Friday, December 23, 2011

23 ਦਸੰਬਰ:ਅੱਜ ਅੱਲਾ ਵਸਾਈ ਨੂੰ ਯਾਦ ਕਰਦਿਆਂ

ਮਲਕਾ ਇ ਤਰੰਨਮ ਨੂਰਜਹਾਂ                    -ਰਣਜੀਤ ਸਿੰਘ ਪ੍ਰੀਤ
ਗਾਇਕੀ ਅਤੇ ਐਕਟਿੰਗ ਖ਼ੇਤਰ ਵਿੱਚ ਦੁਨੀਆਂ ਤੋਂ ਲੋਹਾ ਮੰਨਵਾਉਣ ਵਾਲੀ ,ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ,ਦੱਖਣੀ ਏਸ਼ੀਆ ਦੀ ਨਾਮਵਰ ਸਖ਼ਸ਼ੀਅਤ ਨੂਰਜਹਾਂ ,ਜਿਸ ਦਾ ਮੁੱਢਲਾ ਨਾਂਅ ਅੱਲਾ ਵਸਾਈ ਸੀ, ਦਾ ਜਨਮ ਕਸੂਰ ਸ਼ਹਿਰ ਦੇ ਇੱਕ ਭੀਡ਼ ਭਡ਼ੱਕੇ ਵਾਲੇ ,ਅਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਨਾ ਚੰਗੀ ਦਿਖ ਵਾਲੇ, ਭੀਡ਼ੇ ਜਿਹੇ ਮੁਹੱਲੇ ਵਿੱਚ 21 ਸਤੰਬਰ 1926 ਨੂੰ ਇੱਕ ਪੰਜਾਬੀ ਸੰਗੀਤਕ ਘਰਾਣੇ ਵਿੱਚ ਫ਼ਤਿਹ ਬੀਬੀ ਅਤੇ ਮਦਦ ਅਲੀ ਦੇ ਘਰ ਹੋਇਆ।ਅੱਲਾ ਵਸਾਈ ਦੇ ਇਸ ਤੋਂ ਬਿਨਾਂ 10 ਹੋਰ ਭੈਣ-ਭਰਾ ਵੀ ਸਨ।
       ਹਿੰਦੀ,ਪੰਜਾਬੀ,ਸਿੰਧੀ,ਅਤੇ ਉਰਦੂ ਜ਼ੁਬਾਂਨ ਵਿੱਚ 10 ਹਜ਼ਾਰ ਗੀਤ ਗਾਉਣ ਵਾਲੀ ਅੱਲਾ ਵਸਾਈ ਨੇ 5-6 ਸਾਲ ਦੀ ਉਮਰ ਵਿੱਚ ਗੁਣ-ਗੁਣਾਉਣਾਂ ਸ਼ੁਰੂ ਕਰਨ ਸਮੇ,ਅਹਿਮਦ ਰਸ਼ੀਦੀ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।ਉਸ ਸਮੇ ਉਸਦੀ ਭੈਣ ਆਇਦਨ ਪਹਿਲਾਂ ਹੀ ਨਾਚ-ਗਾਣੇ ਦੀ ਸਿਖਿਆ ਲੈ ਰਹੀ ਸੀ। ਅੱਲਾ ਵਸਾਈ ਦੀ ਅੰਮੀ ਜਾਨ ਨੇ ਉਸ ਦਾ ਰੁਝਾਨ ਵੇਖ ਉਸ ਨੂੰ ਸੰਗੀਤ ਸਿਖਿਆ ਲਈ ਉਸਤਾਦ ਗੁਲਾਮ ਅਲੀ ਖਾਂਨ ਦੇ ਹਵਾਲੇ ਕਰ ਦਿੱਤਾ। ਅੱਲਾ ਵਸਾਈ ਨੇ ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ ,ਠੁਮਰੀ,ਧਰੁਪਦ,ਅਤੇ ਖਿਆਲ ਦੀ ਚੰਗੀ ਸਿਖਿਆ ਹਾਸਲ ਕਰਕੇ ਇਸ ਦਾ ਵਧੀਆ ਨਿਭਾਅ ਕੀਤਾ। ਨੌ ਸਾਲ ਦੀ ਉਮਰ ਵਿੱਚ ਪੰਜਾਬੀ ਸੰਗੀਤਕਾਰ  ਗੁਲਾਮ ਅਹਿਮਦ ਚਿਸ਼ਤੀ ਨੇ ਲਹੌਰ ਵਿਖੇ ਪ੍ਰਫ਼ਾਰਮ ਕਰਨ ਲਈ ਗ਼ਜ਼ਲ, ਨਾਤ,ਅਤੇ ਲੋਕ ਗੀਤਾਂ ਬਾਰੇ ਰਿਆਜ਼ ਕਰਵਾਇਆ। ਇਥੇ ਹੀ ਅੱਲਾ ਵਸਾਈ ਨੇ ਆਪਣੀ ਭੈਣ ਨਾਲ ਨਾਚ ਅਤੇ ਗੀਤ ਪੇਸ਼ ਕੀਤੇ।
          ਉਸ ਸਮੇ ਕੋਲਕਾਤਾ ਨੂੰ ਥੀਏਟਰ ਦਾ ਘਰ ਮੰਨਿਆਂ ਜਾਂਦਾ ਸੀ।ਇਹ ਵੇਖ ਇਹ ਪਰਿਵਾਰ 1930 ਵਿੱਚ ਇੱਥੇ ਆ ਵਸਿਆ । ਮੁਖਤਾਰ ਬੇਗਮ ਅਤੇ ਆਗਾ ਹਸ਼ਰ ਕਸ਼ਮੀਰੀ ਨਾਲ ਵੀ ਰਾਬਤਾ ਬਣਿਆਂ।ਉਸ ਨੇ ਅੱਲਾ ਵਸਾਈ ਅਤੇ ਇਸ ਦੀਆਂ ਦੋ ਵੱਡੀਆਂ ਭੈਣਾਂ ਨੂੰ ਬਹੁਤ ਉਤਸ਼ਾਹਤ ਕਰਦਿਆਂ ਫ਼ਿਲਮ ਸਨਅਤ ਨਾਲ ਜੋਡ਼ਿਆ। ਇਥੇ ਹੀ ਆਗਾ ਹਸ਼ਰ ਕਸ਼ਮੀਰੀ ਨੇ ਉਹਨਾਂ ਲਈ ਤੰਬੂ ਲਾ ਕੇ “ਮਾਈਦਾਨ ਥੀਏਟਰ” ਬਣਾਇਆ ਜਿਸ ਵਿੱਚ ਬਹੁਤ ਲੋਕ ਆਏ ,ਅਤੇ ਇਸ ਮੌਕੇ ਉਸ ਦਾ ਸਟੇਜੀ ਨਾਂਅ ਅੱਲਾ ਵਸਾਈ ਤੋਂ ਬੇਬੀ ਨੂਰਜਹਾਂ ਰੱਖਿਆ ਗਿਆ।
               ਨੂਰਜਹਾਂ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕਿ ਸੰਗੀਤਕਾਰ ਗੁਲਾਮ ਹੈਦਰ ਨੇ ਉਸ ਨੂੰ ਕੇ ਡੀ ਮਹਿਰਾ ਦੀ 1935 ਵਿੱਚ ਬਣੀ ਪਹਿਲੀ ਫ਼ਿਲਮ ਸ਼ੀਲਾ (ਪਿੰਡ ਦੀ ਕੁਡ਼ੀ) ,ਚ ਛੋਟਾ ਜਿਹਾ ਰੋਲ ਦਿਵਾਇਆ। ਇਸ ਫ਼ਿਲਮ ਨੇ ਕਾਮਯਾਬੀ ਦੇ ਝੰਡੇ ਗੱਡ ਦਿੱਤੇ। ਕਈ ਗੀਤ ਵੀ ਲੋਕਾਂ ਦੀ ਜ਼ਬਾਂਨ ‘ਤੇ ਚਡ਼ ਗਏ। ਫਿਰ 1936 ਵਿੱਚ ਨੂਰਜਹਾਂ ਨੇ ਏਸੇ ਕੰਪਨੀ ਦੀ ਫ਼ਿਲਮ “ਮਿਸਰ ਕਾ ਸਿਤਾਰਾ” ,ਚ ਭੂਮਿਕਾ ਨਿਭਾਈ।ਨੂਰਜਹਾਂ 1937 ਵਿੱਚ ਫ਼ਿਲਮ “ਹੀਰ ਸਿਆਲ” ਵਿੱਚ ਹੀਰ ਬਣਕੇ ਆਈ।ਇਸ ਦੌਰਾਂਨ ਲਾਹੌਰ ਵੀ ਫ਼ਿਲਮ ਸਨਅਤ ਵਜੋਂ ਪ੍ਰਸਿੱਧ ਹੋ ਚੁਕਿਆ ਸੀ,ਇਹ ਵੇਖਦਿਆਂ 1938 ਵਿੱਚ ਉਹ ਲਾਹੌਰ ਜਾ ਪਹੁੰਚੀ। ਗੁਲਾਮ ਹੈਦਰ ਨੇ 1939 ਵਿੱਚ ਦਲਸੁੱਖ ਐਲ ਪੰਚੋਲੀ ਦੀ ਫ਼ਿਲਮ “ਗੁਲ ਬਕਵਾਲੀ” ਲਈ ਜੋ ਗੀਤ “ਸ਼ਾਲਾ ਜਵਾਨੀਆਂ ਮਾਣੇ” ਨੂਰਜਹਾਂ ਲਈ ਤਿਆਰ ਕਰਵਾਇਆ,ਉਹ ਨੂਰਜਹਾਂ ਦਾ ਪਹਿਲਾ ਰਿਕਾਰਡ ਗੀਤ ਅਖਵਾਉਂਦਾ ਹੈ। 
                   1940 ਵਿੱਚ “ਯਮਲਾ ਜੱਟ” ਅਤੇ “ਚੌਧਰੀ” ਫ਼ਿਲਮਾਂ ਦੇ ਗੀਤ ਬਹੁਤ ਮਕਬੂਲ ਹੋਏ,”ਕੱਚੀਆਂ ਕਲਮਾਂ ਨਾ ਤੋਡ਼” ,ਅਤੇ “ ਬੱਸ ਬੱਸ ਵੇ ਢੋਲਣਾ,ਤੇਰੇ ਨਾਲ ਕੀ ਬੋਲਣਾ”ਨੂੰ ਬਹੁਤ ਪਸੰਦ ਕੀਤਾ ਗਿਆ । ਬੇਬੀ ਨੂਰਜਹਾਂ ਨੇ 1942 ਵਿੱਚ ਬੇਬੀ ਸ਼ਬਦ ਅਲੱਗ ਕਰ ਦਿੱਤਾ,ਅਤੇ ਸਿਰਫ਼ ਨੂਰਜਹਾਂ ਹੀ ਅਖਵਾਉਣ ਲੱਗੀ। ਏਸੇ ਸਾਲ ਪ੍ਰਾਣ ਨਾਲ ਉਸਦੀ ਨਾਮੀ ਫ਼ਿਲਮ ਖ਼ਾਨਦਾਨ ਆਈ,ਅਤੇ ਇਸ ਫ਼ਿਲਮ ਦੇ ਨਿਰਦੇਸ਼ਕ ਸ਼ੌਕਤ ਹੁਸੈਨ ਰਿਜ਼ਵੀ ਨਾਲ ਉਸ ਨੇ ਨਿਕਾਹ ਕਰ ਲਿਆ । ਅਗਲੇ ਹੀ ਸਾਲ 1943 ਵਿੱਚ ਮੁੰਬਈ ਪਹੁੰਚੀ ਨੂਰਜਹਾਂ ਨੇ ਫ਼ਿਲਮ “ਦੁਹਾਈ” ਵਿੱਚ ਸ਼ਾਂਤਾ ਆਪਟੇ ਨਾਲ ਗਾਇਆ । ਜੋ ਕਿ ਹੁਸਨ ਬਾਨੋ ‘ਤੇ ਫ਼ਿਲਮਾਇਆ ਗਿਆ ਸੀ। ਫ਼ਿਰ 1945 ਵਿੱਚ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਂਸਲੇ ਨਾਲ ਮੂਵੀ “ਬਡ਼ੀ ਮਾਂ” ਲਈ ਗਾਇਆ। ਪਹਿਲੀ ਕਵਾਲੀ “ਆਂਹੇਂ ਨਾ ਭਰੀਂ ਸ਼ਿਕਵਾ ਨਾ ਕੀਆ” ਜ਼ੋਰਾਬਾਈ ਅੰਬਾਲਵੀ,ਅਤੇ ਅਮਿਰਬਾਈ ਕਰਨਾਟਕੀ ਨਾਲ ਰਿਕਾਰਡ ਕਰਵਾਈ। 
                    ਨੂਰਜਹਾਂ ਨੇ ਭਾਰਤ ਵਿੱਚ ਆਖ਼ਰੀ ਫ਼ਿਲਮ “ਮਿਰਜ਼ਾ ਸਾਹਿਬਾਂ” 1947 ਵਿੱਚ ਕੀਤੀ।ਇਸ ਫ਼ਿਲਮ ਵਿੱਚ ਪ੍ਰਿਥਵੀ ਰਾਜ ਕਪੂਰ ਦੇ ਭਰਾਤਾ ਤਰਲੋਕ ਕਪੂਰ ਵੀ ਸ਼ਾਮਲ ਸਨ।ਪਰ ਕਲਾਸੀਕਲ ਫ਼ਿਲਮਾਂ “ਲਾਲ ਹਵੇਲੀ” “ ਜ਼ੀਨਥ” “ਬਡ਼ੀ ਮਾਂ” “ਗਾਓਂ ਕੀ ਗੋਰੀ” ਲੋਕਾਂ ਨੂੰ ਅੱਜ ਵੀ ਚੇਤੇ ਹਨ। ਇਸ ਕਲਾਕਾਰਾ ਨੇ 127 ਗੀਤ ਭਾਰਤੀ ਫ਼ਿਲਮਾਂ ਲਈ ਗਾਏ। ਉਸ ਨੇ 1932 ਤੋਂ 1947 ਤੱਕ 12 ਚੁੱਪ ਫ਼ਿਲਮਾਂ ਅਤੇ 69 ਬੋਲਦੀਆਂ ਫ਼ਿਲਮਾਂ ਵਿੱਚ ਯੋਗਦਾਨ ਪਾਇਆ,ਉਸਦੀਆਂ 55 ਫ਼ਿਲਮਾਂ ਮੁੰਬਈ ਵਿੱਚ, 8 ਕੋਲਕਾਤਾ ਵਿੱਚ,5 ਲਾਹੌਰ ਵਿੱਚ ਅਤੇ ਇੱਕ ਫ਼ਿਲਮ ਰੰਗੂਨ (ਨਵਾਂ ਨਾਅ ਯੰਗੂਨ) ਬਰਮਾਂ (ਨਵਾਂ ਨਾਂਅ ਮਿਆਂਮਾਰ) ਵਿੱਚ ਕੀਤੀ। ਵੰਡ ਸਮੇ ਉਹ ਆਪਣੇ ਖਾਵੰਦ ਸ਼ੌਕਤ ਹੁਸੈਨ ਰਿਜ਼ਵੀ ਸਮੇਤ ਕਰਾਚੀ ਜਾ ਪਹੁੰਚੀ।ਇਸ ਤੋਂ ਕਰੀਬ 4 ਕੁ ਵਰ੍ਹੇ ਬਾਅਦ ਮੀਆਂ-ਬੀਵੀ ਅਰਥਾਤ “ਸ਼ਾਹਨੂਰ” ਵੱਲੋਂ ਨਿਰਦੇਸ਼ਤ ਕੀਤੀ ਪਹਿਲੀ ਪੰਜਾਬੀ ਫ਼ਿਲਮ “ ਚੰਨ ਵੇ “ਵਿੱਚ 1951 ਨੂੰ ਉਹ ਪਹਿਲੀ ਵਾਰ ਪੰਜਾਬੀ ਫ਼ਿਲਮ ਵਿੱਚ ਹੀਰੋਇਨ ਵਜੋਂ  ਸੰਤੋਸ਼ ਕੁਮਾਰ ਨਾਲ ਆਈ, ਪਾਕਿਸਤਾਨ ਵਿੱਚ ਉਹ ਪਹਿਲੀ ਖ਼ਾਤੂਨ ਨਿਰਦੇਸ਼ਕਾ ਵੀ ਬਣੀ । ਫਿਰ ਉਸਦੀ ਪਹਿਲੀ ਉਰਦੂ ਫ਼ਿਲਮ 1952 ,ਚ “ਦੁਪੱਟਾ” ਰਿਲੀਜ਼ ਹੋਈ ,ਜਿਸ ਨੇ ਦਰਸ਼ਕਾਂ ਦੇ ਮਨ ਮੋਹ ਲਏ। ਇਸ ਦਾ ਗੀਤ “ ਚਾਂਦਨੀ ਰਾਤੇਂ ,ਬਹੁਤ ਮਕਬੂਲ ਹੋਇਆ। “ਜੁਗਨੂੰ” ਅਤੇ “ਚੰਨ ਵੇ” ਵਾਂਗ ਹੀ ਇਸ ਫ਼ਿਲਮ ਦਾ ਸੰਗੀਤ ਫ਼ਿਰੋਜ਼ ਨਿਜ਼ਾਮੀ ਨੇ ਦਿੱਤਾ ਸੀ।
         ਇੱਕ ਸਿੰਗਰ ਅਤੇ ਅਦਾਕਾਰਾ ਵਜੋਂ 1961 ਵਿੱਚ ਫ਼ਿਲਮ “ਮਿਰਜ਼ਾ ਗਾਲਿਬ” ਕੀਤੀ। ਫ਼ੈਜ਼ ਅਹਿਮਦ ਫੈਜ਼ ਦੇ ਬੋਲਾਂ “ ਮੁੱਝ ਸੇ ਪਹਿਲੀ ਸੀ ਮੁਹੱਬਤ ਮੇਰੇ ਮਹਿਬੂਬ ਨੇ ਆਜ ਮਾਂਗ “ਨੂੰ ਕਮਾਲ ਦੀ ਤਰੰਨਮ ,ਚ ਪੇਸ਼ ਕਰਕੇ ਨਾਮਣਾ ਖੱਟਿਆ। ਨੂਰਜਹਾਂ 1930 ਤੋਂ 1963 ਤੱਕ 33 ਸਾਲ ਫ਼ਿਲਮ ਜਗਤ ਦੀ ਅਹਿਮ ਹਸਤੀ ਬਣੀ ਰਹੀ। ਫ਼ਿਲਮ “ਅਨਮੋਲ ਘਡ਼ੀ” ਜਿਸ ਦਾ ਸੰਗੀਤ ਨੌਸ਼ਾਦ ਨੇ ਦਿੱਤਾ ਸੀ ,ਵਿਚਲੇ ਗੀਤ “ ਆਵਾਜ਼ ਦੇ ਕਹਾਂ ਹੈਂ” “ ਜਵਾਂ ਹੈ ਮੁਹੱਬਤ” “ ਮੇਰੇ ਬਚਪਨ ਕਿ ਸਾਥੀ” ਅੱਜ ਵੀ ਤਰੋ-ਤਾਜਾ ਜਾਪਦੇ ਹਨ। ਉਸਦੀ ਅਦਾਕਾਰਾ ਵਜੋਂ ਆਖ਼ਰੀ ਫ਼ਿਲਮ 1963 ਵਿੱਚ “ਬਾਜ਼ੀ” ਆਈ। ਉਸਨੇ ਪਾਕਿਸਤਾਨ ਵਿੱਚ 14 ਫ਼ਿਲਮਾਂ ਬਣਾਈਆਂ।ਜਿਨ੍ਹਾਂ ਵਿੱਚੋਂ 10 ਉਰਦੂ ਅਤੇ 4 ਪੰਜਾਬੀ ਫ਼ਿਲਮਾਂ ਹਨ। ਨੂਰਜਹਾਂ ਨੂੰ 6 ਬੱਚਿਆਂ ਦੀ ਪ੍ਰਵਰਸ਼ ਲਈ ਅਤੇ ਆਪ ਤੋਂ 9 ਸਾਲ ਛੋਟੀ ਉਮਰ ਦੇ ਦੂਸਰੇ ਖ਼ਾਵੰਦ ਇਜ਼ਾਜ਼ ਦੁਰਾਨੀ ਦੇ ਕਹਿਣ,ਤੇ ਫ਼ਿਲਮਾਂ ਤੋਂ ਕਿਨਾਰਾ ਕਰਨਾਂ ਪਿਆ।  
             ਪਿਠਵਰਤੀ ਗਾਇਕਾ ਵਜੋਂ ਭਾਵੇਂ ਉਸ ਨੇ 1958 ਵਿੱਚ ਪਾਕਿਸਤਾਨੀ ਫ਼ਿਲਮ “ ਜਾਨ ਏ ਬਹਾਰ” ਲਈ “ਕੈਸਾ ਨਸੀਬ ਲਾਈ ਥੀ” ਗਾਇਆ ਸੀ ,ਜੋ ਮੁਸੱਰਤ ਨਜ਼ੀਰ ,ਤੇ ਫਿਲਮਾਇਆ ਗਿਆ ਸੀ। ਫਿਰ 1960 ਵਿੱਚ ਫ਼ਿਲਮ “ਸਲਮਾਂ” ਲਈ ਗਾਇਆ। ਨੂਰਜਹਾਂ ਨੂੰ 1957 ਵਿੱਚ ਪ੍ਰੈਜ਼ੀਡੈਂਟ ਐਵਾਰਡ ਮਿਲਿਆ,1965 ਦੀ ਲਡ਼ਾਈ ਸਮੇ ਉਸ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕਰਨ ਦਾ ਨਾਮਣਾ ਖੱਟਿਆ,ਅਤੇ 1966 ਵਿੱਚ  ਪਾਕਿਸਤਾਨ ਦਾ ਸਭ ਤੋਂ ਵੱਡਾ ਐਵਾਰਡ “ਤਮਗਾ ਇ ਇਮਤਿਆਜ਼”ਪ੍ਰਾਪਤ ਕੀਤਾ । ਨੂਰਜਹਾਂ ਨੇ ਅਹਿਮਦ ਰਸ਼ਦੀ,ਮਹਿੰਦੀ ਹਸਨ,ਮਸੂਦ ਰਾਣਾ,ਅਤੇ ਮੁਜ਼ੀਬ ਆਲਮ ਨਾਲ ਦੋ-ਗਾਣੇ ਵੀ ਗਾਏ। ਭਾਰਤੀ ਸਿਨੇਮੇ ਦੇ ਗੋਲਡਨ ਜੁਬਲੀ ਸਮਾਰੋਹ ਸਮੇ ਉਹ 1982 ਨੂੰ ਭਾਰਤ ਆਈ, ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ,ਦਲੀਪ ਕੁਮਾਰ, ਲਤਾ ਮੰਗੇਸ਼ਕਰ,ਨੂੰ ਵੀ ਪਿਆਰ ਨਾਲ ਮਿਲੀ।,1990 ਵਿੱਚ ਜਦ ਉਸ ਨੇ ਅਦਾਕਾਰਾ ਨੀਲੀ,ਅਤੇ ਰੀਮਾਂ ਲਈ ਗਾਇਆ,ਤਾਂ ਉਸ ਨੂੰ ਸਦਾਬਹਾਰ ਗਾਇਕਾ ਵਜੋਂ ਜਾਣਿਆਂ ਜਾਣ ਲੱਗਿਆ। .
        ਸਾਲ 1986 ਵਿੱਚ ਉਹ ਉੱਤਰੀ ਅਮਰੀਕਾ ਦੌਰੇ’ਤੇ ਸੀ ਤਾਂ ਉਸ ਨੂੰ ਦਿਲ ਦੇ ਦਰਦ ਦੀ ਸਮੱਸਿਆ ਆ ਗਈ। ਸਰਜਰੀ ਕਰਦਿਆਂ 2000 ਵਿੱਚ ਪੇਸ ਮੇਕਰ ਲਗਾਇਆ ਗਿਆ,ਪਰ  ਕਰਾਚੀ ਦੇ ਹਸਪਤਾਲ ਵਿੱਚ ਸਨਿਚਰਵਾਰ ਬਾਅਦ ਦੁਪਹਿਰ 23 ਦਸੰਬਰ 2000 ਨੂੰ ਨੂਰਜਹਾਂ ਦਾ ਨੂਰ ਸਦਾ ਸਦਾ ਲਈ ਇਸ ਜਗਤ ਤੋਂ ਚਲਾ ਗਿਆ.ਭਾਵੇ ਅੱਜ ਉਹ ਆਪਣੀ ਜਾਨਦਾਰ ਕਲਾ ਸਹਾਰੇ ਜਿੰਦਾ ਹੈ ,ਪਰ ਉਸ ਦਾ ਵਜੂਦ ਨਹੀ ਹੈ।
ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)

No comments: