Saturday, November 26, 2011

ਖ਼ਾਲਸਾ ਕਾਲਜ ਦੇ ਅਭਿਸ਼ੇਕ ਵਰਮਾ ਨੇ ਜਿੱਤੇ ਪੰਜ ਮੈਡਲ

ਖੁਸ਼ਬੀਰ ਕੌਰ ਨੇ ਕਾਇਮ ਕੀਤਾ ਨਵਾਂ ਰਿਕਾਰਡ 
ਅੰਮ੍ਰਿਤਸਰ//26 ਨਵੰਬਰ//ਗਜਿੰਦਰ ਸਿੰਘ ਕਿੰਗ
ਪੰਜਾਬ ਦੀ ਉੱਭਰਦੀ ਹੋਈ ਐਥਲੀਟ ਅਤੇ ਖ਼ਾਲਸਾ ਕਾਲਜ ਫ਼ਾਰ ਵਿਮਨ ਦੀ ਬੀ.ਏ ਭਾਗ ਪਹਿਲਾ ਦੀ ਵਿਦਿਆਰਥਣ ਖੁਸ਼ਬੀਰ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੇ ਇੰਟਰ-ਕਾਲਜ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਅੱਜ ਪੰਜ ਕਿਲੋਮੀਟਰ ਪੈਦਲ ਚਾਲ 24.31ਮਿੰਟ ਵਿਚ ਪੂਰੀ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਉਸਨੇ ਪਿਛਲੇ ਸਾਲ ਹੀ ਬੰਗਲੌਰ ਵਿੱਚ ਹੋਈ ਜੂਨੀਅਰ ਨੈਸ਼ਨਲ ਪੈਦਲ ਚਾਲ ੧੦ ਕਿਲੋਮੀਟਰ ੪੯:੨੧:੨੧ ਮਿੰਟ ਵਿਚ ਮੁਕੰਮਲ ਕਰਕੇ ਨਵਾਂ ਰਿਕਾਰਡ ਬਣਾਇਆ ਸੀ। ਪੂਨੇ ਵਿਚ ਹੋਈ ਪੰਜ ਕਿਲੋਮੀਟਰ ਸਕੂਲ ਨੈਸ਼ਨਲ ਵਿਚ ਵੀ ਉਸਨੇ ਸੋਨ ਤਮਗ਼ਾ ਪ੍ਰਾਪਤ ਕੀਤਾ ਹੈ।

     ਕਾਲਜ ਦੀ ਪਿੰ੍ਰਸੀਪਲ ਡਾ. ਸੁਖਬੀਰ ਕੌਰ ਮਾਹਲ ਅਤੇ ਉਸਦੀ ਅਧਿਆਪਕਾਂ ਡਾ. ਤਜਿੰਦਰ ਕੌਰ ਤੇ ਸੁਖਦੀਪ ਕੌਰ ਨੇ ਖੁਸ਼ਬੀਰ ਦੀ ਇਸ ਪ੍ਰਾਪਤੀ 'ਤੇ ਉਸਨੂੰ ਵਧਾਈ ਦਿੱਤੀ ਤੇ ਅਗੋਂ ਵਾਸਤੇ ਸ਼ੁੱਭ ਇੱਛਾਵਾਂ ਭੇਟ ਕੀਤੀਆਂ। ਖੁਸ਼ਬੀਰ ਪਹਿਲਾਂ ਵੀ ਅੰਤਰ ਰਾਸ਼ਟਰੀ ਪੱਧਰ 'ਤੇ ੨੦੧੦ ਵਿਚ ਸਿੰਘਾਪੁਰ ਵਿਚ ਹੋਈਆਂ ਯੂਥ ਏਸ਼ੀਅਨ ਖੇਡਾਂ ਦੌਰਾਨ ਪੰਜ ਕਿਲੋਮੀਟਰ ਪੈਦਲ ਚਾਲ ਵਿਚ ਚਾਂਦੀ ਦਾ ਤਮਗ਼ਾ ਹਾਸਿਲ ਕਰ ਚੁੱਕੀ। ਇਸ ਤੋਂ ਇਲਾਵਾ ਉਸਨੇ ਯੂਥ ਉਲੰਪਿਕ ਖੇਡਾਂ ਵਿਚ ਵੀ ਹਿੱਸਾ ਲਿਆ। ਖੁਸ਼ਬੀਰ ਕੌਰ ਦੇ ਪਿਤਾ ਸ੍ਰ. ਬਲਕਾਰ ਸਿੰਘ ਇਸ ਦੁਨੀਆਂ ਵਿਚ ਨਹੀਂ ਰਹੇ ਤੇ ਉਸਦੇ ਮਾਤਾ ਸ਼੍ਰੀਮਤੀ ਜਸਬੀਰ ਕੌਰ ਹੀ ਉਸਨੂੰ ਹਮੇਸ਼ਾਂ ਉਤਸ਼ਾਹਿਤ ਕਰਦੇ ਹਨ ।
    28 ਵਿਦਿਆਰਥਣਾਂ ਨੇ ਜਿੱਤੇ 
ਇੱਕ ਲੱਖ ਦੇ ਵਜ਼ੀਫੇ 
    ਅੰਮ੍ਰਿਤਸਰ//26 ਨਵੰਬਰ//ਗਜਿੰਦਰ ਸਿੰਘ ਕਿੰਗ

ਸਥਾਨਕ ਖਾਲਸਾ ਕਾਲਜ (ਇਸਤ੍ਰੀਆਂ) ਦੇ ੨੮ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਅੱਜ ਇੱਕ ਲੱਖ ਰੁਪਏ ਦੇ ਵਜ਼ੀਫੇ ਜਿੱਤੇ। ਉਨ੍ਹਾਂ ਨੇ ਇਹ ਵਜ਼ੀਫੇ ਸੀਹੋਤਾ ਸਕਾਲਰਸ਼ਿਪ ਟਰੱਸਟ ਦੁਆਰਾ ਆਯੋਜਿਤ ਕਾਲਜ ਵਿੱਚ ਹੋਏ ਇੱਕ ਵਿਸ਼ੇਸ਼ ਇਮਤਿਹਾਨ ਨੂੰ ਪਾਸ ਕਰਕੇ ਜਿੱਤੇ ਹਨ। ਕਾਲਜ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਕਾਲਜ ਦੇ ਕੁੱਲ੍ਹ ੪੨ ਵਿਦਿਆਰਥੀਆਂ ਨੇ ਇਸ ਇਮਤਿਹਾਨਾਂ ਵਿੱਚ ਭਾਗ ਲਿਆ ਸੀ ਅਤੇ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਵਿੱਚੋਂ ੨੮ ਦੇ ਕਰੀਬ ਵਿਦਿਆਰਥੀ ਇਹ ਟੈਸਟ ਪਾਸ ਕਰ ਸਕੇ ਅਤੇ ਉਨ੍ਹਾਂ ਲਈ ਵਜ਼ੀਫੇ ਦੀ ਰਕਮ ਚੱਲ ਰਹੀ ਪੜ੍ਹਾਈ ਵਿੱਚ ਸਹਾਇਕ ਸਿੱਧ ਹੋਵੇਗੀ। ਉਨ੍ਹਾਂ ਨੇ ਸੀਹੋਤਾ ਸਕਾਲਰਸ਼ਿਪ ਟਰੱਸਟ ਦੇ ਟਰੱਸਟੀ, ਡਾ. ਐਮਐਸ ਹੁੰਦਲ ਅਤੇ ਡਾ. ਗੀਤਾ ਹੁੰਦਲ ਦਾ ਬੱਚਿਆਂ ਨੂੰ ਸਕਾਲਰਸ਼ਿਪ ਮੁਹੱਈਆ ਕਰਨ 'ਤੇ ਧੰਨਵਾਦ ਕੀਤਾ।
ਅਭਿਸ਼ੇਕ ਵਰਮਾ ਨੇ ਜਿੱਤੇ ਪੰਜ ਮੈਡਲ 
    ਅੰਮ੍ਰਿਤਸਰ//26 ਨਵੰਬਰ//ਗਜਿੰਦਰ ਸਿੰਘ ਕਿੰਗ
ਖ਼ਾਲਸਾ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ, ਹੇਰ ਲਈ ਇਹ ਬਣੇ ਮਾਣ ਵਾਲੀ ਗੱਲ ਹੈ ਕਿ ਬੀਪੀਐੱਡ ਕਲਾਸ ਦੇ ਵਿਦਿਆਰਥੀ ਅਭਿਸ਼ੇਕ ਵਰਮਾ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ (ਆਰਚਰੀ ਚੈਂਪੀਅਨਸ਼ਿਪ), ਜੋ ਕਿ ਪਟਿਆਲਾ ਵਿਖੇ ਹੋਈ, ਵਿੱਚ ਪੰਜ ਮੈਡਲ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਅਭਿਸ਼ੇਕ ਵਰਮਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਵਿਅਕਤੀਗਤ ਮੁਕਾਬਲਿਆਂ ਵਿੱਚ ਕੰਪਾਊਡ ਮੁਕਾਬਲਿਆਂ ਦੇ ਅੰਤਰਗਤ ੩੦, ੫੦ ਮੀ: ਵਿੱਚ ਗੋਲਡ ਮੈਡਲ, ੭੦ ਮੀ: ਵਿੱਚ ਸਿਲਵਰ ਮੈਡਲ ਅਤੇ ੯੦ ਮੀ: ਵਿੱਚ ਬਰਾਊਂਜ ਮੈਡਲ ਜਿੱਤ ਕੇ ਇੱਕ ਨਵਾਂ ਰਿਕਾਰਡ ਬਣਾਇਆ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਲਈ ਕਾਲਜ ਦੇ ਪ੍ਰਿੰਸੀਪਲ, ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਅਭਿਸ਼ੇਕ ਵਰਮਾ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਉਸ ਨੂੰ ਵਧਾਈ ਦਿੱਤੀ।

No comments: