Tuesday, November 22, 2011

ਡੋਪ ਦੇ ਡੰਗ ਅਤੇ ਚੋਭਾਂ ਨੇ ਡੰਗਿਆ ਕਬੱਡੀ ਵਿਸ਼ਵ ਕੱਪ

ਭਾਰਤੀ ਟੀਮਾਂ ਨੇ ਮਹਿਲਾ ਅਤੇ ਪੁਰਸ਼ ਵਰਗ ਵਿੱਚ ਕਿਸੇ ਨੂੰ ਖੰਘੂਰਾ ਨਾ ਮਾਰਨ ਦਿੱਤਾ
                   ਰਣਜੀਤ ਸਿੰਘ ਪ੍ਰੀਤ ਵੱਲੋਂ ਖਾਸ ਰਿਪੋਰਟ 
ਦੋਵੇਂ ਤਸਵੀਰਾਂ ਗਜਿੰਦਰ ਸਿੰਘ ਕਿੰਗ ਵਲੋਂ ਅੰਮ੍ਰਿਤਸਰ 'ਚ ਹੋਏ ਮੁਕਾਬਲਿਆਂ ਦੌਰਾਨ ਖਿੱਚੀਆਂ ਗਈਆਂ 
ਤੀਜੇ ਕੁੱਲ ਮਿਲਾਕੇ ਪੰਜਵੇਂ ਮੁਕਾਬਲੇ ਦਾ ਭਵਿੱਖ ਅਗਾਮੀ ਸਰਕਾਰ ਦੀ ਹੋਂਦ ਨਾਲ ਜੁਡ਼ਿਆ ਹੋਇਆ ਹੈ । ਪਰ ਦੂਜੇ ਕੁੱਲ ਮਿਲਾਕੇ ਚੌਥੇ ਪਰਲਜ਼ ਵਿਸ਼ਵ ਕੱਪ ਕਬੱਡੀ ਮੁਕਾਬਲੇ ਨੂੰ ਜੇ ਪੰਜਾਬੀਆਂ ਦਾ ਕਬੱਡੀ ਵਿਸ਼ਵ ਕੱਪ ਕਹਿ ਲਈਏ ਤਾਂ ਅਤਿਕਥਨੀ ਨਹੀ ਜਾਪਦੀ,ਕਿਓਕਿ 4 ਕੁ ਟੀਮਾਂ ਤੋਂ ਬਿਨਾਂ ਬਾਕੀ ਸੱਭ ਟੀਮਾਂ ਦੇ ਖਿਡਾਰੀ ਪੰਜਾਬੀ ਮੂਲ ਦੇ ਹੀ ਸਨ । ਪਹਿਲੀ ਨਵੰਬਰ ਤੋਂ 20 ਨਵੰਬਰ ਤੱਕ 14 ਟੀਮਾਂ ਦੇ 252 ਖਿਡਾਰੀਆਂ ਨੇ 16 ਸਥਾਨਾਂ ‘ਤੇ 44 ਮੈਚ ਖੇਡੇ ।, 2004 ,2007 ਅਤੇ 2010 ਦੇ ਇੱਕ ਕਰੋਡ਼ੀ ਮੁਕਾਬਲੇ ਵਾਂਗ ਹੀ 2011 ਦਾ ਦੋ ਕਰੋਡ਼ੀ ਮੁਕਾਬਲਾ ਕੈਨੇਡਾ ਨੂੰ 59-25 ਨਾਲ ਹਰਾਕੇ ਸੁਖਵੀਰ ਸਰਾਵਾਂ ਦੀ ਕਪਤਾਨੀ ਵਾਲੇ ਭਾਰਤ ਦੇ ਹਿੱਸੇ ਰਿਹਾ । ਤੀਜੇ ਸਥਾਨ ਲਈ ਪਾਕਿਸਤਾਨ ਨੇ ਇਟਲੀ ਨੂੰ 60-22 ਨਾਲ ਸ਼ਿਕੱਸ਼ਤ ਦਿੱਤੀ । ਭਾਰਤ ਦੇ ਧਾਵੀ ਗਗਨਦੀਪ ਗੱਗੀ ਅਤੇ ਜਾਫ਼ੀ ਮੰਗਤ ਮੰਗੀ ਵਧੀਆ ਖਿਡਾਰੀ ਬਣਕੇ ਪਰੀਤ ਟਰੈਕਟਰ ਜਿੱਤਣ ਵਿੱਚ ਸਫ਼ਲ ਰਹੇ । ਮੰਗੀ ਨੇ ਪਿਛਲੇ ਵਿਸ਼ਵ ਕੱਪ ਸਮੇ ਵੀ ਸਵਰਾਜ ਟਰੈਕਟਰ ਜਿੱਤਿਆ ਸੀ । ਸੈਮੀਫ਼ਾਈਨਲ ਵਿੱਚ ਭਾਰਤ ਨੇ ਇਟਲੀ ਨੂੰ 42-3 ਨਾਲ, ਅਤੇ ਦੂਜੇ ਬਹੁਤ ਹੀ ਫਸਵੇਂ ਸੈਮੀਫ਼ਾਈਨਲ ਵਿੱਚ ਕੈਨੇਡਾ ਨੇ ਪਾਕਿਸਤਾਨ ਨੂੰ 44-39 ਨਾਲ ਹਰਾਕੇ ਫ਼ਾਈਨਲ ਪ੍ਰਵੇਸ਼ ਪਾਇਆ । ਦਰਸ਼ਕ ਇੰਡੋ-ਪਾਕਿ ਦਾ ਫ਼ਾਈਨਲ ਹੀ ਵੇਖਣਾਂ ਚਾਹੁੰਦੇ ਸਨ । ਪਰ ਇਰਫ਼ਾਨ ਦੇ ਸੱਟ ਲੱਗਣ ਕਾਰਣ ਅਤੇ ਜੰਜੂਆਂ ਦੇ ਫ਼ਾਰਮ ਵਿੱਚ ਨਾਂ ਹੋਣ ਕਾਰਣ ਪਕਿਸਤਾਨੀ ਤਕਡ਼ੀ ਟੀਮ ਫ਼ਾਈਨਲ ਤੋਂ ਬਾਹਰ ਹੋ ਗਈ । ਕੈਨੇਡਾ ਦੇ ਹਰਦੀਪ ਤਾਊ ਵੱਲੋਂ ਪਾਕਿਸਤਾਨੀ ਕਪਤਾਨ ਸਦੀਕ ਬੱਟ ਦੇ ਥੱਪਡ਼ ਮਾਰਨ ਤੋਂ ਰੌਲਾ ਵੀ ਪਿਆ,ਪਾਕਿਸਤਾਨੀ ਟੀਮ ਨੇ ਕਈ ਇਲਜ਼ਾਮ ਲਾਉਦਿਆਂ ਕੈਨੇਡਾ ਟੀਮ ਨੂੰ ਮੁਅੱਤਲ ਕਰਨ ਦੀ ਮੰਗ ਵੀ ਕੀਤੀ । ਨੇਪਾਲ ,ਸ਼੍ਰੀਲੰਕਾ,ਅਤੇ ਤੁਰਕਮੇਨਿਸਤਾਨ ਦੇ ਹਿੱਸੇ ਕੋਈ ਜਿੱਤ ਨਾ ਆਈ । ਭਾਰਤ ਨੇ ਕੋਈ ਮੈਚ ਨਹੀਂ ਹਾਰਿਆ । ਕੁੱਲ 3698 ਅੰਕ ਬਣੇ । ਪਾਕਿਸਤਾਨ ਅਤੇ ਅਫ਼ਗਾਨਿਸਤਾਨ ਮੈਚ ਵਿੱਚ ਵਿਸ਼ਵ ਕੱਪ ਦਾ ਉੱਚ ਸਕੋਰ 82+11= 93 ਅੰਕ ਰਿਹਾ,ਜਿੱਤ ਅੰਤਰ ਦਾ ਵੀ 71 ਅੰਕਾਂ ਨਾਲ ਇਹੀ ਰਿਕਾਰਡ ਬਣਿਆਂ । ਇਸ ਤੋਂ ਇਲਾਵਾ ਇਸ ਵਾਰੀ ਬਹੁਤ ਕੁੱਝ ਹਾਸੋ-ਹੀਣਾ ਅਤੇ ਹੈਰਤ ਅੰਗੇਜ਼ ਵੀ ਵਾਪਰਿਆ । ਕਈ ਮਹੀਨਿਆਂ ਤੱਕ ਟੀਮਾਂ ਦਾ ਫੈਸਲਾ ਹੀ ਲਟਕਿਆ ਰਿਹਾ । ਵਿਸ਼ਵ ਕੱਪ ਸ਼ੁਰੂ ਹੋਣ ਤੋਂ ਕੁੱਝ ਹੀ ਘੰਟੇ ਪਹਿਲਾਂ ਇੱਕ ਵਾਰ ਫਿਰ ਪੂਰੀ ਰੂਪ-ਰੇਖਾ ਹੀ ਬਦਲ ਦਿੱਤੀ ਗਈ । ਜਿਸ ਮੁਤਾਬਕ ਭਾਰਤ ਦਾ ਪਹਿਲਾ ਮੈਚ ਕੈਨੇਡਾ ਦੀ ਬਜਾਇ ਜਰਮਨੀ ਨਾਲ ਫਰੀਦਕੋਟ ਵਿਖੇ ਹੋਣਾ ਤੈਅ ਕੀਤਾ ਗਿਆ ।
                               ਇਰਾਨ ਦੀ ਨਾਂਹ ਮਗਰੋਂ ਨੇਪਾਲ ਅਤੇ ਮਹਿਲਾ ਵਰਗ ਵਿੱਚ ਤੁਰਕਮੇਨਿਸਤਾਨ ਨੂੰ ਪ੍ਰਵੇਸ਼ ਦਿੰਦਿਆਂ ਮੈਚਾਂ ਦੀ ਅਦਲਾ–ਬਦਲੀ ਤੋਂ ਇਲਾਵਾ, ਸ਼੍ਰੀਲੰਕਾ ਅਤੇ ਜਰਮਨੀ ਦੇ ਪੂਲ ਵੀ ਬਦਲੇ ਗਏ । ਮਹਿਲਾ ਵਰਗ ਦੇ ਮੈਚ ਵੀ ਬਦਲ ਦਿੱਤੇ ਗਏ । ਇੱਕ ਵਾਰ ਫਿਰ 48 ਘੰਟੇ ਪਹਿਲਾਂ ਜੋ ਮੈਚ 15 ਤਾਰੀਖ਼ ਨੂੰ ਮਾਨਸਾ ਵਿਖੇ ਹੋਣੇ ਸਨ,ਉਹ 10 ਨਵੰਬਰ ਨੂੰ ਹੀ ਮਨਪ੍ਰੀਤ ਬਾਦਲ ਦੇ ਗਿੱਦਡ਼ਬਹਾ ਵਿਧਾਨ ਸਭਾ ਹਲਕੇ  ਅਧੀਨ ਪੈਂਦੇ ਪਿੰਡ ਦੋਦਾ (ਮੁਕਤਸਰ) ਵਿਖੇ ਨਿਰੋਲ ਪੇਂਡੂ ਖ਼ੇਤਰ ਵਿੱਚ ਕਰਵਾਏ ਗਏ । ਜੋ ਮੈਚ ਇਥੇ 10 ਨਵੰਬਰ ਨੂੰ ਹੋਣੇ ਸਨ,ਉਹ ਬਦਲ ਕਿ ਮਾਨਸਾ ਵਿਖੇ 15 ਤਾਰੀਖ਼ ਲਈ ਨਿਰਧਾਰਤ ਕੀਤੇ ਗਏ । ਇਹ ਗੱਲ ਵੀ ਅਨੋਖੀ ਲਗੀ ਕਿ ਉਂਜ ਤਾਂ ਮੈਚ ਵੇਖਣ ਲਈ ਕਈ ਜ਼ਿਲ੍ਹਿਆਂ ਵਿੱਚ ਸਾਰੀ ਜਾਂ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਜਾਦਾ ਰਿਹਾ,ਤਾਂ ਫਿਰ ਐਤਵਾਰ ਦਾ ਦਿਨ ਹੀ ਅਰਾਮ ਲਈ ਕਿਓਂ ਚੁਣਿਆਂ ਗਿਆ ? 
        ਮਹਿਲਾ ਵਰਗ ਦੇ  ਇਸ ਪਹਿਲੇ ਵਿਸ਼ਵ ਕੱਪ ਵਿੱਚ 4 ਟੀਮਾਂ ਨੇ 7 ਖੇਡ ਮੈਦਾਨਾਂ ਵਿੱਚ 7 ਮੈਚ 11 ਤੋਂ 20 ਨਵੰਬਰ ਤੱਕ ਖੇਡੇ । ਫਾਈਨਲ ਭਾਰਤ ਨੇ ਇੰਗਲੈਂਡ ਨੂੰ 44 - 17 ਨਾਲ ਹਰਾਕੇ ਜਿੱਤਿਆ । ਤੀਜਾ ਸਥਾਨ ਅਮਰੀਕਾ ਨੇ ਤੁਕਮੇਨਿਸਤਾਨ ਤੋਂ ਬਿਹਤਰ ਰਹਿ ਕੇ ਹਾਸਲ ਕੀਤਾ । ਜੇਤੂ ਨੂੰ 25 ਲੱਖ,ਉਪ-ਜੇਤੂ ਨੂੰ 15 ਲੱਖ,ਅਤੇ ਬਾਕੀ ਦੋਨੋ ਟੀਮਾਂ ਨੂੰ 10-10 ਲੱਖ ਦਿੱਤਾ ਗਿਆ ।
                     ਮਹਿਲਾ ਵਰਗ ਵਿੱਚ ਪਹਿਲਾਂ ਕਬੱਡੀ ਟੀਮ ਦੀ ਕਪਤਾਨ ਵਜੌ ਜਤਿੰਦਰ ਕੌਰ ਦਾ ਜ਼ਿਕਰ ਹੋਇਆ,ਉਪ-ਕਪਤਾਨ ਵਜੋਂ ਰਾਜਵਿੰਦਰ ਦਾ । ਪਰ ਟੀਮ ਦੀ ਮੈਨੇਜਰ ਦੇ ਫੈਸਲੇ ਵਾਂਗ ਹੀ ਆਖ਼ਰ ਵਿੱਚ ਪ੍ਰਿਯੰਕਾ ਦੇਵੀ ਨੂੰ ਕਪਤਾਨ ਅਤੇ ਜਤਿੰਦਰ ਕੌਰ ਨੂੰ ਉਪ-ਕਪਤਾਨ ਐਲਾਨਿਆਂ ਗਿਆ ।  ਇਸ ਟੀਮ ਦੀ ਚੋਣ ਨੂੰ ਲੈ ਕੇ ਵੀ ਰਾਖ਼ਵੀਂ ਖਿਡਾਰਨ ਰਣਦੀਪ ,ਅਤੇ ਚੋਣ ਤੋਂ ਰਹਿ ਗਈ ਕਬੱਡੀ ਖਿਡਾਰਨ ਵੀਰਪਾਲ ਨੇ ਕਈ ਕਿੰਤੂ-ਪ੍ਰੰਤੂ ਵੀ ਕੀਤੇ । ਵੀਰਪਾਲ ਦਾ ਕਹਿਣਾ ਸੀ ਕਿ ਰਿਪੋਰਟ ਅਨੁਸਾਰ ਉਸ ਦਾ ਡੋਪ ਟੈਸਟ ਨੈਗੇਟਿਵ ਸੀ,ਪਰ ਪਾਜ਼ੇਟਿਵ ਕਹਿਕੇ ਉਸ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ । ਮਹਿਲਾ ਟੀਮ ਨੂੰ ਲੁਧਿਆਣਾ ਤੋਂ ਬਠਿੰਡਾ ਲਿਆ ਰਹੀ ਬੱਸ ਅਤੇ ਪਾਇਲਟ ਗੱਡੀ ਦਾ ਐਕਸੀਡੈਂਟ ਦੁਖਦਾਈ ਘਟਨਾ ਰਹੀ,ਆਰਮੀ ਦਾ ਟਰੱਕ ਵੱਜਣ ਕਾਰਣ ਇਹ ਹਾਦਸਾ ਵਾਪਰਿਆ,ਜਿਸ ਵਿੱਚ ਜਿੱਥੇ ਕਈ ਖਿਡਾਰਨਾਂ ਅਤੇ ਟੀਮ ਅਧਿਕਾਰੀਆਂ ਦੇ ਸੱਟਾਂ ਲੱਗੀਆਂ, ਉਥੇ ਡ੍ਰਾਈਵਰ ਵਰਿੰਦਰ ਸ਼ਰਮਾਂ ਅਤੇ ਸਿਪਾਹੀ ਹਰਜੀਤ ਸਿੰਘ ਦੀ  ਜਾਨ ਵੀ ਗਈ । ਇਹਨਾਂ ਦੇ ਪਰਵਾਰਾਂ ਲਈ 5-5 ਲੱਖ ਰੁਪਏ ਦੇਣ ਤੋਂ ਇਲਾਵਾ ਇੱਕ ਇੱਕ ਪਰਿਵਾਰ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਗਿਆ । ਕੁੱਲ 263 ਖਿਡਾਰੀਆਂ ਦੇ ਡੋਪ ਟੈਸਟ ਨਮੂਨੇ ਲਏ ਗਏ । ਜਿਨ੍ਹਾਂ ਵਿੱਚ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਦੇ 93 ਵੀ ਸ਼ਾਮਲ ਸਨ।,ਭਾਰਤ ਦੇ ਜੋ 51 ਖਿਡਾਰੀਆਂ ਦੀ ਚੋਣ ਹੋਈ,ਉਹਨਾਂ ਵਿੱਚੋਂ ਵੀ 20 ਦੇ ਟੈਸਟ ਪਾਜ਼ੇਟਿਵ ਪਾਏ ਗਏ ।
                                     ਖੇਡੇ ਗਏ ਮੈਚਾਂ ਦੌਰਾਂਨ 223 ਨਮੂਨੇ ਲਏ ਗਏ । ਜਿਨ੍ਹਾਂ ਵਿੱਚ ਫਾਈਨਲ ਵਾਲੇ ਦਿਨ ਦੇ 18 ਨਮੂਨੇ ਵੀ ਸ਼ਾਮਲ ਹਨ। ਭਾਰਤ,ਕੈਨੇਡਾ,ਪਾਕਿਸਤਾਨ,ਇਟਲੀ ਦੇ 4-4 ਖਿਡਾਰੀਆਂ ਤੋਂ ਅਤੇ ਮਹਿਲਾ ਵਰਗ ਦੀਆਂ ਭਾਰਤ-ਇੰਗਲੈਡ ਟੀਮਾਂ ਦੀ ਇੱਕ ਇੱਕ ਖਿਡਾਦਰਨ ਤੋਂ ਨਮੂਨੇ ਲਏ ਗਏ ਹਨ । ਇਸ ਕੁਡ਼ਿੱਕੀ ਵਿੱਚ 42 ਖਿਡਾਰੀ ਫ਼ਸੇ । ਬਹੁਤੇ ਖਿਡਾਰੀਆਂ ਦੇ ਬੀ ਸੈਂਪਲ ਵੀ ਪਲੱਸ ਰਹੇ । ਆਸਟਰੇਲੀਆ ਦੇ 6 ਖ਼ਿਡਾਰੀ ਇਸ ਲਪੇਟ ਵਿੱਚ ਆਏ । ਦੋ ਖਿਡਾਰੀ ਡੋਪ ਟੈਸਟ ਤੋਂ ਇਨਕਾਰੀ ਹੋਣ ਕਾਰਣ ਟੀਮ ਨੂੰ ਮੁਅੱਤਲ ਕਰਦਿਆਂ, ਅਫ਼ਗਾਨਿਸਤਾਨ ਨੂੰ ਜੇਤੂ ਐਲਾਨਿਆਂ ਗਿਆ । ਇੰਗਲੈਂਡ ਅਤੇ ਸਪੇਨ ਵੀ ਇਸ ਝੱਖਡ਼ ਤੋਂ ਨਾ ਬਚ ਸਕੇ । ਪਰ ਅਮਰੀਕੀ ਟੀਮ ਤਾਂ ਅਰਸ਼ ਤੋਂ ਫ਼ਰਸ਼ ‘ਤੇ ਹੀ ਆ ਡਿੱਗੀ ।  ਅਮਰੀਕਾ ਦੇ 4 ਖਿਡਾਰੀ ਡੋਪ ਟੈਸਟ ’ਚ ਫਸਣ ਅਤੇ ਚਾਰਾਂ ਦੇ ਖਿਸਕ ਜਾਣ ਕਾਰਣ ਮੁਅੱਤਲ ਟੀਮ ਵਿਰੁੱਧ ਨਾਰਵੇ ਨੂੰ ਵਾਕ ਓਵਰ ਮਿਲਿਆ । ਅਮਰੀਕਾ ਦੇ 8 (ਟੈਸਟ ਤੋਂ ਖਿਸਕੇ 4 ਮਿਲਾਕੇ),ਇੰਗਲੈਂਡ ਦੇ 8, ਸਪੇਨ ਦੇ 7,ਆਸਟਰੇਲੀਆ ਦੇ 6,ਕੈਨੇਡਾ ਦੇ 5, ਇਟਲੀ ਦੇ 4 ,ਨਾਰਵੇ ਦੇ 3, ਭਾਰਤ,ਜਰਮਨੀ,ਅਰਜਨਟੀਨਾ ਦਾ 1-1 ਖਿਡਾਰੀ ਡੋਪ ਦੇ ਡੰਗ ਨੇ ਡੰਗਿਆ । ਜੋ ਟੀਮਾਂ ਮੁਅੱਤਲ ਹਨ ,ਉਹਨਾਂ ਨੂੰ ਮਿਲਣ ਵਾਲੀ ਰਾਸ਼ੀ ਵਿੱਚ 15% ਅਤੇ ਟੈਸਟ ਪਲੱਸ ਵਾਲੀਆਂ ਦੂਜੀਆਂ ਟੀਮਾਂ  ਨੂੰ 5% ਦੀ ਕਟੌਤੀ ਤੋਂ ਇਲਾਵਾ ਉਸ ਖਿਡਾਰੀ ਦੀ ਇਨਾਮੀ ਰਕਮ ਅਤੇ ਜੁਰਮਾਨੇ ਦਾ ਵੀ ਸਾਹਮਣਾ ਕਰਨਾ ਪਿਆ । ਇਹ ਇਲਜ਼ਾਮ ਵੀ ਲਗਦੇ ਰਹੇ ਕਿ ਭਾਰਤੀ ਟੀਮ ਦੇ ਟੈਸਟ ਨਤੀਜਿਆਂ ਦਾ ਐਲਾਨ ਦੇਰ ਨਾਲ ਕੀਤਾ ਜਾਂਦਾ ਹੈ । ਉਧਰ ਨਾਡਾ ਦੇ ਅਧਿਕਾਰੀ ਡਾ ਮੁਨੀਸ਼ ਚੰਦਰ ਵੱਲੋਂ ਧਮਕੀਆਂ ਮਿਲਣ ਦਾ ਖ਼ੁਲਾਸਾ ਕਰਨ ਮਗਰੋਂ ਉਹਨਾਂ ਨੂੰ ਸੁਰੱਖਿਆ ਛਤਰੀ ਦਿੱਤੀ ਗਈ । ਇਸ ਵਾਰ ਡੋਪ ਦਾ ਡੰਗ ਬਹੁਤ ਤਿੱਖਾ ਰਿਹਾ,ਇਹ ਵੀ ਕਹਿ ਸਕਦੇ ਹਾਂ ਕਿ ਇਸ ਵਾਰੀ ਇਹ ਡੋਪ ਟੈਸਟ ਦਾ ਵੀ ਵਿਸ਼ਵ ਕੱਪ ਹੀ ਸੀ । ਦੋਵੇਂ ਤਸਵੀਰਾਂ ਗਜਿੰਦਰ ਸਿੰਘ ਕਿੰਗ ਵਲੋਂ ਅੰਮ੍ਰਿਤਸਰ 'ਚ ਹੋਏ ਮੁਕਾਬਲਿਆਂ ਦੌਰਾਨ ਖਿੱਚੀਆਂ ਗਈਆਂ 
                                         ********         *******        
ਸੰਪਰਕ:ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

No comments: