Friday, November 25, 2011

ਸ੍ਰ ਗੁਲਜਾਰ ਸਿੰਘ ਰਣੀਕੇ ਨੂੰ ਪੰਜਾਬ ਸ਼੍ਰੋਮਣੀ ਵਿਕਾਸ ਪੁਰਸ਼ ਐਵਾਰਡ

ਪੰਜਾਬ ਰਾਜ ਵੈਟਰਨਰੀ ਕੌਂਸਲ  ਵੱਲੋਂ  ਕੀਤਾ ਗਿਆ ਸਨਮਾਨ
ਪੰਜਾਬ ਸਰਕਾਰ ਵੱਲੋਂ ਪੇਂਡੂ ਆਰਥਿਕਤਾ ਨੂੰ ਮਜਬੂਤ ਕਰਨ ਲਈ ਵਿਸ਼ੇਸ਼ ਊਪਰਾਲੇ 
ਪਸ਼ੂ ਧਨ ਦੇ ਆਧੁਨਿਕ ਢੰਗ ਨਾਲ ਰੱਖ ਰਖਾਵ ਅਤੇ ਦੁੱਧ ਵਧਾਉਣ ਲਈ ਵੀ ਵਿਸ਼ੇਸ਼ ਜਤਨ-ਰਣੀਕੇ
        ਅੰਮ੍ਰਤਿਸਰ//24  ਨਵੰਬਰ//ਗਜਿੰਦਰ ਸਿੰਘ ਕਿੰਗ
ਪੰਜਾਬ ਸਰਕਾਰ ਵੱਲੋਂ ਪੇਂਡੂ ਆਰਥਿਕਤਾ ਨੂੰ ਮਜਬੂਤ ਕਰਨ, ਪਸ਼ੂਆਂ ਦੇ ਆਧੁਨਿਕ ਢੰਗ ਨਾਲ ਪਸ਼ੂ ਪਾਲਣ, ਉਨ੍ਹਾਂ  ਦੇ ਰੱਖ ਰਖਾਵ ਅਤੇ ਨਸ਼ਲਕੁਸ਼ੀ ਨਾਲ ਦੁੱਧ ਵਧਾਉਣ ਲਈ ਵਿਸ਼ੇਸ਼ ਊਪਰਾਲੇ ਕੀਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ  ਮੰਤਰੀ   ਸ੍ਰ ਗੁਲਜਾਰ ਸਿੰਘ ਰਣੀਕੇ ਨੇ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਪੰਜਾਬ ਰਾਜ ਵੈਟਰਨਰੀ ਕੌਂਸਲ ਅਤੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ''ਪਸ਼ੂ ਧਨ ਵਿੱਚ ਖੁਰਾਕੀ ਤੱਤਾਂ ਦੀ ਘਾਟ ਅਤੇ ਜਹਿਰਵਾਦ ਦੇ ਡਾਇਗਨੋਸਿਜ਼ ਅਤੇ ਪ੍ਰਬੰਧ ਵਿੱਚ ਆਧੁਨਿਕਤਾ'' ਵਿਸ਼ੇ 'ਤੇ  ਆਯੋਜਤ ਕੀਤੇ ਗਏ ਰਾਜ ਪੱਧਰੀ ਸੈਮੀਨਾਰ ਦੌਰਾਨ ਕੀਤਾ।
             ਇਸ  ਮੌਕੇ ਪੰਜਾਬ ਰਾਜ ਵੈਟਰਨਰੀ ਕੌਂਸਲ  ਵੱਲੋਂ ਸ੍ਰ ਗੁਲਜਾਰ ਸਿੰਘ ਰਣੀਕੇ ਨੂੰ ਪੰਜਾਬ ਸ਼੍ਰੋਮਣੀ ਵਿਕਾਸ ਪੁਰਸ਼ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
              ਇਸ ਮੌਕੇ ਸੰਬੋਧਨ ਕਰਦਿਆਂ ਸ੍ਰ ਰਣੀਕੇ ਨੇ ਦੱਸਿਆ ਕਿ ਆਉਣ ਵਾਲੇ ਸਾਲ ਵਿੱਚ ਉਚ ਪੱਧਰ ਦੇ ਫਰੋਜ਼ਨ ਸੀਮਨ ਦੀਆਂ 3 ਲੱਖ ਡੋਜਾਂ ਵਿਦੇਸ਼ਾਂ ਤੋਂ ਮੰਗਵਾਈਆਂ ਜਾਣਗੀਆਂ ਤਾਂ ਕਿ ਗਾਵਾਂ ਦੀ ਦੇਸੀ ਨਸਲ ਦਾ ਸੁਧਾਰ ਹੋ ਸਕੇ  ਅਤੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਇਸ ਮੰਤਵ ਲਈ ਅਮਰੀਕਾ, ਕਨੇਡਾ ਅਤੇ ਸਵਿਡਨ ਤੋਂ ਢਾਈ ਲੱਖ ਫਰੋਜ਼ਨ ਸੀਮਨ ਦੀਆਂ ਡੋਜਾਂ ਮੰਗਵਾਈਆਂ ਗਈਆਂ ਸਨ ਅਤੇ ਜਿਸ ਦੇ ਬਹੁਤ ਵਧੀਆ ਨਤੀਜੇ ਪ੍ਰਾਪਤ ਹੋਏ ਹਨ।
              ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪਸ਼ੂ ਧਨ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਨਵੇਂ ਵੈਟਨਰੀ ਪੋਲੀ ਕਲੀਨਿਕ, 19 ਤਹਿਸੀਲ ਪੱਧਰ ਦੇ ਹਸਪਤਾਲ ਅਤੇ 21 ਡਿਪਸਪੈਂਸਰੀਆਂ ਉਸਾਰੀਆਂ ਜਾ ਰਹੀਆਂ ਹਨ, ਜਿੰਨਾਂ ਤੇ ਲੱਗਭੱਗ 22.5 ਕਰੋੜ ਰੁਪਏ ਖਰਚ ਆਵੇਗਾ। ਇਸ ਤੋਂ ਇਲਾਵਾ ਦੁਧਾਰੂ ਪਸ਼ੂਆਂ ਦੀ ਖੁਰਾਕੀ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ 14000 ਕੁਇੰਟਲ ਮਿਨਰਲ ਮਿਕਸਚਰ ਪਸ਼ੂ ਪਾਲਕਾਂ ਨੂੰ ਘੱਟ ਕੀਮਤ ਤੇ ਵੰਡਿਆ ਜਾਵੇਗਾ ਅਤੇ ਚਾਰੇ ਦਾ ਮਿਆਰ ਵਧਾਉਣ ਲਈ 12000 ਕੁਇੰਟਲ ਵਧੀਆ ਬੀਜ ਪਸ਼ੂ ਪਾਲਕਾਂ ਨੂੰ ਘੱਟ ਕੀਮਤ ਤੇ ਦਿੱਤਾ ਜਾ ਰਿਹਾ ਹੈ।
         ਸ੍ਰ ਰਣੀਕੇ ਨੇ ਦੱਸਿਆ ਕਿ ਪੰਜਾਬ ਵਿੱਚ ਨਵੇਂ ਟ੍ਰੇਨਿੰਗ ਸੈਂਟਰਾਂ ਦੀ ਸਥਾਪਨਾਂ ਤੋ ਇਲਾਵਾ ਚਾਰ ਆਧੁਨਿਕ ਪਸ਼ੂ ਮੰਡੀਆਂ ਦਾ ਨਿਰਮਾਣ ਵੀ ਕੀਤਾ ਗਿਆ ਅਤੇ ਪਸ਼ੂ ਵਿਭਾਗ ਨੂੰ ਹੋਰ ਕਾਰਗਰ ਬਣਾਉਣ ਲਈ 125 ਵੈਟਰਨਰੀ ਅਫਸਰ ਅਤੇ 360 ਵੈਟਰਨਰੀ ਇੰਸਪੈਕਟਰ ਭਰਤੀ ਕਰਕੇ ਨਵੀਂਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।
         ਉਨ੍ਹਾਂ ਨੇ ਇਸ ਰਾਜ ਪੱਧਰੀ ਸੈਮੀਨਾਰ ਦੇ ਸਫਲ ਆਯੋਜਨ ਲਈ ਪੰਜਾਬ ਰਾਜ  ਵੈਟਰਨਰੀ ਕੌਂਸਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹੋ ਜਿਹੇ ਸੈਮੀਨਾਰ ਲਗਾਤਾਰ ਹੋਣੇ ਚਾਹੀਦੇ ਹਨ ਤਾਂ ਜੋ ਫੀਲਡ ਵਿੱਚ ਕੰਮ ਕਰ ਰਹੇ ਡਾਕਟਰਾਂ ਨੂੰ ਨਵੀਂਆਂ ਤਕਨੀਕਾਂ ਤੋਂ ਜਾਣੂੰ ਕਰਵਾਇਆ ਜਾ ਸਕੇ।
         ਇਸ ਮੌਕੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਡਾ: ਐਚ:ਐਸ:ਸੰਧਾ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਡਾਇਰੈਕਟਰ ਰਿਸਰਚ ਗਡਵਾਸੂ ਲੁਧਿਆਣਾ ਡਾ: ਐਚ:ਐਸ:ਰੰਧਾਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ  ਡਾ: ਚਰਨਜੀਤ ਸਿੰਘ ਰੰਧਾਵਾ, ਡਾ: ਪ੍ਰੀਤਮ ਕੌਰ ਸਿੱਧੂ, ਡਾ:ਡੀ:ਕੇ:ਸਿਡਾਨਾ, ਡਾ: ਸੁਨੀਲ ਦੱਤ, ਡਾ: ਸਤਵਿੰਦਰ, ਡਾ: ਕੰਵਲਜੀਤ ਸਿੰਘ, ਡਾ: ਵਿਨੇ ਮੋਹਨ ਨੇ ਟੈਕਨੀਕਲ ਲੈਕਚਰ ਦਿੱਤੇ। ਕੌਂਸਲ ਦੇ ਰਜਿਸਟਰਾਰ ਡਾ: ਅਮਰਜੀਤ ਸਿੰਘ ਨੇ ਵੈਟਨੇਰੀਅਨਜ਼ ਦੀ ਟੈਕਨੀਕਲ ਸਕਿੱਲ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਇਆ। ਇਹ ਸਮਾਰੋਹ  ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ੍ਰੀ ਜੀ:ਸੀ:ਸ਼ੋਰੀ ਦੀ ਦੇਖਰੇਖ ਹੇਠ ਕਰਵਾਇਆ ਗਿਆ।

No comments: