 ਦਸੰਬਰ ਨੂੰ 6 ਦੀ ਬਜਾਏ 4 ਮੈਚ ਹੀ ਹੋਏ । ਕੁੱਲ ਮਿਲਾਕੇ ਹਰੇਕ ਟੀਮ ਨੇ ਇਸ ਵਾਰੀ ਦੇ ਮੁਕਾਬਲੇ ਦੌਰਾਂਨ 6-6 ਮੈਚ ਹੀ ਖੇਡੇ, ਕੁੱਲ 123 ਗੋਲ 5.35 ਦੀ ਔਸਤ ਨਾਲ ਹੋਏ । ਆਸਟਰੇਲੀਆ ਦਾ ਜੈਮੀ ਡਵਾਇਰ ਜੋ 2004,2007,2009,2010 ਅਤੇ 2011 ਵਿੱਚ ਐਫ਼ ਆਈ ਐਚ ਦੀਆਂ ਨਜ਼ਰਾਂ ਵਿੱਚ ਸਾਲ ਦਾ ਸਰਵੋਤਮ ਖ਼ਿਡਾਰੀ ਬਣਿਆਂ ਹੈ, ਨੇ 7 ਗੋਲ ਕਰਕੇ ਟਾਪ ਸਕੋਰਰ ਬਣਨ ਦਾ ਖ਼ਿਤਾਬ ਵੀ ਹਾਸਲ ਕੀਤਾ । 
                            ਆਸਟਰੇਲੀਆ ਨੇ ਟਰਾਫ਼ੀ ਇਤਿਹਾਸ ਵਿੱਚ ਸੱਭ ਤੋਂ ਵੱਧ ਖੇਡੇ 22 ਫ਼ਾਈਨਲ ਮੈਚਾਂ ਵਿੱਚੋਂ 12 ਵਾਰੀ ਜਿੱਤ ਅਰਜਿਤ ਕਰਕੇ ਰਿਕਾਰਡ ਬਣਾਇਆ ਹੈ । ਇਸ ਵਾਰੀ ਲਗਾਤਾਰ ਚੌਥੀ ਜਿੱਤ ਦਾ ਵੀ ਰਿਕਾਰਡ ਹੈ । ਫ਼ਾਈਨਲ ਵਿੱਚ ਤੀਜੀ ਵਾਰ ਅਪਡ਼ੀ ਸਪੇਨ ਟੀਮ ਨੂੰ 1-0 ਨਾਲ ਹਰਾਕੇ 33 ਵੀਂ ਟਰਾਫ਼ੀ ਹਾਸਲ ਕੀਤੀ ਹੈ । ਆਸਟਰੇਲੀਆ ਨੇ ਅਜੇਤੂ ਰਹਿੰਦਿਆਂ ਖੇਡੇ 6 ਮੈਚਾਂ ਵਿੱਚ 20 ਗੋਲ ਕੀਤੇ ਅਤੇ 7 ਗੋਲ ਕਰਵਾਏ । ਦੂਜੇ ਸਥਾਨ ‘ਤੇ ਰਹੀ ਸਪੇਨ ਟੀਮ ਨੇ 4 ਮੈਚ ਜਿੱਤੇ,2 ਹਾਰੇ ,19 ਗੋਲ ਕੀਤੇ 9 ਕਰਵਾਏ । ਨਿਊਜ਼ੀਲੈਂਡ ਨੂੰ 5-3 ਨਾਲ ਹਰਾ ਕੇ ਤੀਜੇ ਸਥਾਨ ‘ਤੇ ਰਹੀ ਹਾਲੈਂਡ ਟੀਮ ਨੇ 3 ਮੈਚ ਜਿੱਤੇ,ਦੋ ਹਾਰੇ,ਇੱਕ ਬਰਾਬਰ ਖੇਡਦਿਆਂ 16 ਗੋਲ ਕੀਤੇ,15 ਕਰਵਾਏ । ਨਿਊਜ਼ੀਲੈਡ ਨੇ 4 ਮੈਚ ਹਾਰੇ ਇੱਕ ਬਰਾਬਰ ਖੇਡਿਆ,ਇੱਕ ਜਿੱਤਿਆ, ਗੋਲ ਕਰਨ ਕਰਾਉਣ ਦਾ ਸਿਲਸਿਲਾ 16-16 ਰਿਹਾ । ਪੰਜਵੀਂ ਪੁਜ਼ੀਸ਼ਨ ਲਈ ਹਾਰਾਂ-ਜਿੱਤਾਂ ਦਾ ਨਿਊਜ਼ੀਲੈਂਡ ਵਾਲਾ ਹੀ ਸਮੀਕਰਣ ਰਖਦਿਆਂ ਜਰਮਨੀ ਨੇ 15 ਗੋਲ ਕਰਦਿਆਂ ਅਤੇ 9 ਕਰਵਾਉਂਦਿਆਂ ਇੰਗਲੈਂਡ ਨੂੰ 1-0 ਨਾਲ ਮਾਤ ਦਿੱਤੀ । ਇੰਗਲੈਂਡ ਟੀਮ 4 ਮੈਚ ਹਾਰਕੇ,2 ਜਿੱਤਕੇ, 9 ਗੋਲ ਕਰਕੇ ,19 ਕਰਵਾਕੇ ਛੇਵੇਂ ਸਥਾਨ ‘ਤੇ ਰਹੀ। ਸੱਤਵੀਂ ਪੁਜ਼ੀਸ਼ਨ ਪਾਕਿਸਤਾਨ ਨੇ ਇੰਗਲੈਂਡ ਵਾਲੀ ਜਿੱਤ-ਹਾਰ ਦੀ ਬਰਾਬਰੀ ਕਰਦਿਆਂ 15 ਗੋਲ ਕਰਕੇ ਅਤੇ 23 ਗੋਲ ਕਰਵਾਕੇ ਦੱਖਣੀ ਕੋਰੀਆ ਨੂੰ 5-4 (ਵਾਧੂ ਸਮੇ ‘ਚ) ਨਾਲ ਹਰਾਕੇ ਹਾਸਲ ਕੀਤੀ । ਦੱਖਣੀ ਕੋਰੀਆ ਟੀਮ ਬਗੈਰ ਕੋਈ ਜਿੱਤ ਦਰਜ ਕਰਿਆਂ 5 ਹਾਰਾਂ ਅਤੇ ਇੱਕ ਬਰਾਬਰੀ ਨਾਲ 13 ਗੋਲ ਕਰਕੇ ਅਤੇ ਇਸ ਤੋਂ ਦੁਗਣੇ ਗੋਲ ਕਰਵਾਕੇ ਅਖ਼ੀਰ ਵਿੱਚ ਅਰਥਾਤ ਅੱਠਵੀਂ ਪਾਇਦਾਨ’ਤੇ ਰਹੀ।

ਇਥੇ ਇਹ ਦੱਸਣਾਂ ਵੀ ਕੁਥਾਂ ਨਹੀਂ ਹੋਵੇਗਾ ਕਿ ਭਾਰਤ 2012 ਵਾਲੀ ਟਰਾਫ਼ੀ ਵਿੱਚ ਹਿੱਸਾ ਲੈਣ ਦਾ ਮੌਕਾ ਵੀ ਖੁੰਜਾ ਚੁੱਕਿਆ ਹੈ । ਇਸ ਵਾਰੀ ਮੇਜ਼ਬਾਨੀ ਖ਼ੁਸਣ ਨਾਲ ਜਿੱਥੇ ਖੇਡ ਪ੍ਰੇਮੀਆਂ ਵਿੱਚ ਬੁਰਾ ਪ੍ਰਭਾਵ ਗਿਆ ਹੈ,ਉਥੇ ਮੇਜ਼ਬਾਨ ਵਜੋਂ ਸ਼ਮੂਲੀਅਤ ਕਰਨ ਦਾ ਮੌਕਾ ਵੀ ਗੁਆਚਿਆ ਹੈ । ਜਿਸ ਦੇ ਨਾਲ ਹੀ ਆਰਥਿਕ ਲਾਭ ਵੀ ਗੁੰਮ ਸੁੰਮ ਹੋਏ ਹਨ ।                                            ਸੰਪਰਕ:ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)
ਮੋਬਾਈਲ ਨੰਬਰ:98157-07232
e-mail: ranjitpreet@ymail.com

No comments: