Friday, December 30, 2011

2012 ਦਾ ਹੈਰਤ - ਅੰਗੇਜ਼ ਜੇਬੀ ਕੈਲੰਡਰ

 ਬਹੁਤ ਹੀ ਦਿਲਚਸਪ ਅਤੇ ਅਨੋਖਾ ਕੈਲੰਡਰ --ਰਣਜੀਤ ਸਿੰਘ ਪ੍ਰੀ                          
ਰਣਜੀਤ ਸਿੰਘ ਪ੍ਰੀਤ
ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦੇ ਨਾਲ ਹੀ ਹਰੇਕ ਸਾਲ ਦੀ ਜ਼ਰੂਰਤ ਮੁਤਾਬਕ ਨਵੇਂ ਸਾਲ ਦੇ ਕੈਲੰਡਰ ਦੀ ਲੋਡ਼ ਵੀ ਪੈਣੀ ਹੈ। ਇਸ ਸਾਲ ਵਿੱਚ 12 ਮਹੀਨੇ 53 ਐਤਵਾਰ ਅਤੇ 366 ਦਿਨ ਹਨ । ਜਿਵੇ ਕੇ ਆਪਾਂ ਜਾਣਦੇ ਹੀ ਹਾਂ ਕਿ ਹਰ ਮਹੀਨੇ ਦੀਆਂ ਤਰੀਕਾਂ ਦੇ ਦਿਨ ਵੱਖੋ-ਵੱਖਰੇ ਹੁੰਦੇ ਹਨ, ਜਿਨ੍ਹਾਂ ਬਾਰੇ ਜਾਨਣ ਲਈ ਸਾਨੂੰ ਕੈਲੰਡਰ ਦੀ ਜ਼ਰੂਰਤ ਪੈਂਦੀ ਹੈ।ਪਰ ਅੱਜ ਇਥੇ ਜਿਸ ਕੈਲੰਡਰ ਦੀ ਗੱਲ ਕਰ ਰਹੇ ਹਾਂ, ਇਹ ਬਹੁਤ ਹੀ ਦਿਲਚਸਪ ਅਤੇ ਅਨੋਖਾ ਕੈਲੰਡਰ ਹੈ। ਇਸ ਦੀ ਵਰਤੋਂ ਕਰਨ ਦਾ ਵੀ ਆਪਣਾ ਹੀ ਇਕ ਤਰੀਕਾ ਹੈ। ਇਸ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਮਹੀਨਿਆਂ ਅਤੇ ਦਿਨਾਂ ਦੇ ਕੋਡਾਂ ਦੀ ਗਿਣਤੀ ਯਾਦ ਰੱਖਣ ਦੀ ਲੋਡ਼ ਪਵੇਗੀ । ਇਨ੍ਹਾਂ ਨੂੰ ਰਤਾ ਧਿਆਨ ਨਾਲ ਵੇਖਣ-ਪਰਖ਼ਣ  ਅਤੇ ਯਾਦ ਰੱਖਣ ਦੀ ਖ਼ਾਸ ਲੋਡ਼ ਹੈ । ਅਸੀਂ ਜਿਓਂ ਹੀ ਇਹ ਯਾਦ ਕਰ ਲਏ ,ਤਾਂ ਸਾਡਾ ਜੇਬੀ ਕੈਲੰਡਰ ਵੀ ਤਿਆਰ ਹੈ।ਜੇਬੀ ਕੈਲੰਡਰ ਇਸ ਲਈ ਕਿਹਾ ਹੈ ਕਿ ਇਹ ਕੋਡ ਜੇ ਲੋਡ਼ ਲੱਗੇ ਤਾਂ ਲਿਖ ਕੇ ਵੀ ਜੇਬ ਵਿੱਚ ਰੱਖੇ ਜਾ ਸਕਦੇ ਹਨ ।
                           ਇੱਕ ਮਿੰਟ ਲਈ ਇਹ ਗੱਲ ਸੋਚੋ ਕਿ ਜੇ ਆਪਾਂ ਬੱਸ ਵਿੱਚ ਸਫ਼ਰ ਕਰਦੇ ਹਾਂ। ਜਾਂ ਕਿਸੇ ਮਹਿਫ਼ਲ ਵਿੱਚ ਬੈਠੇ ਹਾਂ,ਜਾਂ ਇਹ ਪਤਾ ਕਰਨਾ ਹੈ ਕਿ ਐਤਵਾਰ ਕਿਹਡ਼ੇ ਕਿਹਡ਼ੇ ਦਿਨਾਂ ਨੂੰ ਆਉਣਗੇ,ਅਰਥਾਤ 15 ਅਗਸਤ ਦੀ ਛੁੱਟੀ ਵਾਲਾ ਦਿਨ ਕਿਹਡ਼ਾ ਹੋਵੇਗਾ,ਜਾਂ 2 ਅਕਤੂਬਰ ਨੂੰ ਕਿਹਡ਼ਾ ਦਿਨ ਆਵੇਗਾ,ਇਸ ਗੱਲ ਦੀ ਚਿੰਤਾ ਮੰਨਣ ਦੀ ਜ਼ਰੂਰਤ ਨਹੀਂ ਹੈ,ਬਗੈਰ ਕਿਸੇ ਡਾਇਰੀ ਦੇ ਪੰਨੇ ਫ਼ਰੋਲਿਆਂ ਅਤੇ ਬਗੈਰ ਕੋਈ ਕੈਲੰਡਰ ਵੇਖਿਆਂ ,ਬਗੈਰ ਉਸ ਸਥਾਨ ਤੋਂ ਹਿਲਿਆਂ-ਜੁਲਿਆਂ ਅਸਾਨੀ ਨਾਲ ਤੁਸੀਂ ਸਾਰੇ ਇਸ ਦਾ ਵੇਰਵਾ ਉੱਥੇ ਬੈਠੇ –ਬਿਠਾਏ ਹੀ ਹਾਸਲ ਕਰ ਸਕਦੇ ਹੋ।ਜਿਸ ਨੂੰ ਜੇਬੀ ਕਲੈੰਡਰ ਦੇ ਨਾਲ ਨਾਲ ਦਿਮਾਗੀ ਕੈਲੰਡਰ ਦਾ ਨਾਂਅ ਵੀ ਦੇ ਸਕਦੇ ਹਾਂ।ਬਡ਼ਾ ਆਸਾਨ ਤਰੀਕਾ ਹੈ। ਯਾਦ ਰੱਖਣ ਵਾਲੇ ਕੋਡ ਜਾਂ ਅੰਕਾਂ ਦਾ ਵੇਰਵਾ ਇਸ ਤਰ੍ਹਾਂ ਹੈ :-
                      ਮਹੀਨਿਆਂ ਦੇ ਕੋਡ : ਜਨਵਰੀ-6, ਫਰਵਰੀ-2, ਮਾਰਚ-3, ਅਪ੍ਰੈਲ-6, ਮਈ-1, ਜੂਨ-4, ਜੁਲਾਈ-6, ਅਗਸਤ-2, ਸਤੰਬਰ-5, ਅਕਤੂਬਰ-7, ਨਵੰਬਰ-3, ਦਸੰਬਰ-5
                     ਦਿਨਾਂ ਦੇ ਕੋਡ: ਐਤਵਾਰ-0, ਸੋਮਵਾਰ-1, ਮੰਗਲਵਾਰ-2, ਬੁੱਧਵਾਰ-3, ਵੀਰਵਾਰ-4, ਸ਼ੁੱਕਰਵਾਰ-5, ਸਨਿਚਰਵਾਰ-6.
                         ਇਹ ਕੋਡ ਵੇਖ ਕੇ ਤੁਹਾਨੂੰ ਥੋਡ਼ੀ ਜਿਹੀ ਹੈਰਾਨੀ ਹੋਈ ਹੋਵੇਗੀ ਕਿ ਇਹ ਕੀ ਬੁਝਾਰਤ ਹੈ।ਪਰ ਰਤਾ ਗਹੁ ਨਾਲ ਸਾਰੀ ਗੱਲ ਨੂੰ ਸਮਝੋ :- ਤੁਸੀਂ ਆਪਣੀ ਇੱਛਾ ਨਾਲ  ਜਿਹਡ਼ੇ  ਵੀ ਮਰਜ਼ੀ ਮਹੀਨੇ ਦੀ ਜਿਹਡ਼ੀ ਵੀ ਤਰੀਕ ਦਾ ਦਿਨ-ਪਤਾ ਕਰਨ ਦੀ ਖ਼ਵਾਇਸ਼ ਰੱਖਦੇ ਹੋ, ਉਸ ਤਰੀਕ ਵਿਚ ਉਸ ਮਹੀਨੇ ਦਾ ਕੋਡ ਜੋਡ਼ ਦਿਓ। ਇਸ ਤਰ੍ਹਾਂ ਕਰਨ ਨਾਲ ਜੋ ਅੰਕ (ਜੋਡ਼)ਪ੍ਰਾਪਤ ਹੋਵੇਗਾ,ਉਸ ਨੂੰ ਹੁਣ 7 ਨਾਲ ਭਾਗ ਕਰ ਦਿਓ । ਜੋ ਬਾਕੀ ਬਚੇਗਾ ਉਸ ਅਨੁਸਾਰ ਹੀ ਦਿਨ ਦਾ ਪਤਾ ਲੱਗ ਜਾਵੇਗਾ । ਮੰਨ ਲਵੋ ਇੱਕ ਬਾਕੀ ਬਚਦਾ ਹੈ,ਤਾਂ ਦਿਨ ਸੋਮਵਾਰ ਬਣੇਗਾ। ਅਗਰ ਸਿਫ਼ਰ ਬਚੇ ਤਾਂ ਦਿਨ ਐਤਵਾਰ ਹੋਵੇਗਾ । ਹੁਣ ਕੁੱਝ ਹੋਰ ਉਦਾਹਰਣਾਂ ਰਾਹੀਂ ਆਪਾਂ ਪਰਖ਼ ਕਰਦੇ ਹਾਂ ; 15 ਅਗਸਤ ਨੂੰ ਦਿਨ ਪਤਾ ਕਰਨ ਲਈ 15+2=17/7 ਬਾਕੀ 3 ਬਚੇ ਤਾਂ ਦਿਨ ਬੁੱਧਵਾਰ ਰਿਹਾ। ਹੁਣ 20 ਨਵੰਬਰ ਦਾ ਵੇਰਵਾ ਵੇਖੋ 20+3=23/7 ਬਾਕੀ 2 ਬਚਣ ਨਾਲ ਦਿਨ ਮੰਗਲਵਾਰ ਬਣਿਆਂ । ਨਵਾਂ ਸਾਲ 2013 ਮੰਗਲਵਾਰ ਨੂੰ ਚਡ਼੍ਹੇਗਾ । ਇਹ ਪਤਾ ਕਰਨ ਲਈ 31 ਦਸੰਬਰ ਦਾ ਦਿਨ ਵੇਖੋ 31+5=36/7 ਬਾਕੀ ਇੱਕ ਬਚਿਆ, ਅਤੇ 31 ਦਸੰਬਰ ਨੂੰ ਦਿਨ ਸੋਮਵਾਰ ਆਇਆ । ਇਸ ਤਰ੍ਹਾਂ ਪਹਿਲੀ ਤਾਰੀਖ਼ ਮੰਗਲਵਾਰ ਨੂੰ ਆਵੇਗੀ ।
                 ਇਸ ਨੂੰ ਹੋਰ ਆਸਾਨੀ ਨਾਲ ਸਮਝਣ ਲਈ ਕੁੱਝ ਉਦਾਹਰਣਾਂ ਨੂੰ ਵੇਖੋ:- ਮੰਨ ਲਵੋ ਆਪਾਂ 26 ਜਨਵਰੀ ਦਾ ਦਿਨ ਪਤਾ ਕਰਨਾਂ ਹੈ ,ਤਾਂ ਮਹੀਨੇ ਦੀ ਤਾਰੀਖ਼ 26 ਵਿੱਚ ,ਜਨਵਰੀ ਮਹੀਨੇ ਦਾ ਕੋਡ ਜੋ ਤੁਸੀਂ ਯਾਦ ਕਰ ਰੱਖਿਆ ਹੈ 6 ਜੋਡ਼ ਦਿਓ । ਦੋਹਾਂ ਦਾ ਜੋਡ਼ 26+6= 32 ਬਣਦਾ ਹੈ,ਹੁਣ ਇਸ ਨੂੰ 7 ਨਾਲ ਭਾਗ ਕਰ ਦਿਓ 32/7 = ਜਵਾਬ 4 ਆਇਆ ਹੈ,ਪਰ ਅਸੀਂ ਬਗੈਰ ਉੱਤਰ ਦਾ ਧਿਆਂਨ ਕਰਿਆਂ ,ਬਾਕੀ ਵੇਖਣਾ ਹੈ ਕਿ ਕੀ ਬਚਦਾ ਹੈ । ਇਸ ਭਾਗ ਨਾਲ ਬਾਕੀ 4 ਬਚਦੇ ਹਨ, ਇਸ ਤਰ੍ਹਾਂ 26 ਜਨਵਰੀ ਨੂੰ ਦਿਨ ਵੀਰਵਾਰ  ਆਵੇਗਾ । ਇਸ ਤੋਂ ਇਲਾਵਾ ਇੱਕ ਹੋਰ ਉਦਾਹਰਣ ਦਾ ਜ਼ਿਕਰ ਕਰਨਾਂ ਵੀ ਜ਼ਰੂਰੀ ਜਾਪਦਾ ਹੈ ,ਮੰਨ ਲਵੋ ਕਿ ਜੋਡ਼ ਕਰਨ ‘ਤੇ ਜੋਡ਼ 7 ਤੋਂ ਘੱਟ ਰਹਿੰਦਾ ਹੈ ਅਤੇ ਭਾਗ ਨਹੀਂ ਕੀਤਾ ਜਾ ਸਕਦਾ ਤਾਂ ਉਸ ਜੋਡ਼ ਮੁਤਾਬਕ ਹੀ ਦਿਨ ਆਵੇਗਾ। ਇੱਕ ਉਦਾਹਰਣ ਵੇਖੋ ਮਾਰਚ ਮਹੀਨੇ ਦਾ ਕੋਡ 3 ਹੈ,ਅਤੇ ਅਸੀਂ 3 ਮਾਰਚ ਦਾ ਦਿਨ ਹੀ ਜਾਨਣਾ ਚਾਹੁੰਦੇ ਹਾਂ ,ਪਰ ਜੋਡ਼ 3+3=6 ਹੀ ਬਣਦਾ ਹੈ,ਇਹ 7 ਨਾਲ ਭਾਗ ਨਹੀਂ ਕੀਤਾ ਜਾ ਸਕਦਾ । ਤਾਂ ਇਸ ਮੁਤਾਬਕ ਹੀ ਦਿਨ ਸ਼ਨਿਚਰਵਾਰ ਆਵੇਗਾ । ਏਸੇ ਹੀ ਤਰੀਕੇ ਨਾਲ,ਇਸ ਹੈਰਤ-ਅੰਗੇਜ਼ ਕੈਲੰਡਰ ਰਾਹੀਂ ਬਾਕੀ ਦਿਨਾਂ ਦਾ ਵੀ ਏਵੇਂ ਹੀ ਪਤਾ ਲਾਇਆ ਜਾ ਸਕਦਾ ਹੈ । ਅਣਜਾਣ ਵਿਅਕਤੀ ਨਾਲ ਦਿਨ ਦੱਸਣ ਦੀ ਖੇਡ ਵੀ ਰੌਚਕਤਾ ਨਾਲ ਖੇਡੀ ਜਾ ਸਕਦੀ ਹੈ । ਉਹ ਹੈਰਾਨ ਹੋਵੇਗਾ ਕਿ ਇਸ ਨੇ ਏਨੀ ਜਲਦੀ ਦਿਨ ਕਿਵੇਂ ਬੁੱਝ ਲਿਆ ? ਬੱਚਿਆਂ ਲਈ ਇਹ ਇੱਕ ਬਹੁਤ ਹੀ ਦਿਲਚਸਪ ਖੇਡ ਹੈ,ਅਤੇ ਉਹ ਇਸ ਨੂੰ ਬਹੁਤ ਹੀ ਚਾਅ ਨਾਲ ਖੇਡਣਾ ਪਸੰਦ ਕਰਨਗੇ ।
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

No comments: